ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਅੱਜ ਅੱਸੀ ਬੱਕਰੀ ਦੀਆਂ ਵੱਖ-ਵੱਖ ਉਪਯੋਗੀ ਨਸਲਾਂ ਅਤੇ ਪਾਲਕਾਂ ਲਈ ਵਿਚਾਰਨ ਯੋਗ ਗੱਲਾਂ ਦੱਸਣ ਜਾ ਰਹੇ ਹਾਂ।
ਬੱਕਰੀ ਪਾਲਣ ਆਮ ਤੌਰ ਤੇ ਸਾਰੇ ਜਲਵਾਯੂ ਵਿੱਚ ਘੱਟ ਲਾਗਤ, ਸਧਾਰਨ ਆਵਾਸ, ਸਧਾਰਨ ਰੱਖ-ਰਖਾਅ ਅਤੇ ਪਾਲਣ-ਪੋਸ਼ਣ ਦੇ ਨਾਲ ਸੰਭਵ ਹੈ। ਇਸ ਦੇ ਉਤਪਾਦ ਦੀ ਵਿਕਰੀ ਦੇ ਲਈ ਬਾਜ਼ਾਰ ਹਰ ਜਗ੍ਹਾ ਉਪਲਬਧ ਹਨ। ਇਨ੍ਹਾਂ ਕਾਰਨਾਂ ਨਾਲ ਪਸ਼ੂ ਧਨ ਵਿੱਚ ਬੱਕਰੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਦੁੱਧ ਸਸਤਾ, ਅਸਾਨੀ ਨਾਲ ਹਜ਼ਮ ਹੋਣ ਵਾਲਾ ਤੇ ਪੌਸਟਿਕ ਹੁੰਦਾ ਹੈ। ਬੱਕਰੀ ਦਾ ਦੁਧ ਗਾਂ ਦੇ ਦੁੱਧ ਨਾਲੋਂ ਵਧੀਆ ਹੁੰਦਾ ਹੈ, ਮਤਲਬ ਚਰਬੀ ਤੇ ਪ੍ਰੋਟੀਨ ਇਸ ਵਿੱਚ ਵਧੀਆ ਸਥਿਤੀ 'ਚ ਮੌਜੂਦ ਹੁੰਦੇ ਹਨ।
ਪੰਜਾਬ ਵਿੱਚ ਬੱਕਰੀ ਪਾਲਣ
ਆਰਥਕ ਮੰਦਹਾਲੀ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਲਈ ਬੱਕਰੀ ਪਾਲਣ ਦਾ ਕਿੱਤਾ ਵਰਦਾਨ ਬਣ ਸਕਦਾ ਹੈ। ਭਾਰਤ ਵਿਸ਼ਵ ਪੱਧਰ 'ਤੇ ਬੱਕਰੀ ਦੀਆਂ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ, ਜਦਕਿ ਪਹਿਲੇ ਨੰਬਰ ਤੇ ਚੀਨ ਆਉਂਦਾ ਹੈ। ਬੱਕਰੀ ਪਾਲਣ ਦਾ ਧੰਦਾ ਕੁਦਰਤੀ ਸਾਧਨਾਂ 'ਤੇ ਨਿਰਭਰ ਹੈ। ਪੰਜਾਬ 'ਚ ਜ਼ਿਆਦਾਤਰ ਲੋਕ ਬੱਕਰੀ ਪਾਲਣ ਨੂੰ ਛੋਟਾ ਤੇ ਨੀਵਾਂ ਕੰਮ ਸਮਝਦੇ ਹਨ, ਜਦਕਿ ਇਸ ਧੰਦੇ 'ਚ ਕਾਫ਼ੀ ਕਮਾਈ ਲੁਕੀ ਹੋਈ ਹੈ।
ਇੰਝ ਸ਼ੁਰੂ ਕਰੋ ਬੱਕਰੀ ਪਾਲਣ ਦਾ ਕੰਮ
ਕੋਈ ਵੀ ਵਿਅਕਤੀ ਜੋ ਇਸ ਕਿੱਤੇ ਨਾਲ ਜੁੜਨਾ ਚਾਹੁੰਦਾ ਹੈ, ਉਹ 20-22 ਬੱਕਰੀਆਂ ਨਾਲ ਦੋ ਬੱਕਰੇ ਲੈ ਕੇ ਇਹ ਸਹਾਇਕ ਧੰਦਾ ਸ਼ੁਰੂ ਕਰ ਸਕਦਾ ਹੈ। ਇਸ ਧੰਦੇ 'ਚ ਔਸਤਨ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਈ ਹੋ ਸਕਦੀ ਹੈ। ਕਿਸਾਨਾਂ ਨੂੰ ਇਹ ਧੰਦਾ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਆਰਥਕ ਮਦਦ ਵੀ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਜੋ 25 ਤੋਂ 33% ਹੁੰਦੀ ਹੈ।
ਇਨ੍ਹਾਂ ਗੱਲਾਂ ਬਾਰੇ ਪਤਾ ਹੋਣਾ ਜ਼ਰੂਰੀ
-ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਸਮੇਂ ਬੱਕਰੀ ਦੀ ਨਸਲ ਦੀ ਚੋਣ, ਇਨ੍ਹਾਂ ਨੂੰ ਰੱਖਣ ਵਾਲੀ ਥਾਂ ਦੀ ਚੋਣ, ਸ਼ੈੱਡ ਦਾ ਪ੍ਰਬੰਧ, ਜਾਨਵਰਾਂ ਦੀ ਖ਼ਰੀਦ, ਪੋਸ਼ਣ, ਸਿਹਤ ਪ੍ਰਬੰਧਨ ਅਤੇ ਮੀਟ-ਦੁੱਧ ਦੀ ਮਾਰਕੀਟਿੰਗ ਸਬੰਧੀ ਜਾਣਕਾਰੀ ਹੋਣੀ ਜ਼ਰੂਰੀ ਹੈ।
-ਇਸ ਬਾਰੇ ਕਿੱਤਾ ਮੁੱਖੀ ਸਿਖਲਾਈ ਕੋਰਸ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਕਰਵਾਏ ਜਾਂਦੇ ਹਨ।
-ਇਸ ਤੋਂ ਇਲਾਵਾ ਗਿਆਨ ਵਧਾਊ ਯਾਤਰਾਵਾਂ, ਭਾਸ਼ਣ, ਬਕਰੀ ਫਾਰਮਾਂ 'ਤੇ ਵਿਗਿਆਨੀਆਂ ਦੇ ਦੌਰੇ, ਮੁਲਾਕਾਤਾਂ, ਬੱਕਰੀ ਪਾਲਣ ਸਬੰਧੀ ਕਿਤਾਬਾਂ, ਜਾਗਰੂਕਤਾ ਕੈਂਪ, ਸਲਾਹਕਾਰ ਸੇਵਾਵਾਂ, ਕਿਸਾਨ ਗੋਸ਼ਟੀਆਂ ਆਦਿ ਵੀ ਇਨ੍ਹਾਂ ਕੇਂਦਰਾਂ 'ਚ ਆਯੋਜਿਤ ਕੀਤੇ ਜਾਂਦੇ ਹਨ।
ਕਰਜ਼ਾ ਤੇ ਸਬਸਿਡੀ ਦਾ ਪ੍ਰਬੰਧ
-ਬਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਕਰਜ਼ਾ ਵੀ ਦਿੱਤਾ ਜਾਂਦਾ ਹੈ।
-ਇਸ ਤੋਂ ਇਲਾਵਾ ਬੱਕਰੀ ਪਾਲਣ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
-ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਬੱਕਰੀਆਂ ਦੀ ਨਸਲ ਦੇ ਸੁਧਾਰ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਵੈਟਰਨਰੀ ਪੋਲੀਟੈਕਨਿਕ ਕਾਲਝਰਾਨੀ ਬਠਿੰਡਾ ਇਸ ਕੰਮ 'ਚ ਕਿਸਾਨਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਲਗਭਗ 5000-6000 ਰੁਪਏ ਪ੍ਰਤੀ ਜਾਨਵਰ ਮਿਆਰੀ ਮੁੱਲ 'ਤੇ ਖ਼ਰੀਦ ਕਰਨ 'ਚ ਸਹਾਇਤਾ ਕੀਤੀ ਜਾਂਦੀ ਹੈ।
ਬੱਕਰੀ ਦੀਆਂ ਵਧੀਆ ਨਸਲਾਂ
-ਬੀਟਲ (ਅੰਮ੍ਰਿਤਸਰੀ) ਨਸਲ ਪੰਜਾਬ 'ਚ ਬੱਕਰੀ ਪਾਲਣ ਲਈ ਸਭ ਤੋਂ ਵਧੀਆ ਹੈ। ਇਸ ਨਸਲ ਦੇ ਪਸ਼ੂ ਆਮ ਤੌਰ 'ਤੇ ਉੱਚੇ-ਲੰਮੇ ਹੁੰਦੇ ਹਨ।
-ਬੱਕਰੀ ਦੀ ਚਮੜੀ ਦਾ ਰੰਗ ਪਰਿਵਰਤਨਸ਼ੀਲ ਹੁੰਦਾ ਹੈ। ਮੁੱਖ ਤੌਰ ਤੇ 90% ਕਾਲਾ ਜਾਂ 10% ਭੂਰੇ ਸਮੇਤ ਵੱਖੋ-ਵੱਖਰੇ ਆਕਾਰ ਦੇ ਧੱਬੇ ਹੁੰਦੇ ਹਨ। ਕੰਨ ਲੰਮੇ, ਚੌੜੇ ਤੇ ਝੁਕਵੇਂ ਹੁੰਦੇ ਹਨ।
-ਇਸ ਕਿਸਮ ਦੇ ਪਸ਼ੂਆਂ ਦੇ ਸਿੰਗ ਸੰਘਣੇ, ਦਰਮਿਆਨੇ ਆਕਾਰ ਅਤੇ ਛੋਟੇ ਜਿਹੇ ਮਰੋੜ ਕੇ ਪਿੱਛੇ ਤੇ ਉੱਪਰ ਵੱਲ ਨੂੰ ਮੁੜੇ ਹੁੰਦੇ ਹਨ। ਰੋਮਨ ਨੱਕ ਤੇ ਪੂੰਛ ਛੋਟੀ ਤੇ ਪਤਲੀ ਹੁੰਦੀ ਹੈ। ਬੱਕਰੇ ਦੇ ਆਮ ਤੌਰ 'ਤੇ ਦਾੜ੍ਹੀ ਹੁੰਦੀ ਹੈ। ਬੱਕਰੀਆਂ ਦਾ ਲੇਵਾ ਵੱਡਾ ਤੇ ਥਣ ਲੰਮੇ ਹੁੰਦੇ ਹਨ।
-ਬਾਲਗ ਨਰ ਬੱਕਰੇ ਦੇ ਸਰੀਰ ਦਾ ਭਾਰ 50-62 ਕਿੱਲੋ ਅਤੇ ਬਾਲਗ ਮਾਦਾ ਦਾ ਭਾਰ 35-40 ਕਿੱਲੋ ਹੁੰਦਾ ਹਨ।
-ਬੱਕਰੀਆਂ ਫਲੀਦਾਰ ਚਾਰੇ ਨੂੰ ਤਰਜੀਹ ਦਿੰਦੀਆਂ ਹਨ। ਇਕ ਬੱਕਰੀ ਲਈ 3-4 ਕਿੱਲੋ ਮਿਆਰੀ ਚਾਰੇ ਅਤੇ 500 ਗ੍ਰਾਮ ਦਾਣੇ ਦੀ ਜ਼ਰੂਰਤ ਹੁੰਦੀ ਹੈ।
ਡੇਅਰੀਆਂ 'ਤੇ ਵੀ ਪਹੁੰਚਣ ਲੱਗਿਆ ਬੱਕਰੀ ਦਾ ਦੁੱਧ
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਤੇ ਅਮ੍ਰਿਤਸਰ ਸਾਹਿਬ ਵਿੱਚ ਇਸ ਵੇਲੇ ਜ਼ਮਨਾ ਪਾਰੀ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਕਿਸਮਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਬੀਟਲ ਕਿਸਮ ਦੀ ਬੱਕਰੀ ਦੇ ਦੁੱਧ ਵਿੱਚ ਕਾਫ਼ੀ ਤਰ੍ਹਾਂ ਦੇ ਸਿਹਤ ਲਈ ਲਾਭਦਾਇਕ ਪ੍ਰੋਟੀਨ ਹੁੰਦੇ ਹਨ। ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ। ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ।
ਬੱਕਰੀ ਪਾਲਣ 'ਚ ਮੁਨਾਫ਼ਾ
-ਬੀਟਲ ਕਿਸਮ ਦੀ ਬੱਕਰੀ ਤੋਂ ਇੱਕ ਸਾਲ 'ਚ 4 ਨਗ ਬੱਚਿਆਂ ਦੇ ਦਿੰਦੀ ਹੈ। ਜਿੰਨ੍ਹਾਂ ਵਿਚ ਇਕ ਨਗ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਇਸ ਤਰ੍ਹਾਂ ਇੱਕ ਨਗ ਤੋਂ 12 ਹਜ਼ਾਰ ਰੁਪਏ ਪ੍ਰਤੀ ਸਾਲ ਆਮਦਨ ਹੋ ਜਾਂਦੀ ਹੈ।
-ਪੰਜਾਬ ਵਿੱਚ ਇਸ ਵੇਲੇ ਪਹਾੜੀ ਬੱਕਰੀਆਂ ਨੂੰ ਸ਼ੌਂਕ ਦੇ ਤੌਰ 'ਤੇ ਪਾਲਿਆ ਜਾ ਰਿਹਾ ਹੈ। ਇਹ ਬੱਕਰੀਆਂ ਸੁੰਦਰ ਅਤੇ ਸੋਹਣੀਆਂ ਹੋਣ ਕਾਰਨ ਘਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ।
-ਬੀਟਲ ਕਿਸਮ ਦੀ ਬੱਕਰੀ ਇੱਕ ਵਧੀਆ ਕਿਸਮ ਦਾ ਡੇਅਰੀ ਪਸ਼ੂ ਹੈ, ਜੋ ਕਿ ਆਪਣੇ 170 ਤੋਂ 180 ਦਿਨਾਂ ਦੇ ਦੁੱਧ ਦੀ ਮਿਆਦ ਵਿੱਚ 150 ਤੋਂ 190 ਕਿਲੋ ਦੁੱਧ ਦੇ ਸਕਦੀ ਹੈ।
-ਦੁੱਧ ਦੀ ਔਸਤ ਪੈਦਾਵਾਰ ਰੋਜ਼ਾਨਾ ਲਗਭਗ ਇੱਕ ਤੋਂ ਡੇਢ ਕਿਲੋਗ੍ਰਾਮ ਤਕ ਹੈ।
ਇਹ ਵੀ ਪੜ੍ਹੋ: ਪਿੰਡਾਂ ਵਿੱਚ ਰਹਿੰਦੇ ਲੋਕ ਜਲਦ ਸ਼ੁਰੂ ਕਰਨ ਇਹ ਕਾਰੋਬਾਰ! ਹੋਵੇਗਾ ਲੱਖਾਂ ਦਾ ਮੁਨਾਫ਼ਾ
ਅੱਜ ਜਦੋਂ ਇੱਕ ਪਾਸੇ ਪਸ਼ੂਆਂ ਦੇ ਚਾਰੇ-ਦਾਣੇ ਅਤੇ ਦਵਾਈ ਮਹਿੰਗੀ ਹੋਣ ਨਾਲ ਪਸ਼ੂ ਪਾਲਣ ਆਰਥਿਕ ਦ੍ਰਿਸ਼ਟੀ ਤੋਂ ਘੱਟ ਲਾਹੇਵੰਦ ਹੋ ਰਿਹਾ ਹੈ, ਉਥੇ ਹੀ ਬੱਕਰੀ ਪਾਲਣ ਘੱਟ ਲਾਗਤ ਅਤੇ ਸਧਾਰਨ ਦੇਖ–ਰੇਖ ਵਿੱਚ ਗਰੀਬ ਕਿਸਾਨਾਂ ਅਤੇ ਖੇਤੀ ਕਿਰਤੀਆਂ ਦੀ ਰੋਜ਼ੀ-ਰੋਟੀ ਦਾ ਇੱਕ ਸਾਧਨ ਬਣ ਰਿਹਾ ਹੈ। ਇੰਨਾ ਹੀ ਨਹੀਂ ਇਸ ਤੋਂ ਹੋਣ ਵਾਲੀ ਆਮਦਨ ਸਮਾਜ ਦੇ ਆਰਥਿਕ ਰੂਪ ਨਾਲ ਸੰਪੰਨ ਲੋਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਬੱਕਰੀ ਪਾਲਣ ਸਵੈ-ਰੁਜ਼ਗਾਰ ਦਾ ਇੱਕ ਪ੍ਰਬਲ ਸਾਧਨ ਬਣ ਰਿਹਾ ਹੈ।
Summary in English: Goat Breeding: Different Useful Breeds! Things to consider for goat breeders