ਕੋਰੋਨਾ ਨਾਂ ਦੇ ਵਾਇਰਸ ਨੇ ਜਿੱਥੇ ਮਨੁੱਖੀ ਜੀਵਨ ਨੂੰ ਮੁਸ਼ਕਿਲ ਵਿੱਚ ਪਾਇਆ ਹੈ, ਉੱਥੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਜਿਵੇਂ ਮੁਰਗੀ ਪਾਲਣ, ਸੂਰ ਪਾਲਣ ਉੱਤੇ ਵੀ ਮਾੜਾ ਅਸਰ ਵੇਖਣ ਨੂੰ ਮਿਲਿਆ ਹੈ। ਇਹ ਕੋਰੋਨਾ ਵਾਇਰਸ ਨਾਲ ਹੀ, ਦੇਸ਼ ਦੀ ਰੀੜ੍ਹ ਦੀ ਹੱਡੀ (ਭਾਵ ਖੇਤੀਬਾੜੀ) ਨੂੰ ਖੋਰਨ ਵੱਲ ਤੁਰ ਪਿਆ ਹੈ। ਜੇਕਰ ਵਪਾਰ ਦੀ ਗੱਲ ਕਰੀਏ ਤਾਂ ਮੁਰਗ਼ੀ ਪਾਲਣ ਤੇ ਬਹੁਤ ਮਾੜਾ ਅਸਰ ਪਾਇਆ ਹੈ ,ਜੋ ਕਿ ਕਿਸਾਨਾਂ ਲਈ ਇਕ ਬਹੁੱਤ ਲਾਹੇਵੰਦ ਧੰਦਾ ਹੈ। ਮੁਰਗੀਆਂ ਅਤੇ ਅੰਡਿਆਂ ਦਾ ਮੁੱਲ ਘੱਟਣ ਕਾਰਨ ਹਰਿਆਣੇ ਦੇ ਮੁਰਗੀ ਪਾਲਕਾਂ ਨੂੰ ਕਾਫ਼ੀ ਘਾਟਾ ਸਹਿਣਾ ਪੈ ਰਿਹਾ ਹੈ। ਕੋਰੋਨਾ ਕਰਕੇ ਪੋਲਟਰੀ ਦੀ ਮਾਰਕੀਟ ਵਿੱਚ 70-80 ਪ੍ਰਤੀਸ਼ਤ ਗਿਰਾਵਟ ਵੇਖੀ ਗਈ, ਜੋ ਕਿ ਇੱਕ ਚੰਗਾ ਇਸ਼ਾਰਾ ਨਹੀਂ ਹੈ। ਹਰਿਆਣੇ ਦੇ ਵਿੱਚ ਲੱਗਭੱਗ 2,000 ਦੇ ਕਰੀਬ ਮੁਰਗੀ ਪਾਲਕ ਹਨ।
ਆਮ ਹਾਲਾਤਾਂ ਦੇ ਵਿੱਚ ਇੱਕ ਚੂਚਾ 45 ਰੁਪਏ ਦਾ ਮਿਲ ਜਾਂਦਾ ਹੈ, ਜਿਸ ਨੂੰ ਚਾਰ ਮਹੀਨੇ ਚੰਗੀ ਖ਼ੁਰਾਕ ਦੇ ਕੇ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਅੰਡਾ ਦੇ ਸਕੇ। ਚਾਰ ਮਹੀਨਿਆਂ ਦੇ ਬਾਅਦ ਉਸ ਦਾ ਮੁੱਲ ਲੱਗਭੱਗ 300 ਰੁਪਈਏ ਦੇ ਕਰੀਬ ਹੋ ਜਾਂਦਾ ਹੈ ਅਤੇ ਮੁਰਗੀ ਹਰ 24 ਘੰਟਿਆਂ ਬਾਅਦ ਅੰਡਾ ਦੇਣਾ ਸ਼ੁਰੂ ਕਰ ਦਿੰਦੀ ਹੈ। ਇਹ ਮੁਰਗੀ ਲੱਗਭੱਗ ਇਕ ਸਾਲ ਤੱਕ ਅੰਡੇ ਦਿੰਦੀ ਰਹਿੰਦੀ ਹੈ, ਜਿਸ ਤੋਂ ਬਾਦ ਉਸ ਨੂੰ ਮੀਟ ਦੇ ਲਈ ਪੰਜਾਹ ਰੁਪਏ ਦੇ ਵਿੱਚ ਵੇਚਿਆ ਜਾਂਦਾ ਹੈ। ਆਮ ਲੋਕਾਂ ਲਈ ਇੱਕ ਅੰਡਾ ਸਰਦੀਆਂ ਵਿੱਚ ਪੰਜ ਰੁਪਏ ਦਾ ਅਤੇ ਗਰਮੀਆਂ ਵਿੱਚ 3.25 - 4.00 ਰੁਪਏ ਦੇ ਮੁੱਲ ਤੇ ਵੇਚਿਆ ਜਾਂਦਾ ਹੈ, ਪਰੰਤੂ ਕੋਰੋਨਾ ਦੇ ਅਸਰ ਵਜੋਂ, ਇਸ ਦਾ ਮੁੱਲ ਘੱਟ ਕੇ ਹੁਣ 2.90 ਰੁਪਏ ਪ੍ਰਤੀ ਆਂਡਾ ਹੋ ਗਿਆ ਹੈ ਅਤੇ ਨਾਲ ਹੀ ਮੀਟ ਦੇ ਲਈ ਵੀ ਖ਼ਰੀਦ ਘੱਟਦੀ ਦਿੱਸਦੀ ਹੈ।
ਕਈ ਮੁਰਗੀ ਪਾਲਕ 10-12 ਰੁਪਏ ਪ੍ਰਤੀ ਮੁਰਗੀ ਵੇਚਣ ਨੂੰ ਮਜਬੂਰ ਹਨ ਪਰ ਕੋਰੋਨਾ ਦੇ ਖ਼ਤਰੇ ਵਜੋਂ ਇਤਨੇ ਰੇਟ ਤੇ ਵੀ ਕੋਈ ਖਰੀਦਕਾਰ ਨਹੀਂ ਮਿਲ ਰਿਹਾ। ਜਿਹੜੇ ਕਿਸਾਨ ਬ੍ਰਾਇਲਰ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਵੀ ਕਾਫ਼ੀ ਘਾਟਾ ਸਹਿਣਾ ਪੈ ਰਿਹਾ ਹੈ ਕਿਉਂਕਿ ਪੂਰੇ ਤਿਆਰ ਕੀਤੇ ਹੋਏ ਬ੍ਰਾਇਲਰ ਦਾ ਵਜ਼ਨ ਤਕਰੀਬਨ 1.5 ਕਿਲੋਗ੍ਰਾਮ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਰੈਸਟੋਰੈਂਟ 80 ਰੁਪਏ ਪ੍ਰਤੀ ਕਿਲੋ ਦੇ ਮੁੱਲ ਤੇ ਖਰੀਦੇ ਹਨ। ਪ੍ਰੰਤੂ ਹੁਣ ਇਸ ਦਾ ਮੁੱਲ ਬੜੀ ਮੁਸ਼ਕਿਲ ਨਾਲ 25-30 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਿਹਾ ਹੈ।
ਜਿਕਰਯੋਗ ਗੱਲ ਇਹ ਹੈ ਕਿ ਹਾਲਾਂਕਿ ਸਾਇੰਸਦਾਨਾਂ ਅਤੇ ਡਾਕਟਰਾਂ ਨੇ ਇਹ ਅਫਵਾਹ ਦੀ ਨਿਖੇਧੀ ਕੀਤੀ ਹੈ ਕਿ ਗੈਰ ਵੈਸ਼ਨੂੰ ਖਾਣਾ ਜਾਂ ਅੰਡੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਰਦੇ ਹਨ। ਪਰ ਫਿਰ ਵੀ ਲੋਕ ਇਹ ਚੀਜ਼ਾਂ ਖਰੀਦਣ ਤੋਂ ਪ੍ਰਹੇਜ਼ ਕਰ ਰਹੇ ਹਨ। ਦੂਜੇ ਪਾਸੇ, ਕੁਝ ਮੁਰਗੀ ਅਤੇ ਸੂਰ ਪਾਲਕਾਂ ਦਾ ਇਹ ਕਹਿਣਾ ਹੈ ਕਿ ਨਾ ਹੀ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਸਬੰਧਤ, ਮਹਿਕਮੇ ਵੱਲੋਂ ਨਾ ਕੋਈ ਜਾਗਰੂਕਤਾ ਮਿਲੀ ਹੈ ਤੇ ਨਾ ਕੋਈ ਸੰਬੰਧਿਤ ਸਾਹਿੱਤ। ਇੱਕ ਪਾਸੇ ਕੋਰੋਨਾ ਦਾ ਕਹਿਰ ਦੂਜੇ ਪਾਸੇ ਗੈਰ-ਪ੍ਰਮਾਣਤ ਜਾਣਕਾਰੀ ਕਿਸਾਨਾਂ ਦੀ ਮੁਸ਼ਕਿਲਾਂ ਵਾਧਾ ਰਹੀਆਂ ਹਨ। ਹਾਲਾਂਕਿ ਮੁਰਗੀ ਅਤੇ ਸੂਰ ਪਾਲਣ ਤੇ ਕੋਰੋਨਾ ਵਾਇਰਸ ਦਾ ਮਾੜਾ ਅਸਰ ਪੈ ਰਿਹਾ ਹੈ ਪ੍ਰੰਤੂ ਫ਼ਸਲਾਂ ਖ਼ਾਸ ਕਰਕੇ ਨਰਮਾ ਅਤੇ ਬਾਸਮਤੀ ਉੱਤੇ ਬਹੁੱਤ ਘੱਟ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਫ਼ਸਲਾਂ ਆਮ ਤੌਰ ਤੇ ਐਕਸਪੋਰਟ ਕੀਤੀਆਂ ਜਾਂਦੀਆਂ ਹਨ। "ਨਰਮਾ ਐਸੋਸੀਏਸ਼ਨ ਆਫ਼ ਇੰਡੀਆ" ਦਾ ਕਹਿਣਾ ਹੈ ਕਿ ਕੋਰੋਨਾ ਦਾ ਜ਼ਿਆਦਾ ਅਸਰ ਇਨ੍ਹਾਂ ਫ਼ਸਲਾਂ ਉੱਤੇ ਨਹੀਂ ਪਵੇਗਾ ਕਿਉਂਕਿ ਪਿਛਲੇ ਸਾਲ ਚੀਨ ਨੂੰ 8 ਲੱਖ ਬੇਲ (ਨਰਮੇ ਦੇ) ਨਿਰਯਾਤ ਕੀਤੇ ਗਏ ਸਨ ਅਤੇ ਇਸ ਸਾਲ ਫਰਵਰੀ ਦੇ ਅਖੀਰ ਤੱਕ ਭਾਰਤ ਨੇ 6 ਲੱਖ ਨਿਰਯਾਤ ਕਰ ਦਿਤੇ ਹਨ। ਕਾਰੋਬਾਰੀ ਸੂਤਰਾਂ ਦੇ ਮੁਤਾਬਕ ਕੋਰੋਨਾ ਦਾ ਅਸਰ ਬਾਸਮਤੀ ਨਿਰਯਾਤ ਉੱਤੇ ਨਾ ਬਰਾਬਰ ਹੀ ਰਹੇਗਾ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸਾਉਣੀ ਫ਼ਸਲਾਂ ਲਈ ਲਗਾਉਣ ਜਾਣ ਵਾਲੇ ਕਿਸਾਨ ਮੇਲੇ ਮੁਲਤਵੀ ਕਰ ਦਿੱਤੇ ਹਨ ਜੋ ਕਿ ਇੱਕ ਪਾਸੇ ਤਾਂ ਮਨੁੱਖ ਦੀ ਭਲਾਈ ਤੇ ਦੂਜੇ ਪਾਸੇ ਕਿਸਾਨਾਂ ਦੀ ਨਿਰਾਸ਼ਾ ਦਾ ਕਾਰਨ ਬਣੇ ਦਿੱਸਦੇ ਹਨ ਕਿਉਂਕਿ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਦਾ ਪਤਾ ਕਿਸਾਨ ਮੇਲਿਆਂ ਤੋਂ ਹੀ ਲੱਗਦਾ ਹੈ। ਕਿਸਾਨਾਂ ਅਤੇ ਮੇਲਿਆਂ ਦਾ ਰਿਸ਼ਤਾ ਇੰਝ ਹੁੰਦਾ ਹੈ ਜਿਵੇਂ “ਨਹੁੰ ਤੇ ਮਾਸ ਦਾ”।
Summary in English: Will Corona Epidemic Be Greater on Poultry