ਫ਼ਲਾਂ ਦੀ ਕਾਸ਼ਤ ਜਿੱਥੇ ਆਮਦਨ ਦਾ ਚੰਗਾ ਵਸੀਲਾ ਹੈ ਉੱਥੇ ਦੇਸ਼ ਦੇ ਲੋਕਾਂ ਦੀ ਸਿਹਤ ਦਾ ਮਿਆਰ ਉੱਚਾ ਚੁੱਕਣ ਵਿੱਚ ਵੀ ਸਹਾਈ ਸਿੱਧ ਹੁੰਦੀ ਹੈ। ਫ਼ਲ ਨਾ ਕੇਵਲ ਖਾਣ ਵਿੱਚ ਹੀ ਸੁਆਦ ਹੁੰਦੇ ਹਨ ਸਗੋਂ ਸਿਹਤ ਲਈ ਜ਼ਰੂਰੀ ਤੱਤ ਵੀ ਪ੍ਰਦਾਨ ਕਰਦੇ ਹਨ। ਫ਼ਲਾਂ ਦੀ ਖੁਰਾਕੀ ਮਹੱਤਤਾ ਦਾ ਅੰਦਾਜ਼ਾ ਧਾਰਮਿਕ ਅਸਥਾਨਾਂ ਤੇ ਲੱਗੇ ਫ਼ਲਦਾਰ ਬੂਟਿਆਂ ਤੋਂ ਵੀ ਲੱਗ ਜਾਂਦਾ ਹੈ ਜਿਵੇਂ ਕਿ ਹਰਿਮੰਦਰ ਸਾਹਿਬ ਵਿਖੇ ‘ਬਾਬਾ ਬੁੱਢਾ ਸਾਹਿਬ ਦੁੱਖ ਭੰਜਨੀ ਬੇਰੀ’ ਅਤੇ ‘ਇਲਾਇਚੀ ਬੇਰ’ ਗੁਰਦੁਆਰਾ ਅਚੱਲ ਸਾਹਿਬ ਬਟਾਲਾ ਵਿਖੇ, ਸੁਲਤਾਨਪੁਰ ਲੋਧੀ ਵਿਖੇ ‘ਬੇਰ ਸਾਹਿਬ’ ਦਾ ਬੂਟਾ ਆਦਿ। ‘ਅੰਬ ਸਾਹਿਬ’ (ਮੁਹਾਲੀ) ਗੁਰਦੁਆਰੇ ਵਿਖੇ ਅੰਬਾਂ ਦਾ ਪ੍ਰਸ਼ਾਦ ਵੀ ਮਿਲਦਾ ਹੈ।
ਗੁਰੂ ਸਾਹਿਬਾਨ ਨੇ ਫ਼ਲਾਂ ਦੀ ਖੁਰਾਕੀ ਮਹੱਤਤਾ ਨੂੰ ਮੁੱਖ ਰੱਖ ਕੇ ਫ਼ਲਾਂ ਦੇ ਬੂਟੇ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਲਗਾਏ ਸਨ। ਇਸੇ ਤਰ੍ਹਾਂ, ਬਿੱਲ ਅਤੇ ਕੇਲੇ ਦੇ ਰੁੱਖਾਂ ਨੂੰ ਹਿੰਦੂ ਧਰਮ ਵਿੱਚ ਬਹੁਤ ਪਵਿੱਤਰ ਰੁੱਖ ਮੰਨਿਆ ਜਾਂਦਾ ਹੈ ਅਤੇ ਅਕਸਰ ਮੰਦਰਾਂ ਵਿੱਚ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਭਗਵਾਨ ਸ੍ਰੀ ਰਾਮ ਚੰਦਰ ਨੇ ਭੀਲਣੀ ਦੇ ਸੁੱਕੇ ਬੇਰ ਬਹੁਤ ਆਨੰਦ ਨਾਲ ਖਾਧੇ ਸਨ। ਫ਼ਲਾਂ ਦੀ ਖੁਰਾਕੀ ਅਤੇ ਔਸ਼ਧਿਕ ਮਹੱਤਤਾ ਕਾਰਨ ਇਨ੍ਹਾਂ ਨੂੰ ਸਦੀਆਂ ਤੋਂ ਨਿਵਾਜਿਆ ਗਿਆ ਹੈ।
ਫ਼ਲਾਂ ‘ਚ ਅਜਿਹੇ ਕਈ ਗੁਣ ਹੁੰਦੇ ਨੇ ਜੋ ਸਰੀਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦੇ ਹਨ। ਆਮ ਤੌਰ ‘ਤੇ ਵੇਖਣ ‘ਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਫ਼ਲਾਂ ਦਾ ਸੇਵਨ ਛਿਲਕੇ ਉਤਾਰ ਕੇ ਕਰਦੇ ਹਨ। ਪਰ ਫ਼ਲਾਂ ਦੇ ਛਿਲਕੇ ਉਤਾਰਨ ਨਾਲ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਮਨੁੱਖੀ ਸਰੀਰ ਅਤੇ ਚੰਗੀ ਸਿਹਤ ਵਾਸਤੇ ਜ਼ਰੂਰੀ ਹੈ ਕਿ ਅਸੀਂ ਸਰੀਰ ਲਈ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਇਕਸਾਰ ਸੰਤੁਲਨ ਰੱਖੀਏ।
ਵਿਟਾਮਿਨ ਏ: ਇਸ ਵਿਟਾਮਿਨ ਦੀ ਕਮੀ ਕਾਰਨ ਛੋਟੇ ਬੱਚਿਆਂ ਦਾ ਵਾਧਾ ਰੁਕ ਜਾਂਦਾ ਹੈ, ਅੱਖਾਂ ਵਿਚ ‘ਲੈਕਰੀਮਲ’ ਗਲੈਂਡ ਸੁੱਕ ਜਾਂਦੇ ਹਨ ਅਤੇ ਅੰਧਰੇਤਾ ਵੀ ਹੋ ਜਾਂਦਾ ਹੈ। ਇਹ ਵਿਟਾਮਿਨ ਅੰਬ, ਪਪੀਤਾ, ਬੇਰ, ਖਜ਼ੂਰ ਅਤੇ ਕਾਜੂ ਵਿਚ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਵਿਟਾਮਿਨ ਬੀ 1 (ਥਾਇਆਮਿਨ): ਇਸ ਵਿਟਾਮਿਨ ਦੀ ਕਮੀ ਨਾਲ ਬੇਰੀ-ਬੇਰੀ ਨਾਂ ਦੀ ਬਿਮਾਰੀ ਲੱਗ ਜਾਂਦੀ ਹੈ। ਦਿਲ ਵੱਧਣਾ ਸ਼ੁਰੂ ਹੋ ਜਾਂਦਾ ਹੈ, ਭੁੱਖ ਨਹੀਂ ਲੱਗਦੀ, ਭਾਰ ਘੱਟ ਜਾਂਦਾ ਹੈ ਅਤੇ ਸਰੀਰ ਦੀ ਗਰਮੀ ਘੱਟ ਜਾਂਦੀ ਹੈ। ਇਹ ਵਿਟਾਮਿਨ ਸੇਬ, ਨਾਸ਼ਪਤੀ, ਅਲੂਚਾ, ਕਾਜੂ, ਬਾਦਾਮ, ਕੇਲੇ ਵਿਚ ਪਾਇਆ ਜਾਂਦਾ ਹੈ।
ਵਿਟਾਮਿਨ ਬੀ 2 (ਰਿਬੋਫਲੇਵਿਨ): ਇਹ ਵਿਟਾਮਿਨ ਚਮੜੀ ਦੀ ਸਿਹਤ ਅਤੇ ਵਾਧੇ ਵਾਸਤੇ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਗਲੇ ਦਾ ਕੌੜਾ ਰਹਿਣਾ, ਮੋਤੀਆ, ਭਾਰ ਵਿਚ ਘਾਟ, ਫੁਲਿਆ ਹੋਇਆ ਨੱਕ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਇਹ ਵਿਟਾਮਿਨ ਲੀਚੀ, ਪਪੀਤਾ, ਅਨਾਰ ਅਤੇ ਨਾਖ ਵਿਚ ਪਾਇਆ ਜਾਂਦਾ ਹੈ।
ਵਿਟਾਮਿਨ ਸੀ: ਇਹ ਵਿਟਾਮਿਨ ਮਸੂਿੜਆਂ ਵਿੱਚੋਂ ਖੂੁਨ ਨਿਕਲਣ ਤੋਂ ਰੋਕਦਾ ਹੈ। ਜ਼ਖਮਾਂ ਨੂੰ ਜਲਦੀ ਠੀਕ ਕਰਨ ਵਿੱਚ ਮੱਦਦ ਕਰਦਾ ਹੈ ਅਤੇ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। ਇਹ ਵਿਟਾਮਿਨ ਆਂਵਲੇ ਵਿਚ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਫ਼ਲ ਨੂੰ ‘ਅੰਮ੍ਰਿਤ ਫ਼ਲ’ ਵੀ ਆਖਿਆ ਜਾਂਦਾ ਹੈ। ਇਸ ਫ਼ਲ ਵਿੱਚ ਵਿਟਾਮਿਨ-ਸੀ ਤੋਂ ਇਲਾਵਾ ਪੈਕਟਿਨ ਅਤੇ ਖਣਿਜ਼ਾਂ ਦੀ ਬਹੁਤਾਤ ਹੁੰਦੀ ਹੈ। ਇਸ ਤੋਂ ਇਲਾਵਾ ਅਮਰੂਦ, ਸੰਤਰਾ, ਅਨਾਨਾਸ ਅਤੇ ਬੇਰ ਵਿਚ ਵੀ ਕਾਫ਼ੀ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ।
ਕਾਰਬੋਹਾਈਡ੍ਰੇਟਸ: ਵਿਟਾਮਿਨਾਂ ਤੋਂ ਇਲਾਵਾ ਕਾਰਬੋਹਾਈਡ੍ਰੇਟਸ ਸਾਨੂੰ ਕੇਲਾ, ਚੀਕੂ, ਬਿੱਲ, ਖੁਰਮਾਨੀ ਅਤੇ ਖਜ਼ੂਰਾ ਤੋਂ ਮਿਲਦੀ ਹੈ। ਇਨ੍ਹਾਂ ਫ਼ਲਾਂ ਵਿੱਚ ਘੁਲਣਸ਼ੀਲ ਖੰਡ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਜਦੋਂ ਸਰੀਰ ਵਿੱਚ ਊਰਜਾ ਦੀ ਕਮੀ ਹੋਵੇ ਤਾਂ ਇਨ੍ਹਾਂ ਫ਼ਲਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਪ੍ਰੋਟੀਨ: ਮਾਹਿਰ ਮੰਨਦੇ ਹਨ ਕਿ ਇੱਕ ਸਿਹਤਮੰਦ ਵਿਅਕਤੀ ਨੂੰ 0.8 ਗ੍ਰਾਮ ਪ੍ਰੋਟੀਨ ਪ੍ਰਤੀ ਕਿਲੋਗ੍ਰਾਮ ਸਰੀਰਕ ਭਾਰ ਪ੍ਰਤੀ ਦਿਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋਟੀਨ ਨਾਲ ਭਰਪੂਰ ਖਾਣੇ ਦੀਆਂ ਚੋਣਾਂ ਮਾਸਾਹਾਰੀ ਲੋਕਾਂ ਲਈ ਭਾਵੇਂ ਅਸਾਨੀ ਨਾਲ ਉਪਲਬਧ ਹਨ, ਪਰ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦੀ ਰੋਜ਼ਾਨਾ ਖਪਤ ਨੂੰ ਪੂਰਾ ਕਰਨ ਲਈ ਫ਼ਲ ਇੱਕ ਚੰਗਾ ਸਰੋਤ ਹਨ। ਪ੍ਰੋਟੀਨ ਪ੍ਰਾਪਤ ਕਰਨ ਲਈ ਬਾਦਾਮ, ਕਾਜੂ ਤੇ ਅਖਰੋਟ ਸਭ ਤੋਂ ਵਧੀਆ ਵਸੀਲਾ ਹਨ।
ਇਹ ਵੀ ਪੜ੍ਹੋ: ਇਹ ਜੰਗਲ ਫਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਐਂਟੀਆਕਸੀਡੈਂਟ: ਸਰੀਰ ਦੇ ਸਾਰੇ ਅੰਗਾਂ ਦੇ ਸਹੀ ਕੰਮਕਾਜ ਲਈ ਐਂਟੀਆਕਸੀਡੈਂਟ ਬਹੁਤ ਜ਼ਰੂਰੀ ਹਨ। ਐਂਟੀਆਕਸੀਡੈਂਟ ਮਿਸ਼ਰਣ ਕੁਝ ਭੋਜਨਾਂ ਵਿੱਚ ਪਾਏ ਜਾਂਦੇ ਹਨ ਅਤੇ ਉਹ ਸਰੀਰ ਵਿੱਚ ਵੀ ਬਣਦੇ ਹਨ। ਐਂਟੀਆਕਸੀਡੈਂਟ ਸਰੀਰ ਨੂੰ ਕਈ ਹਾਨੀਕਾਰਕ ਅਣੂਆਂ ਤੋਂ ਬਚਾਉਂਦੇ ਹਨ ਜੋ ‘ਫ੍ਰੀ ਰੈਡੀਕਲਸ’ ਵਜੋਂ ਜਾਣੇ ਜਾਂਦੇ ਹਨ। ਅਸੀਂ ਕੁਝ ਐਂਟੀਆਕਸੀਡੈਂਟ-ਅਮੀਰ ਫ਼ਲਾਂ ਜਿਵੇਂ ਕਿ ਸਟਰਾਬੈਰੀ, ਲੀਚੀ, ਕਿੰਨੂ, ਆੜੂ, ਅਲੂਚਾ, ਸੇਬ, ਅੰਜ਼ੀਰ ਆਦਿ ਦਾ ਸੇਵਨ ਕਰਕੇ ਆਪਣੇ ਖੂਨ ਦੇ ਐਂਟੀਆਕਸੀਡੈਂਟ ਪੱਧਰਾਂ ਨੂੰ ਬਰਕਰਾਰ ਰੱਖ ਸਕਦੇ ਹਾਂ ਅਤੇ ਆਕਸੀਡੇਟਿਵ ਤਣਾਅ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰਹਿ ਸਕਦੇ ਹੋ। ਇਸ ਤੋਂ ਇਲਾਵਾ ਇਹ ਫ਼ਲ ਸਰੀਰ ਦੀ ਬਿਮਾਰੀਆਂ ਨਾਲ ਲੜਣ ਸ਼ਕਤੀ ਨੂੰ ਵੀ ਮਜ਼ਬੂਤ ਕਰਦੇ ਹਨ।
ਹੋਰ ਤੱਤ: ਸਾਨੂੰ ਫਲਾਂ ਤੋਂ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਆਇਰਨ (ਲੋਹਾ) ਤੱਤ ਵੀ ਮਿਲਦੇ ਹਨ। ਨਾਸ਼ਪਾਤੀ, ਅੰਜੀਰ ਅਤੇ ਸੇਬ ਵਿੱਚ ਆਇਰਨ ਪਾਇਆ ਜਾਂਦਾ ਹੈ ਜਦੋਂ ਕਿ ਅਖਰੋਟ ਅਤੇ ਬਦਾਮ ਵਿੱਚ ਫਾਸਫੋਰਸ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਸੁੱਕੇ ਮੇਵੇ ਅਤੇ ਕੇਲੇ ਪੋਟਾਸ਼ੀਅਮ ਦੇ ਭਰਪੂਰ ਸਰੋਤ ਹਨ। ਆਇਰਨ ਦੀ ਕਮੀ ‘ਅਨੀਮੀਆ’ ਨਾਮਕ ਬੀਮਾਰੀ ਦਾ ਕਾਰਨ ਬਣਦੀ ਹੈ। ਆਇਰਨ ਨਾਲ ਭਰਪੂਰ ਫਲਾਂ ਵਿੱਚ ਸੁੱਕੇ ਮੇਵੇ, ਖਜੂਰ, ਕਰੌਂਦਾ ਅਤ ਅੰਜ਼ੀਰ ਸ਼ਾਮਲ ਹਨ। ਇਸ ਤੋਂ ਇਲਾਵਾ ਫਲਾਂ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਸਰੀਰ 'ਚ ਆਇਰਨ ਦੇ ਸੋਕਣ ਨੂੰ ਵਧਾਉਣ 'ਚ ਮਦਦ ਕਰਦਾ ਹੈ। ਕੈਲਸ਼ੀਅਮ ਦੀ ਕਮੀ ‘ਓਸਟੀਓਪੋਰੋਸਿਸ’ ਅਤੇ ‘ਹਾਈ ਬਲੱਡ ਪ੍ਰੈਸ਼ਰ’ ਦਾ ਕਾਰਨ ਬਣਦੀ ਹੈ ਜਦੋਂਕਿ ਮੈਗਨੀਸ਼ੀਅਮ ਦੀ ਕਮੀ ਦੇ ਨਤੀਜੇ ਵਜੋਂ ‘ਓਸਟੀਓਪੋਰੋਸਿਸ’, ਨਰਵਿਸ ਪ੍ਰਣਾਲੀ ਵਕਾਰ, ਦੰਦ ਅਤੇ ਇਮਿਊਨ ਪ੍ਰਣਾਲੀ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਪੋਟਾਸ਼ੀਅਮ ਦੀ ਕਮੀ ‘ਹਾਈ ਬਲੱਡ ਪ੍ਰੈਸ਼ਰ’ ਅਤੇ ਸਟ੍ਰੋਕ ਵਧਾਉਦੀ ਹੈ। ਪਪੀਤਾ, ਕੇਲਾ, ਬਦਾਮ, ਅਖਰੋਟ ਅਤੇ ਕਾਜੂ ਵਰਗੇ ਫ਼ਲ ਇਨ੍ਹਾਂ ਖਿਣਜਾਂ ਦੇ ਭਰਪੂਰ ਸਰੋਤ ਹਨ।
ਫ਼ਲਾਂ ਦੀ ਮਹੱਤਤਾ ਨੂੰ ਵੇਖ ਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਫ਼ਲਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਈਏ। ਪਰ ਫ਼ਲ ਇੰਨੇ ਮਹਿੰਗੇ ਹਨ ਕਿ ਸਾਧਾਰਣ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਇਸ ਲਈ ਜੇ ਫ਼ਲਦਾਰ ਬੂਟੇ ਘਰੇਲੂ ਬਗੀਚੀ ਜਾਂ ਟਿਊਬਵੈੱਲਾਂ ਤੇ ਲਗਾ ਲਏ ਜਾਣ ਤਾਂ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਵੀ ਇੱਕ ਸਾਧਾਰਣ ਵਿਅਕਤੀ ਅਧੂਰੀ ਖੁਰਾਕ ਨੂੰ ਫਲਾਂ ਨਾਲ ਸੰਪੂਰਨ ਕਰ ਸਕਦਾ ਹੈ। ਫ਼ਲਦਾਰ ਬੂਟਿਆਂ ਦੀ ਕਾਮਯਾਬੀ ਉਨ੍ਹਾਂ ਦੀ ਚੰਗੀ ਕਿਸਮ, ਸਹੀ ਢੰਗ ਨਾਲ ਲਾਉਣ ਅਤੇ ਚੰਗੀ ਦੇਖਭਾਲ ਤੇ ਨਿਰਭਰ ਕਰਦੀ ਹੈ।
ਬੂਟੇ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ। ਸਦਾਬਹਾਰ ਬੂਟੇ ਜਿਸ ਵਿਚ ਕਿੰਨੂ, ਅਮਰੂਦ, ਅੰਬ, ਲੀਚੀ, ਪਪੀਤਾ, ਬਿਲ ਆਦਿ ਆਉਂਦੇ ਹਨ ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ਵਿਚ ਲਗਾਏ ਜਾ ਸਕਦੇ ਹਨ। ਪੱਤਝੜੀ ਬੂਟੇ ਜਿਵੇਂ ਕਿ ਅਲੂਚਾ, ਨਾਸ਼ਪਤੀ, ਆੜੂ, ਅੰਗੂਰ, ਅੰਜ਼ੀਰ ਜਨਵਰੀ-ਫਰਵਰੀ ਵਿਚ ਲਗਾਏ ਜਾ ਸਕਦੇ ਹਨ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਫ਼ਲ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਹਨ। ਸੋ ਅਜਿਹੀ ਹਾਲਤ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਅਜਿਹੀਆਂ ਗੁਣਆਤਮਿਕ ਭਰਪੂਰ ਫ਼ਸਲਾਂ ਦੀ ਕਾਸ਼ਤ ਕਰੀਏ ਤਾਂ ਜੋ ਆਮਦਨ ਵੀ ਵਧੇਰੇ ਹੋ ਸਕੇ ਅਤੇ ਹਰ ਵਰਗ ਦਾ ਵਿਅਕਤੀ ਫ਼ਲਾਂ ਨੂੰ ਖਰੀਦਣ ਦੀ ਪਹੰਚ ਰੱਖਦਾ ਹੋਵੇ। ਸੋ, ਲੋੜ ਹੈ ਕਿ ਬਾਗ਼ਬਾਨੀ ਦਾ ਕਿੱਤਾ ਨਾ ਕੇਵਲ ਖੇਤਾਂ ਤੱਕ ਹੀ ਸੀਮਿਤ ਰਹੇ ਸਗੋਂ ਘਰ ਦੀ ਚਾਰ-ਦੀਵਾਰੀ ਵਿਚ ਵੀ ਅਸੀਂ ਆਪਣੀ ਲੋੜ ਅਨੁਸਾਰ ਗੁਣਆਤਮਿਕ ਫ਼ਲ ਪੈਦਾ ਕਰਕੇ ਇੱਕ ਚੰਗੇ ਨਾਗਰਿਕ ਦਾ ਫਰਜ਼ ਅਦਾ ਕਰ ਸਕੀਏ।
Summary in English: What is the contribution of fruits in human health? Find out through this article