Dairy Farming Business: ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਾਰੇ ਸਹਾਇਕ ਧੰਦਿਆਂ ਨਾਲੋਂ ਵੱਧ ਹਰਮਨ ਪਿਆਰਾ ਹੈ ਕਿਉਂਕਿ ਪਸ਼ੂਆਂ ਦੇ ਨਾਲ ਕਿਸਾਨਾਂ ਦਾ ਸਾਥ ਹਮੇਸ਼ਾਂ ਹੀ ਰਿਹਾ ਹੈ। ਮਾੜੀ ਆਰਥਿਕਤਾ ਦੀ ਨੇਰ੍ਹੀ ਰਾਤ ‘ਚੋਂ ਕੱਢਣ ਲਈ ਇਹ ਕਿੱਤਾ ਸੱਜਰੀ ਸਵੇਰ ਵਰਗਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਦੁਧਾਰੂ ਪਸ਼ੂਆਂ ਨੂੰ ਵਿਗਿਆਨਕ ਢੰਗਾਂ ਦੇ ਆਧਾਰ ਤੇ ਸੰਤੁਲਿਤ ਖੁਰਾਕ, ਚੰਗੀ ਦੇਖਭਾਲ, ਪ੍ਰਬੰਧ ਅਤੇ ਸਿਹਤ ਸੰਬੰਧੀ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।
ਡੇਅਰੀ ਫ਼ਾਰਮਿੰਗ ਦੇ ਕਿੱਤੇ ਵਿੱਚ ਆਪਣੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਚੰਗੀ ਨਸਲ ਦੇ ਪਸ਼ੂ, ਸੰਤੁਲਿਤ ਖੁਰਾਕ, ਚੰਗੀ ਦੇਖਭਾਲ ਆਦਿ ਦੇ ਨਾਲ ਨਾਲ ਸਾਫ-ਸੁਥਰੇ ਹਵਾਦਾਰ ਢਾਰਿਆਂ ਦਾ ਹੋਣਾ ਵੀ ਬਹੁਤ ਜਰੂਰੀ ਹੈ ਤਾਂ ਜਿੱਥੇ ਦੁਧਾਰੂ ਪਸ਼ੂ ਸੁਖਾਵੇਂ ਅਤੇ ਅਰਾਮਦਾਇਕ ਮਾਹੌਲ ਵਿੱਚ ਰਹਿ ਸਕਣ।
ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ
ਦੁਧਾਰੂ ਪਸ਼ੂਆਂ ਲਈ ਸਾਫ-ਸੁਥਰੇ ਢਾਰੇ ਜਿੱਥੇ ਸਿਆਲਾਂ ਵਿਚ ਧੁੱਪ ਅਤੇ ਗਰਮੀਆਂ ਵਿਚ ਛਾਂਅ ਤੇ ਹਵਾ ਆਉਂਦੀ ਹੋਵੇ ਬੇਹੱਦ ਜਰੂਰੀ ਹਨ। ਤਸਵੀਰ ਵਿੱਚ 10 ਮੱਝਾਂ/ਗਾਵਾਂ ਅਤੇ ਕੱਟੜੂਆਂ/ਵੱਛੜੂਆਂ ਲਈ ਵਾਸਤੇ ਸ਼ੈੱਡ ਦਾ ਮਾਡਲ ਦਿਖਾਇਆ ਗਿਆ ਹੈ ਜਿਸਨੂੰ ਪਸ਼ੁਆਂ ਦੀ ਗਿਣਤੀ ਦੇ ਹਿਸਾਬ ਨਾਲ ਵਧਾਇਆ ਵੀ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪਸ਼ੂ ਪਾਲਕਾਂ ਨੂੰ ਮਾਹਰਾਂ ਦੀ ਸਲਾਹ, ਗਰਮੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਰੱਖੋ ਪਸ਼ੂਆਂ ਦਾ ਧਿਆਨ
ਪਸ਼ੂਆਂ ਦੇ ਢਾਰਿਆਂ/ਸ਼ੈੱਡਾਂ ਦੀ ਉਸਾਰੀ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਵਿੱਚ ਰੱਖੋ :-
● ਲੰਬੇ ਧੁਰੇ ਤੋਂ ਪਸ਼ੂ ਘਰਾਂ ਦੀ ਦਿਸ਼ਾ ਪੂਰਬ-ਪੱਛਮ ਵੱਲ ਹੋਣੀ ਚਾਹੀਦੀ ਹੈ ਤਾਂ ਜੋ ਸਰਦੀਆਂ ਵਿਚ ਧੁੱਪ ਢਾਰੇ ਦੇ ਅੰਦਰ ਆ ਸਕੇ ਅਤੇ ਗਰਮੀਆਂ ਵਿਚ ਧੁੱਪ ਬਾਹਰੋਂ-ਬਾਹਰ ਦੀ ਨਿਕਲ ਜਾਵੇ ਅਤੇ ਪਸ਼ੂ ਵਰਖਾ, ਧੁੱਪ, ਛਾਂ ਅਤੇ ਠੰਡੀ ਤੇਜ਼ ਹਵਾ ਤੋਂ ਬਚੇ ਰਹਿਣ।
● ਪਸ਼ੂਆਂ ਦੇ ਢਾਰੇ ਸਸਤੇ ਅਤੇ ਹੰਢਣਸਾਰ ਹੋਣੇ ਚਾਹੀਦੇ ਹਨ।
● ਪਸ਼ੂ ਘਰ ਵੱਡੀ ਸੜਕ ਤੋਂ 100-200 ਗਜ ਦੀ ਵਿੱਥ ਤੋਂ ਖਾਸ ਢੁੱਕਵੇਂ ਸਥਾਨ ਤੇ ਹੋਣੇ ਚਾਹੀਦੇ ਹਨ ਜਿੱਥੇ ਖੇਤਾਂ ਨੂੰ ਜਾਣ ਲਈ ਪੱਠੇ, ਵੰਡ ਤੇ ਹੋਰ ਲੋੜੀਂਦਾ ਸਮਾਨ ਫਾਰਮ ਤੇ ਲਿਜਾਣ ਲਈ ਅਤੇ ਫਾਰਮ ਤੋਂ ਮੰਡੀ ਵਿਚ ਦੁੱਧ ਆਦਿ ਪਹੁੰਚਾਣ ਲਈ ਆਵਾਜਾਈ ਵਿਚ ਕੋਈ ਤਕਲੀਫ ਨਾ ਹੋਵੇ।
● ਪਸ਼ੂਆਂ ਦੇ ਢਾਰਿਆਂ ਲਈ ਜਗ੍ਹਾਂ ਪੱਧਰੀ ਅਤੇ ਆਲੇ-ਦੁਆਲੇ ਦੀ ਜਮੀਨ ਦੀ ਸਤ੍ਹਾ ਤੋਂ ਉੱਚੀ ਹੋਣੀ ਚਾਹੀਦੀ ਹੈ।
● ਢਾਰਿਆਂ ਦੀ ਜਗ੍ਹਾਂ ਅਤੇ ਆਲੇ-ਦੁਆਲੇ ਦੀ ਜਮੀਨ ਸੁਖਾਵੀਂ ਢਲਾਣ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਜਗ੍ਹਾਂ ਸੁੱਕੀ, ਸਾਫ-ਸੁਥਰੀ ਅਤੇ ਮਲਮੂਤਰ ਦੀ ਬਦਬੋ ਤੋਂ ਰਹਿਤ ਹੋ ਸਕੇ।
ਇਹ ਵੀ ਪੜ੍ਹੋ: ਭਾਰਤ ਦੀਆਂ 5 ਸਭ ਤੋਂ ਮਹਿੰਗੀਆਂ ਮੱਝਾਂ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
● ਪਸ਼ੂਆਂ ਦੇ ਨਿਵਾਸ ਸਥਾਨ ਤੇ ਬਿਜਲੀ ਅਤੇ ਸਾਫ-ਸੁਥਰੇ ਪਾਣੀ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਪਸ਼ੂ ਘਰਾਂ ਵਿਚ ਰੋਸ਼ਨੀ, ਪੱਠੇ ਕੁਤਰਨੇ, ਪਸ਼ੂਆਂ ਨੂੰ ਪਾਣੀ ਪਿਲਾਉਣਾ, ਨਹਾਉਣਾ, ਢਾਰਿਆਂ ਦੀ ਸਫਾਈ ਕਰਨੀ, ਡੇਅਰੀ ਦੇ ਸੰਦਾਂ ਦੀ ਸਫਾਈ ਕਰਨੀ, ਗੋਬਰ ਗੈਂਸ ਪਲਾਂਟ ਚਲਾਉਣ ਵਿਚ ਕੋਈ ਰੁਕਾਵਟ ਨਾ ਆਵੇ।
● ਜੇਕਰ ਢਾਰੇ ਖੇਤ ਵਿੱਚ ਬਣਾਉਣੇ ਹੋਣ ਤਾਂ ਇਹ ਟਿਊਬਵੈਲ ਅਤੇ ਦਰਖਤਾਂ ਨੇੜੇ ਬਣਾਉਣੇ ਚਾਹੀਦੇ ਹਨ ਜੋ ਗਰਮੀਆਂ ਵਿਚ ਪਸ਼ੂ ਛਾਂਵੇਂ ਬੈਠ ਸਕਣ ਅਤੇ ਠੰਡੀ ਹਵਾ ਦਾ ਆਨੰਦ ਮਾਨ ਸਕਣ
● ਪਸ਼ੂ ਘਰ ਰਿਹਾਇਸ਼ੀ ਮਕਾਨ ਤੋਂ ਨੇੜੇ ਹੀ ਹੋਣੇ ਚਾਹੀਦੇ ਹਨ ਤਾਂ ਜੋ ਪਸ਼ੂਆਂ ਦੀ ਦੇਖਭਾਲ ਘਰ ਬੈਠ ਕੇ ਹੀ ਕੀਤੀ ਜਾ ਸਕੇ।
● ਪਸ਼ੂਆਂ ਦੇ ਮਕਾਨ ਵਿਚ ਤੂੜੀ/ਪੱਠਿਆਂ ਦਾ ਸਟੋਰ, ਦਾਣੇ ਦਾ ਸਟੋਰ, ਮਲ-ਮੂਤਰ ਵਾਲੀ ਖਾਈ ਇਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ, ਜਿਸ ਨਾਲ ਕੰਮ ਕਰਨ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ।
● ਸ਼ੈੱਡ ਨੂੰ ਵਧਾਉਣ ਦੀ ਗੁੰਜਾਇਸ਼ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈੈ ਤਾਂ ਜੋ ਪਸ਼ੂਆਂ ਦੀ ਗਿਣਤੀ ਵਧਾਉਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ।
ਅਜੀਤਪਾਲ ਧਾਲੀਵਾਲ, ਪਲਵਿੰਦਰ ਸਿੰਘ ਅਤੇ ਸਰਵਪ੍ਰਿਆ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
Summary in English: Pay special attention to these things before constructing animal shelters/sheds