Weather Update: ਇੱਕ ਪਾਸੇ ਜਿੱਥੇ ਪੰਜਾਬ ਵਾਸੀ ਮੁੜ ਗਰਮੀ ਤੋਂ ਦੋ-ਚਾਰ ਹੋਣ ਲੱਗ ਪਏ ਹਨ, ਉਥੇ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ ਤੋਂ ਨਾਗਾਲੈਂਡ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਬਿਹਾਰ, ਝਾਰਖੰਡ, ਉੜੀਸਾ ਅਤੇ ਬੰਗਾਲ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਜਤਾਈ ਹੈ।
Punjab Weather: ਸੂਬੇ 'ਚ ਸ਼ੁੱਕਰਵਾਰ ਤੋਂ 'ਲੂ' ਦਾ ਦੌਰ ਮੁੜ ਸ਼ੁਰੂ ਹੋ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਤੋਂ ਆਪਣੇ ਤੇਵਰ ਤੇਜ਼ ਕਰ ਦਿੱਤੇ ਹਨ, ਜਿਸਦੇ ਚਲਦਿਆਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਸ਼ਹਿਰਾਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਪੰਜਾਬ ਦੇ ਬਠਿੰਡਾ ਵਿੱਚ ਬੀਤੇ ਦਿਨ ਤਾਪਮਾਨ 46.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੱਸ ਦੇਈਏ ਕਿ ਸੂਬੇ 'ਚ ਮੌਸਮ ਸਾਫ਼ ਹੋਣ ਅਤੇ ਤਾਪਮਾਨ ਵਧਣ ਕਾਰਨ ਹੀਟ ਵੇਵ ਦੀ ਸਥਿਤੀ ਬਣ ਗਈ ਹੈ।
Chandigarh Weather Department: ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਬੱਦਲਵਾਈ ਹੋ ਸਕਦੀ ਹੈ, ਪਰ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਝੱਲਣੀ ਪਵੇਗੀ। ਮੌਸਮ ਵਿਭਾਗ ਨੇ ਗਰਮੀ ਦਾ ਕਹਿਰ 12-13 ਜੂਨ ਤੱਕ ਜਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਹੈ।
Delhi-NCR Updated Weather: ਰਾਜਧਾਨੀ ਦਿੱਲੀ 'ਚ ਤੂਫਾਨ ਅਤੇ ਬਾਰਿਸ਼ ਦੇ ਖਤਮ ਹੋਣ ਦੇ ਨਾਲ ਹੀ ਦਿੱਲੀ 'ਚ ਗਰਮੀ ਇਕ ਵਾਰ ਫਿਰ ਤੋਂ ਵਧਣ ਲੱਗੀ ਹੈ। ਕਈ ਥਾਵਾਂ 'ਤੇ ਤਾਪਮਾਨ 44 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੂਰਾ ਹਫ਼ਤਾ ਮੌਸਮ ਅਜਿਹਾ ਹੀ ਰਹੇਗਾ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.0 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ।
Himachal Pradesh Updated Weather: ਹਿਮਾਚਲ ਪ੍ਰਦੇਸ਼ ਵਿੱਚ ਚਾਰ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 3 ਤੋਂ 6 ਜੂਨ ਤੱਕ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਸੂਬੇ ਦੇ ਨੀਵੇਂ ਅਤੇ ਮੈਦਾਨੀ ਜ਼ਿਲ੍ਹਿਆਂ ਵਿੱਚ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਜੂਨ ਦੇ ਦੂਜੇ ਹਫ਼ਤੇ ਹਿਮਾਚਲ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੇ 15 ਜੂਨ ਤੋਂ ਬਾਅਦ ਸੂਬੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
Uttar Pradesh Updated Weather: ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ 'ਚ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਮਾਨਸੂਨ ਨੂੰ ਲੈ ਕੇ ਕੀਤੀ ਗਈ ਭਵਿੱਖਬਾਣੀ ਮੁਤਾਬਕ 15 ਜੂਨ ਦੇ ਆਸ-ਪਾਸ ਮਾਨਸੂਨ ਯੂਪੀ ਵਿੱਚ ਦਸਤਕ ਦੇ ਸਕਦਾ ਹੈ।
Uttarakhand Updated Weather: ਉੱਤਰਾਖੰਡ 'ਚ ਗਰਮੀ ਦਾ ਕਹਿਰ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ। ਵਧਦੇ ਤਾਪਮਾਨ ਨੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੈਦਾਨੀ ਇਲਾਕਿਆਂ ਵਿੱਚ ਪਾਰਾ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜੋ ਕਿ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਹੈ। ਕੜਕਦੀ ਧੁੱਪ ਦੇ ਨਾਲ ਗਰਮੀ ਦਾ ਕਹਿਰ ਵਿਗੜਦਾ ਜਾ ਰਿਹਾ ਹੈ। ਅਜਿਹੇ 'ਚ ਦੇਹਰਾਦੂਨ ਸਮੇਤ ਸਾਰੇ ਮੈਦਾਨੀ ਇਲਾਕਿਆਂ 'ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਸੂਬੇ 'ਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : Weather Forecast LIVE Update: Alert! ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਅੱਜ ਹੋਵੇਗੀ ਬਾਰਿਸ਼!
Rajasthan Updated Weather: ਕੇਰਲ ਦੇ ਤੱਟ ਤੋਂ ਹੋਈ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਰਾਜਸਥਾਨ ਸਮੇਤ ਦੇਸ਼ ਦੇ ਸਾਰੇ ਸੂਬਿਆਂ 'ਚ ਮੌਸਮ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਮਾਨਸੂਨ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਰਾਜਸਥਾਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਥਿਤੀ ਬਣੀ ਹੋਈ ਹੈ। ਰਾਜਧਾਨੀ ਜੈਪੁਰ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਿਹਾ। ਦੂਜੇ ਪਾਸੇ ਹੋਰਨਾਂ ਜ਼ਿਲ੍ਹਿਆਂ ਵਿੱਚ ਤਾਪਮਾਨ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਪਾਰਾ ਵਧੇਗਾ, ਇਸ ਲਈ ਅਜਿਹੇ ਸਥਾਨਾਂ ਵਿੱਚ ਰਾਹਤ ਦੀ ਕੋਈ ਉਮੀਦ ਨਹੀਂ ਹੈ।
IMD Alert: ਦੱਖਣ-ਪੱਛਮੀ ਮਾਨਸੂਨ ਬੰਗਾਲ ਦੀ ਖਾੜੀ ਰਾਹੀਂ ਉੱਤਰ-ਪੂਰਬੀ ਭਾਰਤ ਵਿੱਚ ਦਾਖਲ ਹੋ ਗਿਆ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਆਸਾਮ ਅਤੇ ਮੇਘਾਲਿਆ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਰਬ ਸਾਗਰ ਤੋਂ ਭਾਰਤ ਦੇ ਦੱਖਣੀ ਪ੍ਰਾਇਦੀਪ ਵੱਲ ਮਾਨਸੂਨ ਦੀਆਂ ਹਵਾਵਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਕਰਨਾਟਕ, ਕੇਰਲ, ਮਾਹੇ ਅਤੇ ਲਕਸ਼ਦੀਪ ਦੇ ਤੱਟਵਰਤੀ ਅਤੇ ਦੱਖਣੀ ਅੰਦਰੂਨੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਪੰਜ ਦਿਨਾਂ ਤੱਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਰਾਜਸਥਾਨ, ਦੱਖਣੀ ਪੰਜਾਬ ਅਤੇ ਦੱਖਣੀ ਹਰਿਆਣਾ ਵਿੱਚ ਅਗਲੇ ਦੋ ਦਿਨਾਂ ਤੱਕ ਗਰਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
Summary in English: Weather Today: Rain likely in these states! Know your city's weather!