s
  1. ਪਸ਼ੂ ਪਾਲਣ

ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਹਰਾ ਚਾਰਾ ਦਿਉ

KJ Staff
KJ Staff
Green fodder

Green fodder

ਹਰੇ ਚਾਰੇ ਅਤੇ ਵੰਡ-ਦਾਣਾ ਦੁਧਾਰੂ ਪਸ਼ੂਆਂ ਦੀ ਖੁਰਾਕ ਦੇ ਮੁੱਖ ਅੰਸ਼ ਹਨ ਜਿਹਨਾਂ ਤੇ ਦੁੱਧ ਉਤਪਾਦਨ ਦਾ 65-70 ਪ੍ਰਤੀਸ਼ਤ ਖਰਚਾ ਆਉਂਦਾ ਹੈ। ਹਰੇ ਚਾਰਿਆਂ ਵਿੱਚ ਖ਼ੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ, ਨਿਸ਼ਾਸ਼ਤਾ ਤੇ ਲਘੂ ਤੱਤ ਕਾਫੀ ਮਾਤਰਾ ਵਿਚ ਹੁੰਦੇ ਹਨ ਜੋ ਪਸ਼ੂਆਂ ਦੇ ਵਾਧੇ, ਸਾਂਭ-ਸੰਭਾਲ, ਤੇ ਦੁੱਧ ਉਤਪਾਦਨ ਵਿਚ ਬਹੁਤ ਸਹਾਈ ਹੁੰਦੇ ਹਨ।

। ਹਰੇ ਚਾਰਿਆਂ ਵਿਚਲੇ ਖੁਰਾਕੀ ਤੱਤ ਵੰਡ ਦਾਣੇ ਵਿਚਲੇ ਖੁਰਾਕੀ ਤੱਤਾਂ ਨਾਲੋਂ ਸਸਤੇ ਹੀ ਨਹੀਂ ਹੁੰਦੇ ਸਗੋਂ ਪਚਦੇ ਵੀ ਜਲਦੀ ਹਨ। ਹਰੇ ਚਾਰੇ ਕਿਉਂਕਿ ਨਰਮ ਤੇ ਕੂਲੇ ਹੁੰਦੇ ਹਨ ਇਸ ਲਈ ਪਸ਼ੂ ਖੁਸ਼ ਹੋ ਕੇ ਖਾਂਦੇ ਹਨ। ਪਸ਼ੂਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਅਤੇ ਇਹਨਾਂ ਤੋਂ ਬਹੁਤਾ ਤੇ ਸਸਤਾ ਦੁੱਧ ਲੈਣ ਲਈ ਸਾਰਾ ਸਾਲ 40-50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਦੇਣਾ ਚਾਹੀਦਾ ਹੈ। ਲੇਕਿਨ ਪੰਜਾਬ ਵਿੱਚ ਦੋ ਮੌਸਮ (ਮਈ-ਜੂਨ ਅਤੇ ਨਵੰਬਰ-ਦਸੰਬਰ) ਇਹੋ ਜਿਹੇ ਹਨ ਜਦੋਂ ਹਰੇ ਚਾਰੇ ਦੀ ਘਾਟ ਹੁੰਦੀ ਹੈ ਅਤੇ ਦੋ ਮੌਸਮ (ਫਰਵਰੀ-ਮਾਰਚ ਅਤੇ ਅਗਸਤ-ਸਤੰਬਰ) ਇਹੋ ਜਿਹੇ ਹਨ ਜਦੋਂ ਹਰਾ ਚਾਰਾ ਲੋੜ ਤੋਂ ਵੀ ਵੱਧ ਹੁੰਦਾ ਹੈ। ਇਸ ਤਰ੍ਹਾਂ ਦੇ ਮੌਸਮਾਂ ਵਿੱਚ ਪਸ਼ੂਆਂ ਨੂੰ ਲਗਾਤਾਰ ਸਾਰਾ ਸਾਲ 40-50 ਕਿਲੋ ਹਰਾ ਚਾਰਾ ਨਹੀਂ ਦਿੱਤਾ ਜਾ ਸਕਦਾ। ਸੋ ਜਦੋਂ ਚਾਰਾ ਲੋੜ ਨਾਲੋਂ ਜ਼ਿਆਦਾ ਹੋਵੇ ਤਾਂ ਉਸ ਦਾ ਅਚਾਰ (ਸਾਈਲੇਜ਼) ਬਣਾ ਕੇ ਜਾਂ ਸੁਕਾ ਕੇ (ਹੇਅ) ਸਾਂਭ ਲੈਣਾ ਚਾਹੀਦਾ ਹੈ ਜਿਸ ਨੂੰ ਥੁੜ ਵਾਲੇ ਸਮੇਂ ਵਰਤ ਕੇ ਪਸ਼ੂਆਂ ਦੀ ਰੋਜ਼ਾਨਾ 40-50 ਕਿਲੋ ਹਰੇ ਚਾਰਿਆਂ ਦੀ ਲੋੜ ਪੂਰੀ ਕੀਤੀ ਜਾ ਸਕੇ। ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ 40-50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਦੇਣ ਲਈ ਹੇਠ ਲਿਖੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ।

1. ਬਹੁ-ਸਾਲੀ ਚਾਰੇ

ਨੇਪੀਅਰ ਬਾਜਰਾ ਬਹੁ-ਸਾਲੀ ਚਾਰਾ ਹੈ ਜਿਸ ਨੂੰ ਇੱਕ ਵਾਰ ਬੀਜ ਕੇ 2-3 ਸਾਲ ਤੱਕ ਹਰਾ ਚਾਰਾ ਲਿਆ ਜਾ ਸਕਦਾ ਹੈ। ਨੇਪੀਅਰ ਬਾਜਰੇ ਦੀਆਂ ਜੜ੍ਹਾਂ ਜਾਂ ਕਲਮਾਂ ਲਾਈਆਂ ਜਾਂਦੀਆਂ ਹਨ ਤੇ ਇਹ ਸਰਦੀਆਂ ਨੂੰ ਛੱਡ ਕੇ ਸਾਰਾ ਸਾਲ ਲਗਾਤਾਰ ਚਾਰਾ ਦਿੰਦਾ ਰਹਿੰਦਾ ਹੈ ਸਰਦੀਆਂ ਵਿਚ ਨੇਪੀਅਰ ਬਾਜਰੇ ਵਿਚ ਜਵੀ ਜਾਂ ਸੇਂਜੀ ਬੀਜ ਕੇ ਹਰਾ ਚਾਰਾ ਲਿਆ ਜਾ ਸਕਦਾ ਹੈ। ਮਾਰਚ ਦੇ ਮਹੀਨੇ ਵਿਚ ਲਾਈਆਂ ਜੜ੍ਹਾਂ ਜਾਂ ਕਲਮਾਂ ਮਈ ਵਿਚ ਚਾਰਾ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਮਈ-ਜੂਨ ਦੇ ਥੁੜ ਵਾਲੇ ਮਹੀਨਿਆਂ ਵਿਚ ਚਾਰਾ ਮਿਲਦਾ ਰਹਿੰਦਾ ਹੈ ।

2. ਬਹੁਤੀਆਂ ਕਟਾਈਆਂ ਵਾਲੇ ਚਾਰੇ

ਬਰਸੀਮ, ਸਫਤਲ, ਲੂਸਣ ਅਤੇ ਰਾਈਘਾਹ ਹਾੜ੍ਹੀ ਰੁੱਤ ਦੇ ਅਤੇ ਕਟਾਈਆਂ ਦੇਣ ਵਾਲੀ ਚਰ੍ਹੀ ਤੇ ਗਿੰਨੀ ਘਾਹ ਸਾਉਣੀ ਰੁੱਤ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰੇ ਹਨ। ਇਹਨਾਂ ਚਾਰਿਆਂ ਨੂੰ ਬੀਜਣ ਦੇ ਮੁੱਖ ਫਾਇਦੇ ਇਸ ਪ੍ਰਕਾਰ ਹਨ :-

ੳ) ਹਰੇ ਚਾਰੇ ਦਾ ਵੱਧ ਝਾੜ: ਬਹੁਤੀਆਂ ਕਟਾਈਆਂ ਦੇਣ ਵਾਲੇ ਚਾਰਿਆਂ ਦਾ ਹਰੇ ਚਾਰੇ ਦਾ ਝਾੜ ਇੱਕ ਕਟਾਈ ਦੇਣ ਵਾਲੇ ਚਾਰਿਆਂ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ।

ਅ) ਬਹੁਤੇ ਸਮੇਂ ਲਈ ਹਰਾ ਚਾਰਾ : ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਬੀਜੀ ਬਰਸੀਮ ਨਵੰਬਰ ਤੋਂ ਮਈ ਤੱਕ ਹਰਾ ਚਾਰਾ ਦਿੰਦੀ ਹੈ ਜਦੋਂ ਕਿ ਮਾਰਚ ਵਿਚ ਬੀਜਿਆ ਗਿੰਨੀਘਾਹ ਮਈ ਤੋਂ ਨਵੰਬਰ ਤੱਕ ਹਰਾ ਚਾਰਾ ਦਿੰਦਾ ਹੈ। ਇਹਨਾਂ ਚਾਰਿਆਂ ਨੂੰ ਬੀਜ ਕੇ ਸਾਰਾ ਸਾਲ ਹਰਾ ਚਾਰਾ ਲਿਆ ਜਾ ਸਕਦਾ ਹੈ।

ੲ) ਹਰਾ ਚਾਰਾ ਲਗਾਤਾਰ ਮਿਲਣਾ : ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਤੋਂ ਹਰਾ ਚਾਰਾ ਲਗਾਤਾਰ ਮਿਲਦਾ ਰਹਿੰਦਾ ਹੈ। ਇਹਨਾਂ ਚਾਰਿਆਂ ਦੀ ਕਟਾਈ ਖੇਤ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਵੱਲ ਜਾਂਦੀ ਹੈ। ਜਦੋਂ ਕਟਾਈ ਖੇਤ ਦੇ ਦੂਜੇ ਸਿਰੇ ਪਹੁੰਚਦੀ ਹੈ ਤਾਂ ਪਹਿਲਾਂ ਕੀਤੀ ਕਟਾਈ ਫੁੱਟ ਆਉਂਦੀ ਹੈ ਤੇ ਵੱਡੀ ਹੋ ਕੇ ਦੁਬਾਰਾ ਕੱਟਣ ਯੋਗ ਹੋ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਚਾਰਿਆਂ ਤੋਂ ਲਗਾਤਾਰ ਹਰਾ ਚਾਰਾ ਲਿਆ ਜਾਂਦਾ ਹੈ ।

ਸ) ਥੁੜ ਵਾਲੇ ਸਮੇਂ ਹਰਾ ਚਾਰਾ: ਹਾੜ੍ਹੀ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਨਵੰਬਰ-ਦਸੰਬਰ ਵਿਚ ਅਤੇ ਸਾਉਣੀ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਮਈ-ਜੂਨ ਵਿਚ ਹਰਾ ਚਾਰਾ ਮਿਲਦਾ ਹੈ ਜਦੋਂ ਹਰੇ ਚਾਰੇ ਦੀ ਬਹੁਤ ਘਾਟ ਹੁੰਦੀ ਹੈ ।

green fodder

green fodder

3. ਇੱਕ ਕਟਾਈ ਵਾਲੇ ਚਾਰੇ

ਮੱਕੀ, ਚਰ੍ਹੀ, ਬਾਜਰਾ, ਗੁਆਰਾ ਤੇ ਰਵਾਂਹ ਸਾਉਣੀ ਦੇ ਅਤੇ ਜਵੀ ਤੇ ਸੇਂਜੀ ਹਾੜ੍ਹੀ ਦੇ ਇੱਕ ਕਟਾਈ ਦੇਣ ਵਾਲੇ ਹਰੇ ਚਾਰੇ ਹਨ। ਇਕ ਕਟਾਈ ਦੇਣ ਵਾਲੇ ਚਾਰਿਆਂ ਨੂੰ ਬੀਜ ਕੇ ਵੀ ਹੇਠ ਲਿਖੇ ਅਨੁਸਾਰ ਸਾਰਾ ਸਾਲ ਹਰਾ ਚਾਰਾ ਲਿਆਂ ਜਾ ਸਕਦਾ ਹੈ ।

ੳ) ਥੋੜ੍ਹਾ ਸਮਾਂ ਲੈਣ ਵਾਲੇ ਚਾਰੇ (ਮੱਕੀ, ਬਾਜਰਾ, ਰਵਾਂਹ) ਬੀਜਣੇ ਚਾਹੀਦੇ ਹਨ। ਇੱਕ ਖੇਤ ਵਿਚੋਂ ਇੱਕ ਸਾਲ ਵਿਚ ਮੱਕੀ ਅਤੇ ਬਾਜਰੇ ਦੀਆਂ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ ।

ਅ)  ਇਹਨਾਂ ਚਾਰਿਆਂ (ਮੱਕੀ, ਬਾਜਰਾ ਅਤੇ ਰਵਾਂਹ) ਨੂੰ ਅਗੇਤਾ (ਮਾਰਚ-ਅਪ੍ਰੈਲ ਅਤੇ ਪਛੇਤਾ (ਅਗਸਤ-ਸਤੰਬਰ) ਵਿੱਚ ਬੀਜ ਕੇ ਥੁੜ ਵਾਲੇ ਸਮੇਂ ਹਰਾ ਚਾਰਾ ਲਿਆ ਜਾ ਸਕਦਾ ਹੈ ।

ਈ) ਇਕ ਕਟਾਈ ਦੇਣ ਵਾਲੇ ਚਾਰਿਆਂ ਦੀ ਕਟਾਈ ਦਾ ਢੁਕਵਾਂ ਸਮਾਂ 10-15 ਦਿਨਾਂ ਦਾ ਹੀ ਹੁੰਦਾ ਹੈ। ਸੋ ਇਹਨਾਂ ਚਾਰਿਆਂ ਨੂੰ ਪਸ਼ੂਆਂ ਦੀ ਲੋੜ ਮੁਤਾਬਿਕ 10-15 ਦਿਨਾਂ ਦੇ ਵਕਫੇ ਤੇ ਬੀਜਣਾ ਚਾਹੀਦਾ ਹੈ ।

4. ਮੁੱਖ ਫਸਲੀ ਚੱਕਰ ਵਿਚ ਚਾਰਾ

ਪੰਜਾਬ ਵਿਚ ਕਣਕ-ਝੋਨਾ ਇੱਕ ਪ੍ਰਮੁੱਖ ਫ਼ਸਲੀ ਚੱਕਰ ਹੈ। ਕਣਕ ਕੱਟਣ ਤੋਂ ਬਾਅਦ ਅਤੇ ਝੋਨਾ ਲਾਉਣ ਤੋਂ ਪਹਿਲਾਂ, 45-50 ਦਿਨਾਂ ਦਾ ਵਕਫਾ ਹੁੰਦਾ ਹੈ ਜਿਸ ਵੇਲੇ ਚਾਰੇ ਦੀ ਫ਼ਸਲ (ਮੱਕੀ, ਬਾਜਰਾ, ਰਵਾਹ) ਬੀਜ ਕੇ ਥੁੜ ਵਾਲੇ ਸਮੇਂ ਮਈ-ਜੂਨ ਵਿਚ ਹਰਾ ਚਾਰਾ ਲਿਆ ਜਾ ਸਕਦਾ ਹੈ ਜਾਂ ਇਸ ਚਾਰੇ ਦਾ ਅਚਾਰ ਬਣਾਇਆ ਜਾ ਸਕਦਾ ਹੈ ।

5. ਬਹੁ-ਫ਼ਸਲੀ ਪ੍ਰਣਾਲੀ ਵਿਚ ਚਾਰਾ

ਬਹੁ-ਫ਼ਸਲੀ ਪ੍ਰਣਾਲੀ ਬਣਾਉਣ ਸਮੇਂ ਵੱਖ-ਵੱਖ ਸਮੇਂ ਤੇ ਹਰੇ ਚਾਰੇ ਦੀ ਫ਼ਸਲ ਲੈ ਕੇ, ਵੱਖ-ਵੱਖ ਸਮੇਂ ਹਰਾ ਚਾਰਾ ਪ੍ਰਾਪਤ ਹੁੰਦਾ ਹੈ। ਕੁੱਝ ਪ੍ਰਚੱਲਤ ਬਹੁ-ਫ਼ਸਲੀ ਪ੍ਰਣਾਲੀਆਂ ਹੇਠਾਂ ਦਿੱਤੀਆਂ ਗਈਆਂ ਹਨ

ੳ)      ਝੋਨਾ/ਮੱਕੀ  ਕਣਕ  ਮੱਕੀ/ਬਾਜਰਾ/ਰਵਾਂਹ (ਚਾਰਾ)

ਅ)      ਝੋਨਾ/ਮੱਕੀ  ਬਰਸੀਮ (ਚਾਰਾ)

ੲ)       ਮੱਕੀ/ਕਪਾਹ/ਅਰਹਰ  ਜਵੀ (ਚਾਰਾ)  ਗੰਨਾ

ਸ)      ਕਪਾਹ  ਜਵੀ/ਬਰਸੀਮ (ਚਾਰਾ)

ਹ)      ਚਰ੍ਹੀ + ਗੁਆਰਾ (ਚਾਰਾ)  ਕਣਕ

ਕ)      ਚਰ੍ਹੀ + ਗੁਆਰਾ (ਚਾਰਾ)  ਕਣਕ

ਖ)      ਆਲੂ  ਮੱਕੀ + ਰਵਾਂਹ (ਚਾਰਾ)  ਮੱਕੀ+ਰਵਾਂਹ (ਚਾਰਾ)+ਮੱਕੀ

6. ਹਰੇ ਚਾਰਿਆਂ ਦੀ ਬਹੁ-ਫ਼ਸਲੀ ਪ੍ਰਣਾਲੀ

ਮਿਹਨਤੀ ਕਿਸਾਨ ਸਿੰਜਾਈ ਸਹੂਲਤਾਂ ਵਿਚ ਹਰੇ ਚਾਰਿਆਂ ਦੀ ਬਹੁ-ਫ਼ਸਲੀ ਪ੍ਰਣਾਲੀ ਅਪਣਾ ਕੇ ਸਾਰਾ ਸਾਲ ਲਗਾਤਾਰ ਹਰਾ ਚਾਰਾ ਲੈ ਸਕਦਾ ਹੈ। ਇਸ ਪ੍ਰਣਾਲੀ ਦੇ ਕੁੱਝ ਫਾਇਦੇ ਇਸ ਪ੍ਰਕਾਰ ਹਨ :-

ੳ)   ਬਹੁਤਾ ਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਲਗਾਤਾਰ ਹਰਾ ਚਾਰਾ ।

ਅ)   ਪੌਸ਼ਟਿਕ ਚਾਰਾ (ਫਲੀਦਾਰ ਤੇ ਗੈਰਫਲੀਦਾਰ ਚਾਰਿਆਂ ਦਾ ਮਿਸ਼ਰਣ) ।

ੲ)    ਵਾਧੂ ਚਾਰੇ ਦਾ ਅਚਾਰ ਜਾ ਹੇਅ ਬਣਾ ਕੇ ਥੁੜ ਵਾਲੇ ਸਮੇਂ ਵਰਤਣਾ ।

ਸਾਰਣੀ 1: ਹਰੇ ਚਾਰਿਆਂ ਦੀ ਬਹੁ-ਫ਼ਸਲੀ ਪ੍ਰਣਾਲੀ ਨਾਲ ਹਰਾ ਚਾਰਾ ਪੈਦਾ ਕਰਨਾ

ਲੜੀ ਨੰ: ਬਹੁ-ਫ਼ਸਲੀ ਪ੍ਰਣਾਲੀ

  1. ਨੇਪੀਅਰ ਬਾਜਰਾ ਹਾਈਬਰਿਡ+ਸਰਦੀਆਂ ਵਿਚ ਸੇਂਜੀ/ਜਵੀ
  2. ਗਿੰਨੀ ਘਾਹ ਜਵੀ
  3. ਮੱਕੀ+ਰਵਾਂਹ-ਮੱਕੀ+ਰਵਾਂਹ-ਬਰਸੀਮ+ਜਵੀ+ਰਾਈ ਘਾਹ
  4. ਜਵਾਰ (ਚਰ੍ਹੀ) ਬਰਸੀਮ+ਜਵੀ+ਰਾਈ ਘਾਹ
  5. ਮੱਕੀ+ਰਵਾਂਹ ਬਾਜਰਾ-ਮੱਕੀ+ਰਵਾਂਹ-ਜਵੀ

7. ਵਾਧੂ ਚਾਰੇ ਦੀ ਸੰਭਾਲ

ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਲਗਾਤਾਰ ਹਰਾ ਚਾਰਾ ਦੇਣਾ ਬਹੁਤ ਜਰੂਰੀ ਹੈ। ਜਦੋਂ ਚਾਰਾ ਲੋੜ ਨਾਲੋਂ ਜ਼ਿਆਦਾ ਹੋਵੇ ਤਾਂ ਇਸ ਨੂੰ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ ਤੇ ਥੁੜ ਵਾਲੇ ਸਮੇਂ ਵਰਤ ਕੇ ਪਸ਼ੂਆਂ ਦੀ 40-50 ਕਿਲੋ ਪ੍ਰਤੀ ਦਿਨ ਲੋੜ ਪੂਰੀ ਕੀਤੀ ਜਾ ਸਕਦੀ ਹੈ। ਵਾਧੂ ਚਾਰੇ ਨੂੰ ਸੰਭਾਲਣ ਲਈ ਇਸ ਦਾ ਅਚਾਰ (ਸਾਈਲੇਜ) ਜਾਂ ਸੁਕਾ ਕੇ (ਹੇਅ ਬਣਾ ਕੇ) ਰੱਖਿਆ ਜਾ ਸਕਦਾ ਹੈ ।

ੳ)  ਹਰੇ ਚਾਰੇ ਨੂੰ ਸੁਕਾ ਕੇ (ਹੇਅ) ਰੱਖਣਾ : ਹਰੇ ਚਾਰੇ ਦੀਆਂ ਫਸਲਾਂ ਜਿਹਨਾਂ ਵਿਚ ਪ੍ਰੋਟੀਨ ਜ਼ਿਆਦਾ ਤੇ ਨਿਸ਼ਾਸ਼ਤਾ ਘੱਟ ਹੋਵੇ (ਬਰਸੀਮ, ਲੂਸਣ ਸ਼ਫਤਲ ਤੇ ਰਵਾਂਹ) ਸੁਕਾ ਕੇ ਰੱਖਣ ਲਈ ਬਹੁਤ ਢੁੱਕਵੀਆਂ ਹਨ। ਇਹਨਾਂ ਦੇ ਤਣੇ ਨਰਮ ਹੁੰਦੇ ਹਨ ਜੋ ਜਲਦੀ ਸੁੱਕ ਜਾਂਦੇ ਹਨ। ਇਹਨਾਂ ਫ਼ਸਲਾਂ ਨੂੰ ਢੁੱਕਵੇਂ ਸਮੇਂ ਤੇ ਕੱਟ ਕੇ 5-8 ਸੈਂਟੀਮੀਟਰ ਮੋਟਾ ਕੁਤਰਾ ਕਰਕੇ ਪੱਕੇ ਫਰਸ਼ ਜਾਂ ਪਿੱੜ ਵਿਚ ਸੁਕਾਇਆ ਜਾ ਸਕਦਾ ਹੈ। ਇਸ ਨੂੰ ਦਿਨ ਵਿਚ 2-3 ਵਾਰ ਫਰੋਲਿਆ ਜਾਂਦਾ ਹੈ ਤਾਂ ਜੋ ਹੇਠਾਂ ਵਾਲਾ ਚਾਰਾ ਗਲ ਨਾਂ ਜਾਵੇ ਅਤੇ ਚਾਰਾ ਛੇਤੀ ਸੁੱਕ ਜਾਵੇ। ਤਕਰੀਬਨ 3-4 ਦਿਨਾਂ ਵਿਚ ਚਾਰਾ ਸੁੱਕ ਜਾਂਦਾ ਹੈ। ਹੱਥਾਂ ਨਾਲ ਮਰੋੜਨ ਤੇ ਅਗਰ ਚਾਰਾ ਟੁੱਟ ਜਾਵੇ ਤਾਂ ਸਮਝੋ ਚਾਰਾ ਸੁੱਕ ਗਿਆ ਹੈ। ਇਹ ਦੇਖਿਆ ਗਿਆ ਹੈ ਕਿ ਤਕਰੀਬਨ 1.25 ਕਿਲੋ ਸੁਕਾਇਆ ਬਰਸੀਮ ਜਾਂ ਲੂਸਣ ਇੱਕ ਕਿਲੋ ਵੰਡ ਦੇ ਬਰਾਬਰ ਖੁਰਾਕੀ ਤੱਤ ਦਿੰਦਾ ਹੈ।

ਅ) ਹਰੇ ਚਾਰੇ ਦਾ ਅਚਾਰ ਬਣਾਉਣਾ : ਚਾਰੇ ਦੀ ਕੋਈ ਵੀ ਫਸਲ ਜਿਸ ਵਿੱਚ ਪ੍ਰੋਟੀਨ ਘੱਟ ਅਤੇ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੋਵੇ, ਅਚਾਰ ਬਣਾਉਣ ਲਈ ਵਰਤੀ ਜਾ ਸਕਦੀ ਹੈ। ਫਲੀਦਾਰ ਫ਼ਸਲਾਂ, ਜਿਵੇਂ ਕਿ ਬਰਸੀਮ, ਲੂਸਣ ਅਤੇ ਰਵਾਂਹ ਆਦਿ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਣ ਅਚਾਰ ਬਣਾਉਣ ਲਈ ਵਾਜਬ ਨਹੀਂ ਹਨ। ਗ਼ੈਰ-ਫਲੀਦਾਰ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਚਰ੍ਹੀ, ਨੇਪੀਅਰ ਬਾਜਰਾ ਅਤੇ ਜਵੀ ਆਦਿ ਅਚਾਰ ਬਣਾਉੇਣ ਲਈ ਵਰਤੀਆਂ ਜਾਣ ਵਾਲੀਆਂ ਮੁੱਖ ਫ਼ਸਲਾਂ ਹਨ ।

ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਚਾਰੇ ਦੀ ਫ਼ਸਲ ਪੱਕਣ ਨਾਲ ਉਸ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਜੇਕਰ ਚਾਰੇ ਦੀ ਫ਼ਸਲ ਅਗੇਤੀ ਕੱਟੀ ਜਾਵੇ ਤਾਂ ਉਸ ਵਿੱਚ ਪੂਰੇ ਖ਼ੁਰਾਕੀ ਤੱਤ ਨਹੀਂ ਹੁੰਦੇ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਰਕੇ ਅਚਾਰ ਵਾਸਤੇ ਫ਼ਸਲ ਦਾ ਸਹੀ ਸਮੇਂ ਤੇ ਕੱਟਣਾ ਬਹੁਤ ਜ਼ਰੂਰੀ ਹੈ। ਸਹੀ ਸਮੇਂ ਤੇ ਨਾ ਕੱਟੀ ਹੋਈ ਘੱਟ ਖ਼ੁਰਾਕੀ ਤੱਤਾਂ ਵਾਲੀ ਫ਼ਸਲ ਦਾ ਅਚਾਰ ਠੀਕ ਨਹੀਂ ਬਣਦਾ ।

ਫ਼ਸਲ ਦਾ 5-8 ਸੈਂਟੀਮੀਟਰ ਕੁਤਰਾ ਕਰ ਲਓ ਤੇ ਟੋਏ ਨੂੰ ਕੁਤਰੇ ਨਾਲ ਭਰਨਾ ਸ਼ੁਰੂ ਕਰੋ। ਟੋਆ ਭਰਦੇ ਸਮੇਂ ਇਸ ਗੱਲ ਦਾ ਖਾਸ ਧਿਅਨ ਰੱਖਣਾ ਚਾਹੀਦਾ ਹੈ ਕਿ ਕੁਤਰੇ ਵਿੱਚੋਂ ਹਵਾ ਬਾਹਰ ਨਿਕਲਦੀ ਰਹੇ। ਇਸ ਵਾਸਤੇ ਕੁਤਰੇ ਚਾਰੇ ਨੂੰ ਚੰਗੀ ਤਰ੍ਹਾਂ ਲਤਾੜਦੇ ਰਹੋ। ਇਸ ਤਰ੍ਹਾਂ ਕਰਦੇ ਹੋਏ ਟੋਏ ਨੂੰ ਜ਼ਮੀਨ ਤੋਂ ਇੱਕ ਮੀਟਰ ਉਪਰ ਤੱਕ ਭਰ ਦਿਓ। ਇਸ ਤੋਂ ਮਗਰੋਂ ਟੋਏ ਨੂੰ 10-15 ਸੈਂਟੀਮੀਟਰ ਕੜਬੀ ਦੀ ਤਹਿ ਨਾਲ ਢੱਕ ਦਿਓ ਤੇ ਉਪਰੋਂ 5-7 ਸੈਂਟੀਮੀਟਰ ਮਿੱਟੀ ਜਾਂ ਗੋਹੇ ਦਾ ਲੇਪ ਕਰ ਦਿਓ। ਇਸ ਤਰ੍ਹਾਂ ਪਾਇਆ ਹੋਇਆ ਅਚਾਰ 30-40 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਵਧੀਆ ਅਚਾਰ ਦਾ ਰੰਗ ਹਲਕਾ ਹਰਾ ਪੀਲਾ ਹੁੰਦਾ ਹੈ ਤੇ ਇਸ ਦੀ ਸੁਗੰਧ ਸਿਰਕੇ ਵਰਗੀ ਹੁੰਦੀ ਹੈ ।  

ਹਰਪ੍ਰੀਤ ਕੌਰ ਓਬਰਾਏ, ਮਨਿੰਦਰ ਕੌਰ ਅਤੇ ਰਾਹੁਲ ਕਪੂਰ

ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ

ਪੀ.ਏ.ਯੂ, ਲੁਧਿਆਣਾ

Summary in English: Give green fodder to milch cattle all year round

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription