Straw Management: ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਪਰਾਲੀ ਦੀ ਸੰਭਾਲ ਦਾ ਮੁੱਦਾ ਬੀਤੇ ਕੁਝ ਸਾਲਾਂ ਤੋਂ ਪ੍ਰਮੁੱਖ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਹੱਲ ਲਈ ਪਿਛਲੇ 6-7 ਸਾਲਾਂ ਵਿਚ ਕਈ ਮਸ਼ੀਨਾਂ ਸਾਹਮਣੇ ਆਈਆਂ। ਮਾਹਿਰਾਂ ਨੇ ਪਰਾਲੀ ਨੂੰ ਖੇਤ ਵਿਚ ਸੰਭਾਲਣ ਨੂੰ ਇਸ ਸਮੱਸਿਆ ਦਾ ਲਾਹੇਵੰਦ ਹੱਲ ਕਿਹਾ ਅਤੇ ਕਿਸਾਨਾਂ ਵਿਚ ਵੀ ਪਰਾਲੀ ਨੂੰ ਖੇਤ ਵਿਚ ਵਾਹੁਣ ਦਾ ਰੁਝਾਨ ਕਾਫੀ ਪ੍ਰਵਾਨ ਹੋਇਆ।
ਪਰਾਲੀ ਨੂੰ ਖੇਤ ਵਿਚ ਸੰਭਾਲਣ ਪੱਖੋਂ ਸੁਪਰ ਸੀਡਰ ਕਿਸਾਨਾਂ ਵੱਲੋਂ ਸਵੀਕਾਰੀ ਗਈ ਤਕਨੀਕ ਬਣੀ ਹੈ। ਇਸ ਨੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਸੰਭਾਲਣ ਦਾ ਬਦਲ ਕਿਸਾਨਾਂ ਨੂੰ ਦਿੱਤਾ। ਇਸ ਮਸ਼ੀਨ ਦੀਆਂ ਕੁਝ ਸੀਮਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿਚ ਇਸਦੀ ਵਧੇਰੇ ਕੀਮਤ ਦੇ ਨਾਲ-ਨਾਲ ਇਸਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਉੱਚ ਸਮਰੱਥਾ (60 ਹਾਰਸ ਪਾਵਰ ਜਾਂ ਜ਼ਿਆਦਾ) ਵਾਲਾ ਟਰੈਕਟਰ ਲੋੜੀਂਦਾ ਰਿਹਾ, ਇਸਦੇ ਨਾਲ-ਨਾਲ ਇਹ ਮਸ਼ੀਨ ਰੋਜ਼ਾਨਾ ਸਿਰਫ਼ 5-6 ਏਕੜ ਰਕਬੇ ਵਿਚ ਪਰਾਲੀ ਦੀ ਸੰਭਾਲ ਕਰਨ ਦੇ ਯੋਗ ਸੀ। ਇਸਦੇ ਨਾਲ-ਨਾਲ ਕਣਕ ਦੇ ਧੌੜੀਆਂ ਵਿਚ ਜੰਮ ਤੋਂ ਬਚਣ ਲਈ ਮਿੱਟੀ ਵਿਚ ਵਧੇਰੇ ਸਿੱਲ੍ਹ ਦੀ ਲੋੜ ਮਹਿਸੂਸ ਕੀਤੀ ਗਈ ਸੀ।
ਮੌਜੂਦਾ ਸਮੇਂ ਵਿਚ ਇਸ ਭਾਰੀ ਮਸ਼ੀਨ ਨੂੰ ਚਲਾਉਣ ਲਈ ਕਿਸਾਨਾਂ ਨੂੰ ਵੱਡੀ ਮਸ਼ੀਨਰੀ ਦੀ ਲੋੜ ਮਹਿਸੂਸ ਹੋਈ ਹੈ। ਇਹਨਾਂ ਸੀਮਾਵਾਂ ਦਾ ਉੱਤਰ ਤਲਾਸ਼ ਕਰਦਿਆਂ ਪੀ.ਏ.ਯੂ. ਨੇ ਇਕ ਨਵੀਂ ਮਸ਼ੀਨ ਦਾ ਵਿਕਾਸ ਕੀਤਾ ਹੈ। ਇਸ ਮਸ਼ੀਨ ਨੂੰ ਮਿਟਰ ਸੀਡਰ ਕਿਹਾ ਗਿਆ ਹੈ। ਜਿਹੜੇ ਕਿਸਾਨ ਪਰਾਲੀ ਨੂੰ ਖੇਤ ਵਿਚ ਵਾਹ ਕੇ ਸੰਭਾਲਣ ਨੂੰ ਪਹਿਲ ਦਿੰਦੇ ਹਨ, ਪਰ ਸੁਪਰ ਸੀਡਰ ਦੀਆਂ ਸੀਮਾਵਾਂ ਉਹਨਾਂ ਲਈ ਅੜਿੱਕਾ ਬਣਦੀਆਂ ਹਨ, ਉਹਨਾਂ ਲਈ ਇਹ ਮਸ਼ੀਨ ਢੁੱਕਵਾਂ ਬਦਲ ਬਣ ਸਕਦੀ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਲਾਲਦੀਬਾਦ ਵਿਚ ਇਸ ਮਸ਼ੀਨ ਦਾ ਪ੍ਰੀਖਣ ਸਵੈ ਸੇਵੀ ਸਮੂਹ ਵਚਨ ਦੀ ਸਹਾਇਤਾ ਨਾਲ ਕੀਤਾ ਗਿਆ, ਜਿੱਥੇ ਕਣਕ ਬੀਜਣ ਦੇ ਕੰਮ ਦੀ ਨਕਲ ਕੀਤੀ ਗਈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮਸ਼ੀਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਮਸ਼ੀਨ ਕੰਬਾਈਨ ਦੇ ਵੱਢਣ ਤੋਂ ਬਾਅਦ ਪਰਾਲੀ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਕੇ 7.25 ਇੰਚ ਦੀਆਂ ਕਤਾਰਾਂ ਵਿਚ ਕਣਕ ਦੀ ਬਿਜਾਈ ਕਰਦੀ ਹੈ| ਇਹ ਸਾਰਾ ਕਾਰਜ ਇੱਕੋ ਵਾਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਇਹ ਮਸ਼ੀਨ 50 ਹਾਰਸ ਪਾਵਰ ਦੇ ਦੋ ਚੱਕਿਆਂ ਦੀ ਖਿਚਾਈ ਵਾਲੇ ਟਰੈਕਟਰ ਦੀ ਸਹਾਇਤਾ ਨਾਲ ਚਲਾਈ ਜਾ ਸਕਦੀ ਹੈ। ਡਾ. ਗੋਸਲ ਨੇ ਦੱਸਿਆ ਕਿ ਇਸ ਮਸ਼ੀਨ ਰਾਹੀਂ ਇੱਕ ਦਿਨ ਵਿਚ 8-9 ਏਕੜ ਰਕਬੇ ਵਿਚ ਪਰਾਲੀ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਖੇਤ ਵਿਚ ਪਰਾਲੀ ਸੰਭਾਲਣ ਦੇ ਮੌਜੂਦਾ ਤਰੀਕਿਆਂ ਦੇ ਮੁਕਾਬਲੇ ਇਹ ਬਿਹਤਰ ਬਦਲ ਸਾਬਤ ਹੋ ਸਕਦਾ ਹੈ। ਮਸ਼ੀਨਰੀ ਨਿਰਮਾਤਾਵਾਂ ਨੇ ਇਸ ਮਸ਼ੀਨ ਦੇ ਨਿਰਮਾਣ ਵਿਚ ਆਪਣੀ ਦਿਲਚਸਪੀ ਵੀ ਦਿਖਾਈ ਹੈ। ਇਸ ਨਵੀਂ ਮਸ਼ੀਨ ਨੂੰ ਹਰ ਕਸੌਟੀ ਤੇ ਪਰਖਣ ਤੋਂ ਬਾਅਦ ਇਸਦੇ ਵਪਾਰੀਕਰਨ ਦਾ ਰਸਤਾ ਅਖਤਿਆਰ ਕਰਨ ਬਾਰੇ ਡਾ. ਗੋਸਲ ਨੇ ਭਰੋਸਾ ਦਿੱਤਾ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਮਿਟਰ ਸੀਡਰ ਦੇ ਪ੍ਰੀਖਣਾਂ ਤੋਂ ਬਹੁਤ ਲਾਹੇਵੰਦ ਸਿੱਟੇ ਸਾਹਮਣੇ ਆਏ ਹਨ ਅਤੇ ਇਹ ਪ੍ਰੀਖਣ ਕਿਸਾਨਾਂ ਦੇ ਖੇਤਾਂ ਵਿਚ ਕੀਤੇ ਗਏ। ਡਾ. ਭੁੱਲਰ ਨੇ ਆਸ ਪ੍ਰਗਟਾਈ ਕਿ ਇਹ ਮਸ਼ੀਨ ਰਾਜ ਵਿਚ ਪਰਾਲੀ ਦੀ ਸੰਭਾਲ ਦੇ ਮੁੱਦੇ ਨੂੰ ਸੌਖਾ ਅਤੇ ਕਿਫ਼ਾਇਤੀ ਹੱਲ ਦੇਣ ਵਿਚ ਸਫਲ ਰਹੇਗੀ।
ਇਹ ਵੀ ਪੜ੍ਹੋ: Modern Machinery: ਇਨ੍ਹਾਂ ਮਸ਼ੀਨਾਂ ਨੇ ਕੀਤਾ ਕਿਸਾਨਾਂ ਦਾ ਕੰਮ ਸੁਖਾਲਾ, ਹੁਣ ਕਣਕ ਦੀ ਬਿਜਾਈ ਅਤੇ ਪਰਾਲੀ ਦੀ ਸੰਭਾਲ ਦੀ ਟੇਂਸ਼ਨ ਮੁੱਕੀ
ਇਸ ਮਸ਼ੀਨ ਦੇ ਵਿਕਾਸ ਬਾਰੇ ਗੱਲ ਕਰਦਿਆਂ ਫਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਬਹੁਤ ਸਾਰੀਆਂ ਪਰਖਾਂ ਅਤੇ ਪ੍ਰੀਖਣਾਂ ਕਾਰਨ ਇਸ ਮਸ਼ੀਨ ਦੇ ਨਿਰਮਾਣ ਵਿਚ ਕੁਝ ਸਾਲ ਲੱਗੇ ਹਨ। ਕਿਸਾਨਾਂ ਦੇ ਖੇਤਾਂ ਵਿਚ ਇਸਦੇ ਤਜਰਬੇ ਸਾਲ 2022-23 ਅਤੇ 2023-24 ਦੇ ਸੀਜ਼ਨ ਦੌਰਾਨ ਕੀਤੇ ਗਏ ਸਨ। ਇਸ ਮਸ਼ੀਨ ਦੀ ਪਰਖ ਬਾਰੇ ਕਿਸਾਨਾਂ ਦੇ ਹਾਂ ਪੱਖੀ ਹੁੰਗਾਰਿਆਂ ਨੇ ਮਸ਼ੀਨ ਨਾਲ ਜੁੜੇ ਮਾਹਿਰਾਂ ਅਤੇ ਖੋਜੀਆਂ ਦਾ ਹੌਂਸਲਾ ਵਧਾਇਆ ਹੈ।
ਇਸ ਦੌਰਾਨ ਗਦਰੀ ਬਾਬਾ ਦੁੱਲਾ ਸਿੰਘ, ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਦੇ ਅਹੁਦੇਦਾਰ ਡਾ. ਹਰਮਿੰਦਰ ਸਿੰਘ ਸਿੱਧੂ ਕੁਝ ਹੋਰ ਕਿਸਾਨਾਂ ਨਾਲ ਮੌਜੂਦ ਰਹੇ। ਉਹਨਾਂ ਆਸ ਪ੍ਰਗਟਾਈ ਕਿ ਵਾਤਾਵਰਨ ਦੀ ਸੰਭਾਲ ਲਈ ਅਤੇ ਪਰਾਲੀ ਦੀ ਸਮੱਸਿਆ ਨੂੰ ਸੰਭਾਵਨਾ ਬਨਾਉਣ ਲਈ ਮਿਟਰ ਸੀਡਰ ਇਕ ਕਰਾਂਤੀਕਾਰੀ ਬਦਲ ਕਿਸਾਨਾਂ ਸਾਹਮਣੇ ਪੇਸ਼ ਕਰੇਗਾ। ਇਸ ਮਸ਼ੀਨ ਦੇ ਨਿਰਮਾਣ ਨਾਲ ਪੀ.ਏ.ਯੂ. ਨੇ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਦੇ ਪੱਖ ਤੋਂ ਇਕ ਵਿਸ਼ੇਸ਼ ਹੰਭਲਾ ਮਾਰਿਆ ਹੈ। ਇਸ ਨਾਲ ਕਿਸਾਨਾਂ ਨੂੰ ਸੌਖਾ, ਸਸਤਾ ਅਤੇ ਬਿਹਤਰ ਬਦਲ ਮਿਲਣ ਦੀ ਉਮੀਦ ਹੈ।
Summary in English: Straw Management Machine: Development of new machine mitar seeder for mixing straw in field