Leafy Green Vegetables: ਅੱਜ ਦੇ ਯੁੱਗ ਵਿੱਚ ਦੁਨੀਆਂ ਦੀ ਕੁੱਲ ਅਬਾਦੀ ਦਾ ਇੱਕ ਤਿਹਾਈ ਹਿੱਸਾ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਘਾਟ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਿਤ ਹੈ ਜੋ ਕਿ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਦਾ ਇੱਕ ਵੱਡਾ ਕਾਰਨ ਹੈ। ਭਾਰਤ ਵਰਗੇ ਦੇਸ਼ ਵਿੱਚ ਬਹੁਗਿਣਤੀ ਸ਼ਾਕਾਹਾਰੀ ਜੀਵਨ ਬਸਰ ਕਰਨ ਵਾਲੇ ਲੋਕਾਂ ਲਈ ਦਵਾਈਆਂ ਤੋਂ ਇਲਾਵਾ ਵਿਟਾਮਿਨ ਅਤੇ ਖਣਿਜਾਂ ਦੀ ਘਾਟ ਨੂੰ ਪੂਰਾ ਕਰਨ ਦਾ ਮੁਢਲਾ ਸਰੋਤ ਹਨ ਹਰੀਆਂ ਪੱਤੇਦਾਰ ਸਬਜ਼ੀਆਂ। ਇਹ ਹਰੀਆਂ ਪੱਤੇਦਾਰ ਸਬਜ਼ੀਆਂ ਅਕਸਰ ਸਰਦੀਆਂ ਵਿੱਚ ਹੀ ਖਾਧੀਆਂ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪਾਲਕ-ਮੇਥੀ-ਸਾਗ ਦਾ ਪੂਰਾ ਸਾਲ ਕਿਵੇਂ ਆਨੰਦ ਲੈ ਸਕਦੇ ਹੋ।
ਜਦੋਂ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਛੇ-ਸੱਤ ਸਬਜ਼ੀਆਂ ਦੇ ਨਾਮ ਹੀ ਆਉਂਦੇ ਹਨ ਜਿਹੜੀਆਂ ਅਸੀਂ ਜ਼ਿਆਦਾਤਰ ਵਰਤਣੇ ਹਾਂ ਜਿਵੇਂ ਕਿ ਪਾਲਕ, ਮੇਥੀ, ਮੇਥੇ, ਧਣੀਆ, ਪੁਦੀਨਾ, ਸਰੋਂ, ਬਾਥੂ ਆਦਿ। ਇਹਨਾਂ ਤੋਂ ਇਲਾਵਾ ਵੀ ਕਈ ਹਰੀਆਂ ਪੱਤੇਦਾਰ ਸਬਜ਼ੀਆਂ ਹਨ, ਜਿਨ੍ਹਾਂ ਦੀ ਅਸੀਂ ਆਪਣੀ ਖੁਰਾਕ ਵਿੱਚ ਬਹੁਤ ਘੱਟ ਜਾਂ ਨਾ-ਮਾਤਰ ਵਰਤੋਂ ਕਰਦੇ ਹਾਂ ਜਿਵੇਂ ਕਿ ਗੋਭੀ, ਮੂਲੀ, ਸ਼ਲਗਮ, ਗਾਜਰ ਦੇ ਪੱਤੇ ਅਤੇ ਚੁਕੰਦਰ ਅਤੇ ਅਰਬੀ ਦੇ ਪੱਤੇ, ਛੋਲਿਆਂ ਦਾ ਸਾਗ, ਹਾਲੋਂ, ਕੜ੍ਹੀ ਪੱਤਾ, ਸੁਆਂਜਣ ਦੇ ਪੱਤੇ ਅਤੇ ਚੁਲਾਈ ਆਦਿ।
ਸਾਰੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਹੀ ਚੰਗੀ ਸਿਹਤ ਲਈ ਬਹੁਤ ਜਰੂਰੀ ਹਨ ਕਿਉਂਕਿ ਇਨ੍ਹਾਂ ਵਿੱਚ ਵਿਟਾਮਿਨ, ਖਣਿਜ ਪਦਾਰਥ, ਰੇਸ਼ੇ ਅਤੇ ਫਾਈਟੋਕੈਮੀਕਲ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਾਨੂੰ ਕਈ ਤਰ੍ਹਾਂ ਦੀਆਂ ਭਿਆਨਕ ਅਤੇ ਉਮਰ ਦੇ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਉਂਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ ਸਰਦੀਆਂ ਦੇ ਮੌਸਮ ਵਿੱਚ ਸਸਤੀਆਂ ਅਤੇ ਬਹੁਤਾਤ ਵਿੱਚ ਉਪਲੱਬਧ ਹੁੰਦੀਆਂ ਹਨ, ਪਰ ਦੇਖਣ ਵਿੱਚ ਆਇਆ ਹੈ ਕਿ ਅਗਿਆਨਤਾ ਅਤੇ ਜਾਣਕਾਰੀ ਦੀ ਘਾਟ ਕਾਰਨ ਕਈ ਲੋਕ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਅੰਕੜਿਆਂ ਦੇ ਅਨੁਸਾਰ ਪੰਜਾਬ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਔਸਤਨ ਖਪਤ 24 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਹੈ ਜੋ ਕਿ ਮਾਹਿਰਾਂ ਦੀ ਸਿਫਾਰਸ਼ ਤੋਂ ਬਹੁਤ ਜ਼ਿਆਦਾ ਘੱਟ ਹੈ।
ਗਰਮੀਆਂ ਵਿੱਚ ਇਨ੍ਹਾਂ ਦੀ ਉਪਲੱਬਧਤਾ ਨਾ ਹੋਣ ਜਾਂ ਘੱਟ ਹੋਣ ਕਰਕੇ ਇਨ੍ਹਾਂ ਦੀ ਵਰਤੋਂ ਨਾ-ਮਾਤਰ ਰਹਿ ਜਾਂਦੀ ਹੈ ਜਿਸ ਕਰਕੇ ਔਰਤਾਂ ਵਿੱਚ ਹੱਡੀਆਂ ਦਾ ਖੁਰਨਾ ਅਤੇ ਅਨੀਮੀਆ ਵਰਗੀਆਂ ਬਿਮਾਰੀਆਂ ਦਾ ਸਾਡੇ ਸਮਾਜ ਵਿੱਚ ਬਹੁਤ ਤੇਜ ਰਫ਼ਤਾਰ ਨਾਲ ਵਾਧਾ ਹੋ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਦ ਰੁੱਤ ਵਿੱਚ ਇਨ੍ਹਾਂ ਪੱਤਿਆਂ ਦੀ ਖੂਬ ਭਰਮਾਰ ਹੁੰਦੀ ਹੈ। ਇਸ ਲਈ ਜੇਕਰ ਅਸੀਂ ਇਨ੍ਹਾਂ ਨੂੰ ਸੁਕਾਅ ਕੇ ਸਟੋਰ ਕਰ ਲਈਏ ਤਾਂ ਸਾਰਾ ਸਾਲ ਅਸੀਂ ਇਨ੍ਹਾਂ ਦੇ ਖੁਰਾਕੀ ਤੱਤਾਂ ਦਾ ਭਰਪੂਰ ਫ਼ਾਇਦਾ ਲੈ ਸਕਦੇ ਹਾਂ।
ਗਰਮੀਆਂ ਦੇ ਮੌਸਮ ਵਿੱਚ ਸੁਕਾਈਆਂ ਹੋਈਆਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਵੱਖ-ਵੱਖ ਢੰਗਾਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਕੇ ਅਸੀਂ ਆਪਣੀ ਖੁਰਾਕ ਵਿੱਚ ਵਿਭਿੰਨਤਾ ਵੀ ਲਿਆ ਸਕਦੇ ਹਾਂ। ਅੱਜ-ਕੱਲ੍ਹ ਦੇ ਸਮੇਂ ਪ੍ਰੋਸੈਸਿੰਗ ਦੀਆਂ ਵੱਖ-ਵੱਖ ਤਕਨੀਕਾਂ ਵਿੱਚ ਸੁਕਾਈ ਹੁਣ ਤੱਕ ਦਾ ਸਭ ਤੋਂ ਸਸਤਾ, ਅਸਾਨ ਅਤੇ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਵਰਤੋਂ ਵਿੱਚ ਲਿਆਇਆ ਜਾਣ ਵਾਲਾ ਤਰੀਕਾ ਹੈ।
ਸੁੱਕੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਪੌਸ਼ਟਿਕ ਤੱਤ (ਪ੍ਰਤੀ 100 ਗ੍ਰਾਮ)
ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸੁਕਾਉਣ ਦੀ ਵਿਧੀ:
ਕਿਸੇ ਵੀ ਪੱਤੇਦਾਰ ਸਬਜ਼ੀ ਨੂੰ ਸੁਕਾਉਣ ਤੋਂ ਪਹਿਲਾਂ ਉਸਦੀ ਸਫਾਈ ਬਹੁਤ ਜਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਅਣਚਾਹੇ ਅਤੇ ਖਰਾਬ ਪੱਤਿਆਂ ਨੂੰ ਅਲੱਗ ਕਰੋ। ਇਸ ਤੋਂ ਬਾਅਦ ਸਾਫ ਪੱਤਿਆਂ ਨੂੰ ਖੁੱਲੇ ਕੋਸੇ ਪਾਣੀ ਵਿੱਚ ਧੋ ਕੇ ਮਿੱਟੀ ਰਹਿਤ ਕਰੋ ਅਤੇ ਵਾਧੂ ਪਾਣੀ ਕੱਢ ਦਿਓ। ਹੁਣ ਮਲਮਲ ਦੇ ਕੱਪੜੇ ਵਿੱਚ ਢਿੱਲਾ ਬੰਨ ਕੇ ਇਨ੍ਹਾਂ ਨੂੰ ਦੋ ਮਿੰਟ ਲਈ ਉੱਬਲਦੇ ਪਾਣੀ ਵਿੱਚ ਬਲਾਂਚ ਕਰੋ। ਇਸ ਨਾਲ ਪੱਤਿਆਂ ਦਾ ਰੰਗ ਕਾਇਮ ਰਹੇਗਾ। ਸਬਜ਼ੀਆਂ ਨੂੰ ਬਲਾਂਚ ਕਰਨ ਤੋਂ ਬਾਅਦ ਮੁੱਖ ਰੂਪ ਵਿੱਚ ਹੇਠ ਲਿਖੇ ਤਰੀਕਿਆਂ ਨਾਲ ਸੁਕਾਇਆ ਜਾ ਸਕਦਾ ਹੈ:
● ਧੁੱਪ ਵਿੱਚ ਸੁਕਾਈ: ਬਲਾਂਚ ਕਰਨ ਤੋਂ ਬਾਅਦ ਸਬਜ਼ੀਆਂ ਵਿੱਚੋਂ ਵਾਧੂ ਪਾਣੀ ਕੱਢਕੇ ਕਿਸੇ ਸਾਫ ਸੂਤੀ ਕੱਪੜੇ ਤੇ ਖਿਲਾਰਕੇ ਪਤਲੇ ਕੱਪੜੇ ਨਾਲ ਢੱਕ ਦਿਓ। ਸਬਜ਼ੀਆਂ ਨੂੰ ਇਸ ਤਰ੍ਹਾਂ ਖਿਲਾਰੋ ਕਿ ਸੂਰਜੀ ਕਿਰਨਾਂ ਸਿੱਧੀਆਂ ਸਬਜ਼ੀਆਂ ਉੱਪਰ ਪੈਣ। ਸ਼ਾਮ ਹੋ ਜਾਣ ਤੇ ਸੁੱਕਣ ਲਈ ਵਿਛਾਏ ਮਾਲ ਨੂੰ ਇਕੱਠਾ ਕਰਕੇ ਰੱਖ ਦਿੱਤਾ ਜਾਂਦਾ ਹੈ ਤਾਂ ਜੋ ਘੱਟ ਤਾਪਮਾਨ ਹੋਣ ਕਾਰਨ ਨਮੀ ਵਾਪਸ ਸਬਜ਼ੀਆਂ ਵਿੱਚ ਨਾ ਜਾ ਸਕੇ।
ਇਹ ਤਰੀਕਾ ਕਾਫ਼ੀ ਸਸਤਾ ਅਤੇ ਸੌਖਾ ਹੈ। ਇਸ ਤਕਨੀਕ ਨਾਲ ਸੁਕਾਉਣ ਵਿੱਚ ਕਈ ਖਾਮੀਆਂ ਵੀ ਹਨ। ਇਸ ਵਿਧੀ ਰਾਹੀਂ ਸੁਕਾਈ ਦੀ ਰਫ਼ਤਾਰ ਬਹੁਤ ਘੱਟ ਹੈ। ਇਹ ਵਿਧੀ ਮੌਸਮ ਤੇ ਨਿਰਭਰ ਹੋਣ ਕਾਰਨ ਲਈ ਵਬਾਰ ਲੋੜੀਂਦੀ ਨਮੀ ਤੱਕ ਸਬਜ਼ੀਆਂ ਨਹੀਂ ਸੁੱਕਦੀਆਂ. ਧੂੜ ਮਿੱਟੀ ਪੈਣ ਦਾ ਵੀ ਖਤਰਾ ਰਹਿੰਦਾ ਹੈ।
● ਸੋਲਰ ਸੁਕਾਈ: ਇਸ ਤਕਨੀਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਘਰੇਲੂ ਸੋਲਰ ਡ੍ਰਾਇਰ ਦੀ ਵਰਤੋਂ ਨਾਲ ਸੁਕਾਇਆ ਜਾ ਸਕਦਾ ਹੈ। ਘਰੇਲੂ ਪੱਧਰ ਤੇ ਵਰਤੇ ਜਾਣ ਵਾਲੇ ਇਸ ਡ੍ਰਾਇਰ ਵਿੱਚ 2 ਤੋਂ 3 ਕਿੱਲੋ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ 2-3 ਦਿਨਾਂ ਵਿੱਚ ਸੁਕਾਇਆ ਜਾ ਸਕਦਾ ਹੈ। ਇਸ ਦੇ ਮੁੱਖ ਹਿੱਸੇ ਤੇ ਕਾਲਾ ਬਕਸਾ, ਆਪਾਰ ਫਰਮਾਂ, ਜਾਲੀਦਾਰ ਟਰੇਆਂ ਅਤੇ ਟਰੇਆਂ ਢਕਣ ਲਈ ਖਾਸ ਪਲੇਟਾਂ ਹਨ। ਸੂਰਜੀ ਕਿਰਨਾਂ ਨੂੰ ਸੋਖਣ ਲਈ ਇਸ ਦੇ ਅੰਦਰ ਮੱਧਮ ਕਾਲਾ ਰੰਗ ਕੀਤਾ ਹੋਇਆ ਹੈ।
ਇਸ ਦੇ ਕਾਲੇ ਬਕਸੇ ਸਾਹਮਣੇ 4 ਮਿਲੀਮੀਟਰ ਮੋਟਾ ਸ਼ੀਸ਼ਾ, ਜਿਸਨੂੰ ਗਲੇਜਿੰਗ ਕਹਿੰਦੇ ਹਨ ਲੱਗਿਆ ਹੈ ਜਿਸ ਰਾਹੀਂ ਸੂਰਜੀ ਕਿਰਨਾਂ ਇਸ ਅੰਦਰ ਦਾਖਲ ਹੁੰਦੀਆਂ ਹਨ। ਇਸ ਦੇ ਥੱਲੇ ਰੇੜੂ ਲਗਾਏ ਗਏ ਹਨ ਤਾਂ ਕਿ ਇਸਨੂੰ ਅਸਾਨੀ ਲਾਲ ਇੱਧਰ ਉੱਧਰ ਕੀਤਾ ਜਾ ਸਕੇ। ਇਸ ਕਾਲੇ ਬਕਸੇ ਵਿੱਚ ਤਿੰਨ ਜਾਲੀਦਾਰ ਟਰੇਆਂ ਇੱਕ ਦੂਜੇ ਦੇ ਉੱਪਰ ਵੱਖ-ਵੱਖ ਪੱਧਰ ਤੇ ਲਗਾਈਆਂ ਗਈਆਂ ਹਨ।
ਸੁਕਾਉਣ ਵਾਲੀਆਂ ਸਬਜ਼ੀਆਂ ਨੂੰ ਇਹਨਾਂ ਜਾਲੀਦਾਰ ਟਰੇਆਂ ਵਿੱਚ ਰੱਖਿਆ ਜਾਂਦਾ ਹੈ। ਘਰੇਲੂ ਸੂਰਜੀ ਸੁਕਾਵੇ ਦੀ ਕੀਮਤ 4800$- ਰੁਪਏ ਹੈ ਅਤੇ 300 ਦਿਨਾਂ ਦੇ ਇਸਤੇਮਾਲ ਨਾਲ ਲਾਗਤ ਵਸੂਲ ਹੋ ਜਾਂਦੀ ਹੈ। ਇਹ ਡ੍ਰਾਇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਵਿਆਉਣ ਯੋਗ ਊਰਜਾ ਸਰੋਤ ਵਿਭਾਗ ਵਿਖੇ ਉਪਲੱਬਧ ਹੈ।
ਇਹ ਵੀ ਪੜ੍ਹੋ : ਗਰਮੀਆਂ ਚ' ਪੁਦੀਨੇ ਦਾ ਕਰੋ ਸੇਵਨ ! ਇਨ੍ਹਾਂ ਸਮੱਸਿਆਵਾਂ ਤੋਂ ਰਵੋਗੇ ਦੂਰ
ਇਸ ਵਿਧੀ ਰਾਹੀਂ ਸੁਕਾਈਆਂ ਸਬਜ਼ੀਆਂ ਸੁੱਕਣ ਵਿੱਚ ਘੱਟ ਸਮਾਂ ਲੈਂਦੀਆਂ ਹਨ. ਲੋੜੀਂਦੀ ਨਮੀ ਤੱਕ ਸੁੱਕ ਜਾਂਦੀਆਂ ਹਨ। ਮਿੱਟੀ, ਧੂੜ ਅਤੇ ਮੀਂਹ ਕਣੀਂ ਤੋਂ ਬਚਾਅ ਰਹਿੰਦਾ ਹੈ. ਇਸ ਵਿਧੀ ਵਿੱਚ ਸ਼ਾਮ ਵੇਲੇ ਟਰੇਆਂ ਵਿੱਚ ਵਿਛਾਏ ਮਾਲ ਨੂੰ ਇਕੱਠਾ ਕਰਕੇ ਚੁੱਕਣ ਦੀ ਲੋੜ ਨਹੀਂ ਪੈਂਦੀ।
● ਬਿਜਲੀ ਦੀ ਵਰਤੋਂ ਨਾਲ ਚੱਲਣ ਵਾਲੇ ਓਵਨ ਵਿੱਚ ਸੁਕਾਈ : ਸਬਜ਼ੀਆਂ ਨੂੰ ਬਲਾਂਚ ਕਰਨ ਉਪਰੰਤ ਟਰੇਆਂ ਵਿੱਚ ਖਿਲਾਰ ਕੇ ਪਹਿਲਾਂ ਗਰਮ ਕੀਤੇ ਓਵਨ ਵਿੱਚ 60 ਡਿਗਰੀ ਸੈਲਸੀਅਸ ਤੇ ਰੱਖੋ. ਇਹ ਤਾਪਮਾਨ ਸਬਜ਼ੀਆਂ ਦੇ ਸੁੱਕਣ ਤੱਕ ਬਰਕਰਾਰ ਰੱਖੋ। ਇਹ ਵਿਧੀ ਮੌਸਮ ਤੇ ਨਿਰਭਰ ਨਹੀਂ ਹੈ। ਇਸ ਵਿੱਚ ਸੁਕਾਈ ਦਾ ਸਮਾਂ ਵੀ ਬਹੁਤ ਘੱਟ ਲੱਗਦਾ ਹੈ।
ਸੁਕਾਈਆਂ ਹੋਈਆਂ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਭੰਡਾਰਨ : ਸੁਕਾਈਆਂ ਹੋਈਆਂ ਸਬਜ਼ੀਆਂ ਨੂੰ ਵਧੀਆ ਗੁਣਵੱਤਾ ਵਾਲੇ ਲਫ਼ਾਫ਼ਿਆਂ ਵਿੱਚ ਪੈਕ ਕਰੋ ਅਤੇ ਇਹਨਾਂ ਨੂੰ ਸੀਲ ਕਰਕੇ ਹਵਾ ਬੰਦ ਡੱਬਿਆਂ ਵਿੱਚ ਰੱਖੋ।
ਇਹ ਵੀ ਪੜ੍ਹੋ : ਭਾਰਤ ਦੇ ਇਸ ਜਾਦੂਈ ਇਨਸੁਲਿਨ ਪਲਾਂਟ ਦੀਆਂ ਪੱਤੀਆਂ ਦਾ ਸੇਵਨ ਕਰਕੇ ਸ਼ੂਗਰ ਤੋਂ ਛੁਟਕਾਰਾ ਪਾਉ!
ਸੁਕਾਈਆਂ ਹੋਈਆਂ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ: ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਗਰਮੀ ਰੁੱਤ ਵਿੱਚ ਵਰਤਣ ਲਈ ਥੋੜੇ ਜਿਹੇ ਪਾਣੀ ਵਿੱਚ ਭਿਓਂਕੇ ਤਾਜ਼ੀਆਂ ਸਬਜ਼ੀਆਂ ਵਰਗਾ ਅਨੰਦ ਮਾਣ ਸਕਦੇ ਹਾਂ। ਇਨ੍ਹਾਂ ਨੂੰ ਅਸੀਂ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਇਨ੍ਹਾਂ ਨੂੰ ਪਰੌਂਠੇ, ਪੂਰੀ, ਰੋਟੀ, ਦਾਲ, ਸਬਜ਼ੀ ਵਿੱਚ ਪਾ ਕੇ ਵਰਤ ਸਕਦੇ ਹਾਂ. ਇਹਨਾਂ ਦੀ ਵਰਤੋਂ ਨਾ ਸਿਰਫ ਮਾਸ ਖੁਰਾਕੀ ਤੱਤਾਂ ਦੀ ਪੂਰਤੀ ਕਰਵਾਉਂਦੀ ਹੈ ਸਗੋਂ ਖੁਰਾਜ ਵਿੱਚ ਵਿਭਿੰਨਤਾ ਵੀ ਲਿਆਉਂਦੀ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸੁਕਾਉਣ ਦੀ ਵਿਧੀ:
● ਪੱਤੇਦਾਰ ਸਬਜ਼ੀਆਂ (ਮੇਥੀ, ਪਾਲਕ, ਸਾਗ ਆਦਿ)।
● ਪੱਤਿਆਂ ਦੀ ਛਾਂਟੀ, ਸਫਾਈ ਅਤੇ ਪੱਤਿਆਂ ਨੂੰ ਸਾਫ ਪਾਣੀ ਨਾਲ ਧੋਣਾ।
● ਉੱਬਲਦੇ ਪਾਣੀ ਵਿੱਚ ਜਾਂ ਪਾਣੀ ਦੀ ਭਾਫ਼ ਦੇ ਸੇਕ ਉੱਪਰ ਮਲਮਲ ਦੇ ਕੱਪੜੇ ਵਿੱਚ ਬੰਨ ਕੇ ਦੋ ਮਿੰਟ ਲਈ ਪਕਾਉਣਾ ਅਤੇ ਉਪਰੰਤ ਠੰਡੇ ਪਾਣੀ ਵਿੱਚ ਡੁਬਾਉਣਾ।
● ਪੱਤਿਆਂ ਨੂੰ ਧੁੱਪ ਵਿੱਚ, ਸੋਲਰ ਡ੍ਰਾਇਰ ਅਤੇ ਬਿਜਲੀ ਊਰਜਾ ਨਾਲ ਸੁਕਾਉਣ ਦੀ ਵਿਧੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Now Palak-Methi-Saag will be available all year round, know how?