1. Home
  2. ਪਸ਼ੂ ਪਾਲਣ

ਗਰਮੀ ਦਾ ਕਹਿਰ ਜਾਰੀ! ਹਰਿਆਣਾ 'ਚ ਬਣਿਆ ਮੱਝਾਂ ਲਈ ਸਵੀਮਿੰਗ ਪੂਲ!

ਵਧਦੇ ਤਾਪਮਾਨ ਅਤੇ ਗਰਮ ਹਵਾਵਾਂ ਕਾਰਣ ਆਮ ਜਨਤਾ ਤਾਂ ਪਰੇਸ਼ਾਨ ਹੋ ਹੀ ਰਹੀ ਹੈ, ਪਰ ਹੁਣ ਇਸਦਾ ਅਸਰ ਪਸ਼ੂਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

KJ Staff
KJ Staff
ਹਰਿਆਣਾ 'ਚ ਬਣਿਆ ਮੱਝਾਂ ਲਈ ਸਵੀਮਿੰਗ ਪੂਲ

ਹਰਿਆਣਾ 'ਚ ਬਣਿਆ ਮੱਝਾਂ ਲਈ ਸਵੀਮਿੰਗ ਪੂਲ

ਦਿਨੋਂ-ਦਿਨ ਗਰਮੀ ਵਧੀ ਜਾ ਰਹੀ ਹੈ, ਜਿਸਦੇ ਚਲਦਿਆਂ ਹਰ ਕੋਈ ਖੱਜਲ-ਖੁਆਰ ਹੋ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਵੀ ਬੁਰਾ ਹਾਲ ਹੈ। ਅਜਿਹੇ ਵਿੱਚ ਹਰਿਆਣਾ ਨੇ ਪਸ਼ੂਆਂ ਦੀ ਸਾਰ ਲੈਂਦਿਆਂ ਹੋਇਆਂ ਮੱਝਾਂ ਲਈ ਸਵੀਮਿੰਗ ਪੂਲ ਤਿਆਰ ਕੀਤੇ ਹਨ।

ਉੱਤਰ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਵਧਦੇ ਤਾਪਮਾਨ ਅਤੇ ਗਰਮ ਹਵਾਵਾਂ ਕਾਰਣ ਆਮ ਜਨਤਾ ਤਾਂ ਪਰੇਸ਼ਾਨ ਹੋ ਹੀ ਰਹੀ ਹੈ, ਪਰ ਹੁਣ ਇਸਦਾ ਅਸਰ ਪਸ਼ੂਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਕਾਰਣ ਪਸ਼ੂ ਦਿਨ-ਰਾਤ ਬੇਚੈਨ ਰਹਿੰਦੇ ਹਨ, ਜਿਸਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ। ਕੁੱਝ ਅਜਿਹਾ ਹਾਲ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚਲਦਿਆਂ ਸੂਬੇ 'ਚ ਪਸ਼ੂਆਂ ਦੀ ਹਾਲਤ ਵੱਲ ਧਿਆਨ ਦਿੰਦਿਆਂ ਹੋਇਆਂ ਇੱਕ ਬੇਹਤਰੀਨ ਉਪਰਾਲਾ ਕੀਤਾ ਗਿਆ ਹੈ। ਇਸ ਸ਼ਿਲਾਘਯੋਗ ਕਾਰਜ ਵਿੱਚ ਹਿਸਾਰ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਦਰਅਸਲ, ਮੱਝਾਂ ਦੇ ਪਾਲਣ-ਪੋਸ਼ਣ ਲਈ ਸਥਾਪਿਤ ਸੈਂਟਰਲ ਬਫੇਲੋ ਰਿਸਰਚ ਨੇ ਮੱਝਾਂ ਨੂੰ ਇਸ ਭਿਆਨਕ ਗਰਮੀ ਤੋਂ ਛੁਟਕਾਰਾ ਦਵਾਉਣ ਲਈ ਸਵਿਮਿੰਗ ਪੂਲ ਬਣਾਏ ਹਨ।

ਮੱਝਾਂ ਲਈ ਸਵੀਮਿੰਗ ਪੂਲ

ਗਰਮੀ ਤੋਂ ਬਚਾਉਣ ਲਈ ਮੱਝਾਂ ਦੀ ਸਿਹਤ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਹਿਸਾਰ ਵਿੱਚ ਮੱਝਾਂ ਲਈ ਸਵੀਮਿੰਗ ਪੂਲ ਬਣਾਏ ਗਏ ਹਨ। ਇਨ੍ਹਾਂ ਸਵੀਮਿੰਗ ਪੂਲ ਵਿੱਚ ਮੱਝਾਂ ਨੂੰ 3 ਤੋਂ 4 ਵਾਰ ਨਵਾਇਆ ਜਾਂਦਾ ਹੈ। ਗਰਮੀ ਤੋਂ ਪਰੇਸ਼ਾਨ ਮੱਝਾਂ ਘੰਟਿਆਂਬੱਧੀ ਇਸ ਵਿੱਚ ਖੜ੍ਹੀਆਂ ਰਹਿੰਦੀਆਂ ਹਨ। ਇਸ ਪੂਲ ਵਿੱਚ ਠੰਡੇ ਪਾਣੀ ਦੇ ਸ਼ਾਵਰ ਲਈ ਫੁਹਾਰੇ ਵੀ ਲਗਾਏ ਗਏ ਹਨ। ਦਰਅਸਲ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਮੱਝਾਂ ਨੂੰ ਵਿਸ਼ੇਸ਼ ਤੌਰ 'ਤੇ ਦੁੱਧ ਉਤਪਾਦਨ ਲਈ ਪਾਲਿਆ ਜਾਂਦਾ ਹੈ। ਮੱਝਾਂ ਦਾ ਰੰਗ ਕਾਲਾ ਹੋਣ ਕਾਰਨ ਇਸ ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵੀ ਘੱਟ ਜਾਂਦੀ ਹੈ। ਜਦਕਿ, ਦੂਜੇ ਪਾਸੇ ਗਰਭਵਤੀ ਮੱਝਾਂ ਨੂੰ ਗਰਮੀ ਕਾਰਨ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।

ਵਿਗਿਆਨੀਆਂ ਦਾ ਪੱਖ

ਸੈਂਟਰਲ ਬਫੇਲੋ ਰਿਸਰਚ ਇੰਸਟੀਚਿਊਟ ਦੇ ਵਿਗਿਆਨੀ ਡਾ. ਅਨੁਰਾਗ ਭਾਰਦਵਾਜ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ 'ਚ ਤਾਪਮਾਨ ਵਧਣ 'ਤੇ ਦੁਧਾਰੂ ਪਸ਼ੂਆਂ ਨੂੰ ਅਕਸਰ ਗਰਮੀ ਦੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਮੱਝ ਦਾ ਰੰਗ ਕਾਲਾ ਹੋਣ ਕਾਰਨ ਇਸਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਪਸ਼ੂਆਂ ਨੂੰ ਖੁੱਲ੍ਹੇ ਹਵਾਦਾਰ ਕਮਰੇ ਵਿੱਚ ਰੱਖਣਾ ਚਾਹੀਦਾ ਹੈ ਜਾਂ ਫਿਰ ਮੱਝਾਂ ਨੂੰ ਗਰਮੀ ਤੋਂ ਬਚਾਉਣ ਲਈ ਪੂਲ ਵੀ ਬਣਾਇਆ ਜਾ ਸਕਦਾ ਹੈ।

ਪਸ਼ੂਆਂ ਦਾ ਰੱਖੋ ਖਾਸ ਧਿਆਨ

ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਕਈ ਗੱਲਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਸਬ ਤੋਂ ਪਹਿਲਾਂ ਪਸ਼ੂਆਂ ਨੂੰ ਸਮੇਂ ਸਿਰ ਪਾਣੀ ਪਿਆਓ, ਪਸ਼ੂਆਂ ਨੂੰ ਪੋਸ਼ਣ ਨਾਲ ਭਰਿਆ ਖਾਣਾ ਖਵਾਓ। ਇਸਦੇ ਨਾਲ ਹੀ ਮੱਝਾਂ ਨੂੰ ਵੱਧ ਤੋਂ ਵੱਧ ਹਰਾ ਚਾਰਾ ਖਵਾਉਣਾ ਚਾਹੀਦਾ ਹੈ, ਤਾਂ ਜੋ ਮੱਝਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪਿੰਡਾਂ ਵਿੱਚ ਰਹਿੰਦੇ ਲੋਕ ਜਲਦ ਸ਼ੁਰੂ ਕਰਨ ਇਹ ਕਾਰੋਬਾਰ! ਹੋਵੇਗਾ ਲੱਖਾਂ ਦਾ ਮੁਨਾਫ਼ਾ

ਸਮੱਸਿਆ ਦੀ ਪਛਾਣ ਕਿਵੇਂ ਕਰੀਏ

ਡਾਕਟਰਾਂ ਅਨੁਸਾਰ ਗਰਮੀਆਂ ਵਿੱਚ ਦੁਧਾਰੂ ਪਸ਼ੂਆਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ਦਾ ਤਾਪਮਾਨ ਵੀ ਵਧ ਜਾਂਦਾ ਹੈ। ਡੀਹਾਈਡ੍ਰੇਸ਼ਨ ਕਾਰਨ ਪਸ਼ੂਆਂ ਦੀ ਚਮੜੀ ਵੀ ਝੁਰੜੀਆਂ ਪੈ ਜਾਂਦੀਆਂ ਹਨ। ਪਾਣੀ ਦੀ ਕਮੀ ਕਾਰਨ ਅੱਖਾਂ ਵੀ ਅੰਦਰ ਤੱਕ ਡੁੱਬ ਜਾਂਦੀਆਂ ਹਨ। ਜਾਨਵਰਾਂ ਵਿੱਚ ਸਾਹ ਲੈਣ ਦੀ ਦਰ 35 ਸਾਹ ਪ੍ਰਤੀ ਮਿੰਟ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ। ਇਸ ਕਾਰਨ ਪਸ਼ੂ ਸੁਸਤ ਹੋ ਜਾਂਦਾ ਹੈ। ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਤੁਰੰਤ ਆਪਣੇ ਨਜ਼ਦੀਕੀ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰੋ।

Summary in English: The heat wave continues! Swimming pool for buffaloes built in Haryana!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters