1. Home
  2. ਫਾਰਮ ਮਸ਼ੀਨਰੀ

Good News: ਇਸ Machine ਰਾਹੀਂ ਬੀਜੀ ਕਣਕ ਦੇ ਡਿੱਗਣ ਦਾ ਖ਼ਤਰਾ ਘੱਟਿਆ

ਇਹ ਮਸ਼ੀਨ 45-50 ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਦਿਨ ਵਿੱਚ 7-8 ਏਕੜ ਬੀਜ ਦਿੰਦੀ ਹੈ।

Gurpreet Kaur Virk
Gurpreet Kaur Virk
ਕਿਸਾਨਾਂ ਦਾ ਕੰਮ ਸੁਖਾਲਾ

ਕਿਸਾਨਾਂ ਦਾ ਕੰਮ ਸੁਖਾਲਾ

Farm Machinery: ਹਰ ਰੋਜ਼ ਖੇਤੀ ਦੇ ਤਰੀਕੇ ਬਦਲ ਰਹੇ ਹਨ। ਪੁਰਾਣੇ ਸਮਿਆਂ ਵਿੱਚ ਕਿਸਾਨ ਖੇਤੀ ਲਈ ਪੁਰਾਣੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਦੇ ਸਨ, ਜਿਸ ਵਿੱਚ ਮਿਹਨਤ ਅਤੇ ਸਮੇਂ ਦੇ ਨਾਲ-ਨਾਲ ਬਹੁਤ ਸਾਰਾ ਪੈਸਾ ਵੀ ਬਰਬਾਦ ਹੁੰਦਾ ਸੀ। ਪਰ ਅੱਜ ਦੇ ਸਮੇਂ ਵਿੱਚ ਕਿਸਾਨ ਮਸ਼ੀਨਾਂ ਦੀ ਮਦਦ ਤੋਂ ਬਿਨਾਂ ਖੇਤੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਵਿੱਚ ਮਦਦ ਮਿਲਦੀ ਹੈ। ਤਜਰਬੇ ਇਹ ਦੱਸਦੇ ਹਨ ਕਿ ਝੋਨੇ-ਕਣਕ ਫ਼ਸਲੀ ਚੱਕਰ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਤਿੰਨ ਸਾਲ ਲਈ ਖੇਤ ਵਿੱਚ ਵਾਹੁਣ ਜਾਂ ਰੱਖਣ ਨਾਲ ਕਣਕ ਦਾ ਝਾੜ ਵੱਧਦਾ ਹੈ, ਜ਼ਮੀਨ ਦੀ ਸਿਹਤ ਸੁਧਰਦੀ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟਦੀ ਹੈ। ਅਜਿਹੇ 'ਚ ਅੱਜ ਅਸੀਂ ਹੈਪੀ ਸੀਡਰ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ।

ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਮੁੱਲੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਣ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ।

ਜੇਕਰ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ ਵਿੱਚ ਚੰਗਾ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਈਜ਼ਾਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੈਪੀ ਸੀਡਰ ਇੱਕ ਵਧੀਆ ਮਸ਼ੀਨ ਹੈ। ਵੇਰਵਾ ਅਤੇ ਵਰਤਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:

ਇਹ ਵੀ ਪੜ੍ਹੋ: ਖੇਤੀਬਾੜੀ ਵਿੱਚ Robotic Drone ਦੇ ਫਾਇਦੇ, ਕੀਮਤ 5,000 ਤੋਂ 20,000 ਰੁਪਏ

ਹੈਪੀ ਸੀਡਰ

ਇਸ ਮਸ਼ੀਨ ਨੂੰ ਸੁਪਰ ਐਸ.ਐਮ.ਐਸ. ਵਾਲੀ ਕੰਬਾਈਨ ਵਰਤਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ। ਇਸ ਮਸ਼ੀਨ ਵਿੱਚ ਅੱਗੇ ਲੱਗੇ ਹੋਏ ਫਲੇਲ ਬਲੇਡ ਫਾਲਿਆਂ ਦੇ ਅੱਗੇ ਆਉਣ ਵਾਲੀ ਪਰਾਲੀ ਨੂੰ ਕੱਟ ਕੇ ਪਿੱਛੇ ਸੁੱਟਦੇ ਜਾਂਦੇ ਹਨ। ਜਿਸ ਨਾਲ ਫ਼ਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਕਣਕ ਦੀ ਬਿਜਾਈ ਸੁਖਾਲੀ ਹੋ ਜਾਂਦੀ ਹੈ।

ਹੈਪੀ ਸੀਡਰ ਵਿੱਚ ਪਹੀਆਂ ਵਾਲੀ ਅਟੈਚਮੈਂਟ ਵਰਤਣ ਨਾਲ ਫਾਲਿਆਂ ਵਿਚਲੀ ਪਰਾਲੀ ਹੇਠਾਂ ਦੱਬ ਜਾਂਦੀ ਹੈ ਅਤੇ ਬੀਜ ਦਾ ਮਿੱਟੀ ਨਾਲ ਸੰਪਰਕ ਵਧੀਆ ਹੋ ਜਾਂਦਾ ਹੈ। ਜਿਸ ਨਾਲ ਕਣਕ ਇਕਸਾਰ ਨਿਕਲਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਪਰਾਲੀ ਦੀ ਮਲਚਿੰਗ ਹੋਣ ਕਾਰਨ ਗੁੱਲੀ-ਡੰਡੇ ਦੀ ਸਮੱਸਿਆ ਘੱਟ ਆਉਂਦੀ ਹੈ। ਇਸ ਤਰੀਕੇ ਨਾਲ ਬੀਜੀ ਕਣਕ ਡਿੱਗਦੀ ਵੀ ਘੱਟ ਹੈ।

ਇਹ ਵੀ ਪੜ੍ਹੋ: Tractor, Happy Seeder, Harvester ਵਰਗੀਆਂ ਆਧੁਨਿਕ ਮਸ਼ੀਨਰੀ ਕਿਰਾਏ 'ਤੇ ਲਓ

ਇਹ ਮਸ਼ੀਨ 45-50 ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਦਿਨ ਵਿੱਚ 7-8 ਏਕੜ ਬੀਜ ਦਿੰਦੀ ਹੈ। ਇਸ ਮਸ਼ੀਨ ਦੀ ਵਰਤੋਂ ਸਵੇਰੇ ਜਾਂ ਸ਼ਾਮ ਦੇ ਸਮੇਂ ਜਦੋਂ ਜ਼ਿਆਦਾ ਤ੍ਰੇਲ ਪਈ ਹੋਵੇ ਤਾਂ ਨਹੀਂ ਕਰਨੀ ਚਾਹੀਦੀ। ਜਿਸ ਖੇਤ ਵਿੱਚ ਇਹ ਮਸ਼ੀਨ ਵਰਤਣੀ ਹੋਵੇ ਉੱਥੇ ਕੰਬਾਈਨ ਦੇ ਟਾਇਰਾਂ ਦੀਆਂ ਲੀਹਾਂ ਨਾ ਪਈਆਂ ਹੋਣ। ਬੀਜ ਦੀ ਡੂੰਘਾਈ 2 ਇੰਚ ਰੱਖੋ ਅਤੇ ਬੀਜ ਰਿਵਾਇਤੀ ਬਿਜਾਈ ਲਈ ਸਿਫਾਰਿਸ਼ ਕੀਤੀ (40 ਕਿਲੋ ਪ੍ਰਤੀ ਏਕੜ) ਮਾਤਰਾ ਤੋਂ 5 ਕਿੱਲੋ ਪ੍ਰਤੀ ਏਕੜ ਜ਼ਿਆਦਾ ਪਾਉ।

ਬਿਜਾਈ ਸਮੇਂ ਖੇਤ ਵਿੱਚ ‘ਕੂਲਾ ਵੱਤਰ’ ਹੋਣਾ ਚਾਹੀਦਾ ਹੈ। ਹੈਪੀ ਸੀਡਰ ਨੂੰ ਖੇਤ ਵਿੱਚ ਤੋਰਨ ਤੋਂ ਪਹਿਲਾ ਉਸ ਦੇ ਪੂਰੇ ਚੱਕਰ ਬਣਾ ਲਉ ਅਤੇ ਫੇਰ ਲਿਫ਼ਟ ਨੀਚੇ ਸੁੱਟ ਕੇ ਤੋਰੋ। ਇਸ ਤਰ੍ਹਾਂ ਬਲੇਡਾਂ ਵਿੱਚ ਪਰਾਲੀ ਫਸ ਕੇ ਮਸ਼ੀਨ ਦੇ ਰੁਕਣ ਦੀ ਸਮੱਸਿਆ ਨਹੀਂ ਆਏਗੀ। ਇਸ ਤਰੀਕੇ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉ ਪਰ ਭਾਰੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਇੱਕ ਤੋਂ ਦੋ ਹਫ਼ਤੇ ਹੋਰ ਲੇਟ ਕਰ ਦਿਉੁ।

ਇਹ ਮਸ਼ੀਨ ਕਿਰਾਏ 'ਤੇ ਵੀ ਆਸਾਨੀ ਨਾਲ ਉਪਲਬਧ ਹੈ। ਪਿੰਡ ਅਤੇ "FARMS-Farm Machinery Solutions" ਮੋਬਾਈਲ ਐਪ ਤੋਂ ਇਲਾਵਾ, ਇਹ ਮਸ਼ੀਨ ਕਈ ਔਨਲਾਈਨ ਸਾਈਟਾਂ ਦੁਆਰਾ ਕਿਰਾਏ 'ਤੇ ਵੀ ਦਿੱਤੀ ਜਾਂਦੀ ਹੈ।

Summary in English: Good News: The risk of falling of wheat sown by this machine is reduced

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters