ਗਰਮੀ ਦੇ ਵੱਧਣ ਨਾਲ ਪਸ਼ੂਆਂ ਉੱਪਰ ਮੌਸਮ ਦਾ ਬਹੁਤ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ।ਇਸ ਮੌਸਮ ਵਿੱਚ ਘੱਟ ਚਾਰਾ ਖਾਣ ਕਾਰਣ ਪਸ਼ੂਆਂ ਦਾ ਉਤਪਾਦਨ ਵੀ ਘੱਟ ਜਾਂਦਾ ਹੈ।ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਤਿੱਖੀ ਗਰਮੀ ਵਿੱਚ ਹਵਾਦਾਰ ਸ਼ੈੱਡ, ਪਾਣੀ ਦਾ ਸੁਚੱਜਾ ਪ੍ਰਬੰਧ, ਸਹੀ ਅਤੇ ਸੰਤੁਲਿਤ ਚਾਰਾ ਅਤੇ ਸਹੀ ਸਿਹਤ ਪ੍ਰਬੰਧਨ ਪਸ਼ੂਆਂ ਤੋਂ ਗਰਮੀ ਦਾ ਦਬਾਅ ਘਟਾਉਂਦਾ ਹੈ।ਸ਼ੈੱਡ ਖੁੱਲੇ, ਉੱਚੇ ਤੇ ਹਵਾਦਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਦਰਵਾਜ਼ਿਆਂ ’ਤੇ ਜ਼ਿਆਦਾ ਗਰਮੀ ਹੋਣ ਦੀ ਸੂਰਤ ਵਿੱਚ ਬੋਰੀਆਂ ਜਾਂ ਟਾਟ ਦੇ ਪਰਦੇ ਲਗਾ ਦੇਣੇ ਚਾਹੀਦੇ ਹਨ।ਸ਼ੈੱਡਾਂ ਦੀਆਂ ਛੱਤਾਂ ਉੱਪਰ ਵੀ ਚਿੱਟਾ ਰੰਗ ਕਰ ਦੇਣਾ ਚਾਹੀਦਾ ਹੈ ਜਾਂ ਗਰਮੀ ਤੋਂ ਬਚਾਉਣ ਵਾਲੇ ਸਾਧਨ ਜਿਵੇਂ ਪਰਾਲੀ ਆਦਿ ਪਾ ਦੇਣੀ ਚਾਹੀਦੀ ਹੈ।ਸ਼ੈੱਡਾਂ ਦੀਆਂ ਛੱਤਾਂ ਦੀਆਂ ਸ਼ੀਟਾਂ ਦੇ ਅੰਦਰਲੇ ਪਾਸਿਉਂ ਗੂੜਾ ਰੰਗ ਕਰ ਦੇਣਾ ਚਾਹੀਦਾ ਹੈ।ਸ਼ੈੱਡ ਵਿੱਚ ਪੱਖੇ ਜਾਂ ਪਾਣੀ ਦੀ ਫੁਹਾਰ ਦੇਣ ਵਾਲੇ ਕੂਲਰ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਜ਼ਿਆਦਾ ਗਰਮੀ ਦੇ ਸਮੇਂ ਵਿੱਚ ਕੁਝ ਵਕਤ ਲਈ ਦਿਨ ਵਿੱਚ ਤਿੰਨ-ਚਾਰ ਵਾਰ ਚਲਾਉਣਾ ਚਾਹੀਦਾ ਹੈ।ਇਹ ਸਾਧਨ ਗਾਂਵਾਂ ਦੇ ਨਾਲੋਂ ਮੱਝਾਂ ਲਈ ਹੋਰ ਵਧੇਰੇ ਫਾਇਦੇਮੰਦ ਰਹਿੰਦਾ ਹੈ, ਕਿਉਂਕਿ ਮੱਝਾਂ ਦਾ ਰੰਗ ਕਾਲਾ ਹੋਣ ਕਾਰਣ ਉਨ੍ਹਾਂ ’ਤੇ ਗਰਮੀ ਦਾ ਅਸਰ ਜ਼ਿਆਦਾ ਹੁੰਦਾ ਹੈ।ਫਾਰਮ ਉੱਪਰ ਇਕ ਛੋਟਾ ਛੱਪੜ ਵੀ ਬਣਾ ਦੇਣਾ ਚਾਹੀਦਾ ਹੈ ਜਿੱਥੇ ਪਸ਼ੂ ਮਰਜ਼ੀ ਨਾਲ ਆ ਜਾ ਸਕੇ।ਅਜਿਹੇ ਮੌਸਮ ਵਿਚ ਰੁੱਖ ਬਹੁਤ ਕਾਰਗਰ ਸਾਬਿਤ ਹੁੰਦੇ ਹਨ।ਇਸ ਲਈ ਫਾਰਮ ’ਤੇ ਵਧੀਆ ਛਾਂ-ਦਾਰ ਰੁੱਖ ਲਾਉਣੇ ਬਹੁਤ ਜ਼ਰੂਰੀ ਹਨ।ਪਸ਼ੂ ਦੇ ਕੋਲ ਹਰ ਵੇਲੇ ਠੰਡਾ ਪੀਣ ਯੋਗ ਪਾਣੀ ਮੁਹੱਈਆ ਹੋਣਾ ਚਾਹੀਦਾ ਹੈ।
ਇਸ ਮੌਸਮ ਵਿੱਚ ਹਰੇ ਚਾਰੇ ਦੀ ਵਰਤੋਂ ਵਧਾ ਦੇਣੀ ਚਾਹੀਦੀ ਹੈ।ਪਸ਼ੂਆਂ ਨੂੰ ਬਹੁਤੀ ਧੁੱਪ ਵਿੱਚ ਬਾਹਰ ਚਰਨ ਲਈ ਨਹੀਂ ਛੱਡਣਾ ਚਾਹੀਦਾ।ਸੋਡੀਅਮ ਅਤੇ ਪੋਟਾਸ਼ੀਅਮ ਦੀ ਵਰਤੋਂ ਵਧਾਉਣ ਨਾਲ ਦੁੱਧ ਉਤਪਾਦਨ ਬਿਹਤਰ ਹੁੰਦਾ ਹੈ।
ਪਸ਼ੂ ਨੂੰ ਸਹੀ ਤਰੀਕੇ ਨਾਲ ਮਲੱਪ ਰਹਿਤ ਕਰਨਾ ਚਾਹੀਦਾ ਹੈ ਅਤੇ ਉਸਦਾ ਟੀਕਾਕਰਨ ਨਹੀਂ ਖੁੰਝਣਾ ਚਾਹੀਦਾ।ਗਰਮੀ ਦੇ ਮੌਸਮ ਵਿੱਚ ਚਿੱਚੜ ਅਤੇ ਮੱਖੀ-ਮੱਛਰ ਬਹੁਤ ਤੰਗ ਕਰਦੇ ਹਨ।ਇਨ੍ਹਾਂ ਤੋਂ ਬਚਾਅ ਵਾਸਤੇ ਚਿੱਚੜ ਮਾਰ ਦਵਾਈ ਪਸ਼ੂ ਨੂੰ ਲਗਾਉਣੀ ਚਾਹੀਦੀ ਹੈ।ਇਹ ਦਵਾਈ ਸ਼ੈੱਡਾਂ ਦੇ ਅੰਦਰ ਅਤੇ ਸ਼ੈੱਡਾਂ ਦੀਆਂ ਮੋਰੀਆਂ ਜਾਂ ਝੀਤਾਂ ਆਦਿ ਵਿੱਚ ਵੀ ਛਿੜਕਾਅ ਦੇਣੀ ਚਾਹੀਦੀ ਹੈ।ਅਜਿਹੇ ਉਪਰਾਲਿਆਂ ਨਾਲ ਪਸ਼ੂ ਦਾ ਉਤਪਾਦਨ ਵੀ ਸਥਿਰ ਰਹੇਗਾ ਤੇ ਉਸਦੀ ਸਿਹਤ ਵੀ ਕਾਇਮ ਰਹੇਗੀ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Heat protection is essential for better productivity and well-being of animals