PAU Super SMS: ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਬਹੁਤੀ ਕਟਾਈ ਕੰਬਾਇਨ ਹਾਰਵੇਸਟਰ ਨਾਲ ਕੀਤੀ ਜਾਂਦੀ ਹੈ। ਕੰਬਾਇਨ ਝੋਨੇ ਦੀ ਵਾਢੀ ਕਰਦੇ ਸਮੇਂ ਪਿਛਲੇ ਪਾਸੇ ਸਟਰਾਅ ਵਾਕਰਾਂ ਦੀ ਚੌੜਾਈ ਦੇ ਬਰਾਬਰ ਪਰਾਲੀ ਸੁੱਟਦੀ ਹੈ। ਇਸ ਨਾਲ ਖੇਤ ਵਿੱਚ ਖੜੇ ਮੁੱਢਾਂ ਦੇ ਉੱਤੇ ਖੁੱਲੀ ਪਰਾਲੀ ਦੀਆਂ 3-4 ਫੁੱਟ ਚੌੜੀਆਂ ਲੀਹਾਂ ਬਣ ਜਾਂਦੀਆਂ ਹਨ। ਇਸ ਹਾਲਤ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀ ਕੋਈ ਵੀ ਮਸ਼ੀਨ ਚਲਾਉਣ ਵਿੱਚ ਦਿੱਕਤ ਆਉਂਦੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੰਬਾਇਨ ਦੇ ਪਿੱਛੇ ਫਿੱਟ ਹੋਣ ਵਾਲਾ ਇੱਕ ਯੰਤਰ “ਪੀ.ਏ.ਯੂ. ਸੁਪਰ ਐਸ.ਐਮ.ਐਸ." ਵਿਕਸਤ ਕੀਤਾ ਹੈ ਜਿਸ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿਲਾਰਿਆ ਜਾ ਸਕਦਾ ਹੈ। ਇਹ ਯੰਤਰ ਸਵੈ-ਚਲਿਤ ਕੰਬਾਇਨ ਦੇ ਪਿੱਛੇ ਫਿੱਟ ਹੁੰਦਾ ਹੈ ਅਤੇ ਵਾਕਰਾਂ ਵਿੱਚ ਹੇਠਾਂ ਡਿੱਗਣ ਵਾਲੀ ਪਰਾਲੀ ਦਾ ਇਕਸਾਰ ਕੁਤਰਾ ਕਰਕੇ ਖੇਤ ਵਿੱਚ ਖਿਲਾਰਦਾ ਹੈ।
ਸੁਪਰ ਐਸ. ਐਮ. ਐਸ ਦੀਆਂ ਮੁੱਖ ਵਿਸ਼ੇਸ਼ਤਾਵਾਂ:-
1. ਇਕਸਾਰ ਖਿੱਲਰੀ ਹੋਈ ਪਰਾਲੀ ਨਾਲ ਖੇਤ ਵਿੱਚ ਵੱਤਰ ਇਕਸਾਰ ਰਹਿੰਦਾ ਹੈ। ਜਿਸ ਨਾਲ ਕਣਕ ਦਾ ਜੰਮ ਇਕਸਾਰ ਹੁੰਦਾ ਹੈ।
2. ਕੁਤਰੀ ਅਤੇ ਇਕਸਾਰ ਖਿੱਲਰੀ ਪਰਾਲੀ ਵਿੱਚੋਂ ਨਮੀ ਜਲਦੀ ਸੁਕਦੀ ਹੈ ਜਿਸ ਨਾਲ ਖੇਤ ਵਿੱਚ ਪਰਾਲੀ ਦਾ ਲੋਡ਼ ਘੱਟਦਾ ਹੈ। ਇਸ ਨਾਲ ਕਣਕ ਬੀਜਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਡੀਜਲ ਦੀ ਖਪਤ ਘੱਟ ਹੁੰਦੀ ਹੈ ।
3. ਲੇਬਰ ਲਾ ਕੇ ਹੱਥ ਨਾਲ ਪਰਾਲੀ ਖਿੰਡਾਉਣ ਦੇ ਕੰਮ ਦੇ ਸਮੇਂ ਅਤੇ ਖਰਚੇ ਦੀ ਬੱਚਤ ਵੀ ਹੁੰਦੀ ਹੈ।
ਇਹ ਵੀ ਪੜ੍ਹੋ: Super SMS Combine ਰਾਹੀਂ ਕਰੋ ਝੋਨੇ ਦੀ ਪਰਾਲੀ ਦੀ ਸੰਭਾਲ
ਸੁਪਰ ਐਸ.ਐਮ.ਐਸ. ਨੂੰ ਕੰਬਾਇਨ 'ਤੇ ਫਿੱਟ ਕਰਨ ਸਮੇਂ ਧਿਆਨ ਰੱਖਣ ਯੋਗ ਨੁਕਤੇ:-
1. ਸੁਪਰ ਐਸ. ਐਮ. ਐਸ ਦਾ ਰੋਟਰ 1600 ਤੋਂ 1800 ਚੱਕਰ ਤੇ ਘੁੰਮਦਾ ਹੈ। ਇਸ ਲਈ ਐਸ.ਐਮ.ਐਸ ਯੂਨਿਟ ਦੀ ਕੰਬਣ ਘਟਾਉਣ ਲਈ ਰੋਟਰ ਨੂੰ ਡਾਇਨਿਮਕ ਬੈਲੈਂਸ / ਸੰਤੁਲਿਤ ਕਰਨਾ ਬਹੁਤ ਜਰੂਰੀ ਹੈ।
2. ਐਸ. ਐਮ. ਐਸ. ਯੂਨਿਟ ਨੂੰ ਕੰਬਾਇਨ ਦੀ ਚੈਂਸੀ ਤੋੰ ਲਗਾਉਣਾ ਚਾਹੀਦਾ ਹੈ ਤਾਂ ਜੋ ਕੰਬਣ ਘੱਟ ਹੋਵੇ।
3. ਐਸ. ਐਮ. ਐਸ ਦੇ ਰੋਟਰ ਤੇ ਜੜੇ ਘੁੰਮਣ ਵਾਲੇ ਫਲੇਲ ਬਲੇਡ ਨੂੰ ਸੀਜਨ ਤੋਂ ਪਹਿਲਾਂ ਚੈੱਕ ਕਰੋ। ਅਗਰ ਬਲੇਡ ਘਸੇ ਹੋਣ ਤਾਂ ਬਦਲੋ।
ਇਹ ਵੀ ਪੜ੍ਹੋ: ਕਿਸਾਨਾਂ ਲਈ ਵਰਦਾਨ ਬਣੀ Super Seeder
4. ਰੋਟਰ ਦੇ ਫਲੇਲ ਬਲੇਡ ਅਤੇ ਐਸ. ਐਮ. ਐਸ. ਦੀ ਬਾਡੀ ਤੇ ਜੜੇ ਫਿਕਸ ਬਲੇਡ ਦਾ ਚੜ੍ਹਾਅ ਫਿਕਸ ਬਲੇਡ ਦਾ ਕੋਣ ਬਦਲ ਤੇ ਸੈਟ ਕੀਤਾ ਜਾ ਸਕਦਾ ਹੈ। ਪਰਾਲੀ ਦਾ ਕੁਤਰਾ ਅਤੇ ਕੰਬਾਇਨ ਦਾ ਲੋਡ ਇਸ ਚੜ੍ਹਾਅ ਉੱਤੇ ਨਿਰਭਰ ਕਰਦਾ ਹੈ। ਫਿਕਸ ਬਲੇਡਾਂ ਦਾ ਜਿਨ੍ਹਾਂ ਚੜ੍ਹਾਅ ਘੱਟ ਹੋਵੇਗਾ ਉਨ੍ਹਾਂ ਹੀ ਕੰਬਾਈਨ ਸੌਖੀ ਚਲੇਗੀ ਭਾਵ ਲੋਡ ਘਟੇਗਾ।
5. ਵੀ-ਬੈਲਟ ਦੀ ਸਲਿੱਪ ਪ੍ਰਵਾਨਯੋਗ ਹੱਦ ਵਿੱਚ ਹੋਣੀ ਚਾਹੀਦੀ ਹੈ।
6. ਐਸ. ਐਮ. ਐਸ. ਯੂਨਿਟ ਦੇ ਰੋਟਰ ਦੀ ਗਤੀ ਨੂੰ ਮਾਪਣ ਲਈ ਇੱਕ ਸੂਚਕ ਯੰਤਰ ਸੁਰੱਖਿਆ ਲਈ ਲਗਾਇਆ ਜਾ ਸਕਦਾ ਹੈ।
ਇੰਜੀ. ਅਰਸ਼ਦੀਪ ਸਿੰਘ, ਡਾ. ਮਨਪ੍ਰੀਤ ਸਿੰਘ ਅਤੇ ਡਾ. ਰਾਜੇਸ਼ ਗੋਇਲ
ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੀ ਏ ਯੂ, ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU Super SMS: Steps towards saving stubble in the field