Insectivorous Birds: ਪੰਛੀਆਂ ਨਾਲ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਪੰਜਾਬ ਵਿੱਚ ਪਾਏ ਜਾਣ ਵਾਲੇ 300 ਕਿਸਮਾਂ ਦੇ ਪੰਛੀਆਂ ਵਿੱਚੋਂ ਬਹੁਤੀਆਂ ਕਿਸਮਾਂ ਦਾ ਖੇਤੀ ਲਈ ਲਾਭਦਾਇਕ ਯੋਗਦਾਨ ਹੈ। ਅਨੇਕਾਂ ਕਿਸਮਾਂ ਦੇ ਪੰਛੀ ਕੀੜੇ-ਮਕੌੜਿਆਂ ਨੂੰ ਆਪਣਾ ਆਹਾਰ ਬਣਾਉਂਦੇ ਹਨ, ਉਹਨਾਂ ਵਿੱਚੋਂ ਬਹੁਤੇ ਕੀੜੇ-ਮਕੌੜੇ ਖੇਤੀ ਨੂੰ ਹਾਨੀ ਪਹੁੰਚਾਂਦੇ ਹਨ, ਇਸ ਤਰ੍ਹਾਂ ਕੀੜੇ-ਮਕੌੜੇ ਖਾਣੇ ਪੰਛੀਆਂ ਦੀਆਂ ਜਾਤੀਆਂ ਕਿਸਾਨਾਂ ਦੀ ਮੱਦਦ ਕਰਕੇ ਇਕ ਤਰ੍ਹਾਂ ਨਾਲ ਕੁਦਰਤੀ ਤੌਰ ਤੇ ਹਨੀਕਾਰਕ ਕੀੜਿਆਂ ਦੀਆਂ ਅਨੇਕਾਂ ਕਿਸਮਾਂ ਅਤੇ ਗਿਣਤੀ ਤੇ ਕਾਬੂ ਪਾਉਣ ਵਿੱਚ ਸਹਾਈ ਹੁੰਦੀਆਂ ਹਨ।
ਇਹਨਾਂ ਪੰਛੀਆਂ ਵਿੱਚੋਂ ਮੁੱਖ ਤੌਰ ਤੇ ਪੰਛੀ ਹਨ – ਗਾਏ ਬਗਲਾ, ਕਾਲ ਕਲੀਚੀ, ਛੋਟਾ ਉੱਲੂ, ਹੁਦਹੁਦ ਜਾਂ ਚੱਕੀਹਾਰਾ, ਨੀਲਕੰਠ, ਕਠਫੌੜਾ, ਟਟੀਰੀ, ਕਮਾਦੀ ਕੁੱਕੜ ਆਦਿ।
ਗਾਏ ਬਗਲਾ ਇੱਕ ਪ੍ਰਮੁੱਖ ਕੀੜੇ ਮਕੌੜੇ ਖਾਣ ਵਾਲਾ ਪੰਛੀ ਹੈ, ਇਹ ਅਕਸਰ ਵਾਹੀ ਦੇ ਵੇਲੇ, ਟਰੈਕਟਰਾਂ ਜਾਂ ਬਲਦਾਂ ਦੇ ਪਿੱਛੇ ਫਿਰਦਾ ਦਿਖਾਈ ਦਿੰਦਾ ਹੈ ਅਤੇ ਜ਼ਮੀਨ ਵਿੱਚੋਂ ਨਿਕਲੇ ਕੀੜੇ-ਮਕੌੜੇ ਆਦਿ ਨੂੰ ਖਾਂਦਾ ਹੈ। ਇਸ ਤੋਂ ਇਲਾਵਾ ਇਹ ਪੰਛੀ, ਪਸ਼ੂਆਂ ਦੇ ਤੁਰਨ ਅਤੇ ਹਿਲਜੁਲ ਨਾਲ ਨਿਕਲੇ ਕੀੜੇ-ਮਕੌੜਿਆਂ ਅਤੇ ਛੋਟੀਆਂ ਛਿਪਕਲੀਆਂ ਆਦਿ ਇਸ ਦਾ ਆਹਾਰ ਹਨ। ਇਕ ਹੋਰ ਪ੍ਰਮੁੱਖ ਕੀੜੇ-ਮਕੌੜੇ ਆਦਿ ਖਾਣ ਵਾਲਾ ਪੰਛੀ ਹੈ, ਕਾਲ ਕਲੀਚੀ। ਇਹ ਪੰਛੀ ਚਮਕਦੇ ਕਾਲੇ ਰੰਗ ਦਾ ਹੁੰਦਾ ਹੈ। ਕਾਲ ਕਲੀਚੀ ਨੂੰ ਅਕਸਰ ਪੈਲੀਆਂ ਦੇ ਉੱਤੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਤੇ ਬੈਠੇ ਦੇਖਦੇ ਹਾਂ। ਕਾਲ ਕਲੀਚੀ ਦੀ ਮੁੱਖ ਖ਼ੁਰਾਕ ਕੀੜੇ-ਮਕੌੜੇ, ਛੋਟੇ ਪੰਛੀ ਅਤੇ ਛਿਪਕਲੀਆਂ ਆਦਿ ਹੈ। ਇਸ ਮਿੱਤਰ ਪੰਛੀ ਦੀ ਸਾਡੇ ਖੇਤਾਂ ਵਿੱਚ ਉਪਯੋਗੀ ਭੂਮਿਕਾ ਹੈ ਅਤੇ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਕ ਹੋਰ ਕਿਸਾਨਾਂ ਦਾ ਮਿੱਤਰ ਪੰਛੀ ਹੈ, ਚੱਕੀਹਾਰਾ। ਇਸ ਮੱਧਮ ਜਿਹੇ ਸੰਤਰੀ ਰੰਗ ਦੇ ਪੰਛੀ ਦੇ ਖੰਭਾਂ, ਪੂੰਛ ਅਤੇ ਉਪਰਲੇ ਪਾਸੇ ਸਫੈਦ ਅਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਸ ਪੰਛੀ ਨੂੰ ਖੇਤਾਂ ਅਤੇ ਬੰਨ੍ਹਿਆਂ ਦੁਆਲੇ ਅਤੇ ਖਾਲੀ ਥਾਵਾਂ ਤੇ ਜ਼ਮੀਨ ਵਿੱਚੋਂ ਕੀੜੇ-ਮਕੌੜੇ ਆਦਿ ਲੱਭਦੇ ਨੂੰ ਅਕਸਰ ਦੇਖਿਆ ਜਾਂਦਾ ਹੈ।
ਨੀਲਕੰਠ ਅਤੇ ਕਠਫੋੜਾ ਵੀ ਕਿਸਾਨਾਂ ਦੇ ਮਿੱਤਰ ਪੰਛੀ ਹਨ। ਕਠਫੋੜਾ ਆਪਣੀ ਤਿੱਖੀ ਚੁੰਝ ਨਾਲ ਦਰੱਖਤਾਂ ਦੀਆਂ ਤ੍ਰੇੜਾਂ ਵਿੱਚੋਂ ਕੀੜੇ ਮਕੌੜੇ ਆਦਿ ਫੜਦਾ ਹੈ। ਨੀਲਕੰਠ ਦਾ ਮੁੱਖ ਆਹਾਰ ਡੱਡੂ, ਹਾਨੀਕਾਰਕ ਕੀੜੇ ਮਕੌੜੇ ਅਤੇ ਛਿਪਕਲੀਆਂ ਆਦਿ ਹੈ। ਉਪਰੋਕਤ ਪੰਛੀਆਂ ਵਾਂਗ ਹੀ ਇਹ ਕਿਸਾਨਾਂ ਦਾ ਦੋਸਤ ਪੰਛੀ ਹੈ – ਚੁਗਲ ਜਾਂ ਛੋਟਾ ਉੱਲੂ। ਚੁਗਲ ਦੇ ਪਰਾਂ ਜਾ ਖੰਭਾਂ ਦਾ ਰੰਗ ਸਲੇਟੀ ਭੂਰਾ ਹੁੰਦਾ ਹੈ ਅਤੇ ਉਸ ਉੱਤੈ ਚਿੱਟੇ ਰੰਗ ਦੇ ਧੱਬੇ ਹੁੰਦੇ ਹਨ। ਇਸ ਪੰਛੀ ਦੀ ਮੂਲ ਖ਼ੁਰਾਕ ਕੀੜੇ- ਮਕੌੜੇ ਆਦਿ ਹਨ ਅਤੇ ਇਹ ਪੰਛੀ ਕੁਦਰਤੀ ਤੌਰ ਤੇ ਹਾਨੀਕਾਰਕ ਕੀੜਿਆਂ ਆਦਿ ਤੇ ਕਾਬੂ ਪਾਣ ਵਿੱਚ ਸਹਾਈ ਸਿੱਧ ਹੁੰਦਾ ਹੈ।
ਭਾਰਤ ਦੇ ਪੰਛੀਆਂ ਤੇ 2023 (State of India’s Birds 2023) ਦੀ ਰਿਪੋਰਟ
ਪਿਛਲੇ ਕੁਝ ਦਹਾਕਿਆਂ ਤੋਂ ਜੰਗਲਾਂ ਹੇਠ ਰਕਬਾ ਘੱਟ ਜਾਣ ਸਦਕਾ ਅਤੇ ਮਨੁੱਖੀ ਲਾਪਰਵਾਹੀ ਕਾਰਨ ਅਨੇਕਾਂ ਜੀਵਾਂ ਦਾ ਵਜੂਦ ਖਤਮ ਹੋ ਗਿਆ ਹੈ ਅਤੇ ਕੁਝ ਦੀ ਗਿਣਤੀ ਘੱਟ ਰਹੀ ਹੈ। 2023 ਦੀ ਰਿਪੋਰਟ ਮੁਤਾਬਿਕ 942 ਪੰਛੀਆਂ ਦੀਆਂ ਜਾਤੀਆਂ ਵਿੱਚੋਂ 523 ਬਾਰੇ ਕਾਫ਼ੀ ਡੇਟਾ ਇਕਤ੍ਰਿਤ ਕੀਤਾ ਗਿਆ ਹੈ। 338 ਪੰਛੀਆਂ ਦੀਆਂ ਜਾਤੀਆਂ ਬਾਰੇ ਜਨਸੰਖਿਆਂ ਰੁਝਾਨ ਨੇ ਦੱਸਿਆਂ ਹੈ ਕਿ 204 ਜਾਤੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੀੜੇ-ਮਕੌੜੇ ਅਤੇ ਸ਼ਿਕਾਰੀ ਪੰਛੀਆਂ ਦੀਆਂ ਜਾਤੀਆਂ ਦੀ ਗਿਣਤੀ ਵਿੱਚ ਨਿਰੰਤਰ ਕਮੀ ਆ ਰਹੀ ਹੈ।
ਪੰਛੀ ਵਿਗਿਆਨੀਆਂ ਨੇ ਅਨੇਕਾਂ ਕਿਸਮਾਂ ਦੇ ਪੰਛੀਆਂ ਜਿਵੇਂ ਕਿ ਚਿੜੀ, ਗਿੱਧ, ਉੱਲੂ ਆਦਿ ਦੀ ਘੱਟ ਰਹੀ ਗਿਣਤੀ 'ਤੇ ਸਮੇਂ–ਸਮੇਂ ਚਿੰਤਾ ਜ਼ਾਹਿਰ ਕੀਤੀ ਹੈ। ਖੇਤੀ ਵਿੱਚ ਕੀਟਨਾਸ਼ਕਾਂ ਅਤੇ ਹੋਰ ਦਵਾਈਆਂ ਨੂੰ ਲੋੜ ਮੁਤਾਬਿਕ, ਸਮੇਂ ਸਿਰ ਅਤੇ ਸਹੀ ਮਿਕਦਾਰ ਵਿੱਚ ਵਰਤੋਂ ਵਿੱਚ ਲਿਆਉਣ ਦੀ ਲੋੜ ਹੈ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਸਹੀ ਢੰਗ ਨਾਲ ਅਪਨਾਉਣ ਨਾਲ ਅਸੀਂ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
ਇਹ ਵੀ ਪੜ੍ਹੋ : Disaster Management for Livestock During Flood: ਪਸ਼ੂਆਂ ਨੂੰ ਹੜ੍ਹ ਦੇ ਨੁਕਸਾਨ ਤੋਂ ਬਚਾਉਣ ਲਈ ਵਰਤੋਂ ਇਹ ਸਾਵਧਾਨੀਆਂ
ਕੀੜੇ-ਮਕੌੜੇ ਖਾਣ ਵਾਲੇ ਪੰਛੀਆਂ ਦੇ ਵਾਧੇ ਲਈ ਯਤਨ
ਅਸੀਂ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹਾਂ ਕਿ ਕੁਦਰਤ ਵਿੱਚ ਹਰੇਕ ਜੀਵਨ ਦਾ ਆਪਣਾ ਮਹੱਤਵ ਹੈ, ਖ਼ਾਸ ਕਰਕੇ ਕੀੜੇ ਮਕੌੜੇ ਖਾਣ ਵਾਲੇ ਮਿੱਤਰ ਪੰਛੀਆਂ ਦਾ। ਇਹਨਾਂ ਦੀ ਜਨਸੰਖਿਆਂ ਵਿੱਚ ਵਾਧਾ ਹੋਵੇ। ਇਸ ਲਈ ਕਈ ਉਪਰਾਲੇ ਕਰਨੇ ਚਾਹੀਦੇ ਹਨ। ਇਹਨਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ।
1) ਰੁੱਖ ਲਗਾਉਣਾ – ਪੰਜਾਬ ਦੇ ਪੁਰਾਣੇ ਰਵਾਇਤੀ ਦਰੱਖਤਾਂ ਨੂੰ ਲਗਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਹਨ। ਪਿੱਪਲ, ਬੋਹੜ, ਨਿੰਮ, ਡੇਕ, ਟਾਹਲੀ, ਤੂਤ, ਸਰੀਂਹ ਆਦਿ ਦਰੱਖਤਾਂ ਨੂੰ ਸ਼ੜਕਾਂ ਦੁਆਲੇ, ਨਹਿਰਾਂ ਦੇ ਕੰਡਿਆਂ ਤੇ ਹੋਰ ਖਾਲੀ ਪਈਆਂ ਥਾਵਾਂ ਤੇ ਲਗਾਉਣ ਦੀ ਲੋੜ ਹੈ।
2) ਭਾਰਤ ਵਿੱਚ ਅਲੱਗ-ਅਲੱਗ ਰਾਜਾਂ ਵਿੱਚ ਪੰਛੀ ਵਿਗਿਆਨੀਆਂ ਨੇ ਇਹ ਸਾਬਿਤ ਕੀਤਾ ਹੈ ਕਿ ਬਨਾਉਟੀ ਆਲ੍ਹਣੇ (ਜਿਹੜੇ ਕਿ ਲੱਕੜ ਦੇ ਬਣੇ ਹੁੰਦੇ ਹਨ) ਲਗਾਉਣ ਨਾਲ ਅਸੀਂ ਖੁੱਡਾਂ ਵਿੱਚ ਰਹਿਣ ਵਾਲੇ ਪੰਛੀਆਂ ਨੂੰ ਅਤੀਰਿਕਤ ਥਾਵਾਂ ਮੁਹੰਈਆਂ ਕਰਵਾ ਸਕਦੇ ਹਾਂ।
3) ਕਈ ਫਸਲਾਂ ਜਿਵੇਂ ਕਿ ਕਪਾਹ ਜਿੱਥੇ ਸੁੰਡੀਆਂ ਅਤੇ ਕੀੜੇ-ਮਕੌੜੇ ਹੋਣ ਉੱਥੇ ‘T’ ਅੰਗਰੇਜ਼ੀ ਦੇ ਸ਼ਬਦ ‘ਟੀ’ ਵਰਗੀਆਂ ਪੰਛੀਆਂ ਦੇ ਬੈਠਣ ਲਈ ਬਾਂਸ ਦੀਆਂ ਥਾਵਾਂ ਬਣਾਉਣੀਆਂ ਚਾਹੀਦੀਆਂ ਹਨ, ਇਹ ਅਨੇਕਾਂ ਵਿਗਿਆਨਾਂ ਦੀ ਖੋਜ ਨੇ ਤੱਥ ਅੱਗੇ ਲਿਆਂਦਾ ਹੈ।
4) ਪੰਛੀਆਂ ਨੂੰ ਚੋਗਿਰਦੇ ਵਿੱਚ ਬਚਾਉਣ ਲਈ ਅਤੀ ਜ਼ਰੂਰੀ ਹੈ ਕਿ ਉਹਨਾਂ ਬਾਰੇ, ਪੰਛੀਆਂ ਦੀਆਂ ਆਦਤਾਂ, ਖ਼ੁਰਾਕ ਅਤੇ ਪਹਿਚਾਣ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਅਤੇ ਪੰਛੀਆਂ ਦੇ ਅਹਿਮ ਰੋਲ ਬਾਰੇ ਜਾਗਰੂਕਤਾ ਦੀ ਲੋੜ ਹੈ। ਜਿਸ ਵਿੱਚ ਸਰਕਾਰੀ, ਗ਼ੈਰ ਸਰਕਾਰੀ ਅਤੇ ਹੋਰ ਅਗਾਂਹਵਧੂ ਨੋਜਵਾਨਾਂ ਦੀਆਂ ਸੰਸਥਾਵਾਂ ਵੀ ਅਹਿਮ ਭੁਮਿਕਾ ਨਿਭਾ ਸਕਦੀਆਂ ਹਨ।
ਸਰੋਤ: ਤੇਜਦੀਪ ਕੌਰ ਕਲੇਰ, ਪੰਛੀ ਵਿਗਿਆਨੀ ਅਤੇ ਮੁੱਖੀ, ਜੀਵ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ
Summary in English: According to the 2023 report, a steady decline in bird numbers, Efforts for the growth of insectivorous birds