1. Home
  2. ਪਸ਼ੂ ਪਾਲਣ

ਦੁਧਾਰੂ ਪਸ਼ੂਆਂ ਦਾ ਥਣੈਲਾ ਰੋਗ

ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਭਾਰਤ ਦੀ ਜੀ.ਡੀ.ਪੀ. ਵਿਚ ਪ੍ਰਮੁੱਖ ਯੋਗਦਾਨ ਪਾਉਂਦਾ ਹੈ। ਸਾਡਾ ਦੇਸ਼ ਲਗਭਗ 188 ਮਿਲੀਅਨ ਟਨ ਦੁੱਧ ਦਾ ਉਤਪਾਦਨ ਕਰ ਕੇ ਦੁਨੀਆ ’ਚ ਪਹਿਲੇ ਸਥਾਨ ’ਤੇ ਹੈ। ਅੱਜ ਸਾਡੇ ਦੇਸ਼ ਵਿਚ ਲੱਖਾਂ ਲੀਟਰ ਦੁੱਧ ਸਿਰਫ਼ ਪਸ਼ੂਆਂ ਦੀ ਬਿਮਾਰੀ ਕਰਕੇ ਬਰਬਾਦ ਹੋ ਰਿਹਾ ਹੈ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋ ਰਿਹਾ ਹੈ। ਦੁਧਾਰੂ ਪਸ਼ੂਆਂ ਦੀ ਇਸੇ ਤਰ੍ਹਾਂ ਦੀ ਇਕ ਬਿਮਾਰੀ ਹੈ ਥਣੈਲਾ।

KJ Staff
KJ Staff
Dairy Farmers

Dairy Farmers

ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਭਾਰਤ ਦੀ ਜੀ.ਡੀ.ਪੀ. ਵਿਚ ਪ੍ਰਮੁੱਖ ਯੋਗਦਾਨ ਪਾਉਂਦਾ ਹੈ। ਸਾਡਾ ਦੇਸ਼ ਲਗਭਗ 188 ਮਿਲੀਅਨ ਟਨ ਦੁੱਧ ਦਾ ਉਤਪਾਦਨ ਕਰ ਕੇ ਦੁਨੀਆ ’ਚ ਪਹਿਲੇ ਸਥਾਨ ’ਤੇ ਹੈ। ਅੱਜ ਸਾਡੇ ਦੇਸ਼ ਵਿਚ ਲੱਖਾਂ ਲੀਟਰ ਦੁੱਧ ਸਿਰਫ਼ ਪਸ਼ੂਆਂ ਦੀ ਬਿਮਾਰੀ ਕਰਕੇ ਬਰਬਾਦ ਹੋ ਰਿਹਾ ਹੈ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋ ਰਿਹਾ ਹੈ। ਦੁਧਾਰੂ ਪਸ਼ੂਆਂ ਦੀ ਇਸੇ ਤਰ੍ਹਾਂ ਦੀ ਇਕ ਬਿਮਾਰੀ ਹੈ ਥਣੈਲਾ।

ਥਣੈਲਾ ਰੋਗ ਨੂੰ ਲੇਵੇ ਦੀ ਸੋਜ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਜਾਨਵਰਾਂ ਉੱਤੇ ਲੇਵੇ ਦੀ ਸੋਜ ਕਰਕੇ ਥਣਾਂ ਵਿਚ ਵੀ ਦਰਦਨਾਕ ਸੋਜ ਹੋ ਜਾਂਦੀ ਹੈ। ਇਹ ਬਿਮਾਰੀ ਜ਼ਿਆਦਾਤਰ ਨਵੇਂ ਅਤੇ ਵਧੇਰੇ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਹੁੰਦੀ ਹੈ। ਇਸ ਵਿਚ ਦੁੱਧ ਘਟ ਜਾਂਦਾ ਹੈ, ਦੁੱਧ ਦਾ ਰੰਗ ਬਦਲ ਜਾਂਦਾ ਹੈ, ਦੁੱਧ ਵਿਚ ਛਿੱਦੀਆਂ ਆਉਂਦੀਆਂ ਹਨ ਅਤੇ ਦੁੱਧ ਪੀਣ ਲਈ ਸਹੀ ਨਹੀਂ ਹੁੰਦਾ। ਥਣੈਲਾ ਰੋਗ ਕਾਰਨ ਪਸ਼ੂਆਂ ਦੇ ਦੁੱਧ ਦੇ ਉਤਪਾਦਨ ਤੇ ਦੁੱਧ ਦੀ ਚਰਬੀ ਵਿਚ ਕਮੀ ਆ ਜਾਂਦੀ ਹੈ ਅਤੇ ਇਹ ਰੋਗ ਪਸ਼ੂਆਂ ਨੂੰ ਪੈਦਾਵਾਰ ਰਹਿਤ ਵੀ ਬਣਾ ਦਿੰਦਾ ਹੈ, ਜਿਸ ਦਾ ਸਿੱਧਾ ਅਸਰ ਡੇਅਰੀ ਉਦਯੋਗ ਉੱਤੇ ਪੈਂਦਾ ਹੈ।

ਮਨੁੱਖੀ ਸਿਹਤ ਦੀ ਨਜ਼ਰ ਤੋਂ ਵੀ ਇਹ ਬਿਮਾਰੀ ਧਿਆਨ ਦੇਣ ਯੋਗ ਹੈ ਕਿਉਂਕਿ ਇਸ ਬਿਮਾਰੀ ਦੇ ਜੀਵਾਣੂ ਮਨੁੱਖਾਂ ਵਿਚ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਇਸ ਬਿਮਾਰੀ ਦੇ ਜੀਵਾਣੂ ਬਿਮਾਰ ਪਸ਼ੂਆਂ ਦੇ ਦੁੱਧ ਤੋਂ ਇਨਸਾਨਾਂ ਵਿਚ ਆ ਜਾਂਦੇ ਹਨ। ਅੱਜ ਥਣੈਲਾ ਰੋਗ ਸਾਡੇ ਦੇਸ਼ ਵਿਚ ਇਕ ਬਹੁਤ ਗੰਭੀਰ ਤੇ ਵੱਡੀ ਸਮੱਸਿਆ ਬਣ ਗਈ ਹੈ। ਇਸ ਬਿਮਾਰੀ ਤੋਂ ਬਚਾਅ ਲਈ ਪਸ਼ੂ ਪਾਲਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

ਰੋਗ ਦੇ ਕਾਰਨ

ਥਣੈਲਾ ਰੋਗ ਮੁੱਖ ਤੌਰ ’ਤੇ ਗਾਂ, ਮੱਝ, ਭੇਡ, ਬੱਕਰੀ, ਸੂਰ ਅਤੇ ਘੋੜੀ ਵਿਚ ਹੁੰਦਾ ਹੈ । ਇਹ ਰੋਗ ਫੈਲਾਉਣ ਵਾਲੇ ਮੁੱਖ ਜੀਵਾਣੂ ਸਟੈਫਾਈਲੋਕੋਕਸ, ਸਟ੍ਰੈਪਟੋਕੋਕਸ, ਕੋਰਨੀਬੈਕਟੀਰੀਅਮ, ਐਕਟਿਨੋਵਾਸੀਲਸ ਹੁੰਦੇ ਹਨ। ਕਈ ਵਾਰੀ ਕੁਝ ਉੱਲੀਆਂ ਕਾਰਨ ਵੀ ਥਣੈਲਾ ਦੀ ਬਿਮਾਰੀ ਹੁੰਦੀ ਹੈ। ਇਸ ਬਿਮਾਰੀ ਦੇ ਕੀਟਾਣੂ ਜਾਨਵਰ ਦੇ ਕਿਸੇ ਗੰਦੀ ਜਗ੍ਹਾ ’ਤੇ ਬੈਠਣ ਕਾਰਨ ਜਾਂ ਦੋਧੀ ਦੇ ਸੰਕ੍ਰਮਿਤ ਹੱਥਾਂ ਰਾਹੀਂ ਥਣਾਂ ਤੋਂ ਹੋ ਕੇ ਲੇਵੇ ਵਿਚ ਪਹੁੰਚ ਜਾਂਦੇ ਹਨ ਅਤੇ ਬਿਮਾਰੀ ਦਾ ਕਾਰਨ ਬਣਦੇ ਹਨ । ਸਰੀਰ ਦੇ ਕਿਸੇ ਹੋਰ ਹਿੱਸੇ ’ਚ ਮੌਜੂਦ ਛੂਤ ਵਾਲੇ ਜੀਵਾਣੂ ਖ਼ੂਨ ਨਾਲ ਲੇਵੇ ’ਚ ਆਉਂਦੇ ਹਨ ਤੇ ਬਿਮਾਰੀ ਫੈਲਾਉਂਦੇ ਹਨ। ਕਦੀ- ਕਦੀ ਇਹ ਬਿਮਾਰੀ ਜਾਨਵਰਾਂ ਵਿਚ ਖ਼ੂਨ ਦੇ ਜ਼ਹਿਰੀਲੇ ਹੋਣ ਕਾਰਨ ਵੀ ਹੁੰਦੀ ਹੈ। ਥਣਾਂ ਜਾਂ ਲੇਵੇ ’ਤੇ ਸੱਟ ਲੱਗਣ ਨਾਲ ਥਣੈਲਾ ਬਿਮਾਰੀ ਦੇ ਕੀਟਾਣੂਆਂ ਨੂੰ ਥਣਾਂ ਵਿਚ ਦਾਖ਼ਲ ਹੋਣ ਵਿਚ ਮਦਦ ਮਿਲਦੀ ਹੈ।

ਦੋਧੀ ਦੇ ਗੰਦੇ ਹੱਥਾਂ ਜਾਂ ਰੋਗੀ ਗਾਂ ਦੀ ਚੁਆਈ ਦੌਰਾਨ ਸੰਕ੍ਰਮਿਤ ਹੱਥ ਨਾਲ ਬਿਮਾਰੀ ਦੇ ਕੀਟਾਣੂ ਸਿਹਤਮੰਦ ਗਾਵਾਂ ਦੀ ਚੁਆਈ ਦੇ ਸਮੇ ਉਨ੍ਹਾਂ ਦੇ ਥਣ ਦੇ ਅੰਦਰ ਦਾਖ਼ਲ ਹੁੰਦੇ ਹਨ ਅਤੇ ਬਿਮਾਰੀ ਪੈਦਾ ਕਰਦੇ ਹਨ। ਪਸ਼ੂਆਂ ਦੇ ਸ਼ੈੱਡ ਵਿਚ ਹੋਣ ਵਾਲੀ ਗੰਦਗੀ ਰੋਗ ਫੈਲਣ ਵਿਚ ਵਾਧਾ ਕਰਦੀ ਹੈ। ਲੇਵੇ ਵਿਚ ਦੁੱਧ ਦੇ ਰੁਕਣ ਕਾਰਨ ਜਾਂ ਗ਼ਲਤ ਤਰੀਕਿਆਂ ਨਾਲ ਦੁੱਧ ਦੀ ਚੁਆਈ ਕਰਕੇ ਵੀ ਇਸ ਰੋਗ ਦੀ ਸਥਿਤੀ ਬਣ ਜਾਂਦੀ ਹੈ।

ਸਟਿ੍ਰਪ ਕੱਪ ਟੈਸਟ ਦੁਆਰਾ ਦੁੱਧ ਦੀ ਜਾਂਚ

ਇਹ ਜਾਂਚ ਥਣੈਲਾ ਦੀ ਸ਼ੁਰੂਆਤੀ ਬਿਮਾਰੀ ਦੀ ਜਾਂਚ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿਚ ਪਸ਼ੂ ਦੇ ਥਣਾਂ ਤੋਂ ਦੁੱਧ ਦੇ ਪਹਿਲੇ ਦੋ ਜਾਂ ਤਿੰਨ ਧਾਰ ਸਿੱਧੇ ਇਕ ਕੱਪ ਵਿਚ ਇਕੱਠੇ ਕੀਤੇ ਜਾਂਦੇ ਹਨ। ਪਹਿਲਾਂ ਖੱਬਾ ਅਗਲਾ ਫਿਰ ਖੱਬਾ ਪਿਛਲਾ ਉਸ ਤੋਂ ਬਾਅਦ ਸੱਜਾ ਅਗਲਾ ਫਿਰ ਸੱਜਾ ਪਿਛਲਾ ਦੁੱਧ ਨੂੰ ਇਕੱਠਾ ਕੀਤਾ ਜਾਂਦਾ ਹੈ। ਜੇ ਕਿਸੇ ਵੀ ਜਾਨਵਰ ਦੇ ਕਿਸੇ ਵੀ ਥਣ ਤੋਂ ਦੁੱਧ ਦੀਆਂ ਛਿਦੀਆਂ ਦਿਖਾਈ ਦਿੰਦੀਆਂ ਹਨ ਤਾਂ ਉਸ ਜਾਨਵਰ ਦਾ ਇਲਾਜ ਥਣੈਲਾ ਬਿਮਾਰੀ ਸਮਝ ਕੇ ਕਰਨਾ ਚਾਹੀਦਾ ਹੈ।

ਕੈਲੀਫੋਰਨੀਆ ਥਣੈਲਾ ਟੈਸਟ

ਇਸ ਟੈਸਟ ਦਾ ਆਧਾਰ ਥਣੈਲਾ ਰੋਗ ਨਾਲ ਜੂਝ ਰਹੇ ਪਸ਼ੂਆਂ ਦੇ ਦੁੱਧ ਵਿਚ ਖਾਰਿਸ਼ ਅਤੇ ਚਿੱਟੇ ਲਹੂ ਦੇ ਸੈੱਲਾਂ ਦੀ ਗਿਣਤੀ ਦਾ ਵਧਣਾ ਹੁੰਦਾ ਹੈ। ਚਿੱਟੇ ਕਟੋਰੇ ਵਿਚ 2-3 ਮਿਲੀਲੀਟਰ ਦੁੱਧ ਲਓ ਤੇ ਫਿਰ ਓਨੀ ਮਾਤਰਾ ਵਿਚ ਬ੍ਰੋਮੋਕਰੇਸੋਲ ਡਿਟਰਜੈਂਟ ਨੂੰ ਮਿਲਾ ਕੇ ਗੋਲ ਘੁਮਾਉਣਾ ਚਾਹੀਦਾ ਹੈ। ਜੇ ਦੁੱਧ ਵਿਚ ਕੋਈ ਤਬਦੀਲੀ ਨਹੀਂ ਦਿਸਦੀ ਤਾਂ ਦੁੱਧ ਠੀਕ ਹੈ ਅਤੇ ਜੇ ਕਟੋਰੇ ਦੇ ਤਲ ਵਿਚ ਠੋਸ ਜਮ੍ਹਾਂ ਹੋ ਜਾਂਦਾ ਹੈ ਤਾਂ ਇਸ ਨੂੰ ਥਣੈਲਾ ਰੋਗ ਸਮਝਿਆ ਜਾਣਾ ਚਾਹੀਦਾ ਹੈ।

ਥਣੈਲਾ ਰੋਗ ਦਾ ਇਲਾਜ

ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਵਿਚ ਬੈਕਟੀਰੀਆ ਦੇ ਪ੍ਰਕੋਪ ਤੋਂ ਬਚਣ ਲਈ ਪਸ਼ੂ ਪਾਲਕਾਂ ਨੂੰ ਐਂਟੀਬਾਇਓਟਿਕਸ ਦਾ ਪੂਰਾ ਕੋਰਸ ਕਰਨਾ ਚਾਹੀਦਾ ਹੈ।

ਐਂਟੀਬਾਇਓਟਿਕਸ ਦੇ ਨਾਲ- ਨਾਲ ਐਂਟੀ-ਐਲਰਜੀ ਦਵਾਈ ਦੇਣਾ ਵੀ ਲਾਭਦਾਇਕ ਹੁੰਦਾ ਹੈ। ਲੇਵੇ ਦੀ ਸੋਜ ਅਤੇ ਦਰਦ ਨੂੰ ਘਟਾਉਣ ਲਈ ਨੋਵਲਜਿਨ, ਐਨਾਲਜੀਨ ਜਾਂ ਮੈਲੋਕਸਿਕਮ ਦਾ ਟੀਕਾ ਲਾਉਣਾ ਚਾਹੀਦਾ ਹੈ। ਉੱਪਰ ਦੱਸੀਆਂ ਦਵਾਈਆਂ ਦੀ ਵਰਤੋਂ ਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।

ਥਣੈਲਾ ਰੋਗ ਤੋਂ ਪ੍ਰਭਾਵਿਤ ਪਸ਼ੂ ਲਈ ਬਹੁਤ ਸਾਰੀਆਂ ਦਵਾਈਆਂ ਮਾਰਕੀਟ ਵਿਚ ਮੁਹੱਈਆ ਹਨ। ਸਭ ਤੋਂ ਪਹਿਲਾਂ ਪ੍ਰਭਾਵਿਤ ਲੇਵੇ ਤੋਂ ਦੁੱਧ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਇਨ੍ਹਾਂ ਦਵਾਈਆਂ ਦੀ ਨੋਜਲ ਥਣਾਂ ਦੀ ਮੋਰੀ ਵਿਚ ਪਾਈ ਜਾਂਦੀ ਹੈ। ਫਿਰ ਟਿਊਬ ਨੂੰ ਦਬਾ ਕੇ ਦਵਾਈ ਨੂੰ ਲੇਵੇ ਵਿਚ ਨਿਚੋੜ ਦਿੰਦੇ ਹਨ। ਇਸ ਤੋਂ ਬਾਅਦ ਥਣਾਂ ਨੂੰ ਹਲਕੇ ਜਿਹੇ ਰਗੜਨਾ ਚਾਹੀਦਾ ਹੈ ਤਾਂ ਜੋ ਦਵਾਈ ਆਸਾਨੀ ਨਾਲ ਹਰ ਜਗ੍ਹਾ ਫੈਲ ਸਕੇ ।

ਥਣੈਲਾ ਦੀ ਰੋਕਥਾਮ ਲਈ ਸਾਵਧਾਨੀਆਂ

ਥਣੈਲਾ ਬਿਮਾਰੀ ਕਈ ਕਿਸਮਾਂ ਦੇ ਜੀਵਾਣੂਆਂ ਕਾਰਨ ਹੁੰਦੀ ਹੈ, ਜਿਸ ਕਾਰਨ ਇਸ ਬਿਮਾਰੀ ਦਾ ਟੀਕਾ ਬਣਾਉਣਾ ਸੰਭਵ ਨਹੀਂ ਹੋਇਆ। ਇਸ ਬਿਮਾਰੀ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ :

  • ਥਣੈਲਾ ਬਿਮਾਰੀ ਨਾਲ ਜੂਝ ਰਹੇ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ ਅਤੇ ਚੁਆਈ ਲਈ ਵੀ ਵੱਖਰਾ ਪ੍ਰਬੰਧ ਕਰਨਾ ਚਾਹੀਦਾ ਹੈ। ਥਣੈਲਾ ਤੋਂ ਬਿਮਾਰ ਪਸ਼ੂਆਂ ਦੀ ਚੁਆਈ ਸਿਹਤਮੰਦ ਪਸ਼ੂਆਂ ਤੋਂ ਬਾਅਦ ਕਰਨੀ ਚਾਹੀਦੀ ਹੈ।

  • ਥਣੈਲਾ ਰੋਗ ਤੋਂ ਬਚਾਅ ਲਈ ਪਸ਼ੂਆਂ ਦੇ ਸ਼ੈੱਡ, ਖੁਰਲੀ ਅਤੇ ਦੁੱਧ ਚੁਆਈ ਦੇ ਭਾਂਡੇ ਨਿਯਮਿਤ ਤੌਰ ’ਤੇ ਸਾਫ਼ ਕਰਨੇ ਚਾਹੀਦੇ ਹਨ ।

  • ਪਸ਼ੂਆਂ ਦੇ ਲੇਵੇ ਤੇ ਥਣਾਂ ਨੂੰ ਦੁੱਧ ਚੁਆਈ ਤੋਂ ਪਹਿਲਾਂ ਤੇ ਬਾਅਦ ਵਿਚ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ। ਲੇਵੇ ਤੇ ਥਣਾਂ ਨੂੰ ਸੱਟਾਂ, ਜ਼ਖ਼ਮ ਆਦਿ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।

  • ਥਣੈਲਾ ਬਿਮਾਰੀ ਤੋਂ ਪ੍ਰਭਾਵਿਤ ਪਸ਼ੂ ਦੇ ਸਿਹਤਮੰਦ ਥਣਾਂ ਦਾ ਦੁੱਧ ਸੰਕ੍ਰਮਿਤ ਥਣ ’ਚੋਂ ਪਹਿਲਾਂ ਕੱਢਣਾ ਚਾਹੀਦਾ ਹੈ। ਥਣੈਲਾ ਬਿਮਾਰੀ ਨਾਲ ਪ੍ਰਭਾਵਿਤ ਥਣ ਤੋਂ ਦੁੱਧ ਨੂੰ ਵਾਰ-ਵਾਰ ਕੱਢਣਾ ਚਾਹੀਦਾ ਹੈ ਤਾਂ ਜੋ ਦੁੱਧ ਲੇਵੇ ਵਿਚ ਨਾ ਰੁਕੇ ।

  • ਦੁੱਧ ਦੀ ਚੁਆਈ ਲਈ ਪੂਰੇ ਹੱਥ ਦੀ ਚੁਆਈ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ ਤੇ ਅੰਗੂਠੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨਾਲ ਹੀ ਆਖ਼ਰੀ ਦੁੱਧ ਨੂੰ ਉਂਗਲਾਂ ਨਾਲ ਕੱਢਣਾ ਚਾਹੀਦਾ ਹੈ।

  • ਪ੍ਰਭਾਵਿਤ ਲੇਵੇ ਦਾ ਦੁੱਧ ਵੱਛੇ ਅਤੇ ਮਨੁੱਖਾਂ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।

  • ਬਿਮਾਰੀ ਦੀ ਜਾਂਚ ਅਤੇ ਇਲਾਜ

ਲੇਵੇ ਦੀ ਜਾਂਚ

ਲੇਵਾ ਆਮ ਤੌਰ ’ਤੇ ਨਰਮ ਅਤੇ ਲਚਕਦਾਰ ਹੁੰਦਾ ਹੈ। ਦੁੱਧ ਚੋਣ ਤੋਂ ਬਾਅਦ ਲੇਵਾ ਸੁੰਗੜ ਜਾਂਦਾ ਹੈ। ਜੇ ਇਹ ਸੁੰਗੜਦਾ ਨਹੀਂ ਤਾਂ ਇਸ ਨੂੰ ਸਖ਼ਤ ਲੇਵਾ ਕਿਹਾ ਜਾਂਦਾ ਹੈ। ਥਣਾਂ ਨੂੰ ਅੱਗੇ-ਪਿੱਛੇ ਦਬਾਉਣ ਤੋਂ ਬਾਅਦ ਜੇ ਕੋਈ ਥਣ ਛੋਟਾ ਜਾਂ ਵੱਡਾ ਦਿਖਾਈ ਦਿੰਦਾ ਹੈ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੁੰਦਾ ਹੈ । ਜਦੋਂ ਤੁਸੀਂ ਹੱਥ ਦੀਆਂ ਉਂਗਲੀਆਂ ਨਾਲ ਹੇਠਾਂ ਤੋਂ ਉੱਪਰ ਤਕ ਥਣਾਂ ਨੂੰ ਦਬਾਉਂਦੇ ਹੋ ਤੇ ਕਿਸੇ ਵੀ ਕਿਸਮ ਦੀ ਗੰਢ ਜਾਂ ਗਿਲਟੀ ਵੇਖਦੇ ਹੋ ਤਾਂ ਇਹ ਵੀ ਬਿਮਾਰੀ ਦਾ ਸੰਕੇਤ ਹੁੰਦਾ ਹੈ। ਲੇਵੇ ’ਚੋਂ ਦੁੱਧ ਦੀ ਕਮੀ, ਦੁੱਧ ਦਾ ਰੰਗ ਬਦਲਣਾ ਜਾਂ ਛਿੱਦੀਆਂ ਆਉਣਾ ਵੀ ਥਣੈਲਾ ਬਿਮਾਰੀ ਦਾ ਲੱਛਣ ਹੈ। ਪਸ਼ੂਆਂ ਦੇ ਸੂਣ ਤੋਂ ਬਾਅਦ ਜੇ ਥਣਾਂ ਦਾ ਛੇਕ ਬੰਦ ਹੋ ਜਾਵੇ ਤਾਂ ਕੋਸੇ ਸਾਫ਼ ਪਾਣੀ ਵਿਚ ਸੇਵਲਾਨ ਜਾਂ ਡੈਟੋਲ ਘੋਲ ਕੇ ਛੇਕ ਨੂੰ ਖੋਲ੍ਹ ਦੇਣਾ ਚਾਹੀਦਾ ਹੈ, ਨਹੀਂ ਤਾਂ ਉੱਥੇ ਬਿਮਾਰੀ ਦਾ ਡਰ ਬਣਿਆ ਰਹਿੰਦਾ ਹੈ। ਜੇ ਲੇਵੇ ’ਤੇ ਕਿਸੇ ਕਿਸਮ ਦਾ ਫੋੜਾ ਹੈ ਤਾਂ ਇਸ ਨੂੰ ਇਕ ਬਿਮਾਰੀ ਮੰਨਿਆ ਜਾਣਾ ਚਾਹੀਦਾ ਹੈ।

ਦੁੱਧ ਦੀ ਜਾਂਚ

ਦੁੱਧ ਦਾ ਰੰਗ ਦੇਖਣ ਤੋਂ ਬਾਅਦ ਜੇ ਦੁੱਧ ਦਾ ਰੰਗ ਸੰਘਣਾ ਜਾਂ ਲਾਲ ਹੈ ਤਾਂ ਇਸ ਨੂੰ ਥਣੈਲਾ ਰੋਗ ਮੰਨਣਾ ਚਾਹੀਦਾ ਹੈ। ਜੇ ਚੱਖਣ ਤੋਂ ਬਾਅਦ ਦੁੱਧ ਨਮਕੀਨ ਅਤੇ ਸੰਘਣਾ ਹੋ ਜਾਵੇ ਤਾਂ ਥਣੈਲਾ ਰੋਗ ਹੋਣ ਦੀ ਸੰਭਾਵਨਾ ਹੈ। ਦੁੱਧ ਦਾ ਪੀ. ਐੱਚ. ਵੇਖਣਾ ਚਾਹੀਦਾ ਹੈ । ਸ਼ੁੱਧ ਦੁੱਧ ਦਾ ਪੀ.ਐੱਚ. ਤੇਜ਼ਾਬੀ ਹੁੰਦਾ ਹੈ , ਜੋ 6.6 ਤੋਂ 6.8 ਤਕ ਰਹਿੰਦਾ ਹੈ। ਥਣੈਲਾ ਰੋਗ ਨਾਲ ਪ੍ਰਭਾਵਿਤ ਦੁੱਧ ਦਾ ਪੀ. ਐੱਚ. ਵਧਦਾ ਹੈ। ਥਣੈਲਾ ਬਿਮਾਰੀ ਤੋਂ ਪ੍ਰਭਾਵਿਤ ਦੁੱਧ ਦੀ ਥਣੈਲਾ ਪ੍ਰੀਖਣ ਕਾਰਡ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਕਾਰਡ ’ਤੇ ਦੁੱਧ ਦੀਆਂ 2 ਤੋਂ 4 ਬੂੰਦਾਂ ਪਾਉਣ ’ਤੇ ਜੇ ਦੁੱਧ ਦਾ ਰੰਗ ਬਦਲ ਜਾਂਦਾ ਹੈ ਤਾਂ ਇਸ ਨੂੰ ਥਣੈਲਾ ਬਿਮਾਰੀ ਤੋਂ ਪ੍ਰਭਾਵਿਤ ਦੁੱਧ ਮੰਨਿਆ ਜਾਣਾ ਚਾਹੀਦਾ ਹੈ।

- ਡਾ. ਰੋਹਿਤ ਗੁਪਤਾ , ਡਾ. ਕੁਲਦੀਪ ਸਿੰਘ ਤੇ ਡਾ. ਮੁਨੀਸ਼ ਕੁਮਾਰ

Summary in English: Dairy disease of milch cattle

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters