1. Home
  2. ਬਾਗਵਾਨੀ

ਛੋਲਿਆਂ ਦੀ ਖੇਤੀ ਬਾਰੇ ਸੰਪੂਰਨ ਜਾਣਕਾਰੀ

ਛੋਲਿਆਂ ਨੂੰ ਆਮ ਤੌਰ ਤੇ ਛੋਲੀਆ ਜਾਂ ਬੰਗਾਲ ਗ੍ਰਾਮ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਦੀ ਇੱਕ ਮਹੱਤਵਪੂਰਨ ਦਾਲਾਂ ਵਾਲੀ ਫਸਲ ਹੈ। ਇਹ ਮਨੁੱਖਾਂ ਦੇ ਖਾਣ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਇਸਦੇ ਛੋਲੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ ਜਦਕਿ ਪੌਦੇ ਦਾ ਬਾਕੀ ਬਚਿਆ ਹਿੱਸਾ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੇ ਦਾਣਿਆਂ ਨੂੰ ਵੀ ਸਬਜ਼ੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੀ ਪੈਦਾਵਾਰ ਵਾਲੇ ਮੁੱਖ ਦੇਸ਼ ਭਾਰਤ, ਪਾਕਿਸਤਾਨ, ਇਥਿਓਪੀਆ, ਬਰਮਾ ਅਤੇ ਟਰਕੀ ਆਦਿ ਹਨ। ਇਸ ਦੀ ਪੈਦਾਵਾਰ ਅਤੇ ਝਾੜ ਪੂਰੇ ਵਿਸ਼ਵ ਨਾਲੋਂ ਭਾਰਤ ਵਿੱਚ ਸਭ ਤੋਂ ਵੱਧ ਹੈ, ਅਤੇ ਇਸ ਤੋਂ ਬਾਅਦ ਪਾਕਿਸਤਾਨ ਹੈ। ਭਾਰਤ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਆਦਿ ਮੁੱਖ ਛੋਲੇ ਉਤਪਾਦਕ ਰਾਜ ਹਨ। ਇਨ੍ਹਾਂ ਨੂੰ ਆਕਾਰ, ਰੰਗ ਅਤੇ ਰੂਪ ਦੇ ਅਨੁਸਾਰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: 1) ਦੇਸੀ ਜਾਂ ਭੂਰੇ ਛੋਲੇ 2) ਕਾਬੁਲੀ ਜਾਂ ਚਿੱਟੇ ਛੋਲੇ। ਕਾਬੁਲੀ ਛੋਲਿਆਂ ਦਾ ਝਾੜ ਦੇਸੀ ਛੋਲਿਆਂ ਨਾਲੋਂ ਘੱਟ ਹੁੰਦਾ ਹੈ।

KJ Staff
KJ Staff
chickpea cultivation

Chickpea Cultivation

ਛੋਲਿਆਂ ਨੂੰ ਆਮ ਤੌਰ ਤੇ ਛੋਲੀਆ ਜਾਂ ਬੰਗਾਲ ਗ੍ਰਾਮ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਦੀ ਇੱਕ ਮਹੱਤਵਪੂਰਨ ਦਾਲਾਂ ਵਾਲੀ ਫਸਲ ਹੈ। ਇਹ ਮਨੁੱਖਾਂ ਦੇ ਖਾਣ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਇਸਦੇ ਛੋਲੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ ਜਦਕਿ ਪੌਦੇ ਦਾ ਬਾਕੀ ਬਚਿਆ ਹਿੱਸਾ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੇ ਦਾਣਿਆਂ ਨੂੰ ਵੀ ਸਬਜ਼ੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੀ ਪੈਦਾਵਾਰ ਵਾਲੇ ਮੁੱਖ ਦੇਸ਼ ਭਾਰਤ, ਪਾਕਿਸਤਾਨ, ਇਥਿਓਪੀਆ, ਬਰਮਾ ਅਤੇ ਟਰਕੀ ਆਦਿ ਹਨ। ਇਸ ਦੀ ਪੈਦਾਵਾਰ ਅਤੇ ਝਾੜ ਪੂਰੇ ਵਿਸ਼ਵ ਨਾਲੋਂ ਭਾਰਤ ਵਿੱਚ ਸਭ ਤੋਂ ਵੱਧ ਹੈ, ਅਤੇ ਇਸ ਤੋਂ ਬਾਅਦ ਪਾਕਿਸਤਾਨ ਹੈ। ਭਾਰਤ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਆਦਿ ਮੁੱਖ ਛੋਲੇ ਉਤਪਾਦਕ ਰਾਜ ਹਨ। ਇਨ੍ਹਾਂ ਨੂੰ ਆਕਾਰ, ਰੰਗ ਅਤੇ ਰੂਪ ਦੇ ਅਨੁਸਾਰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: 1) ਦੇਸੀ ਜਾਂ ਭੂਰੇ ਛੋਲੇ 2) ਕਾਬੁਲੀ ਜਾਂ ਚਿੱਟੇ ਛੋਲੇ। ਕਾਬੁਲੀ ਛੋਲਿਆਂ ਦਾ ਝਾੜ ਦੇਸੀ ਛੋਲਿਆਂ ਨਾਲੋਂ ਘੱਟ ਹੁੰਦਾ ਹੈ।

ਮਿੱਟੀ

ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ। ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ। ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ। ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ।

ਹਰ ਸਾਲ ਇੱਕ ਖੇਤ ਵਿੱਚ ਇੱਕ ਹੀ ਫਸਲ ਨਾ ਬੀਜੋ। ਵਧੀਆ ਫਸਲ ਚੱਕਰ ਅਪਣਾਓ। ਅਨਾਜ ਵਾਲੀਆਂ ਫਸਲਾਂ ਨੂੰ ਫਸਲ ਚੱਕਰ ਵਿੱਚ ਵਰਤਣ ਨਾਲ ਜ਼ਮੀਨ ਤੋਂ ਲੱਗਣ ਵਾਲੀਆਂ ਬਿਮਾਰੀਆਂ ਰੋਕਣ ਵਿੱਚ ਮਦਦ ਮਿਲਦੀ ਹੈ। ਆਮ ਤੌਰ ਤੇ ਫਸਲੀ ਚੱਕਰ ਵਿੱਚ ਸਾਉਣੀ ਵਾਲੇ ਚਿੱਟੇ ਛੋਲੇ, ਸਾਉਣੀ ਵਾਲੇ ਕਾਲੇ ਛੋਲੇ + ਕਣਕ/ਜੌਂ/ਰਾਇਆ, ਚਰੀ-ਛੋਲੇ, ਬਾਜਰਾ-ਛੋਲੇ, ਝੋਨਾ/ਮੱਕੀ-ਛੋਲੇ ਆਦਿ ਫਸਲਾਂ ਆਉਂਦੀਆਂ ਹਨ।

ਪ੍ਰਸਿੱਧ ਕਿਸਮਾਂ ਅਤੇ ਝਾੜ

Gram 1137: ਇਸ ਕਿਸਮ ਦੀ ਸਿਫਾਰਿਸ਼ ਪਹਾੜੀ ਖੇਤਰਾਂ ਲਈ ਕੀਤੀ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵਾਇਰਸ ਦੀ ਰੋਧਕ ਹੈ।

PBG 7: ਪੂਰੇ ਪੰਜਾਬ ਵਿੱਚ ਇਸਦੀ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ ਟਾਟਾਂ ਤੇ ਧੱਬਾ  ਰੋਗ, ਸੋਕਾ ਅਤੇ ਜੜ੍ਹ ਗਲਣ ਰੋਗ ਦੀ ਰੋਧਕ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਤਕਰੀਬਨ 159 ਦਿਨਾਂ ਵਿੱਚ ਪੱਕ ਜਾਂਦੀ ਹੈ।

CSJ 515: ਇਹ ਕਿਸਮ ਸੇਂਜੂ ਇਲਾਕਿਆਂ ਲਈ ਢੁੱਕਵੀਂ ਹੈ। ਇਸਦੇ ਦਾਣੇ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਭਾਰ 17 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ। ਇਹ ਜੜ੍ਹ ਗਲਣ ਰੋਗ ਦੀ ਰੋਧਕ ਹੈ ਅਤੇ ਟਾਟਾਂ ਦੇ ਉੱਪਰ ਧੱਬੇ ਰੋਗ ਨੂੰ ਸਹਾਰ ਲੈਂਦੀ ਹੈ। ਇਹ ਕਿਸਮ ਤਕਰੀਬਨ 135 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

BG 1053: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਸ ਕਿਸਮ ਦੇ ਫੁੱਲ ਜਲਦੀ ਨਿਕਲ ਆਉਂਦੇ ਹਨ ਅਤੇ ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਸਫੇਦ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਨ੍ਹਾਂ ਦੀ ਖੇਤੀ ਪੂਰੇ ਪ੍ਰਾਂਤ ਦੇ ਸੇਂਜੂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।

L 550: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਦਰਮਿਆਨੀ ਫੈਲਣ ਵਾਲੀ ਅਤੇ ਛੇਤੀ ਫੁੱਲ ਦੇਣ ਵਾਲੀ ਕਿਸਮ ਹੈ। ਇਹ 160 ਦਿਨਾਂ ਚ ਪੱਕ ਜਾਂਦੀ ਹੈ। ਇਸਦੇ ਦਾਣੇ ਚਿੱਟੇ ਰੰਗ ਦੇ ਅਤੇ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

L 551: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਸੋਕਾ ਰੋਗ ਦੀ ਰੋਧਕ ਕਿਸਮ ਹੈ। ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GNG 1958: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GNG 1969: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਸਦਾ ਬੀਜ ਸਫੇਦ ਰੰਗ ਦਾ ਹੁੰਦਾ ਹੈ ਅਤੇ ਫਸਲ 146 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GLK 28127: ਇਹ ਸਿੰਚਿਤ ਇਲਾਕਿਆਂ ਲਈ ਢੁਕਵੀਂ ਕਿਸਮ ਹੈ। ਇਸਦੇ ਬੀਜ ਹਲਕੇ ਪੀਲੇ ਅਤੇ ਸਫੇਦ ਰੰਗ ਦੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਜੋ ਦਿਖਣ ਵਿੱਚ ਉੱਲੂ ਵਰਗੇ ਲਗਦੇ ਹਨ। ਇਹ ਕਿਸਮ 149 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GPF2: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਜੋ ਕਿ ਉੱਪਰ ਵੱਲ ਵਧਦੇ ਹਨ। ਇਹ ਟਾਟਾਂ ਦੇ ਉੱਪਰ ਪੈਣ ਵਾਲੇ ਧੱਬਾ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Aadhar (RSG-963): ਇਹ ਕਿਸਮ ਟਾਟਾਂ ਦੇ ਧੱਬਾ ਰੋਗ, ਜੜ ਗਲਣ, ਬੀ.ਜੀ.ਐੱਮ, ਤਣੇ ਤੋਂ ਜੜ੍ਹਾਂ ਵਿਚਲੇ ਹਿੱਸੇ ਦਾ ਗਲਣਾ, ਫਲੀ ਦਾ ਗੜੂੰਆ ਅਤੇ ਨਿਮਾਟੋਡ ਆਦਿ ਦੀ ਰੋਧਕ ਹੈ। ਇਹ ਕਿਸਮ ਤਕਰੀਬਨ 125-130 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Anubhav (RSG 888): ਇਹ ਕਿਸਮ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਸੋਕਾ ਰੋਗ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 130-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Chamatkar: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਕਿਸਮ ਤਕਰੀਬਨ 140-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 7.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PBG 5: ਇਹ ਕਿਸਮ 2003 ਵਿੱਚ ਜਾਰੀ ਕੀਤੀ ਗਈ ਹੈ। ਇਹ 165 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 6.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸ ਦੇ ਦਾਣੇ ਮੋਟੇ ਅਤੇ ਭੂਰੇ ਰੰਗ ਦੇ ਹੁੰਦੇ ਹੈ ਇਹ ਕਿਸਮ ਸੋਕੇ ਅਤੇ ਜੜਾਂ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।

PDG 4: ਇਹ ਕਿਸਮ 2000 ਵਿੱਚ ਜਾਰੀ ਕੀਤੀ ਗਈ ਹੈ। ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਹ ਕਿਸਮ ਉਖੇੜਾ ਰੋਗ, ਜੜ ਗਲਣ ਅਤੇ ਸੋਕੇ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।

PDG 3: ਇਸ ਕਿਸਮ ਦੀ ਔਸਤਨ ਪੈਦਾਵਾਰ 7.2 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ।

L 552: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਹੈ। ਇਹ 157  ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਦਾਣੇ ਮੋਟੇ ਹੁੰਦੇ ਹੈ ਅਤੇ ਇਸਦੇ 100 ਦਾਣਿਆਂ ਦਾ ਔਸਤਨ ਭਾਰ 33.6 ਗ੍ਰਾਮ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

C 235: ਇਹ ਕਿਸਮ ਤਕਰੀਬਨ 145-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਤਣਾ ਗਲਣ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ। ਇਸਦੇ ਦਾਣੇ ਦਰਮਿਆਨੇ ਆਕਾਰ ਅਤੇ ਪੀਲੇ-ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8.4-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

G 24: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ ਅਤੇ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਕਿਸਮ ਤਕਰੀਬਨ 140-145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

G 130: ਇਹ ਦਰਮਿਆਨੇ ਅੰਤਰਾਲ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 8-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pant G 114: ਇਹ ਕਿਸਮ ਤਕਰੀਬਨ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

C 104: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ, ਜੋ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਲਈ ਢੁੱਕਵੀਂ ਹੈ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa 209: ਇਹ ਕਿਸਮ ਤਕਰੀਬਨ 140-165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਛੋਲਿਆਂ ਦੀ ਫਸਲ ਲਈ ਜ਼ਿਆਦਾ ਪੱਧਰੇ ਬੈੱਡਾਂ ਦੀ ਲੋੜ ਨਹੀਂ ਹੁੰਦੀ ਹੈ। ਜੇਕਰ ਇਸਨੂੰ ਮਿਕਸ ਫਸਲ ਦੇ ਤੌਰ 'ਤੇ ਉਗਾਇਆ ਜਾਵੇ ਤਾਂ ਖੇਤ ਚੰਗੀ ਤਰ੍ਹਾਂ ਵਾਹਿਆ ਹੋਣਾ ਚਾਹੀਦਾ ਹੈ। ਜੇਕਰ ਇਸ ਫਸਲ ਨੂੰ ਸਾਉਣੀ ਦੀ ਫਸਲ ਦੇ ਤੌਰ 'ਤੇ ਬੀਜਣਾ ਹੋਵੇ, ਤਾਂ ਖੇਤ ਨੂੰ ਮੌਨਸੂਨ ਆਉਣ 'ਤੇ ਡੂੰਘਾ ਵਾਹੋ, ਜੋ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਮਦਦ ਕਰੇਗਾ। ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕ ਵਾਰ ਵਾਹੋ। ਜੇਕਰ ਮਿੱਟੀ ਵਿੱਚ ਨਮੀਂ ਦੀ ਘਾਟ ਨਜ਼ਰ ਆਵੇ ਤਾਂ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਸੁਹਾਗਾ ਫੇਰੋ।

ਬਿਜਾਈ

ਬਿਜਾਈ ਦਾ ਸਮਾਂ
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ। ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ। ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ। ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ।

ਫਾਸਲਾ
ਬੀਜਾਂ ਵਿੱਚਲੀ ਦੂਰੀ 10 ਸੈ.ਮੀ. ਅਤੇ ਕਤਾਰਾਂ ਵਿੱਚਲੀ ਦੂਰੀ 30-40 ਸੈ.ਮੀ. ਹੋਣੀ ਚਾਹੀਦੀ ਹੈ।

ਬੀਜ ਦੀ ਡੂੰਘਾਈ
ਬੀਜ ਨੂੰ 10-12.5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ।

ਬਿਜਾਈ ਦਾ ਢੰਗ
ਉੱਤਰੀ ਭਾਰਤ ਵਿੱਚ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ। ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ।

ਬੀਜ ਦੀ ਸੋਧ
ਟ੍ਰਾਈਕੋਡਰਮਾ 2.5 ਕਿਲੋ ਪ੍ਰਤੀ ਏਕੜ+ਗਲ਼ਿਆ ਹੋਇਆ ਗੋਹਾ 50 ਕਿਲੋ ਮਿਲਾਓ ਅਤੇ ਫਿਰ ਜੂਟ ਦੀਆਂ ਬੋਰੀਆਂ ਨਾਲ ਢੱਕ ਦਿਓ। ਫਿਰ ਇਸ ਘੋਲ ਨੂੰ ਨਮੀ ਵਾਲੀ ਜ਼ਮੀਨ ਤੇ ਬਿਜਾਈ ਤੋਂ ਪਹਿਲਾਂ ਖਿਲਾਰ ਦਿਓ। ਇਸ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਬੀਜਾਂ ਨੂੰ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਉੱਲੀਨਾਸ਼ਕ ਜਿਵੇਂ ਕਿ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ(ਸਾਫ) 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਸੋਧੋ। ਸਿਉਂਕ ਵਾਲੀ ਜ਼ਮੀਨ ਤੇ ਬਿਜਾਈ ਲਈ ਬੀਜਾਂ ਨੂੰ ਕਲੋਰਪਾਈਰੀਫੋਸ 20 ਈ ਸੀ 10 ਮਿ.ਲੀ. ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।
ਬੀਜਾਂ ਦਾ ਮੈਸੋਰਹਾਈਜ਼ੋਬੀਅਮ ਨਾਲ ਟੀਕਾਕਰਣ ਕਰੋ। ਇਸ ਨਾਲ ਛੋਲਿਆਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ 7% ਤੱਕ ਝਾੜ ਵੀ ਵੱਧ ਜਾਂਦਾ ਹੈ। ਇਸ ਤਰ੍ਹਾਂ ਕਰਨ ਲਈ ਬੀਜਾਂ ਨੂੰ ਪਾਣੀ ਵਿੱਚ ਭਿਉਂ ਕੇ ਉਨ੍ਹਾਂ ਤੇ ਮੈਸੋਰਹਾਈਜ਼ੋਬੀਅਮ ਪਾਓ। ਟੀਕਾਕਰਣ ਤੋਂ ਬਾਅਦ ਬੀਜਾਂ ਨੂੰ ਛਾਂਵੇਂ ਸੁਕਾਓ।
ਹੇਠਾਂ ਦਿੱਤੇ ਉੱਲੀਨਾਸ਼ਕਾਂ ਵਿੱਚੋ ਕੋਈ ਇੱਕ ਵਰਤੋ:

Fungicide name Quantity (Dosage per kg seed)

Carbendazim 12% + Mancozeb 63% WP

2gm
Thiram 3gm

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

Crops UREA SSP MURIATE OF POTASH
Desi 13 50 As per soil test result
Kabuli 13 50 As per soil test result

ਤੱਤ (ਕਿਲੋ ਪ੍ਰਤੀ ਏਕੜ)

Crops UREA SSP MURIATE OF POTASH
Desi 6 8 As per soil test result
Kabuli 6 16 As per soil test result

ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਨਾਇਟ੍ਰੋਜਨ (ਯੂਰੀਆ 13 ਕਿਲੋ) ਅਤੇ ਫਾਸਫੋਰਸ (ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ। ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ। ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਇਹ ਵੀ ਪੜ੍ਹੋ :  ਗੰਨੇ ਦੀ ਖੇਤੀ ਬਾਰੇ ਸੰਪੂਰਨ ਜਾਣਕਾਰੀ

Summary in English: Complete information about chickpea cultivation

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters