ਸੂਬੇ ਵਿਚ ਮੱਝਾਂ ਦੇ ਨਸਲ ਸੁਧਾਰ ਵਿਚ ਆਈ ਖੜ੍ਹੋਤ ਨੂੰ ਤੋੜਨ ਲਈ ਮਿਲਕਫੈੱਡ ਵੱਲੋਂ ਸੂਬੇ ਦੇ ਸਾਰੇ ਮਸਨੂਈ ਗਰਭਦਾਨ ਕੇਂਦਰਾਂ ਵਿਚ ਮਿਆਰੀ ਸੀਮਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੁੱਧ ਉਤਪਾਦਨ ਵਿੱਚ ਮੋਹਰੀ ਸੂਬਾ ਹੈ। ਇੱਥੋਂ ਦੀਆਂ ਮੁੱਰਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੁੱਧ ਦੇਣ ਦੀ ਸਮਰੱਥਾ ਕਰਕੇ ਦੁਨੀਆ ਭਰ ਵਿੱਚ ਜਾਣੀਆਂ ਜਾਂਦੀਆਂ ਹਨ। ਮੁਲਕ ਦੇ ਦੂਜੇ ਸੂਬਿਆਂ ਨੂੰ ਵੀ ਪੰਜਾਬ ਵਧੀਆ ਨਸਲ ਦੀਆਂ ਮੱਝਾਂ ਮੁਹੱਈਆ ਕਰਦਾ ਆ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਉੱਚ ਕੋਟੀ ਦੇ ਪਰਖੇ ਝੋਟਿਆਂ ਦਾ ਸੀਮਨ ਉਪਲਬਧ ਨਾ ਹੋਣ ਕਰਕੇ ਮੱਝਾਂ ਦੇ ਨਸਲ ਸੁਧਾਰ ਦੇ ਖੇਤਰ ਵਿੱਚ ਬਹੁਤੀ ਤਰੱਕੀ ਨਹੀਂ ਹੋਈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸੇ ਖੜ੍ਹੋਤ ਨੂੰ ਤੋੜਨ ਵਾਸਤੇ ਮਿਲਕਫੈਡ ਨੇ 6500 ਲੀਟਰ ਪ੍ਰਤੀ ਸੂਆ ਤੋਂ ਵੱਧ ਤੋਂ ਦੁੱਧ ਦੇਣ ਵਾਲੀਆਂ ਮੱਝਾਂ ਤੋਂ ਪੈਦਾ ਕੀਤੇ ਝੋਟਿਆਂ ਦਾ ਸੀਮਨ ਮਿਲਕਫੈਡ ਦੇ ਸਾਰੇ ਬਨਾਉਟੀ ਗਰਭਦਾਨ ਕੇਂਦਰਾਂ ਉੱਤੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਸਲ ਸੁਧਾਰ ਹੀ ਡੇਅਰੀ ਸਫਲਤਾ ਦਾ ਆਧਾਰ ਹੈ। ਘਟੀਆ ਨਸਲ ਦੇ ਪਸ਼ੂ ਰੱਖ ਕੇ ਕਿਸੇ ਵੀ ਹਾਲਤ ਵਿੱਚ ਡੇਅਰੀ ਧੰਦੇ ਨੂੰ ਲਾਹੇਵੰਦ ਧੰਦਾ ਨਹੀਂ ਬਣਾਇਆ ਜਾ ਸਕਦਾ। ਮੱਝ ਪੰਜਾਬ ਦਾ ਆਪਣਾ ਪਸ਼ੂ ਹੈ, ਏਥੋਂ ਦਾ ਵਾਤਾਵਰਣ ਮੱਝਾਂ ਲਈ ਅਨੁਕੂਲ ਹੈ। ਇਸੇ ਲਈ ਮਿਲਕਫੈਡ ਨੇ ਤਹੱਈਆ ਕੀਤਾ ਹੈ ਕਿ ਉਹ ਮੱਝਾਂ ਦੀ ਵਧੀਆ ਨਸਲ ਪੈਦਾ ਕਰਨ ਲਈ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵੱਲੋਂ ਦੁਧਾਰੂ ਪਸ਼ੂਆਂ ਦੀ ਹਰ ਨਸਲ, ਉਮਰ ਅਤੇ ਦੁੱਧ ਦੇਣ ਦੀ ਸਮਰੱਥਾ ਦੇ ਅਨੁਸਾਰ ਉੱਤਮ ਕੁਆਲਿਟੀ ਦੀ ਵੇਰਕਾ ਪਸ਼ੂ ਖੁਰਾਕ ਦੀਆਂ ਵੱਖ-ਵੱਖ ਕਿਸਮਾਂ ਦੁੱਧ ਸਭਾਵਾਂ ਅਤੇ ਖੁੱਲ੍ਹੀ ਮੰਡੀ ਵਿੱਚ ਉਪਲਬਧ ਕਰਵਾਈਆਂ ਗਈਆਂ ਹਨ। ਵੇਰਕਾ ਦੀ ਪਸ਼ੂ ਖੁਰਾਕ ਪਾਉਣ ਨਾਲ ਦੁਧਾਰੂ ਪਸ਼ੂ ਜਲਦੀ ਜਵਾਨ ਹੋ ਕੇ ਦੁੱਧ ਦੇਣ ਲਗਦਾ ਹੈ ਅਤੇ ਦੋ ਸੂਇਆਂ ਵਿੱਚ ਅੰਤਰ ਵੀ ਘਟਦਾ ਹੈ। ਹਰ ਤਰ੍ਹਾਂ ਦੀਆਂ ਲੋੜੀਂਦੀਆਂ ਧਾਤਾਂ ਅਤੇ ਵਿਟਾਮਿਨ ਯੁਕਤ ਵੇਰਕਾ ਪਸ਼ੂ ਖੁਰਾਕ ਦੇਣ ਨਾਲ ਪਸ਼ੂ ਲੰਮਾ ਸਮਾਂ ਦੁੱਧ ਦਿੰਦਾ ਹੈ। ਲਾਗਤ ਖਰਚੇ ਘਟਾਉਣ ਅਤੇ ਵਧੇਰੇ ਦੁੱਧ ਪੈਦਾ ਕਰਨ ਅਤੇ ਪਸ਼ੂ ਤੋਂ ਹਰ ਸਾਲ ਇੱਕ ਬੱਚਾ ਲੈਣ ਲਈ ਦੁੱਧ ਉਤਪਾਦਕਾਂ ਨੂੰ ਵੇਰਕਾ ਪਸ਼ੂ ਖੁਰਾਕ ਵਰਤਣ ਦੀ ਸਲਾਹ ਦਿੰਦਿਆਂ ਉਹਨਾ ਕਿਹਾ ਕਿ ਵੇਰਕਾ ਦੀ "ਬਫ ਸਪੈਸ਼ਲ" ਪਸ਼ੂ ਖੁਰਾਕ ਮੱਝਾਂ ਦੇ ਡੇਅਰੀ ਫਾਰਮਰਾਂ ਵਲੋਂ ਸਲਾਹੀ ਜਾ ਰਹੀ ਹੈ।
ਇਹ ਵੀ ਪੜ੍ਹੋ :- ਛੋਟੇ ਵੱਗ ਲਈ ਬੈਗ ਵਿੱਚ ਚਾਰੇ ਦਾ ਅਚਾਰ ਬਨਾਉਣਾ ਇਕ ਸੌਖਾ ਵਿਕਲਪ
Summary in English: Standard semen will be available at all Milkfed breeding centers for animal breeding in the state.