1. Home
  2. ਸਫਲਤਾ ਦੀਆ ਕਹਾਣੀਆਂ

Top 5 Floriculture Farmers of Punjab: ਪੰਜਾਬ ਦੇ ਇਹ ਕਿਸਾਨ ਫੁੱਲਾਂ ਦੀ ਖੇਤੀ ਨੂੰ ਦੇ ਰਹੇ ਹਨ ਤਰਜੀਹ, ਰਵਾਇਤੀ ਖੇਤੀ ਤੋਂ Crop Diversification ਵੱਲ ਪੁੱਟਿਆ ਵੱਡਾ ਕਦਮ

ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਫੱਸਿਆ ਕਿਸਾਨ ਹੁਣ ਫਸਲੀ ਵਿਭਿੰਨਤਾ ਵੱਲ ਪਰਤ ਰਿਹਾ ਹੈ। ਦਰਅਸਲ, ਪੰਜਾਬ ਵਿੱਚ ਪਾਣੀ ਦੇ ਡਿੱਗਦੇ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਵੱਲੋਂ ਨਵੀਆਂ ਫਸਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਫੁੱਲਾਂ ਦੀ ਖੇਤੀ ਨੂੰ ਕਿਸਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੱਜ ਅਸੀਂ ਪੰਜਾਬ ਦੇ ਉਨ੍ਹਾਂ ਕਿਸਾਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਨਾ ਸਿਰਫ Flower Farming ਰਾਹੀਂ ਵਧੀਆ ਕਮਾਈ ਕਰ ਰਹੇ ਹਨ, ਸਗੋਂ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ ਵੀ ਪੇਸ਼ ਕਰ ਰਹੇ ਹਨ।

Gurpreet Kaur Virk
Gurpreet Kaur Virk
Top 5 Floriculture Farmers of Punjab

Top 5 Floriculture Farmers of Punjab

Flower Farming: ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ, ਜੋ ਭਵਿੱਖ ਲਈ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਬੇਸ਼ਕ ਅਸੀਂ ਪਾਣੀ ਨੂੰ ਬਚਾਉਣ ਦੀ ਗੱਲਾਂ ਤਾਂ ਕਰ ਰਹੇ ਹਾਂ, ਪਰ ਇਸ ਦੀ ਸਾਂਭ-ਸੰਭਾਲ ਲਈ ਕੋਈ ਵਿਸ਼ੇਸ਼ ਕਦਮ ਨਹੀਂ ਪੁੱਟ ਰਹੇ। ਇਹੀ ਕਾਰਨ ਹੈ ਕਿ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਹੁਣ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੁਝ ਹੱਦ ਤੱਕ ਅਸੀਂ ਖੇਤੀ ਰਾਹੀਂ ਪਾਣੀ ਦੇ ਪੱਧਰ ਨੂੰ ਬਚਾਉਣ ਦਾ ਉਪਰਾਲਾ ਕਰ ਸਕਦੇ ਹਾਂ, ਪਰ ਜ਼ਮੀਨੀ ਪੱਧਰ 'ਤੇ ਜਦੋਂ ਅਸੀਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਸਾਨਾਂ ਵੱਲੋਂ ਰਵਾਇਤੀ ਖੇਤੀ ਦੀ ਪਰੰਪਰਾ ਨੂੰ ਛੱਡਣਾ ਇੱਕ ਵੱਡਾ ਤੇ ਅਹਿਮ ਮੁੱਦਾ ਬਣ ਕੇ ਸਾਹਮਣੇ ਆ ਜਾਂਦਾ ਹੈ। ਜੀ ਹਾਂ, ਜ਼ਿਆਦਾਤਰ ਕਿਸਾਨ ਫਸਲੀ ਚੱਕਰ ਤੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ, ਇਹੀ ਕਾਰਨ ਹੈ ਕਿ ਪੰਜਾਬ ਹੌਲੀ-ਹੌਲੀ ਸੋਕੇ ਵੱਲ ਨੂੰ ਵੱਧ ਰਿਹਾ ਹੈ।

ਪਰ ਪੰਜਾਬ ਦੇ ਕੁਝ ਅਜਿਹੇ ਕਿਸਾਨ ਵੀ ਹਨ, ਜੋ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਫਸਲੀ ਵਿਭਿੰਨਤਾ ਵੱਲ ਨੂੰ ਵੱਧ ਰਹੇ ਹਨ। ਅਸੀਂ ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰ ਰਹੇ ਹਾਂ, ਜੋ ਸਦੀਆਂ ਤੋਂ ਚਲਦੀ ਆ ਰਹੀ ਪਰੰਪਰਾ ਤੋਂ ਹੱਟ ਕੇ ਫੁੱਲਾਂ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ ਅਤੇ ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਨਾ ਸਿਰਫ ਆਪਣੀ ਆਮਦਨ ਵਿੱਚ ਵਾਧਾ ਕਰ ਰਹੇ ਹਨ, ਸਗੋਂ ਨੌਜਵਾਨ ਪਨੀਰੀ ਸਾਹਮਣੇ ਵਧੀਆ ਮਿਸਾਲ ਵੀ ਪੇਸ਼ ਕਰ ਰਹੇ ਹਨ।

ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

1. ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

ਬਾਗਬਾਨੀ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਸ਼ੇਰਗਿੱਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜਾਲ ਖੁਰਦ ਦੇ ਅਗਾਂਹਵਧੂ ਕਿਸਾਨ ਹਨ। ਗੁਰਪ੍ਰੀਤ ਸਿੰਘ ਸ਼ੇਰਗਿੱਲ ਭਾਵੇਂ ਕਿੱਤੇ ਵਜੋਂ ਮਕੈਨੀਕਲ ਇੰਜੀਨੀਅਰ ਹਨ, ਪਰ ਉਨ੍ਹਾਂ ਨੇ ਰੁਜ਼ਗਾਰ ਦੀ ਥਾਂ ਸਵੈ-ਰੁਜ਼ਗਾਰ ਦਾ ਰਾਹ ਚੁਣ ਕੇ ਵਧੀਆ ਨਾਮਣਾ ਖੱਟਿਆ ਹੈ। ਪਿਛੋਕੜ ਵੱਲ ਝਾਤ ਮਾਰੀਏ ਤਾਂ ਗੁਰਪ੍ਰੀਤ ਸਿੰਘ ਸ਼ੇਰਗਿੱਲ ਪੁਰਾਣੇ ਖੇਤੀ ਢਾਂਚੇ ਤੋਂ ਸੰਤੁਸ਼ਟ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਵਿਹਲੇ ਸਮੇਂ ਵਿੱਚ ਨਵੀਆਂ ਖੇਤੀ ਤਕਨੀਕਾਂ ਬਾਰੇ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਰਵਾਇਤੀ ਖੇਤੀ ਤੋਂ ਹਟ ਕੇ ਫ਼ਸਲੀ ਵਿਭਿੰਨਤਾ ਵੱਲ ਨੂੰ ਤੁਰ ਪਏ।

ਹਾਲਾਂਕਿ, ਸ਼ੁਰੂਆਤੀ ਪੜਾਵਾਂ ਵਿੱਚ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਅਤੇ ਬਾਅਦ ਵਿੱਚ ਮੱਛੀ ਪਾਲਣ ਦਾ ਅਭਿਆਸ ਕੀਤਾ। ਪਰ ਬਾਅਦ ਵਿੱਚ ਆਪਣੇ ਪਰਿਵਾਰ ਦੀ 36 ਏਕੜ ਜ਼ਮੀਨ ਵਿੱਚੋਂ 22 ਏਕੜ ਜ਼ਮੀਨ ਵਿੱਚ ਗੇਂਦੇ ਦੀ ਖੇਤੀ ਸ਼ੁਰੂ ਕੀਤੀ। ਅੱਜ ਗੁਰਪ੍ਰੀਤ ਸਿੰਘ ਸ਼ੇਰਗਿੱਲ ਗਲੈਡੀਉਲਸ, ਗੁਲਜ਼ਾਫ਼ਰੀ, ਸਟੈਟਾਈਸ ਅਤੇ ਗੁਲਾਬ ਦੀ ਕਾਸ਼ਤ ਵਿੱਚ ਵੀ ਵਧੀਆ ਯੋਗਦਾਨ ਪਾ ਰਹੇ ਹਨ। ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ ਸ਼ੇਰਗਿੱਲ ਵਿਭਿੰਨ ਖੇਤੀ ਪ੍ਰਣਾਲੀ ਚਲਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਖੇਤੀ ਮਾਹਿਰ ਵੀ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ।

ਗੁਰਵਿੰਦਰ ਸਿੰਘ ਸੋਹੀ (Gurwinder Singh Sohi)

ਗੁਰਵਿੰਦਰ ਸਿੰਘ ਸੋਹੀ (Gurwinder Singh Sohi)

2. ਗੁਰਵਿੰਦਰ ਸਿੰਘ ਸੋਹੀ (Gurwinder Singh Sohi)

ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਕਿਸੇ ਵਿਲੱਖਣ ਖੇਤੀ ਜਿਣਸ ਦੀ ਪੈਦਾਵਾਰ ਹੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਅਜਿਹੀ ਹੀ ਵਿਲੱਖਣ ਖੇਤੀ ਹੈ ਵਪਾਰਕ ਪੱਧਰ 'ਤੇ ਫੁਲਾਂ ਦੀ ਕਾਸ਼ਤ। ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ, ਤਹਿਸੀਲ ਖਮਾਣੋ, ਪਿੰਡ ਨਾਨੋਵਾਲ ਖੁਰਦ ਦਾ ਇੱਕ ਅਗਾਂਹਵਧੂ ਨੌਜਵਾਨ ਕਿਸਾਨ ਹੈ ਗੁਰਵਿੰਦਰ ਸਿੰਘ ਸੋਹੀ ਜੋ ਕਿ ਫੁਲਾਂ ਦੀ ਵਪਾਰਕ ਪੱਧਰ 'ਤੇ ਕਾਸ਼ਤ ਕਰਕੇ ਪੰਜਾਬ ਹੀ ਨਹੀਂ ਸਗੋਂ ਹੋਰ ਦੂਜੇ ਕਈ ਦੇਸ਼ਾਂ ਵਿੱਚ ਵੀ ਆਪਣਾ ਨਾਂ ਕਮਾ ਰਿਹਾ ਹੈ। ਦੱਸ ਦੇਈਏ ਕਿ ਗੁਰਵਿੰਦਰ ਸਿੰਘ ਸੋਹੀ ਨੇ 2008 ਵਿੱਚ ਫੁਲਾਂ ਦੀ ਵਪਾਰਕ ਪੱਧਰ 'ਤੇ ਖੇਤੀ ਸਿਰਫ਼ 2 ਕਨਾਲ ਜ਼ਮੀਨ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਇਸ ਨੂੰ ਵਧਾਅ ਕੇ 20 ਏਕੜ ਤੱਕ ਕਰ ਲਿਆ ਹੈ।

ਫੁੱਲਾਂ ਦੀ ਕਾਸ਼ਤ ਬਹੁਤ ਹੀ ਤਕਨੀਕੀ ਕੰਮ ਹੈ ਅਤੇ ਗੁਰਵਿੰਦਰ ਸਿੰਘ ਸੋਹੀ ਨੇ ਆਪਣੀ ਇਸ ਖੇਤੀ ਵਿੱਚ ਬਹੁਤ ਤਜ਼ਰਬੇ ਹਾਸਲ ਕੀਤੇ ਹਨ ਅਤੇ ਅੱਜ ਉਹ ਹੋਰ ਦੂਜੇ ਕਿਸਾਨ ਜੋ ਫੁੱਲਾਂ ਦੀ ਕਾਸ਼ਤ ਕਰਨ ਦੇ ਇੱਛੁਕ ਹੁੰਦੇ ਹਨ ਉਹਨਾਂ ਨੂੰ ਤਕਨੀਕੀ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਨ। ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕਰਨ ਲਈ ਗੁਰਵਿੰਦਰ ਸਿੰਘ ਸੋਹੀ ਨੇ ਤੁੱਪਕਾ ਅਤੇ ਫੁਆਰਾ ਸਿੰਚਾਈ ਤਕਨੀਕ ਦੀ ਵਰਤੋਂ ਵੀ ਆਪਣੇ ਖੇਤਾਂ ਵਿੱਚ ਕੀਤੀ ਹੋਈ ਹੈ। ਪਿਛਲੇ ਬਹੁਤ ਸਾਲਾਂ ਤੋਂ ਗੁਰਵਿੰਦਰ ਸਿੰਘ ਸੋਹੀ ਨੇ ਆਪਣੇ ਖੇਤਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ। ਆਪਣੇ ਖੇਤੀ ਕੰਮਾਂ ਕਾਜਾਂ ਨੂੰ ਦੇਖਦੇ ਹੋਏ ਗੁਰਵਿੰਦਰ ਸਿੰਘ ਸੋਹੀ ਨੇ ਕਈ ਇਨਾਮ-ਸਨਮਾਨ ਵੀ ਹਾਸਲ ਕੀਤੇ ਹਨ।

ਲਖਵਿੰਦਰ ਸਿੰਘ ਗਰੇਵਾਲ (Lakhwinder Singh Grewal)

ਲਖਵਿੰਦਰ ਸਿੰਘ ਗਰੇਵਾਲ (Lakhwinder Singh Grewal)

3. ਲਖਵਿੰਦਰ ਸਿੰਘ ਗਰੇਵਾਲ (Lakhwinder Singh Grewal)

ਕਣਕ-ਝੋਨੇ ਦੇ ਗੇੜ ਵਿਚੋਂ ਨਿਕਲੇ ਪਿੰਡ- ਪੰਜੇਟਾ, ਬਲਾਕ- ਮਾਂਗਟ, ਜ਼ਿਲ੍ਹਾ- ਲੁਧਿਆਣਾ ਦੇ ਵਸਨੀਕ ਲਖਵਿੰਦਰ ਸਿੰਘ ਗਰੇਵਾਲ, ਅੱਜ ਪੂਰੀ ਕਾਮਯਾਬੀ ਨਾਲ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ। ਜ਼ਰਬਰਾ, ਗਲਦਾਉਦੀ, ਗਲੈਡੀਉਲਸ, ਗੇਂਦਾ, ਰਜਨੀਗੰਧਾ ਆਦਿ ਫ਼ੁਲਾਂ ਦੀ ਕਾਸ਼ਤ ਕਰਕੇ ਲਖਵਿੰਦਰ ਸਿੰਘ ਗਰੇਵਾਲ ਨੇ ਵਧੀਆ ਪੈਸਾ ਅਤੇ ਨਾਮ ਕਮਾਇਆ। ਫੁੱਲਾਂ ਦੀ ਪੈਦਾਵਾਰ ਕਰਕੇ ਹੀ ਲਖਵਿੰਦਰ ਸਿੰਘ ਗਰੇਵਾਲ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਕਈ ਮਾਨ-ਸਨਮਾਨ ਵੀ ਹਾਸਲ ਹੋਏ। 2012 ਤੋਂ ਸ਼ੁਰੂ ਹੋਏ ਫੁੱਲਾਂ ਦੀ ਖੇਤੀ ਦੇ ਇਸ ਸਫ਼ਰ ਨੂੰ ਉਦੋਂ ਬ੍ਰੇਕ ਲੱਗਿਆ ਜਦੋਂ 2019 ਵਿੱਚ ਨੋਟਬੰਦੀ ਹੋਈ। ਪਰ ਕਹਿੰਦੇ ਨੇ ਨਾ ਕਿ ਇਨਸਾਨ ਨੂੰ ਜਿੱਥੇ ਪੁੱਜਣਾ ਹੁੰਦਾ ਹੈ ਉਸ ਦੇ ਲਈ ਕਿਸਮਤ ਆਪਣੇ ਆਪ ਹੀ ਰਸਤੇ ਤਿਆਰ ਕਰ ਦਿੰਦੀ ਹੈ। ਬੇਸ਼ਕ ਲਖਵਿੰਦਰ ਸਿੰਘ ਨੂੰ ਇਸ ਕੰਮ ਵਿੱਚ ਨੋਟਬੰਦੀ ਕਰਕੇ ਬਹੁਤ ਘਾਟਾ ਸਹਿਣਾ ਪਿਆ। ਪਰ ਦ੍ਰਿੜ ਇਰਾਦੇ ਨਾਲ ਇੱਕ ਵਾਰ ਫਿਰ ਲਖਵਿੰਦਰ ਸਿੰਘ ਨੇ ਫੁੱਲਾਂ ਦੀ ਕਾਸ਼ਤ ਵੱਲ ਰੁੱਖ ਕੀਤਾ ਅਤੇ ਮੁੜ ਕਾਮਯਾਬੀ ਹਾਸਿਲ ਕੀਤੀ। ਅੱਜ ਇਹ ਕਿਸਾਨ ਫੁੱਲਾਂ ਦੀ ਖੇਤੀ ਦੇ ਨਾਲ-ਨਾਲ ਫ਼ਲ-ਸਬਜ਼ੀਆਂ ਨੂੰ ਵੀ ਤਰਜੀਹ ਦੇ ਰਹੇ ਹਨ।

ਇਸ ਦੇ ਨਾਲ ਹੀ ਲਖਵਿੰਦਰ ਸਿੰਘ ਵੱਲੋਂ ਗੰਡੋਇਆਂ ਦੀ ਖਾਦ ਬਣਾਉਣ ਦੇ ਕਿੱਤੇ ਨੂੰ ਵੀ ਬਹੁਤ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਕਿੱਤੇ ਤੋਂ ਚੰਗੀ ਆਮਦਨ ਵੀ ਪੈਦਾ ਹੋ ਰਹੀ ਹੈ। ਲਖਵਿੰਦਰ ਸਿੰਘ ਆਪਣੀ ਪੂਰੀ ਜ਼ਮੀਨ 'ਤੇ ਤੁੱਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰਦੇ ਹਨ। ਅੱਜ ਲਖਵਿੰਦਰ ਸਿੰਘ ਗਰੇਵਾਲ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ, ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਪੌਲੀ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨਾ, ਖੁੱਲੇ ਵਿੱਚ ਸਬਜ਼ੀਆਂ ਦੀ ਕਾਸ਼ਤ ਨਾਲ ਹੀ ਫੁੱਲਾਂ ਅਤੇ ਫ਼ਲਾਂ ਦੀ ਕਾਸ਼ਤ ਨਾਲ ਸੰਬੰਧਤ ਜਾਣਕਾਰੀ ਦਿੰਦੇ ਹਨ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਗੁਰਵਿੰਦਰ ਸਿੰਘ ਨਿਰਮਾਣ(Gurwinder Singh Nirman)

ਗੁਰਵਿੰਦਰ ਸਿੰਘ ਨਿਰਮਾਣ(Gurwinder Singh Nirman)

4. ਗੁਰਵਿੰਦਰ ਸਿੰਘ ਨਿਰਮਾਣ(Gurwinder Singh Nirman)

ਇੱਕ ਪਾਸੇ ਜਿੱਥੇ ਕਿਸਾਨ ਫ਼ਸਲੀ ਚੱਕਰ ਵਿੱਚ ਫਸੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨ ਗੁਰਵਿੰਦਰ ਸਿੰਘ ਨਿਰਮਾਣ ਫੁੱਲਾਂ ਦੀ ਕਾਸ਼ਤ ਕਰਕੇ ਵਧੀਆ ਮਿਸਾਲ ਵੱਜੋਂ ਉੱਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਕਿਸਾਨ ਗੁਰਵਿੰਦਰ ਸਿੰਘ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਹੀ ਇਹ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਫੁੱਲਾਂ ਦੀ ਕਾਸ਼ਤ ਵਿੱਚ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਸ. ਭਰਪੂਰ ਸਿੰਘ ਨਿਰਮਾਣ, ਪਿੰਡ- ਖੇੜੀ ਮੱਲਾਂ ਜ਼ਿਲ੍ਹਾ- ਪਟਿਆਲਾ, ਨੇ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਨਵੇਕਲੀ ਖੇਤੀ ਕਰਨ ਬਾਰੇ ਸੋਚਿਆ। ਸਾਲ 1999 ਵਿੱਚ ਇੱਕ ਛੋਟੇ ਰਕਬੇ ਤੋਂ ਉਨ੍ਹਾਂ ਨੇ ਗੇਂਦੇ ਦੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਨਿਰਮਾਣ ਜਿੰਨ੍ਹਾ ਨੇ ਆਪਣੀ ਪੜਾਈ ਪੂਰੀ ਕਰਨ ਮਗਰੋਂ ਫੁੱਲਾਂ ਦੀ ਖੇਤੀ ਵਿੱਚ ਆਪਣੇ ਪਿਤਾ ਦਾ ਸਾਥ ਦੇਣਾ ਸ਼ੁਰੂ ਕੀਤਾ ਹੈ।

ਅੱਜ-ਕੱਲ੍ਹ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਨਿਰਮਾਣ ਆਪਣੇ ਤਜ਼ਰਬੇ ਨੂੰ ਕਿਸਾਨ ਭਰਾਵਾਂ ਨਾਲ ਸਾਂਝਾ ਕਰ ਰਹੇ ਹਨ। ਗੇਂਦੇ ਦੀ ਖੇਤੀ ਦੀ ਪੂਰੀ ਜਾਣਕਾਰੀ ਦੇ ਨਾਲ-ਨਾਲ ਗੁਰਵਿੰਦਰ ਸਿੰਘ ਨਿਰਮਾਣ ਬੀਜ ਤੇ ਪਨੀਰੀ ਵੀ ਮੁਹਈਆ ਕਰਵਾ ਰਹੇ ਹਨ, ਤਾਂ ਜੋ ਪੰਜਾਬ ਵਿੱਚ ਗੇਂਦੇ ਦੇ ਫੁੱਲਾਂ ਦੀ ਖੇਤੀ ਹੇਠਾਂ ਰਕਬਾ ਵੱਧ ਸਕੇ ਅਤੇ ਪਾਣੀ ਦੀ ਬਚਤ ਹੋ ਸਕੇ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਨਿਰਮਾਣ ਨੂੰ ਫੁੱਲਾਂ ਦੀ ਖੇਤੀ ਕਰਕੇ ਪੰਜਾਬ ਵਿੱਚ ਕਈ ਮਾਨ-ਸਨਮਾਨ ਵੀ ਪ੍ਰਾਪਤ ਹੋਏ ਹਨ। ਅੱਜ ਗੁਰਵਿੰਦਰ ਸਿੰਘ ਨਿਰਮਾਣ ਆਪਣੇ ਫਾਰਮ ਵਿੱਚ ਜਾਫਰੀ, ਗੇਂਦੇ ਅਤੇ ਗੁਲਟੱਕ ਆਦਿ ਕਿਸਮਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਦੇ ਫਾਰਮ ਨੂੰ ਨਿਰਮਾਣ ਫਲਾਵਰ ਫਾਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਕਰਨਬੀਰ ਸਿੰਘ ਸੰਧੂ (Karanbir Singh Sandhu

ਕਰਨਬੀਰ ਸਿੰਘ ਸੰਧੂ (Karanbir Singh Sandhu

5. ਕਰਨਬੀਰ ਸਿੰਘ ਸੰਧੂ (Karanbir Singh Sandhu)

ਜ਼ਿਲ੍ਹਾ ਜਲੰਧਰ ਦੇ ਵਸਨੀਕ ਨੌਜਵਾਨ ਕਰਨਬੀਰ ਸਿੰਘ ਅੱਜ ਫੁੱਲਾਂ ਦੀ ਖੇਤੀ ਦੇ ਸਿਰਮੌਰ ਕਿਸਾਨ ਹਨ। ਆਪਣੇ ਖੇਤੀ ਦੇ ਸਫਰ ਦੀ ਸ਼ੁਰੂਆਤ ਵਿੱਚ ਕਰਨਬੀਰ ਸਿੰਘ ਨੇ ਬੜੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ। ਕਰਨਬੀਰ ਸਿੰਘ ਨੇ ਤਕਰੀਬਨ 2 ਕਨਾਲ਼ ਏਰੀਆ ਵਿੱਚ ਗਲੇਡੀਓਲਸ ਦੀ ਫੁੱਲਾਂ ਦੀ ਖੇਤੀ ਤਾਂ ਸ਼ੁਰੂ ਕੀਤੀ, ਪਰ ਇਸ ਦੌਰਾਨ ਉਨ੍ਹਾਂ ਨੂੰ ਫੁੱਲਾਂ ਦੀ ਮਾਰਕੀਟ ਅਤੇ ਹੋਰ ਚੀਜ਼ਾਂ ਬਾਰੇ ਬਹੁਤਾ ਗਿਆਨ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਪਰ ਹਿੰਮਤ ਨਾ ਹਾਰਦਿਆਂ ਕਰਨਬੀਰ ਸਿੰਘ ਨੇ ਹੌਲੀ-ਹੌਲੀ ਕੰਮ ਨੂੰ ਅੱਗੇ ਵਧਾਇਆ ਅਤੇ ਆਪਣੀ ਮਿਹਨਤ ਸਦਕਾ ਫੁੱਲਾਂ ਦੀ ਖੇਤੀ ਵਿੱਚ ਵਧੀਆ ਮੁਕਾਮ ਹਾਸਿਲ ਕੀਤਾ। ਕਰਨਬੀਰ ਸਿੰਘ ਨੇ ਹਰ ਸਾਲ ਕੁਝ ਬੀਜ ਤਿਆਰ ਕਰਨਾ ਸ਼ੁਰੂ ਕੀਤਾ। ਇਨ੍ਹਾਂ ਬੀਜਾਂ ਦੀ ਸਾਂਭ-ਸੰਭਾਲ ਕਰਨਾ ਅਤੇ ਇਨ੍ਹਾਂ ਦੀ ਸਪਲਾਈ ਕਰਨਾ ਕਰਨਬੀਰ ਸਿੰਘ ਲਈ ਇੱਕ ਵੱਡੀ ਚੁਣੌਤੀ ਸੀ, ਪਰ ਇਸ ਕਿਸਾਨ ਨੇ ਇਨ੍ਹਾਂ ਬੀਜਾਂ ਦੀ ਬੜੇ ਹੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਕੀਤੀ। ਦੱਸ ਦੇਈਏ ਕਿ ਇਸ ਕਿਸਮ ਦੇ ਬੀਜ ਮਾਰਕੀਟ ਵਿੱਚ ਬਹੁਤ ਮਹਿੰਗੇ ਮਿਲਦੇ ਹਨ ਅਤੇ ਇਸ ਦੀ ਸਾਂਭ-ਸੰਭਾਲ ਕਰਨੀ ਵੀ ਕਾਫੀ ਔਖੀ ਹੈ।

ਕਰਨਬੀਰ ਸਿੰਘ ਦੱਸਦੇ ਹਨ ਕਿ ਅੱਜ ਉਹ ਤਕਰੀਬਨ 7-8 ਏਕੜ ਵਿੱਚ ਫੁੱਲਾਂ ਦੀ ਖੇਤੀ ਕਰ ਰਹੇ ਹਨ, ਜਿਸ ਵਿੱਚ ਗਲੇਡੀਓਲਸ, ਟਿਊਬਰੋਸ ਅਤੇ ਕੁਝ ਕਿਸਮਾਂ ਕ੍ਰਿਸਮਥੇਮਮ ਦੀ ਵੀ ਲਗਾਉਂਦੇ ਹਨ। ਇਸ ਦੇ ਨਾਲ ਹੀ ਉਹ ਸੀਡ ਪ੍ਰੋਡਕਸ਼ਨ ਦਾ ਕੰਮ ਵੀ ਵਧੀਆ ਢੰਗ ਨਾਲ ਕਰ ਰਹੇ ਹਨ। ਉਹ ਦੱਸਦੇ ਹਨ ਕਿ ਇਨ੍ਹਾਂ ਫੁੱਲਾਂ ਦੀ ਮਾਰਕੀਟ ਵੀ ਉਹ ਆਪ ਹੀ ਦੇਖਦੇ ਹਨ ਅਤੇ ਤਕਰੀਬਨ ਸਾਰੇ ਪੰਜਾਬ ਵਿੱਚ ਸਪਲਾਈ ਵੀ ਕਰਦੇ ਹਨ। ਇਹ ਸਾਰਾ ਕੰਮ ਕਰਨਬੀਰ ਸਿੰਘ ਡਰਿੱਪ ਅਤੇ ਸਪਰਿੰਕਲਰ ਸਿਸਟਮ ਰਾਹੀਂ ਹੀ ਕਰ ਰਹੇ ਹਨ। ਹਾਲਾਂਕਿ, ਫੁੱਲਾਂ ਦੀ ਕਾਸ਼ਤ ਦੇ ਨਾਲ-ਨਾਲ ਕਰਨਬੀਰ ਸਿੰਘ ਕਣਕ-ਝੋਨਾ-ਮੱਕੀ-ਆਲੂ ਅਤੇ ਹੋਰ ਸਬਜੀਆਂ ਦੀ ਵੀ ਕਾਸ਼ਤ ਕਰ ਰਹੇ ਹਨ। ਦੱਸ ਦੇਈਏ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਰਨਬੀਰ ਸਿੰਘ ਨੂੰ ਸਰਕਾਰ ਵੱਲੋਂ ਕਾਫ਼ੀ ਅਵਾਰਡ ਵੀ ਮਿਲੇ ਹਨ।

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Top 5 Floriculture Farmers of Punjab: These farmers of Punjab are giving priority to flower farming, a big step from traditional farming to crop diversification.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters