ਬਾਈਪਾਸ ਫੈਟ ਜਾਂ ਰਿਊਮਨ ਸਥਿਰ ਫੈਟ ਆਮ ਤੌਰ ਤੇ ਫੈਟੀ ਐਸਿਡ-ਕੈਲਸ਼ੀਅਮ ਦੇ ਲਵਣ ਹੁੰਦੇ ਹਨ, ਜੋਕਿ ਰਿਊਮਨ ਵਿੱਚ ਸਥਿਰ ਰਹਿੰਦੇ ਹਨ ਅਤੇ ਆਂਤੜੀਆਂ ਵਿੱਚ ਹਜਮ ਹੁੰਦੇ ਹਨ। ਇਸਨੂੰ ਰਾਈਸ ਬਰਾਨ ਤੇਲ ਅਤੇ ਕੈਲਸ਼ੀਅਮ ਸਾਲਟ ਮਿਲਾ ਕੇ ਬਣਾਇਆ ਜਾਂਦਾ ਹੈ। ਬਜਾਰ ਵਿੱਚ ਕਈ ਤਰ੍ਹਾਂ ਦੇ ਬਾਈਪਾਸ ਫੈਟ ਉਪਲਬਧ ਹਨ। ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਟਾਮਿਨਾਂ ਅਤੇ ਲਘੂ ਤੱਤਾਂ ਦੇ ਨਾਲ ਫੋਰਟੀਫਾਈ ਕੀਤਾ ਗਿਆ ਹੁੰਦਾ ਹੈ।
ਸੱਜਰ ਸੂਏ ਪਸ਼ੂ ਦੀ ਪਾਚਣਸ਼ਕਤੀ ਘੱਟ ਜਾਂਦੀ ਹੈ ਅਤੇ ਨਾਲ ਹੀ ਨਾਲ ਪਸ਼ੂਆਂ ਵਿੱਚ ਹਾਰਮੋਨਾਂ ਦੀਆਂ ਤਬਦੀਲੀਆਂ ਵੀ ਹੋਣ ਲੱਗ ਜਾਂਦੀਆਂ ਹਨ। ਪਸ਼ੂਆਂ ਦੀ ਖੁਰਾਕ ਖਾਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਪਸ਼ੂ ਨੂੰ ਆਪਣੀਆਂ ਸਰੀਰਕ ਜਰੂਰਤਾਂ ਪੂਰੀਆਂ ਕਰਨ ਲਈ ਸਰੀਰ ਵਿੱਚ ਜਮ੍ਹਾਂ ਤੱਤ ਵਰਤਣੇ ਪੈਂਦੇ ਹਨ। ਇਸ ਨਾਲ ਪਸ਼ੂ ਨਕਾਰਾਤਮਕ ਊਰਜਾ ਸੰਤੁਲਨ ਵਿੱਚ ਆ ਜਾਂਦਾ ਹੈ ਜਿਸ ਕਰਕੇ ਪਸ਼ੂ ਦਾ ਭਾਰ ਘੱਟ ਜਾਂਦਾ ਹੈ, ਜਲਦੀ ਹੇਹੇ ਵਿੱਚ ਨਹੀਂ ਆਉਂਦਾ ਅਤੇ ਦੁੱਧ ਦੀ ਪੈਦਾਵਾਰ ਉੱਤੇ ਵੀ ਮਾੜਾ ਅਸਰ ਪੈਂਦਾ ਹੈ।
ਆਮਤੋਰ ਤੇ ਇਹ ਵੇਖਿਆ ਗਿਆ ਹੈ ਕਿ ਪਸ਼ੂਪਾਲਕ ਵੀਰ ਪਸ਼ੂਆਂ ਦੀ ਖੁਰਾਕ ਵਿੱਚ ਊਰਜਾ ਸ੍ਰੋਤ ਵਜੋਂ ਬਨਸਪਤੀ ਤੇਲ ਇਸਤਮਾਲ ਕਰਦੇ ਹਨ। ਜੁਗਾਲੀ ਵਾਲੇ ਪਸ਼ੂਆਂ ਨੂੰ ਬਨਸਪਤੀ ਤੇਲ ਦੇਣਾ ਠੀਕ ਨਹੀਂ ਹੈ। ਇਹ ਤੇਲ ਰਿਊਮਨ ਵਿੱਚ ਮੌਜੂਦ ਜੀਵਾਣੂਆਂ ਲਈ ਹਾਨੀਕਾਰਕ ਹੁੰਦਾ ਹੈ ਅਤੇ ਤੇਲ ਦੇਣ ਨਾਲ ਰੇਸ਼ੇ ਦੀ ਪਚਣਯੋਗਤਾ ਘਟ ਜਾਂਦੀ ਹੈ।ਰਿਊਮਨ ਸਥਿਰ ਫੈਟ ਜਾਂ ਬਾਈਪਾਸ ਫੈਟ ਰਿਊਮਨ ਦੇ ਜੀਵਾਣੂਆਂ ਲਈ ਹਾਨੀਕਾਰਕ ਨਹੀਂ ਹੁੰਦੀ ਕਿਉਂਕਿ ਇਹ ਰਿਊਮਨ ਵਿੱਚ ਸਥਿਰ ਰਹਿੰਦੇ ਹਨ ਅਤੇ ਆਂਤੜੀਆਂ ਵਿੱਚ ਹਜਮ ਹੁੰਦੇ ਹਨ।
ਇਹ ਵੀ ਪੜ੍ਹੋ: Jamunapari Goat Farming ਲਾਹੇਵੰਦ ਧੰਦਾ, ਲਾਗਤ ਘੱਟ ਵਿੱਚ ਵੱਧ ਮੁਨਾਫ਼ਾ
ਵਧੇਰੇ ਦੁੱਧ ਦੇਣ ਵਾਲੀਆਂ ਗਾਂਵਾਂ, ਮੱਝਾਂ ਹਮੇਸ਼ਾ ਨਕਾਰਾਤਮਕ ਊਰਜਾ ਸੰਤੁਲਨ ਵਿੱਚ ਰਹਿੰਦੀਆਂ ਹਨ। ਇਸ ਲਈ ਇਹਨਾਂ ਪਸ਼ੂਆਂ ਦੀ ਖੁਰਾਕ ਵਿੱਚ ਬਾਈਪਾਸ ਫੈਟ ਦੀ ਵਰਤੋਂ ਮਦਦਗਾਰ ਰਹਿੰਦੀ ਹੈ। ਫੈਟ ਵਿੱਚ ਨਿਸ਼ਾਸ਼ਤਾ (ਕਾਰਬੋਹਾਈਡਰੇਟ) ਦੇ ਮੁਕਾਬਲੇ 2.25 ਗੁਣਾ ਜਿਆਦਾ ਊਰਜਾ ਹੁੰਦੀ ਹੈ। ਵੰਡ ਵਿੱਚ 1-2% ਤੱਕ ਰਿਊਮਨ ਸਥਿਰ ਫੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਰਿਊਮਨ ਸਥਿਰ ਫੈਟ ਦੇ ਕਈ ਲਾਭ
• ਪਸ਼ੂ ਸੂਣ ਮਗਰੋਂ ਭਾਰ ਨਹੀਂ ਘਟਾਉਂਦੇ
• ਪਸ਼ੂ ਜਲਦੀ ਹੇਹੇ ਵਿੱਚ ਆਉਂਦੇ ਹਨ
• ਗੱਭਣ ਹੋਣ ਦੀ ਦਰ ਵਿੱਚ ਵਾਧਾ ਹੁੰਦਾ ਹੈ
• ਪ੍ਰਜਣਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ
• ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ
• ਦੁੱਧ ਦੀ ਫੈਟ ਨਹੀਂ ਟੁਟਦੀ/ਡਿੱਗਦੀ
• ਟਰਾਂਜੀਸ਼ਨ ਪੀਰੀਅਡ ਲਈ ਲਾਭਦਾਇਕ ਹੁੰਦੀ ਹੈ
• ਪਸ਼ੂ ਅਛੂਤੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ
ਇਹ ਵੀ ਪੜ੍ਹੋ: ਹੜ੍ਹਾਂ 'ਚ Dairy Animals ਦੀ ਸਿਹਤ ਸੰਭਾਲ ਲਈ ਹਿਦਾਇਤਨਾਮਾ
ਵਰਤਣ ਦਾ ਢੰਗ
15 ਲੀਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਲਈ : 200 ਗ੍ਰਾਮ/ਪਸ਼ੂ/ਦਿਨ
10 ਲੀਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਲਈ : 150 ਗ੍ਰਾਮ/ਪਸ਼ੂ/ਦਿਨ
ਵੰਡ ਵਿੱਚ : 2 ਕਿਲੋ/ਕੁਇੰਟਲ
ਕਿਸਾਨ ਵੀਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਤੋਂ ਬਾਈਪਾਸ ਫੈਟ ਪ੍ਰਾਪਤ ਕਰ ਸਕਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Using bypass fat in animal feed will have these benefits