1. Home
  2. ਪਸ਼ੂ ਪਾਲਣ

ਮਧੂ ਮੱਖੀਆਂ ਵਿੱਚ ਸਵਾਰਮਿੰਗ ਦੀ ਸਮੱਸਿਆ ਅਤੇ ਹੱਲ

ਮਧੂ ਮੱਖੀਆਂ ਨੂੰ ਕਈ ਸਮੱਸਿਆਵਾਂ ਵਿਚੋਂ ਗੁਜਰਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਸਵਾਰਮਿੰਗ ਦੀ ਸਮੱਸਿਆ ਪ੍ਰਮੁੱਖ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

KJ Staff
KJ Staff
Bees

Bees

ਮਧੂ ਮੱਖੀਆਂ ਨੂੰ ਕਈ ਸਮੱਸਿਆਵਾਂ ਵਿਚੋਂ ਗੁਜਰਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਸਵਾਰਮਿੰਗ ਦੀ ਸਮੱਸਿਆ ਪ੍ਰਮੁੱਖ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

ਸਵਾਰਮਿੰਗ:- ਬਸੰਤ ਜਾਂ ਪਤਝੜ ਰੁੱਤ ਵਿਚ ਕਾਮਾ ਮੱਖੀਆਂ ਦੀ ਜ਼ਿਆਦਾ ਗਿਣਤੀ ਵਾਲੇ ਕਟੁੰਬਾਂ ਦੇ ਅੰਦਰ ਅਤੇ ਬਾਹਰ ਮੱਖੀਆਂ ਛਿੜ ਜਾਂਦੀਆਂ ਹਨ ਅਤੇ ਬਕਸੇ ਨੂੰ ਛੱਡਣ ਲਈ ਤਿਆਰ ਹੋ ਜਾਂਦੀਆਂ ਹਨ।ਜਦੋਂ ਮਧੂ ਮੱਖੀਆਂ ਦਾ ਕਟੁੰਬ ਸਵਾਰਮ ਦਿੰਦਾ ਹੈ ਤਾਂ ਪੁਰਾਣੀ ਰਾਣੀ ਮੱਖੀ ਆਪਣੇ ਨਾਲ ਲੱਗਭਗ ਅੱਧੀਆਂ ਕਾਮਾ ਮੱਖੀਆਂ ਨੂੰ ਲੈ ਕੇ ਬਕਸੇ ਨੂੰ ਛੱਡ ਜਾਂਦੀ ਹੈ, ਜਿਸ ਨੂੰ ਸਵਾਰਮਿੰਗ ਕਹਿੰਦੇ ਹਨ।ਇਸ ਤਰ੍ਹਾਂ ਪੁਰਾਣੇ ਕਟੁੰਬ ਵਿੱਚ ਲੱਗਭਗ ਅੱਧੀਆਂ ਮੱਖੀਆਂ ਅਤੇ ਕੁਝ ਰਾਣੀ ਸੈੱਲ ਹੀ ਰਹਿ ਜਾਂਦੇ ਹਨ।ਬਕਸੇ ਨੂੰ ਛੱਡਣ ਵਾਲੀਆਂ ਮੱਖੀਆਂ ਦੀ ਗਿਣਤੀ ਕੁੱਲ ਮੱਖੀਆਂ ਦਾ 30% ਤੋਂ 70% ਤੱਕ ਹੋ ਸਕਦੀ ਹੈ।

ਸਵਾਰਮਿੰਗ ਦੇ ਨੁਕਸਾਨ:-

ਮੱਖੀਆਂ ਦੇ ਸਵਾਰਮ ਹੋਣ ਨਾਲ ਕਟੁੰਬ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਵੇਂ ਕਿ ਸੈੱਲਾਂ ਵਿੱਚੋਂ ਨਵੀਂ ਰਾਣੀ ਮੱਖੀ ਨਿਕਲ ਤਾਂ ਆਉਂਦੀ ਹੈ ਪਰ ਇਹ ਰਾਣੀ ਮੱਖੀ ਜੇਕਰ ਕਿਸੇ ਕਾਰਨ ਗਰਭਤ ਨਾ ਹੋ ਸਕੇ ਜਾਂ ਕਿਸੇ ਕਾਰਨ ਕਟੁੰਬ ਵਿੱਚ ਵਾਪਸ ਨਾ ਆ ਸਕੇ ਤਾਂ ਕਟੁੰਬ ਦੀ ਬਲਤਾ ਘੱਟ ਜਾਂਦੀ ਹੈ ਅਤੇ ਇਹਨਾਂ ਕਟੁੰਬਾਂ ਦਾ ਸਮੇਂ ਸਿਰ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਹੌਲੀ-ਹੌਲੀ ਖਤਮ ਹੋ ਜਾਂਦੇ ਹਨ। ਜੇਕਰ ਰਾਣੀ ਮੱਖੀ ਪੁਰਾਣੇ ਕਟੁੰਬ ਵਿੱਚ ਕੁਝ ਦੇਰ ਬਾਅਦ ਗਰਭਤ ਹੋ ਵੀ ਜਾਵੇ, ਤਾਂ ਇਹ ਕਟੁੰਬ ਕਾਮੇ ਮੱਖੀਆਂ ਦੀ ਗਿਣਤੀ ਘੱਟ ਹੋ ਜਾਣ ਕਾਰਨ, ਜ਼ਿਆਦਾ ਸ਼ਹਿਦ ਇੱਕਠਾ ਨਹੀ ਕਰ ਸਕਦਾ।ਇਸ ਲਈ ਇਸ ਮੌਸਮ ਵਿੱਚ ਸਵਾਰਮ ਨੂੰ ਰੋਕਣ ਦੇ ਉੱਪਰਾਲੇ ਕਰਨੇ ਚਾਹੀਦੇ ਹਨ।

ਸਵਾਰਮਿੰਗ ਹੋਣ ਦੇ ਕਾਰਣ

ਮੱਖੀਆਂ ਦੇ ਸਵਾਰਮ ਕਰਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬਰੂਡ ਦੇ ਵਾਧੇ ਵਾਸਤੇ ਛੱਤਾ ਬਣਾਉਣ ਲਈ ਜਗ੍ਹਾਂ ਦੀ ਕਮੀ ਜਾਂ ਪੱਕੇ ਸ਼ਹਿਦ ਨੂੰ ਸਟੋਰ ਕਰਨ ਲਈ ਜਗ੍ਹਾਂ ਦੀ ਕਮੀ ਹੋਣ ਕਾਰਨ ਛੱਤਾ ਬਨਾਉਣ ਵਾਲੀਆਂ ਜਾਂ ਪੋਲਨ, ਨੈਕਟਰ ਇਕੱਠਾ ਕਰਨ ਵਾਲੀਆਂ ਮੱਖੀਆਂ ਨੂੰ ਕੋਈ ਕੰਮ ਨਹੀ ਲੱਭਦਾ ਜਿਸ ਕਾਰਨ ਉਹ ਸੁਸਤ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਛੋਟੀ ਉਮਰ ਦੀਆਂ ਮੱਖੀਆਂ ਦੀ ਗਿਣਤੀ ਵਧਣ ਨਾਲ ਛੱਤੇ ਤੇ ਭੀੜ ਪੈਣਾ, ਹਵਾ ਦਾ ਲੋੜੀਂਦੀ ਮਾਤਰਾ ਤੋਂ ਘੱਟ ਆਦਾਨ ਪ੍ਰਦਾਨ ਅਤੇ ਬਿਮਾਰੀ ਫੈਲਣ ਵਾਲੀ ਸਥਿਤੀ ਪੈਦਾ ਹੋਣਾ, ਜ਼ਿਆਦਾ ਤਾਪਮਾਨ, ਰਾਣੀ ਮੱਖੀ ਦਾ ਜ਼ਿਆਦਾ ਉਮਰ ਦਾ ਹੋਣਾ ਅਤੇ ਇਸਦਾ ਘੱਟ ਮਾਤਰਾ ਵਿੱਚ ਅੰਡੇ ਦੇਣਾ ਆਦਿ ਵੀ ਸਵਾਰਮਿੰਗ ਦੇ ਕਾਰਨ ਹਨ।

Bees

Bees

ਬਸੰਤ ਰੁੱਤ ਦੋਰਾਨ ਮੋਸਮ ਵਿੱਚ ਗਰਮੀ ਦੇ ਵਧਣ ਕਾਰਨ ਅਤੇ ਰਾਣੀ ਮੱਖੀ ਨੂੰ ਉਸਦੀ ਦੇਖਭਾਲ ਕਰਨ ਵਾਲੀਆਂ ਮੱਖੀਆਂ ਦੁਆਰਾ ਵਧੀਆ ਖੁਰਾਕ ਖੁਆਏ ਜਾਣ ਕਾਰਨ, ਰਾਣੀ ਮੱਖੀ ਦੀ ਅੰਡੇ ਪਾਉਣ ਦੀ ਗਤੀ ਵਧਦੀ ਰਹਿੰਦੀ ਹੈ ਜੋ ਕਿ ਹੋਲੀ ਹੋਲੀ ਸਿਖਰ ਤੇ ਪਹੁੰਚ ਜਾਂਦੀ ਹੈ।ਰਾਣੀ ਮੱਖੀ ਦੁਆਰਾ ਅੰਡੇ ਪਾਉਣ ਦੀ ਸਿਖਰਤਾ ਕੁਝ ਦਿਨ ਤੱਕ ਬਣੀ ਰਹਿੰਦੀ ਹੈ ਜਿਸ ਤੋਂ ਬਾਅਦ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ।ਤਿੰਨ ਹਫਤਿਆਂ ਬਾਅਦ ਇਹਨਾਂ ਸੈੱਲਾਂ ਵਿੱਚੋਂ ਮੱਖੀਆਂ ਆਪਣੀ ਸੰੁਡੀ ਅਤੇ ਪਿਊਪਾ ਅਵਸਥਾ ਪੂਰੀ ਕਰਨ ਤੋਂ ਬਾਅਦ ਬਾਲਗ ਰੂਪ ਵਿੱਚ ਸੈੱਲਾਂ ਦੀਆਂ ਟੋਪੀਆਂ ਤੋੜ ਕੇ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਮੱਖੀਆਂ ਦੀ ਸੈੱਲਾਂ ਵਿੱਚੋਂ ਨਿਕਲਣ ਦੀ ਗਤੀ ਰਾਣੀ ਮੱਖੀ ਦੇ ਅੰਡੇ ਪਾਉਣ ਦੀ ਗਤੀ ਨਾਲੋਂ ਜ਼ਿਆਦਾ ਹੋ ਜਾਂਦੀ ਹੈ।ਕਾਫੀ ਜ਼ਿਆਦਾ ਗਿਣਤੀ ਵਿੱਚ ਨਵੀਆਂ ਨਿਕਲੀਆਂ ਨਰਸ ਮੱਖੀਆਂ ਬਰੂਡ ਨੂੰ ਭੋਜਨ ਖੁਆਉਣ ਲਈ ਅਤੇ ਰਾਜ ਮੱਖੀਆਂ ਨਵਾਂ ਛੱਤਾ ਤਿਆਰ ਕਰਨ ਲਈ ਉਤਸੁਕ ਹੁੰਦੀਆਂ ਹਨ ਪਰ ਰਾਣੀ ਮੱਖੀ ਜਗ੍ਹਾਂ ਦੀ ਘਾਟ ਕਾਰਨ ਨਵੇਂ ਅੰਡੇ ਨਹੀ ਪਾ ਸਕਦੀ ਜਿਸ ਕਾਰਨ ਨਵਾਂ ਬਰੂਡ ਤਿਆਰ ਨਹੀ ਹੋ ਪਾਉਂਦਾ, ਜਿਸ ਨੂੰ ਨਵੀਆਂ ਨਿਕਲੀਆਂ ਨਰਸ ਮੱਖੀਆਂ ਭੋਜਨ ਖੁਆ ਸਕਣ।ਇਸ ਤਰ੍ਹਾਂ ਇਹ ਨਰਸ ਮੱਖੀਆਂ ਕੰਮ ਦੀ ਘਾਟ ਹੋਣ ਕਾਰਨ ਆਪਣੇ ਆਪ ਨੂੰ ਵਿਹਲਾ ਮਹਿਸੂਸ ਕਰਦੀਆਂ ਹਨ।ਇਸੇ ਤਰ੍ਹਾਂ ਬਸੰਤ ਰੁੱਤ ਵਿੱਚ ਫੁੱਲ ਫੁਲਾਕੇ ਦੀ ਬਹੁਤਾਤ ਕਾਰਨ ਬਾਹਰ ਕੰਮ ਕਰਨ ਗਈਆਂ ਮੱਖੀਆਂ (ਫੋਰੇਜਰ ਮੱਖੀਆਂ) ਬਾਹਰੋ ਕਾਫੀ ਮਾਤਰਾ ਵਿੱਚ ਨੈਕਟਰ ਅਤੇ ਪੋਲਨ ਲੈ ਕੇ ਆਉਂਦੀਆਂ ਹਨ ਪਰ ਜਗ੍ਹਾਂ ਦੀ ਕਮੀ ਕਾਰਨ ਵਾਧੂ ਸ਼ਹਿਦ ਨੂੰ ਜਮਾਂਹ ਕਰਨ ਵਿੱਚ ਉਹਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਮੱਖੀਆਂ ਵਿੱਚ ਸਵਾਰਮ ਕਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ।

ਸਵਾਰਮ ਜਾਰੀ ਹੋਣ ਤੋਂ ਪਹਿਲਾਂ ਦੇ ਸੰਕੇਤ

ਛੋਟੀ ਉਮਰ ਦੀਆਂ ਮੱਖੀਆਂ ਦਾ ਜ਼ਿਆਦਾ ਗਿਣਤੀ ਵਿੱਚ ਹੋਣਾ ਅਤੇ ਨਰਸ ਮੱਖੀਆਂ ਦੀ ਬਜਾਇ ਇਹਨਾਂ ਛੋਟੀ ਉਮਰ ਦੀਆਂ ਮੱਖੀਆਂ ਦੁਆਰਾ ਬਰੂਡ ਨੂੰ ਢੱਕਣਾ, ਨਰਸ ਮੱਖੀਆਂ ਦੁਆਰਾ ਬਰੂਡ ਦੀ ਦੇਖਭਾਲ ਕਰਨ ਦੀ ਬਜਾਇ ਦੂਸਰੀਆਂ ਜਿੰਮੇਵਾਰੀਆਂ ਨਿਭਾਉਣਾ ਜਿਵੇਂ ਕਿ ਸੈੱਲਾਂ ਦੀ ਸਫਾਈ, ਰਾਣੀ ਮੱਖੀ ਨੂੰ ਜ਼ਿਆਦਾ ਤੋਂ ਜ਼ਿਆਦਾ ਭੋਜਨ ਖੁਆਉਣ ਲਈ ਮੱਖੀਆਂ ਦਾ ਉਤਸ਼ਾਹਿਤ ਹੋਣਾ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਅੰਡੇ ਪਾ ਸਕੇ ਜਿਸ ਨਾਲ ਕਿ ਵਿਹਲੀਆਂ ਰਹਿ ਜਾਣ ਵਾਲੀਆਂ ਮੱਖੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ, ਛੱਤੇ ਦੇ ਹੇਠਲੇ ਪਾਸੇ ਕਈ ਰਾਣੀ ਸੈੱਲਾਂ ਦਾ ਬਨਣਾ।

ਸਵਾਰਮ ਦਾ ਵਿਕਸਿਤ ਹੋਣਾ:-

ਰਾਣੀ ਮੱਖੀ ਦੁਆਰਾ ਅੰਡੇ ਪਾਉਣ ਦੀ ਗਤੀ ਵਿੱਚ ਵਾਧਾ ਹੋਣ ਕਾਰਨ ਇਸਦੀ ਦੇਖਭਾਲ ਕਰਨ ਵਾਲੀਆਂ ਮੱਖੀਆਂ ਜਿਨ੍ਹਾਂ ਦੀ ਗਿਣਤੀ ਸਾਧਾਰਨ ਹਾਲਤ ਵਿੱਚ 10-12 ਹੁੰਦੀ ਹੈ, ਦੋਗੁਣੀ ਹੋ ਜਾਂਦੀ ਹੈ।ਰਾਣੀ ਮੱਖੀ ਦੀ ਖੁਰਾਕ ਵਿੱਚ ਵੀ ਵਾਧਾ ਹੋ ਜਾਂਦਾ ਹੈ।ਅਜਿਹੀ ਸਥਿਤੀ ਵਿੱਚ ਰਾਣੀ ਮੱਖੀ ਇੱਕ ਮਿੰਟ ਵਿੱਚ ਇੱਕ ਅੰਡਾ ਅਤੇ ਲਗਭਗ 1500 ਅੰਡੇ ਪ੍ਰਤੀ ਦਿਨ ਪਾਉਣ ਲੱਗ ਜਾਂਦੀ ਹੈ।ਰਾਣੀ ਮੱਖੀ ਹਮੇਸ਼ਾਂ ਖਾਲੀ ਸੈੱਲਾਂ ਦੀ ਖੋਜ ਵਿੱਚ ਰਹਿੰਦੀ ਹੈ ਜਿਨ੍ਹਾਂ ਵਿੱਚ ਖਾਲੀ ਹੋਏ ਰਾਣੀ ਸੈੱਲ ਵੀ ਸ਼ਾਮਿਲ ਹੁੰਦੇ ਹਨ।ਜਦੋਂ ਰਾਣੀ ਸੈੱਲਾਂ ਵਿੱਚ ਦਿੱਤੇ ਅੰਡਿਆਂ ਵਿੱਚੋਂ ਸੁੰਡੀਆਂ ਨਿਕਲ ਆਉਂਦੀਆਂ ਹਨ ਤਾਂ ਮੱਖੀਆਂ ਉਹਨਾਂ ਨੂੰ ਕਾਫੀ ਮਾਤਰਾ ਵਿੱਚ ਰਾਇਲ ਜੈਲੀ ਖੁਆਉਂਦੀਆਂ ਹਨ ਪਰ ਨਾਲ ਹੀ ਰਾਣੀ ਮੱਖੀ ਨੂੰ ਖੁਰਾਕ ਖੁਆਉਣੀ ਘਟਾ ਦਿੰਦੀਆਂ ਹਨ।ਮੱਖੀਆਂ ਉਸਨੂੰ ਚਲਦੇ ਰਹਿਣ ਲਈ ਧੱਕਦੀਆਂ ਵੀ ਹਨ।ਰਾਣੀ ਮੱਖੀ ਸਵਾਰਮਿੰਗ ਵਾਲੇ ਦਿਨ ਤੱਕ ਅੰਡੇ ਪਾਉਣੀ ਜਾਰੀ ਰੱਖਦੀ ਹੈ ਪਰ ਅੰਡੇ ਪਾਉਣ ਦੀ ਗਤੀ ਵਿੱਚ ਕਾਫੀ ਕਮੀ ਆ ਜਾਂਦੀ ਹੈ।ਖੁਰਾਕ ਵਿੱਚ ਆਈ ਕਮੀ ਕਾਰਨ ਰਾਣੀ ਮੱਖੀ ਦੇ ਧੜ ਦਾ ਆਕਾਰ ਛੋਟਾ ਹੋ ਜਾਂਦਾ ਹੈ ਅਤੇ ਉਸਦੇ ਸਰੀਰ ਦਾ ਭਾਰ ਲਗਭਗ ਇੱਕ ਤਿਹਾਈ ਰਹਿ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਆਸਾਨੀ ਨਾਲ ਉੱਡ ਸਕਦੀ ਹੈ।

ਸਵਾਰਮਿੰਗ ਵਾਲੇ ਮੋਸਮ ਵਿੱਚ ਜੇਕਰ ਰਾਣੀ ਸੈੱਲਾਂ ਵਿੱਚ ਦੋ ਜਾਂ ਇਸ ਤੋਂ ਵੱਧ ਦਿਨਾਂ ਦੀਆਂ ਸੁੰਡੀਆਂ ਨਜ਼ਰ ਆਉਣ ਅਤੇ ਰਾਣੀ ਮੱਖੀ ਦਾ ਭਾਰ ਘਟਿਆ ਹੋਇਆ ਪ੍ਰਤੀਤ ਹੋਵੇ ਤਾਂ ਇਹ ਕਟੁੰਬ ਦੀਆਂ ਮੱਖੀਆਂ ਦਾ ਸਵਾਰਮ ਕਰਨ ਦਾ ਪੱਕਾ ਸੰਕੇਤ ਹੈ।

ਸਵਾਰਮਿੰਗ ਰੋਕਣ ਦੇ ਉਪਰਾਲੇ

ਕਟੁੰਬ ਵਿੱਚ ਹੋਰ ਜਗ੍ਹਾ ਦੇਣੀ

ਸਵਾਰਮ ਦੇ ਵਿਕਾਸ ਕਰਨ ਦੇ ਬਾਰੇ ਵਿੱਚ ਤਾਂ ਕਾਫੀ ਕੁਝ ਜਾਣਕਾਰੀ ਹੈ ਪਰ ਸਵਾਰਮ ਦੇ ਪੈਦਾ ਹੋਣ ਦੇ ਪਿੱਛੇ ਕਿਹੜੇ ਕਾਰਨ ਹਨ ਇਹਨਾਂ ਬਾਰੇ ਜਾਣਕਾਰੀ ਅਜੇ ਅਧੂਰੀ ਹੈ।ਕਟੁੰਬ ਵਿੱਚ ਜਗਾਂ੍ਹ ਅਤੇ ਹਵਾ ਦੇ ਆਦਾਨ ਪ੍ਰਦਾਨ ਵਿੱਚ ਕਮੀ ਮਧੂ ਮੱਖੀਆਂ ਦੇ ਸਵਾਰਮ ਕਰਨ ਦਾ ਮੁੱਖ ਕਾਰਨ ਹੈ ਜਾਂ ਦੂਸਰੇ ਸ਼ਬਦਾਂ ਵਿੱਚ ਬਕਸੇ ਵਿੱਚ ਮਧੂ ਮੱਖੀਆਂ ਦੀ ਭੀੜ ਦਾ ਹੋਣਾ ਹੈ।ਇਸ ਭੀੜ ਨੂੰ ਘਟਾਉਣ ਲਈ ਬਕਸੇ ਵਿੱਚ ਲੋੜ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਮੋਮ ਦੀਆਂ ਬੁਨਿਆਦੀ ਸ਼ੀਟਾਂ ਲੱਗੇ ਫਰੇਮ ਦਿੰਦੇ ਰਹਿਣਾ ਚਾਹੀਦਾ ਹੈ।ਇਹ ਨਵੇਂ ਫਰੇਮ ਪਹਿਲੀਆਂ ਬਰੂਡ ਵਾਲੀਆਂ ਫਰੇਮਾਂ ਦੇ ਵਿਚਕਾਰ ਪਾਉ।ਜੇਕਰ ਨਵੇਂ ਫਰੇਮ ਬਰੂਡ ਤੋਂ ਦੂਰ ਬਾਹਰਲੇ ਪਾਸੇ ਦਿੱਤੇ ਜਾਣ ਤਾਂ ਮੱਖੀਆਂ ਛੇਤੀ ਛੇਤੀ ਇਨ੍ਹਾਂ ਉੱਪਰ ਕੰਮ ਕਰਨਾ ਸ਼ੁਰੂ ਨਹੀ ਕਰਦੀਆਂ ਅਤੇ ਪੁਰਾਣੀਆਂ ਬਰੂਡ ਵਾਲੀਆਂ ਫਰੇਮਾਂ ਵਿੱਚ ਪਹਿਲੇ ਦੀ ਤਰ੍ਹਾਂ ਹੀ ਭੀੜ ਬਣੀ ਰਹਿੰਦੀ ਹੈ। ਜੇਕਰ ਬਰੂਡ ਚੈਂਬਰ ਵਿੱਚ ਮੱਖੀਆਂ ਦੇ ਸਾਰੇ ਛੱਤੇ ਪੂਰੇ ਭਰੇ ਹੋਣ ਤਾਂ ਵਾਧੂ ਜਗ੍ਹਾ ਦੇਣ ਲਈ ਸੁਪਰ ਚੈਂਬਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਰਾਣੀ ਮੱਖੀ ਦੇ ਸੈੱਲ ਤੋੜਨਾਂ

ਸਵਾਰਮ ਦੇਣ ਵਾਲੇ ਕਟੁੰਬ ਵਿੱਚ ਕੁਝ ਰਾਣੀ ਸੈੱਲ ਤਿਆਰ ਹੋ ਜਾਂਦੇ ਹਨ।ਜੇਕਰ ਇੱਕ ਚੰਗੀ ਰਾਣੀ ਦੇ ਹੁੰਦੇ ਹੋਏ ਵੀ ਕਟੁੰਬ ਰਾਣੀ ਸੈੱਲ ਬਣਾ ਲਵੇ ਤਾਂ ਉਨ੍ਹਾਂ ਰਾਣੀ ਸੈੱਲਾਂ ਨੂੰ ਤੋੜ ਦੇਣ ਨਾਲ ਇਹ ਸਵਾਰਮ ਨਹੀ ਦੇ ਸਕਦਾ।ਹਾਈਵ ਟੂਲ ਦੀ ਮਦਦ ਨਾਲ ਇਹਨਾਂ ਰਾਣੀ ਸੈੱਲਾਂ ਨੂੰ ਤੋੜ ਦੇਣਾ ਚਾਹੀਦਾ ਹੈ ਜਾਂ ਇਹਨਾਂ ਰਾਣੀ ਸੈੱਲਾਂ ਨੂੰ ਕੱਟ ਕੇ ਕਿਸੇ ਹੋਰ ਰਾਣੀ ਰਹਿਤ ਕਟੁੰਬ ਨੂੰ ਦੇ ਦੇਣੇ ਚਾਹੀਦੇ ਹਨ।ਇਸ ਤਰ੍ਹਾਂ ਕਰਨ ਨਾਲ ਪੁਰਾਣਾ ਕਟੁੰਬ ਸਵਾਰਮ ਵੀ ਨਹੀ ਦੇਵੇਗਾ ਅਤੇ ਨਵੇਂ ਬਕਸੇ ਵੀ ਤਿਆਰ ਹੋ ਜਾਣਗੇ।

ਰਾਣੀ ਮੱਖੀ ਦੇ ਖੰਭ ਕੱਟਣੇ

ਜੇਕਰ ਰਾਣੀ ਮੱਖੀ ਦੇ ਅਗਲੇ ਖੰਭਾਂ ਵਿੱਚੋਂ ਸੱਜਾ ਜਾਂ ਖੱਬਾ ਖੰਭ ਲੰਬਾਈ ਰੁੱਖੋਂ ਤਕਰੀਬਨ 1/3 ਤੋਂ 1/2 ਹਿੱਸਾ ਕੱਟ ਦਿੱਤਾ ਜਾਵੇ ਤਾਂ ਰਾਣੀ ਮੱਖੀ ਆਪਣਾ ਭਾਰ ਸਮਤੋਲ ਨਾ ਰੱਖ ਸਕਣ ਕਰਕੇ ਉੱਡ ਨਹੀ ਸਕਦੀ ਅਤੇ ਸਵਾਰਮ ਨਹੀ ਦੇ ਸਕਦੀ।ਦੋਵਾਂ ਪਾਸਿਆਂ ਦੇ ਖੰਭ ਕੱਟਣ ਨਾਲ ਰਾਣੀ ਮੱਖੀ ਆਪਣਾ ਭਾਰ ਸਮਤੋਲ ਰੱਖਣ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਸਵਾਰਮ ਦੇ ਸਕਦੀ ਹੈ।

ਕਟੁੰਬ ਨੂੰ ਵੰਡ ਦੇਣਾ

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਜ਼ਿਆਦਾ ਭੀੜ ਕਾਰਨ ਕਟੁੰਬ ਸਵਾਰਮ ਦੇ ਜਾਂਦੇ ਹਨ। ਇਸ ਲਈ ਜ਼ਿਆਦਾ ਬਲਤਾ ਵਾਲੇ ਕਟੰੁਬਾਂ ਨੂੰ ਵੰਡਣ ਨਾਲ ਸਵਾਰਮ ਰੋਕਿਆ ਜਾ ਸਕਦਾ ਹੈ।

ਪੁਰਾਣੀ ਰਾਣੀ ਮੱਖੀ ਬਦਲਣਾ

ਤਿੰਨ ਸਾਲ ਪੁਰਾਣੇ ਛੱਤੇ ਅਤੇ ਡੇਢ ਸਾਲ ਤੋਂ ਪੁਰਾਣੀ ਰਾਣੀ ਮੱਖੀ ਨੂੰ ਬਦਲਣ ਨਾਲ ਸਵਾਰਮਿੰਗ ਘੱਟ ਜਾਂਦੀ ਹੈ।ਨਵੀਂ ਰਾਣੀ ਮੱਖੀ ਦੇਣ ਨਾਲ ਕਟੁੰਬ ਵੀ ਤਾਕਤਵਰ ਬਣਦਾ ਹੈ।

ਰਾਣੀ ਗਾਰਡ ਜਾਲੀ ਦੀ ਵਰਤੋਂ

ਜ਼ਿਆਦਾ ਭੀੜ ਵਾਲੇ ਕਟੁੰਬਾਂ ਜਾਂ ਸਵਾਰਮ ਦੇਣ ਦੀ ਤਾਂਘ ਰੱਖਣ ਵਾਲੇ ਕਟੁੰਬਾਂ ਦੇ ਗੇਟ ਤੇ ਰਾਣੀ ਗਾਰਡ ਜਾਲੀ ਲਗਾ ਦੇਣੀ ਚਾਹੀਦੀ ਹੈ।ਇਸ ਜਾਲੀ ਨੂੰ ਬਕਸੇ ਦੇ ਗੇਟ ਮੂਹਰੇ ਲਗਾਉਣ ਨਾਲ ਕਾਮਾ ਮੱਖੀਆਂ ਤਾਂ ਆਸਾਨੀ ਨਾਲ ਇਸ ਵਿੱਚੋਂ ਲੰਘ ਸਕਦੀਆਂ ਹਨ ਪਰ ਰਾਣੀ ਮੱਖੀ ਨਹੀ।

ਰਾਣੀ ਮੱਖੀ ਨੂੰ ਸਵਾਰਮ ਦੇ ਪਿੱਛੇ ਨਾ ਜਾਣ ਦੇਣਾ

ਸਵਾਰਮ ਸਮੇਂ ਜੇਕਰ ਰਾਣੀ ਮੱਖੀ ਨੂੰ ਸਵਾਰਮ ਦੇ ਪਿੱਛੇ ਨਾ ਜਾਣ ਦਿੱਤਾ ਜਾਵੇ ਅਤੇ ਕੈਦ ਕਰ ਲਿਆ ਜਾਵੇ ਜਾਂ ਰਾਣੀ ਮੱਖੀ ਪਿੱਛਾ ਕਰਦੇ ਹੋਏ ਕਿਧਰੇ ਰਸਤਾ ਭੱਟਕ ਜਾਵੇ ਤਾਂ ਸਵਾਰਮ ਬਕਸੇ ਅੰਦਰ ਵਾਪਿਸ ਆ ਜਾਂਦਾ ਹੈ।ਅਸਲ ਵਿੱਚ ਬਕਸੇ ਨੂੰ ਛੱਡਣ ਤੋਂ ਪਹਿਲਾਂ ਮੱਖੀਆਂ ਆਪਣੇ ਮਹਿਦੇ ਨੂੰ ਸ਼ਹਿਦ ਨਾਲ ਭਰ ਲੈਂਦੀਆਂ ਹਨ।ਸ਼ਹਿਦ ਭਰੇ ਮਹਿਦੇ ਨਾਲ ਮਾਂ ਕਟੁੰਬ ਦੀ ਯਾਦ ਭੁੱਲ ਜਾਂਦੀ ਹੈ। ਸਵਾਰਮ ਕਰਦੇ ਸਮੇਂ ਜਿਨ੍ਹਾਂ ਮੱਖੀਆਂ ਦਾ ਮਹਿਦਾ ਸ਼ਹਿਦ ਨਾਲ ਭਰਿਆ ਨਹੀ ਹੁੰਦਾ ਉਹ ਵਾਪਿਸ ਆਪਣੇ ਕਟੁੰਬ ਵਿੱਚ ਆ ਜਾਂਦੀਆਂ ਹਨ।ਮਾਂ ਕਟੁੰਬ ਅਤੇ ਉਸਦੀ ਜਗ੍ਹਾਂ ਨੂੰ ਭੁੱਲਣਾ ਨਵੀਂ ਜਗ੍ਹਾਂ ਤੇ ਛੱਤਾ ਬਣਾਉਣ ਲਈ ਬਹੁਤ ਜਰੂਰੀ ਹੈ।

ਸਵਾਰਮ ਨੂੰ ਫੜਨਾ

ਸਵਾਰਮ ਦਿੱਤੇ ਕਟੁੰਬ ਦੀਆਂ ਮੱਖੀਆਂ ਨੂੰ ਫੜਿਆ ਜਾ ਸਕਦਾ ਹੈ।ਸਵਾਰਮ ਦਿੱਤੀਆਂ ਮੱਖੀਆਂ ਕਟੁੰਬ ਦੇ ਉੱਪਰ ਕੁਝ ਦੇਰ ਤੱਕ ਗੋਲ ਦਾਇਰੇ ਵਿੱਚ ਘੰੁਮਦੀਆਂ ਹਨ। ਇਸ ਗੋਲ ਦਾਇਰੇ ਵਿੱਚ ਰਾਣੀ ਮੱਖੀ ਵਿਚਕਾਰ ਹੁੰਦੀ ਹੈ।ਉੱਡ ਰਹੀਆਂ ਮੱਖੀਆਂ ਉੱਪਰ ਇਹਨਾਂ ਦੇ ਖੰਭ ਗਿੱਲੇ ਕਰਨ ਲਈ ਕਿਸੇ ਡੱਬੇ ਨਾਲ ਜਾਂ ਸਪਰੇ ਪੰਪ ਨਾਲ ਪਾਣੀ ਛਿੜਕੋ ਤਾਂ ਕਿ ਇਹ ਮੱਖੀਆਂ ਨੇੜੇ ਹੀ ਕਿਸੇ ਨੀਵੀਂ ਥਾਂ ਤੇ ਬੈਠ ਜਾਣ।ਕੀਟ ਨਾਸ਼ਕ ਛਿੜਕਾਅ ਲਈ ਵਰਤੇ ਸਪਰੇ ਪੰਪ ਨਾਲ ਪਾਣੀ ਨਹੀ ਛਿੜਕਣਾ ਚਾਹੀਦਾ।ਬੈਠੀਆਂ ਮੱਖੀਆਂ ਨੂੰ ਫੜਨ ਲਈ ਟੋਕਰੀ, ਛੋਟਾ ਬਕਸਾ ਜਾਂ ਜਾਲੀ ਵਰਤਣੀ ਚਾਹੀਦੀ ਹੈ।ਸਵਾਰਮ ਦੇਣ ਵਾਲੀਆਂ ਮੱਖੀਆਂ ਖੁਰਾਕ ਨਾਲ ਲੱਦੀਆਂ ਹੁੰਦੀਆਂ ਹਨ ਇਸ ਲਈ ਇਹਨਾਂ ਦੀ ਡੰਗ ਮਾਰਨ ਦੀ ਰੁਚੀ ਬਹੁਤ ਘੱਟ ਹੁੰਦੀ ਹੈ ਅਤੇ ਇਹਨਾਂ ਮੱਖੀਆਂ ਨੂੰ ਸਿੱਧਾ ਹੱਥ ਨਾਲ ਵੀ ਟੋਕਰੀ ਵਿੱਚ ਪਾਇਆ ਜਾ ਸਕਦਾ ਹੈ।ਫੜੀਆਂ ਹੋਈਆਂ ਮੱਖੀਆਂ ਨੂੰ ਹਨੇਰਾ ਹੋਣ ਤੋਂ ਥੋੜਾ ਪਹਿਲਾਂ ਇੱਕ ਖਾਲੀ ਬਕਸੇ ਵਿੱਚ ਪਾ ਦਿਉ।ਇਸ ਖਾਲੀ ਬਕਸੇ ਵਿੱਚ ਇੱਕ ਛੱਤਾ ਬਰੂਡ ਦਾ ਜਿਹੜਾ ਕਿ ਦੂਸਰੇ ਕਟੰਬ ਤੋਂ ਮੱਖੀਆਂ ਝਾੜ ਕੇ ਲਿਆਂਦਾ ਹੋਵੇ, ਦੇਣਾ ਚਾਹੀਦਾ ਹੈ। ਦੋ ਹੋਰ ਛੱਤੇ ਸ਼ਹਿਦ/ਖੰਡ ਦੇ ਘੋਲ ਅਤੇ ਪੋਲਨ ਦੇ ਭਰੇ ਇਸ ਬਕਸੇ ਨੂੰ ਦੇਣੇ ਚਾਹੀਦੇ ਹਨ।ਇਸ ਤਰ੍ਹਾਂ ਫੜੇ ਸਵਾਰਮ ਨੂੰ ਢੁੱਕਵੀਂ ਜਗ੍ਹਾ ਤੇ ਰੱਖ ਕੇ, ਜਿੰਨੀ ਦੇਰ ਤੱਕ ਰਾਣੀ ਮੱਖੀ ਅੰਡੇ ਨਾ ਦੇਣ ਲੱਗ ਜਾਵੇ ਜਾਂ ਮੱਖੀਆਂ ਛੱਤਾ ਬਨਾਉਣਾ ਸ਼ੁਰੂ ਨਾ ਕਰ ਦੇਣ, ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।

ਸੰਜੀਵ ਕੁਮਾਰ ਕਟਾਰੀਆ ਅਤੇ ਗੁਰਮੀਤ ਸਿੰਘ

ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ ਅਤੇ ਅੰਮ੍ਰਿਤਸਰ

ਇਹ ਵੀ ਪੜ੍ਹੋ :- ਸੂਬੇ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਮਿਲਕਫੈਡ ਦੇ ਸਾਰੇ ਮਸਨੂਈ ਗਰਭਦਾਨ ਕੇਂਦਰਾਂ ਉਤੇ ਮੁਹੱਈਆ ਹੋਵੇਗਾ ਮਿਆਰੀ ਸੀਮਨ

Summary in English: Problems and solutions to swarming in bees

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters