Paddy Harvesting: ਪੰਜਾਬ ਦੀ ਖੇਤੀਬਾੜੀ ਵਿੱਚ ਕੰਬਾਈਨਾਂ ਦਾ ਬਹੁਤ ਹੀ ਅਹਿਮ ਯੋਗਦਾਨ ਹੈ। ਸੂਬੇ ਵਿੱਚ ਜ਼ਿਆਦਾਤਰ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕੰਬਾਈਨਾਂ ਰਾਹੀਂ ਫਸਲ ਦੀ ਕਟਾਈ ਜਿਆਦਾਤਰ ਕਿਰਾਏ ਤੇ ਕੀਤੀ ਜਾਂਦੀ ਹੈ ਅਤੇ ਕਿਰਾਏ ਤੇ ਚਲਾਉਣ ਵਾਲੇ ਕੰਬਾਈਨ ਚਾਲਕ ਕਟਾਈ ਦਾ ਕੰਮ ਜਲਦੀ ਕਰਨ ਦੇ ਚੱਕਰ ਵਿੱਚ ਕਟਾਈ ਦੌਰਾਨ ਦਾਣਿਆਂ ਦਾ ਨੁਕਸਾਨ ਕਰ ਦਿੰਦੇ ਹਨ ਅਤੇ ਇਹ ਨੁਕਸਾਨ ਕਿਸਾਨਾਂ ਨੂੰ ਚੁੱਕਣਾ ਪੈਂਦਾ ਹੈ।
ਕਿਸਾਰ ਵੀਰਾਂ ਨੂੰ ਕੰਬਾਈਨ ਮਸ਼ੀਨਾਂ ਨਾਲ ਹੋਣ ਵਾਲੇ ਨੁਕਸਾਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਵੀਰ ਕੰਬਾਈਨ ਚਾਲਕ ਨੂੰ ਇਨ੍ਹਾਂ ਨੁਕਸਾਨਾਂ ਬਾਬਤ ਸੁਚੇਤ ਕਰ ਸਕਣ ਅਤ ਦਾਣਿਆਂ ਦਾ ਨੁਕਸਾਨ ਘੱਟ ਹੋਵੇ। ਕੰਬਾਈਨ ਰਾਹੀਂ ਝੋਨੇ ਦੀ ਕਟਾਈ ਸਮੇਂ ਹੋਣ ਵਾਲੇ ਨੁਕਸਾਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
1. ਫਸਲ ਵਿੱਚ ਨਮੀਂ ਦੀ ਮਾਤਰਾ: ਝੋਨੇ ਦੀ ਕਟਾਈ ਸਮੇਂ ਨਮੀਂ ਦੀ ਮਾਤਰਾ ਦਾਣਿਆਂ ਦੇ ਨੁਕਸਾਨ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜ਼ਿਆਦਾ ਨਮੀਂ ਘੱਟ ਹੋਣ ਨਾਲ ਝੋਨੇ ਦੀ ਕਟਾਈ ਤੋਂ ਪਹਿਲਾਂ ਖੇਤ ਵਿੱਚ ਹੀ ਦਾਣੇ ਕਿਰ ਜਾਂਦੇ ਹਨ ਅਤੇ ਕਟਰਬਾਰ ਦੇ ਚੱਲਣ ਨਾਲ ਦਾਣਿਆਂ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਘੱਟ ਨਮੀਂ ਕਰਕੇ ਫਸਲ ਦੀ ਗਹਾਈ ਵੀ ਠੀਕ ਸਮੱਰਥਾ ਨਾਲ ਕੰਮ ਨਹੀਂ ਕਰਦੀ। ਜਿਆਦਾ ਨਮੀਂ ਹੋਣ ਕਰਕੇ ਫਸਲ ਕਈ ਵਾਰੀ ਸਿਲੰਡਰ ਵਿੱਚ ਫਸ ਜਾਂਦੀ ਹੈ ਅਤੇ ਗਹਾਈ ਵਿੱਚ ਮੁਸ਼ਕਿਲ ਹੁੰਦੀ ਹੈ।
2. ਕਟਰਬਾਰ ਨਾਲ ਹੋਣ ਵਾਲਾ ਨੁਕਸਾਨ: ਕਟਰਬਾਰ ਦੁਆਰਾ ਖੁੰਝ ਗਏ ਝੋਨੇ ਦੇ ਸਿੱਟੇ, ਕਟਰਬਾਰ ਦੇ ਬਲੇਡਾਂ ਦੁਆਰਾ ਦਾਣਿਆਂ ਦਾ ਟੁੱਟਣਾ ਅਤੇ ਝੋਨੇ ਦੀ ਫਸਲ ਵਿੱਚ ਘੱਟ ਨਮੀ ਕਰਕੇ ਰੀਲ ਨਾਲ ਦਾਣਿਆਂ ਦਾ ਕਿਰਨਾ, ਇਹ ਸਾਰੇ ਕਟਰਬਾਰ ਦੇ ਨੁਕਸਾਨ ਹਨ।
3. ਸਿਲੰਡਰ ਦਾ ਨੁਕਸਾਨ: ਕੰਬਾਈਨਾਂ ਦੇ ਸਟਰਾਅ ਵਾਕਰਾਂ ਅਤੇ ਛਾਨਣਿਆਂ ਤੋਂ ਅਣਗਾਹੇ ਦਾਣੇ, ਜੋ ਕੰਬਾਈਨ ਦੇ ਪਿਛਲੇ ਪਾਸੇ ਫੂਸ ਦੇ ਨਾਲ ਖੇਤ ਵਿੱਚ ਡਿੱਗ ਜਾਂਦੇ ਹਨ, ਇਹਨਾਂ ਨੂੰ ਸਿਲੰਡਰ ਦਾ ਨੁਕਸਾਨ ਕਿਹਾ ਜਾਂਦਾ ਹੈ।
4. ਸਟਰਾਅ ਵਾਕਰਾਂ ਦਾ ਨੁਕਸਾਨ: ਕੰਬਾਈਨ ਦੇ ਪਿਛਲੇ ਪਾਸੇ ਸਟਰਾਅ ਵਾਕਰਾਂ ਤੋਂ ਝੋਨੇ ਦੇ ਫੂਸ ਵਿੱਚ ਗਾਹੇ ਦਾਣੇ ਨਾਲ ਆ ਜਾਂਦੇ ਹਨ, ਇਹ ਦਾਣਿਆਂ ਦੇ ਨੁਕਸਾਨ ਨੂੰ ਸਟਰਾਅ ਵਾਕਰਾਂ ਦਾ ਨੁਕਸਾਨ ਕਿਹਾ ਜਾਂਦਾ ਹੈ।
5. ਛਾਨਣਿਆਂ ਦਾ ਨੁਕਸਾਨ: ਇਹ ਕੰਬਾਈਨ ਦੇ ਪਿਛਲੇ ਪਾਸੇ ਛਾਨਣਿਆਂ ਤੋਂ ਝੋਨੇ ਦੇ ਫੂਸ ਵਿੱਚ ਗਾਹੇ ਦਾਣੇ ਨਾਲ ਆ ਜਾਂਦੇ ਹਨ, ਇਹ ਦਾਣਿਆਂ ਦੇ ਨੁਕਸਾਨ ਨੂੰ ਛਾਨਣਿਆਂ ਦਾ ਨੁਕਸਾਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਖੇਤੀ ਸੰਦਾਂ ਨਾਲ ਖੁੱਲ੍ਹੇ ਰੁਜ਼ਗਾਰ ਦੇ ਮੌਕੇ, ਇਸ ਤਰ੍ਹਾਂ ਖੋਲ੍ਹੋ ਆਪਣਾ Machine Bank
ਕੰਬਾਈਨ ਦੀ ਸੁੱਚਜੀ ਕਟਾਈ ਬਾਬਤ ਜ਼ਰੂਰੀ ਨੁਕਤਿਆਂ ਬਾਬਤ ਜਾਣਕਾਰੀ:
1. ਕੰਬਾਈਨ ਨੂੰ ਖੇਤ ਵਿੱਚ ਚਲਾਉਣ ਤੋਂ ਪਹਿਲਾਂ ਉਸ ਵਿੱਚੋਂ ਪਿਛਲੀ ਫਸਲ ਦੀ ਰਹਿੰਦ ਖੂੰਹਦ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ। ਇਹ ਯਕੀਨੀ ਬਣਾਇਆ ਜਾਵੇ ਕਿਸੇ ਥਾਂ ਤੇ ਲੋੜ ਤੋਂ ਜਿਆਦਾ ਗਰੀਸ ਨਾ ਲੱਗੀ ਹੋਵੇ।
2. ਕੰਬਾਈਨ ਦੇ ਸਾਰੇ ਨੱਟ ਬੋਲਟ ਅਤੇ ਸ਼ੀਲਡਾਂ ਨੂੰ ਕੱਸ ਦੇਣਾ ਚਾਹੀਦਾ ਹੈ।
3. ਸਾਰੀਆਂ ਚੇਨਾਂ ਨੂੰ ਤੇਲ ਦੇਣਾ ਚਾਹੀਦਾ ਹੈ।
4. ਕੰਬਾਈਨ ਦੇ ਹੈਡਰ ਦੀ ਸਹੀ ਅਲਾਈਨਮੈਂਟ ਕਰ ਲੈਣਾ ਚਾਹੀਦੀ ਹੈ ਤਾਂ ਜੋ ਦਾਣਿਆਂ ਦਾ ਨੁਕਸਾਨ ਘੱਟ ਹੋਵੇ।
5. ਥਰੈਸ਼ਰ ਸਿਲੰਡਰ ਦੇ ਸਾਰੇ ਬੈਰਿੰਗ ਠੀਕ ਤਰ੍ਹਾਂ ਕੰਮ ਕਰਦੇ ਹੋਣ ਅਤੇ ਸਿਲੰਡਰ ਦੇ ਸਾਰੇ ਨੱਟ ਅਤੇ ਬੋਲਟ ਕਸੇ ਹੋਣ।
6. ਸਿਲੰਡਰ ਅਤੇ ਕੰਨਕੇਵ ਦੀ ਵਿੱਥ ਸਹੀ ਹੋਣੀ ਚਾਹੀਦੀ ਹੈ ਤਾਂ ਜੋ ਗਹਾਈ ਵਧੀਆ ਤਰੀਕੇ ਨਾਲ ਹੋ ਸਕੇ।
7. ਪੱਖੇ ਦੇ ਬਲੇਡ ਸਾਫ਼ ਹੋਣੇ ਚਾਹੀਦੇ ਹਨ ਤਾਂ ਜੋ ਦਾਣਿਆਂ ਦੀ ਸਫਾਈ ਸਹੀ ਢੰਗ ਨਾਲ ਹੋ ਸਕੇ।
8. ਪੱਖੇ ਨੂੰ ਚਲਾਉਣ ਵਾਲੀ ਬੈਲਟਾਂ ਸਹੀ ਹਾਲਤ ਵਿੱਚ ਹੋਣੀਆਂ ਚਾਹੀਦੀਆਂ ਹੈ।
9. ਛਾਨਣਿਆਂ ਦੀ ਸਫਾਈ ਰੱਖੋ ਤਾਂ ਜੋ ਦਾਣਿਆਂ ਦੀ ਸਫਾਈ ਸਹੀ ਢੰਗ ਨਾਲ ਹੋ ਸਕੇ।
10. ਦਾਣਿਆਂ ਵਾਲਾ ਟੈਂਕ ਸੁੱਕਾ ਅਤੇ ਸਾਫ਼ ਰੱਖੋ।
11. ਜਦੋਂ ਦਾਣੇ 90 ਪ੍ਰਤੀਸ਼ਤ ਤੋਂ ਵੱਧ ਪੱਕ ਜਾਣ, ਉਦੋਂ ਹੀ ਕੰਬਾਈਨ ਨਾਲ ਫਸਲ ਦੀ ਕਟਾਈ ਕੀਤੀ ਜਾਵੇ।
12. ਕੰਬਾਈਨ ਨੂੰ ਸਹੀ ਗਤੀ ਵਿੱਚ ਚਲਾਉਣਾ ਚਾਹੀਦਾ ਹੈ। ਜੇਕਰ ਕੰਬਾਈਨ ਵਿੱਚ ਫਸਲ ਦਾ ਰੁਗ ਜਿਆਦਾ ਚਲੇ ਜਾਵੇ ਜਾਂ ਓਵਰਲੋਡ ਹੋ ਜਾਵੇ ਤਾਂ ਇਸ ਦੀ ਗਤੀ ਘੱਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਹਾਈ ਦਾ ਕੰਮ ਸੁਚੱਜੇ ਢੰਗ ਨਾਲ ਹੋ ਸਕੇ।
13. ਬੀ.ਆਈ.ਐਸ. ਕੋਡ ਦੇ ਅਨੁਸਾਰ ਝੋਨੇ ਦੇ ਕਟਾਈ ਦੌਰਾਨ ਕੁਲ ਦਾਣਿਆਂ ਦਾ ਨੁਕਸਾਨ 2.5 ਪ੍ਰਤੀਸ਼ਤ ਤੋਂ ਜਿਆਦਾ ਨਹੀਂ ਹੋਣਾ ਚਾਹੀਦਾ ਹੈ।ਜੇਕਰ ਝੋਨੇ ਦੇ ਦਾਣੇ 1% ਤੋਂ ਜਿਆਦਾ ਟੁੱਟੇ ਹੋਣ ਤਾਂ ਸਿਲੰਡਰ ਦੀ ਗਤੀ ਘਟਾਓ ਜਾਂ ਕਨਕੇਵ ਦੀ ਵਿੱਥ ਵਧਾਓ। ਜੇਕਰ ਅਣਗਾਹੇ ਦਾਣੇ 1% ਤੋਂ ਵੱਧ ਹੋਣ ਤਾਂ ਸਿਲੰਡਰ ਕੰਨਕੇਵ ਦੀ ਵਿੱਥ ਨੂੰ ਘਟਾਓ।
14. ਕੰਬਾਈਨ ਦੇ ਅੱਗੇ ਅਤੇ ਪਿਛਲੇ ਟਾਇਰਾਂ ਵਿੱਚ ਹਵਾ ਦਾ ਪ੍ਰੈਸ਼ਰ ਸਹੀ ਰੱਖੋ।
15. ਝੋਨੇ ਦੀ ਡਿੱਗੀ ਹੋਈ ਫਸਲ ਦੀ ਉਲਟ ਦਿਸ਼ਾ ਵੱਲ ਕੰਬਾਈਨ ਨੂੰ ਚਲਾਓ।
16. ਜੇਕਰ ਕਟਰਬਾਰ ਦੇ ਬਲੇਡ ਖੁੰਡੇ ਹੋਣ ਤਾਂ ਨਵੇਂ ਬਲੇਡਾਂ ਨਾਲ ਬਦਲ ਲੈਣਾ ਚਾਹੀਦਾ ਹੈ।
17. ਟੂਲ ਬਾਕਸ ਵਿੱਚ ਨੱਟ ਬੋਲਟ, ਬੈਰਿੰਗ, ਬਲੇਡ ਆਦਿ ਰੱਖੇ ਹੋਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ।
18. ਕੰਬਾਇਨਾਂ ਦੇ ਪਿੱਛੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫਾਰਿਸ਼ ਸੁਪਰ ਐਸ.ਐਮ.ਐਸ. (ਸਟਰਾਅ ਮੈਨੇਜਮੈਂਟ ਸਿਸਟਿਮ) ਲੱਗਿਆ ਹੋਣਾ ਚਾਹੀਦਾ ਹੈ।
ਅਜੈਬ ਸਿੰਘ*, ਅਰਸ਼ਦੀਪ ਸਿੰਘ** ਅਤੇ ਮਨਿੰਦਰ ਸਿੰਘ ਬੌਂਸ*
*ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
**ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Combine machine for paddy harvesting