1. Home
  2. ਪਸ਼ੂ ਪਾਲਣ

Animal Care: ਪਸ਼ੂਆਂ ਦੀ ਚੰਗੀ ਸਿਹਤ ਲਈ ਮਲ੍ਹੱਪਾਂ ਦੀ ਰੋਕਥਾਮ ਕਰਨਾ ਜ਼ਰੂਰੀ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

ਮਲ੍ਹੱਪ ਪਸ਼ੂਆਂ ਦੀ ਹਜ਼ਮ ਹੋਈ ਖੁਰਾਕ ਨੂੰ ਖਾ ਜਾਂਦੇ ਹਨ ਅਤੇ ਪਾਚਨ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੇ ਹਨ। ਇਹ ਪਸ਼ੂ ਦਾ ਖੂਨ ਪੀਂਦੇ ਹਨ ਅਤੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਵੀ ਘਟਾ ਦਿੰਦੇ ਹਨ। ਅੱਜ ਅਸੀਂ ਡਾ. ਮੁਨੀਸ਼ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ (Dr. Munish Kumar, Krishi Vigyan Kendra, Ferozepur) ਤੋਂ ਜਾਣਾਂਗੇ ਕਿ ਪਸ਼ੂਆਂ ਦੀ ਚੰਗੀ ਸਿਹਤ ਲਈ ਮਲ੍ਹੱਪਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ।

Gurpreet Kaur Virk
Gurpreet Kaur Virk
ਮੱਲਪਾਂ ਤੋਂ ਪ੍ਰਭਾਵਿਤ ਕੱਟੜੂ

ਮੱਲਪਾਂ ਤੋਂ ਪ੍ਰਭਾਵਿਤ ਕੱਟੜੂ

Dairy Animals: ਪੰਜਾਬ ਵਿੱਚ ਪਸ਼ੂ ਪਾਲਣ ਦਾ ਕਿੱਤਾ ਹਮੇਸ਼ਾਂ ਤੋਂ ਹੀ ਖੇਤੀ ਨਾਲ ਸਹਾਇਕ ਰਿਹਾ ਹੈ ਅਤੇ ਖੇਤੀ ਵਿਭਿੰਨਤਾ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਆ ਰਿਹਾ ਹੈ। ਸਮੇਂ ਦੇ ਨਾਲ ਨਾਲ ਪਸ਼ੂ ਪਾਲਣ ਦੇ ਤਰੀਕਿਆਂ ਵਿੱਚ ਵੀ ਬਦਲਾਅ ਆ ਰਿਹਾ ਹੈ।

ਪਹਿਲਾਂ ਪਸ਼ੂਆਂ ਨੂੰ ਚਰਾਉਣ ਲਈ ਬਾਹਰ ਲਿਜਾਇਆ ਜਾਂਦਾ ਸੀ, ਪਰ ਹੁਣ ਅਸੀਂ ਉਹਨਾਂ ਨੂੰ ਖੁਰਲੀ 'ਤੇ ਬੰਨ ਕੇ ਹੀ ਖੁਆਉਂਦੇ ਹਾਂ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਪਸ਼ੂਆਂ ਸਬੰਧੀ ਆਪਣੇ ਗਿਆਨ ਦੇ ਦਾਇਰੇ ਨੂੰ ਵਧਾਈਏ ਜੋ ਕਿ ਪਸ਼ੂ ਪਾਲਣ ਦੇ ਕਿੱਤੇ ਤੋਂ ਵੱਧ ਮੁਨਾਫਾ ਲੈਣ ਲਈ ਬਹੁਤ ਸਹਾਈ ਹੁੰਦਾ ਹੈ।

ਮੱਲ੍ਹਪ ਪਸ਼ੂਆਂ ਦੀ ਹਜ਼ਮ ਹੋਈ ਖੁਰਾਕ ਨੂੰ ਖਾ ਜਾਂਦੇ ਹਨ ਅਤੇ ਨਾਲ ਹੀ ਪਸ਼ੂ ਦੀ ਪਾਚਨ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੇ ਹਨ। ਇਸ ਕਾਰਨ ਪਸ਼ੂਆਂ ਨੂੰ ਲੋੜੀਂਦੀ ਖੁਰਾਕ ਦੀ ਪੂਰਤੀ ਨਹੀਂ ਹੋ ਪਾਂਦੀ ਭਾਵੇਂ ਕਿਸਾਨ ਉਹਨਾਂ ਨੂੰ ਬਣਦੀ ਸੰਤੁਲਿਤ ਖੁਰਾਕ ਵੀ ਦੇ ਦੇਣ। ਇਸ ਤੋਂ ਇਲਾਵਾ ਮਲ੍ਹੱਪ ਪਸ਼ੂ ਦੇ ਸ਼ਰੀਰ ਦੇ ਅੰਦਰ ਰਹਿ ਕੇ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੇ ਹਨ; ਇਹ ਪਸ਼ੂ ਦਾ ਖੂਨ ਪੀਂਦੇ ਹਨ ਅਤੇ ਸ਼ਰੀਰ ਨੂੰ ਖੋਖਲਾ ਕਰ ਦਿੰਦੇ ਹਨ। ਨਾਲ ਹੀ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਵੀ ਘਟਾ ਦਿੰਦੇ ਹਨ ਅਤੇ ਪਸ਼ੂ ਜ਼ਿਆਦਾ ਬਿਮਾਰ ਹੁੰਦੇ ਹਨ।ਜੇਕਰ ਮਲ੍ਹੱਪਾਂ ਦੀ ਸੰਖਿਆ ਸ਼ਰੀਰ ਵਿੱਚ ਵੱਧ ਜਾਵੇ ਤਾਂ ਇਹ ਪਸ਼ੂਆਂ ਅਚਾਨਕ ਮੌਤ ਦਾ ਕਾਰਨ ਵੀ ਬਣਦੇ ਹਨ। ਮੱਲ੍ਹਪਾਂ ਨੂੰ ਪਸ਼ੂ ਦੇ ਸ਼ਰੀਰ ਵਿੱਚ ਉਪੱਸਥਿਤੀ ਜਾਂ ਸ਼ਰੀਰ ਦੇ ਹਿੱਸੇ ਵਿੱਚ ਹੋਣ ਵਾਲੇ ਨੁਕਸਾਨ ਦੇ ਹਿਸਾਬ ਨਾਲ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:

1. ਮਿਹਦੇ ਵਿੱਚ ਰਹਿਣ ਵਾਲੇ ਮੱਲ੍ਹਪ

ਇਹ ਪਸ਼ੂਆਂ ਦੇ ਮਿਹਦੇ ਵਿੱਚ ਰਹਿੰਦੇ ਹਨ ਅਤੇ ਪਸ਼ੂ ਦਾ ਖੂਨ ਚੂਸਦੇ ਹਨ। ਇਹ ਮਿਹਦੇ ਵਿਚਲੀਆਂ ਗ੍ਰੰਥੀਆਂ ਨੂੰ ਵੀ ਨਸ਼ਟ ਕਰ ਦਿੰਦੇ ਹਨ ਜਿਸ ਕਾਰਨ ਪਸ਼ੂ ਦੀ ਖੁਰਾਕ ਨੂੰ ਹਜ਼ਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਮਿਹਦੇ ਦੇ ਮੁੱਖ ਮੱਲ੍ਹਪ ਹਨ- ਹਿਮੰਕਸ, ਇਸਟਰਟੇਜੀਆ ਅਤੇ ਟ੍ਰਾਈਕੋਸਟ੍ਰੋਂਗਾਈਲਸ।

2. ਆਂਤੜੀਆਂ ਦੇ ਮੱਲ੍ਹਪ

ਇਹ ਕੀੜੇ ਪਸ਼ੂ ਦੀ ਆਂਤਾਂ ਦੇ ਵਿੱਚ ਰਹਿੰਦੇ ਹਨ ਅਤੇ ਖੂਨੀ ਮੋਕ ਲਗਾਉਂਦੇ ਹਨ। ਇਸ ਕਿਸਮ ਦੇ ਕੀੜਿਆਂ ਦੇ ਨਾਮ ਹਨ- ਕੁਪੇਰੀਆ, ਨਿਮੈਟੋਡੀਰਸ ਅਤੇ ਟ੍ਰਾਈਚੂਰਸ। ਬਿਊਨੋਸਟੋਮਮ ਜਿਸ ਨੂੰ ਹੁੱਕ ਵਰਮ ਵੀ ਕਹਿੰਦੇ ਹਨ, ਆਂਤਾਂ ਵਿੱਚੋਂ ਖੂਨ ਚੂਸਦਾ ਹੈ। ਇਸ ਤੋਂ ਇਲਾਵਾ ਟੇਪਵਰਮ ਮੱਲ੍ਹਪ ਜੋ ਚਿੱਟੇ ਰਿਬਨ ਵਰਗੇ ਹੁੰਦੇ ਹਨ ਅਤੇ ਆਮ ਹੀ ਪਸ਼ੂ ਦੇ ਗੋਹੇ ਵਿੱਚ ਦਿਸ ਜਾਂਦੇ ਹਨ। ਇਹ ਛੋਟੀ ਆਂਤ ਵਿੱਚ ਰਹਿੰਦੇ ਹਨ ਅਤੇ 6 ਫੁੱਟ ਤੱਕ ਲੰਮੇ ਹੋ ਸਕਦੇ ਹਨ। ਜੇਕਰ ਗਿਣਤੀ ਵਿੱਚ ਜਿਆਦਾ ਹੋਣ ਤਾਂ ਆਤਾਂ ਨੂੰ ਬਲੌਕ ਕਰਕੇ ਬੰਨ ਦਾ ਸਬੱਬ ਵੀ ਬਣਦੇ ਹਨ।

3. ਫੇਫੜਿਆਂ ਦੇ ਮੱਲ੍ਹਪ

ਇਹਨਾਂ ਨੂੰ ਲੰਗ ਵਰਮ ਵੀ ਆਖਦੇ ਹਨ। ਇਹ ਫੇਫੜਿਆਂ ਵਿੱਚ ਰਹਿੰਦੇ ਹਨ ਅਤੇ ਇੰਨਫੈਕਸ਼ਨ ਕਰ ਦਿੰਦੇ ਹਨ। ਇਹਨਾਂ ਕਰਕੇ ਸਾਹ ਦੀਆਂ ਨਾਲੀਆਂ ਜਾਮ ਹੋ ਜਾਂਦੀਆਂ ਹਨ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਕਰਕੇ ਮੌਤ ਵੀ ਹੋ ਸਕਦੀ ਹੈ।

4. ਜਿਗਰ ਦੇ ਮੱਲ੍ਹਪ

ਇਹ ਲਿਵਰ ਫਲੂਕ (ਫੇਸੀੳਲਾ) ਨਾਮਕ ਮੱਲ੍ਹਪ ਪੱਤੇ ਦੇ ਆਕਾਰ ਵਰਗੇ ਹੁੰਦੇ ਹਨ। ਇਹ ਪਸ਼ੂ ਦੇ ਜਿਗਰ ਵਿੱਚ ਹੁੰਦੇ ਹਨ ਅਤੇ ਜਿਗਰ ਦੀ ਸੋਜਿਸ਼ ਤੇ ਪਿੱਤੇ ਦੀ ਪ੍ਰਣਾਲੀ ਖਰਾਬ ਕਰਦੇ ਹਨ।

ਇਹ ਵੀ ਪੜ੍ਹੋ : Raikot ਤੋਂ Barnala Road 'ਤੇ ਪੈਂਦੇ ਪਿੰਡ Gobindgarh ਵਿੱਚ ਤਰ-ਵੱਤਰ ਸਿੱਧੀ ਬਿਜਾਈ ਤਕਨੀਕ ਨਾਲ ਬੀਜੇ ਜਾ ਰਹੇ ਝੋਨੇ ਦੇ ਖੇਤਾਂ ਦਾ ਦੌਰਾ, ਕਿਸਾਨ Lakhwinder Singh ਅਤੇ Sukhveer Singh ਨੇ ਤਜ਼ਰਬੇ ਕੀਤੇ ਸਾਂਝੇ

ਮੱਲ੍ਹਪ ਗੋਲ ਫੀਤੇਦਾ੍ਹਰ, ਚਿੱਟੇ ਰਿਬਨ ਵਰਗੇ ਜਾਂ ਪੱਤੇ ਦੇ ਅਕਾਰ ਵਰਗੇ ਹੁੰਦੇ ਹਨ। ਅਲੱਗ ਅਲੱਗ ਕਿਸਮਾਂ ਦੇ ਮਲ੍ਹੱਪਾਂ ਦੇ ਅੰਡੇ ਵੀ ਅਲੱਗ ਆਕਾਰ ਦੇ ਹੁੰਦੇ ਹਨ ਜਿੰਨਾਂ ਦੀ ਪਛਾਣ ਗੋਹੇ ਦੀ ਜਾਂਚ ਕਰਵਾ ਕੇ ਕੀਤੀ ਜਾਂਦੀ ਹੈ।

ਮੱਲ੍ਹਪਾਂ ਦੇ ਲਛੱਣ

• ਮਿੱਟੀ ਜਾਂ ਗੋਹਾ ਖਾਣਾ ਅਤੇ ਸੰਗਲ, ਰੱਸੀ, ਪੱਥਰ ਆਦਿ ਚੱਬਣਾ।

• ਅੱਖਾਂ ਵਿੱਚ ਗਿੱਡਾਂ ਆਉਣੀਆਂ ਅਤੇ ਪਾਣੀ ਵਗਣਾ।

• ਚਮੜੀ ਦਾ ਖੁਰਦਰੀ ਅਤੇ ਚਮਕ ਰਹਿਤ ਹੋਣਾ।

• ਕੱਟੜੂ/ਵੱਛੜੂ ਜਾਂ ਝੋਟੀਆਂ ਦਾ ਵਧਣਾ ਫੁਲਣਾ ਘਟ ਜਾਣਾ ਅਤੇ ਪੇਟ ਫੁੱਲ ਜਾਣਾ ।

• ਠੀਕ ਖਾਂਦੇ ਪੀਂਦੇ ਪਸ਼ੂ ਦੀ ਦੁੱਧ ਦੀ ਪੈਦਾਵਾਰ ਪੂਰੀ ਨਾਂ ਹੋਣਾ।

• ਪਸ਼ੂ ਦੀ ਸਿਹਤ ਕਮਜੋਰ ਹੋਣਾ ਅਤੇ ਹੱਡ ਬਾਹਰ ਆਉਣੇ।

• ਕਦੇ ਕਬਜ ਹੋ ਜਾਣੀ ਅਤੇ ਕਦ ਮੋਕ ਲਗ ਜਾਣਾ।

• ਪਸ਼ੂਆਂ ਵਿੱਚ ਖੂਨ ਦੀ ਕਮੀਂ।

• ਜਬਾੜੇ ਥੱਲੇ ਪਾਣੀ ਇਕੱਠਾ (ਅਡੀਮਾ) ਹੋ ਜਾਣਾ।

• ਕਟੜੂਆਂ/ਵਛੜੂਆਂ ਵਿੱਚ ਮੌਤ ਦਰ ਜਿਆਦਾ ਹੋਣਾ।

ਮੱਲ੍ਹਪਾਂ ਤੋਂ ਬਚਾਅ

ਮੱਲ੍ਹਪਾਂ ਦੇ ਬਚਾਅ ਲਈ ਜ਼ਰੂਰੀ ਹੈ ਕਿ ਪਸ਼ੂ ਪਾਲਕ ਪਸ਼ੂਆਂ ਦੀ ਖੁਰਾਕ ਵਿੱਚ ਮਿੱਟੀ ਜਾਂ ਗੋਹਾ ਆਦਿ ਨਾਂ ਜਾਣ ਦੇਣ ਤਾਂ ਜੋ ਪਸ਼ੂਆਂ ਵਿੱਚ ਮੱਲਪ ਪੈਦਾ ਨਾਂ ਹੋ ਸਕਣ।ਖਾਸ ਕਰਕੇ ਤੂੜੀ ਛਾਣ ਕੇ ਪਾਓ। ਪੀਣ ਵਾਲਾ ਪਾਣੀ ਤਾਜਾ ਅਤੇ ਸਾਫ ਸੁਥਰਾ ਹੋਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਨੂੰ ਨਿਯਮਤ ਤੌਰ ਤੇ ਕਿਰਮ-ਰਹਿਤ/ ਮੱਲ੍ਹਪ-ਰਹਿਤ (ਡੀਵਰਮਿੰਗ) ਕਰਨ ਲਈ ਦਵਾਈ ਦੇਣੀ ਚਾਹੀਦੀ ਹੈ ਜੋ ਕਿ ਸਾਲ ਵਿੱਚ ਚਾਰ ਵਾਰੀ (ਹਰ ਤਿੰਨ ਮਹੀਨੇ ਬਾਅਦ) ਦੇਣੀ ਹੁੰਦੀ ਹੈ। 

ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪਸ਼ੂ ਹਸਪਤਾਲ ਵਿੱਚ ਪਸ਼ੂਆਂ ਦੇ ਮਾਹਿਰ ਦੀ ਸਲਾਹ ਨਾਲ ਅੱਗੇ ਲਿਖੀਆਂ ਦਵਾਈਆਂ ਮੱਲ੍ਹਪ ਰਹਿਤ ਕਰਨ ਲਈ ਦਿੱਤੀਆਂ ਜਾ ਸਕਦੀਆਂ ਹਨ: ਅੇਲਬੈਂਡਾਜ਼ੋਲ, ਫੇਨਬੈਂਡਾਜ਼ੋਲ, ਆਈਵਰਮੈਕਟਿਨ, ਮੋਕਸੀਡੇਕਟਿਨ ਅਤੇ ਪਿਪਰਾਜ਼ੀਨ ਆਦਿ। ਇਨ੍ਹਾਂ ਦਵਾਈਆਂ ਦੀ ਚੋਣ ਅਤੇ ਡੋਜ਼ ਪਸ਼ੂ ਦੀ ਉਮਰ, ਭਾਰ ਅਤੇ ਗੱਬਣ ਹੈ ਜਾ ਨਹੀਂ ਦੇ ਹਿਸਾਬ ਨਾਲ ਕਰਨੀ ਹੁੁੰਦੀ ਹੈ, ਇਸ ਲਈ ਮਾਹਿਰ ਦੀ ਸਲਾਹ ਜ਼ਰੂਰ ਲਵੋ। ਮੱਲ੍ਹਪ ਰਹਿਤ ਕਰਨ ਦੀ ਦਵਾਈ ਹਰ ਵਾਰ ਬਦਲ ਕੇ ਦਿਓ ਅਤੇ ਇਸ ਨੂੰ ਨੋਟ ਕਰਕੇ ਰੱਖੋ ਤਾਂ ਕਿ ਅਗਲੀ ਵਾਰ ਦਵਾਈ ਬਦਲ ਕੇ ਦਿੱਤੀ ਜਾ ਸਕੇ। ਇਸ ਨਾਲ ਇਹਨਾਂ ਪਰੀਜੀਵੀਆਂ ਨੂੰ ਕਾਬੂ ਕਰਕੇ ਅਸੀਂ ਆਪਣੇ ਪਸ਼ੂਆਂ ਦੀ ਸਿਹਤ ਵਧੀਆ ਤਰੀਕੇ ਨਾਲ ਸੰਭਾਲ ਸਕਦੇ ਹਾਂ ਤੇ ਨੁਕਸਾਨ ਤੋਂ ਬਚ ਕੇ, ਡੇਅਰੀ ਦੇ ਧੰਦੇ ਤੋਂ ਜ਼ਿਆਦਾ ਮੁਨਾਫਾ ਲੈ ਸਕਦੇ ਹਾਂ।

ਸਰੋਤ: ਡਾ. ਮੁਨੀਸ਼ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ

Summary in English: Animal Care: Prevention of fleas is essential for the good health of animals, know the symptoms and methods of prevention

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters