Pruning of Deciduous Fruit Plants: ਪੱਤਝੜ ਵਾਲੇ ਫਲਦਾਰ ਬੂਟੇ ਜਿਵੇਂ ਕਿ ਆੜੂ, ਨਾਖ, ਆਲੂ ਬੁਖਾਰਾ, ਅੰਗੂਰ ਆਦਿ ਉਹ ਫਲਦਾਰ ਬੂਟੇ ਹੁੰਦੇ ਹਨ ਜਿਹੜੇ ਕਿ ਸਰਦੀਆਂ ਦੇ ਮੌਸਮ ਵਿੱਚ ਆਪਣੇ ਪੱਤੇ ਝਾੜ ਦਿੰਦੇ ਹਨ। ਫਲਦਾਰ ਬੂਟਿਆਂ ਦੀ ਸਿਧਾਈ, ਬੂਟਿਆਂ ਨੂੰ ਇੱਕ ਢੁਕਵਾਂ ਆਕਾਰ ਦਿੰਦੀ ਹੈ ਅਤੇ ਟਹਿਣੀਆਂ ਦਾ ਇਸ ਤਰ੍ਹਾਂ ਦਾ ਢਾਂਚਾ ਬਣਾਉਂਦੀ ਹੈ ਤਾਂ ਜੋ ਬੂਟੇ ਦੀ ਛਤਰੀ ਦਾ ਜਿਆਦਾ ਖੇਤਰਫਲ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿੱਚ ਆ ਜਾਵੇ ਤੇ ਜਿਆਦਾ ਫਲ ਲੱਗੇ।
ਇਸੇ ਤਰ੍ਹਾਂ ਕਾਂਟ-ਛਾਂਟ ਵੀ ਸਿਧਾਈ ਦੀ ਵਿਧੀ ਦਾ ਇੱਕ ਹਿੱਸਾ ਹੈ ਜਿਹੜਾ ਕਿ ਪੱਤਝੜ ਫਲਦਾਰ ਬੂਟਿਆਂ ਦੀ ਸਾਰੀ ਉਮਰ ਦੌਰਾਨ ਕੀਤੀ ਜਾਂਦੀ ਹੈ। ਸਰਦੀ ਦੇ ਮੌਸਮ ਵਿੱਚ ਜਦੋਂ ਬੂਟੇ ਆਪਣੇ ਪੱਤੇ ਝਾੜ ਕੇ ਆਰਾਮ ਅਵਸਥਾ ਵਿੱਚ ਚਲੇ ਗਏ ਹੋਣ ਹੋਣ, ਮੁੱਖ ਕਾਂਟ-ਛਾਂਟ ਉਦੋਂ ਕੀਤੀ ਜਾਂਦੀ ਹੈ।
ਕਾਂਟ-ਛਾਂਟ ਕਰਨ ਨਾਲ ਫਲਦਾਰ ਬੂਟਿਆਂ ਦਾ ਵਿਕਾਸ, ਫੁੱਲਾਂ ਅਤੇ ਫਲਾਂ ਦਾ ਵਾਧਾ ਹੁੰਦਾ ਹੈ ਅਤੇ ਵਧੀਆ ਗੁਣਵੱਤਾ ਵਾਲੇ ਫਲ ਲੱਗਦੇ ਹਨ। ਕਾਂਟ-ਛਾਂਟ ਕਰਨ ਨਾਲ ਬੂਟੇ ਦਾ ਬਨਸਪਤੀ ਅਤੇ ਜਨਣ ਵਿਕਾਸ ਨਿਰੰਤਰਣ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਜਿਹੜੇ ਬੂਟਿਆਂ ਦੀ ਚੰਗੀ ਤਰ੍ਹਾਂ ਨਾਲ ਸਿਧਾਈ ਨਹੀਂ ਕੀਤੀ ਜਾਂਦੀ, ਉਹਨਾਂ ਦੀ ਟਹਿਣੀਆਂ ਦਾ ਕੋਣ ਉੱਪਰ ਵੱਲ ਨੂੰ ਰਹਿੰਦਾ ਹੈ। ਜਿਸ ਕਰਕੇ ਟਹਿਣੀ ਉੱਪਰ ਜਿਆਦਾ ਫਲ ਲੱਗਣ ਕਰਕੇ ਭਾਰ ਨਾਲ਼ ਟੁੱਟ ਜਾਂਦੀ ਹੈ ਅਤੇ ਬੂਟੇ ਦੀ ਉਮਰ ਅਤੇ ਫਲ ਲੱਗਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ।
ਸਿਧਾਈ ਅਤੇ ਕਾਂਟ-ਛਾਂਟ ਦੇ ਮੁੱਖ ਉਦੇਸ਼
• ਸਿਧਾਈ ਅਤੇ ਕਾਂਟ-ਛਾਂਟ ਕਰਨ ਨਾਲ ਬਿਮਾਰੀ ਵਾਲੀਆਂ, ਮਰੀਆਂ ਹੋਈਆਂ ਅਤੇ ਟੁੱਟੀਆਂ ਹੋਈਆਂ ਸਖਾਵਾਂ ਨੂੰ ਬੂਟੇ ਨਾਲੋਂ ਕੱਟਿਆ ਜਾਂਦਾ ਹੈ।
• ਸਹੀ ਢੰਗ ਨਾਲ ਸਿਧਾਈ ਅਤੇ ਕਾਂਟ ਛਾਂਟ ਕਰਨ ਨਾਲ ਬੂਟੇ ਦੀ ਛਤਰੀ ਅੰਦਰ ਚੰਗੀ ਸੂਰਜ ਦੀ ਰੋਸ਼ਨੀ ਜਾਂਦੀ ਹੈ ਅਤੇ ਬੂਟੇ ਅੰਦਰ ਚੰਗੀ ਤਰ੍ਹਾਂ ਨਾਲ਼ ਘੁੰਮਦੀ ਹੈ।
• ਸਹੀ ਢੰਗ ਨਾਲ ਸਿਧਾਈ ਕੀਤੇ ਬੂਟਿਆਂ ਵਿੱਚ ਬਿਮਾਰੀ ਲੱਗਣ ਦਾ ਖਤਰਾ ਵੀ ਘੱਟ ਜਾਂਦਾ ਹੈ।
• ਕਾਂਟ-ਛਾਂਟ ਅਸਥਾਈ ਤੌਰ ਤੇ ਬੂਟਿਆਂ ਦੀ ਉਚਾਈ ਨੂੰ ਸੀਮਤ ਰੱਖਦੀ ਹੈ ਜਿਸ ਨਾਲ ਬੂਟਿਆਂ ਤੇ ਸਪਰੇ ਕਰਨਾ ਅਤੇ ਫਲਾਂ ਦੀ ਤੁੜਾਈ ਕਰਨਾ ਅਸਾਨ ਹੋ ਜਾਂਦਾ ਹੈ।
• ਕਾਂਟ-ਛਾਂਟ ਕਰਨ ਨਾਲ ਫਲ ਲੱਗਣ ਵਾਲੀ ਤੋਂ ਵਾਧੂ ਟਹਿਣੀ ਕੱਟੀ ਜਾਂਦੀ ਹੈ ਅਤੇ ਇਸ ਨਾਲ ਬਾਕੀ ਟਹਿਣੀਆਂ ਤੇ ਵਧੀਆ ਗੁਣਵੱਤਾ ਵਾਲੇ ਫਲ ਲੱਗਦੇ ਹਨ।
ਆੜੂ ਦੀ ਸਿਧਾਈ ਅਤੇ ਕਾਂਟ-ਛਾਂਟ
ਕਾਂਟ- ਛਾਂਟ ਅਤੇ ਸਿਧਾਈ ਫਲਦਾਰ ਬੂਟੇ ਦੀ ਫਲ ਲੱਗਣ ਦੀ ਆਦਤ ਉੱਤੇ ਨਿਰਭਰ ਕਰਦੀ ਹੈ। ਜਿਵੇਂ ਕਿ ਆੜੂ ਅਤੇ ਨੇਕਟ੍ਰੇਨ ਦੇ ਬੂਟਿਆਂ ਤੇ ਫਲ ਇਕ ਸਾਲ ਦੀ ਪੁਰਾਣੀ ਟਹਿਣੀ ਉੱਪਰ ਲੱਗਦੇ ਹਨ। ਇਸ ਲਈ ਫਲ ਲੱਗਣ ਵਾਲੀ ਟਹਿਣੀ ਨੂੰ ਬਣਾਈ ਰੱਖਣ ਲਈ ਆੜੂ ਵਿੱਚ ਹਰ ਸਾਲ ਕਾਂਟ-ਛਾਂਟ ਅਤੇ ਸਿਧਾਈ ਕਰਨ ਦੀ ਲੋੜ ਪੈਂਦੀ ਹੈ। ਜੇਕਰ ਬੂਟੇ ਦੀ ਕਾਂਟ- ਛਾਂਟ ਨਾ ਕੀਤੀ ਜਾਵੇ ਤਾਂ ਫਲ ਲੱਗਣ ਵਾਲੀਆਂ ਟਹਿਣੀਆਂ ਅੰਦਰ ਤੋਂ ਬਾਹਰਲੇ ਪਾਸੇ ਨੂੰ ਵੱਧਦੀਆਂ ਹਨ ਅਤੇ ਜਿਸ ਕਰਕੇ ਬੂਟੇ ਦੀ ਛਤਰੀ ਦੇ ਵਿਚਕਾਰਲਾ ਹਿੱਸੇ ਤੇ ਫਲ ਨਹੀਂ ਲੱਗਦਾ ਹੈ। ਲਗਭਗ 40 ਪ੍ਰਤੀਸ਼ਤ ਇਕ ਸਾਲ ਪੁਰਾਣੀਆਂ ਲਟਕੀਆਂ ਹੋਈਆਂ ਟਹਿਣੀਆਂ ਦੀ ਕਾਂਟ ਛਾਂਟ ਸਿਰੇ ਤੋਂ ਕੱਟ ਦਿਓ। ਕੁਝ ਸਮਾਂ ਪਹਿਲੇ ਆੜੂ ਅਤੇ ਨੇਕਟ੍ਰੇਨ ਦੀ ਸਿਧਾਈ ਇਸ ਤਰ੍ਹਾਂ ਨਾਲ਼ ਕੀਤੀ ਜਾਂਦੀ ਸੀ ਤਾਂ ਜੋ ਬੂਟੇ ਦੀ ਛਤਰੀ ਦਾ ਵਿਚਕਾਰਲਾ ਹਿੱਸਾ ਖੁੱਲਾ ਰਹੇ।
ਪਰ ਇਸ ਵਿਧੀ ਨਾਲ ਟਹਿਣੀਆਂ ਦੇ ਕੋਣ/ ਜੋੜ ਕਮਜ਼ੋਰ ਹੋ ਜਾਂਦੇ ਹਨ ਅਤੇ ਜ਼ਿਆਦਾ ਫਲ ਲੱਗਣ ਕਰਕੇ ਟੁੱਟ ਜਾਂਦੇ ਹਨ। ਪਰ ਹੁਣ ਇਸ ਵਿਧੀ ਦਾ ਬਦਲ ਸਿਧਾਈ ਦੀ ਸੁਧਰੀ ਹੋਈ ਟੀਸੀ ਵਿਧੀ ਹੈ, ਇਸ ਵਿਧੀ ਰਾਹੀਂ ਬੂਟਿਆਂ ਨੂੰ ਲਗਾਉਣ ਲੱਗਿਆਂ ਇੱਕ ਸਾਲ ਪੁਰਾਣੀ ਟਾਹਣੀ ਨੂੰ 90 ਸੈਂਟੀਮੀਟਰ ਤੋਂ ਰੱਖ ਕੇ ਕੱਟ ਦਿੱਤਾ ਜਾਂਦਾ ਹੈ ਅਤੇ ਸਭ ਤੋਂ ਹੇਠਲੀ ਟਹਿਣੀ ਜਮੀਨ ਤੋਂ 45 ਸੈਂਟੀਮੀਟਰ ਦੀ ਉਚਾਈ ਤੇ ਰੱਖਣੀ ਚਾਹੀਦੀ ਹੈ ਅਤੇ ਇਸ ਦੇ ਚਾਰੇ ਪਾਸੇ ਪਾਸੇ ਚਾਰ ਤੋਂ ਪੰਜ ਨਰੋਈਆਂ ਟਹਿਣੀਆਂ ਨਿਕਲਣ ਲੱਗ ਪੈਂਦੀਆਂ ਹਨ ਅਤੇ ਬੂਟੇ ਦੀ ਛਤਰੀ ਦਾ ਅਕਾਰ ਚੰਗਾ ਬਣ ਜਾਂਦਾ ਹੈI ਇਹਨਾਂ ਤੋਂ ਤਿੰਨ ਤੋਂ ਪੰਜ ਸ਼ਾਖਾਵਾਂ ਜੋ ਕਿ 15 ਤੋਂ 20 ਸੈਂਟੀਮੀਟਰ ਦੀ ਦੂਰੀ 'ਤੇ ਹੋਣ ਨੂੰ ਵਧਣ ਦਿੱਤਾ ਜਾਂਦਾ ਹੈ ਤਾਂ ਜੋ ਇਹ ਮੁੱਖ ਟਹਿਣੀਆਂ ਬਣ ਸਕਣ (ਚਿੱਤਰ 1) ਆੜੂ ਬੂਟੇ ਜੋ ਸੰਘਣੀ ਪ੍ਰਣਾਲੀ (6 x 1.5 ਮੀਟਰ) ਰਾਹੀਂ ਲੱਗੇ ਹੋਣ ਦੀ ਸਿਧਾਈ Y - ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Horticultural Advisory: ਕਿਸਾਨ ਵੀਰੋਂ ਜਨਵਰੀ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ
ਨਾਖ਼ ਦੀ ਸਿਧਾਈ ਅਤੇ ਕਾਂਟ ਛਾਂਟ
ਸੇਬ ਦੇ ਬੂਟੇ ਦੀ ਤਰ੍ਹਾਂ ਨਾਖ਼ ਦੀ ਟਹਿਣੀ ਵੀ ਲਚਕਦਾਰ ਹੋਣ ਕਰਕੇ ਇਸ ਦੀ ਸਿਧਾਈ ਕਰਨਾ ਬਹੁਤ ਆਸਾਨ ਹੈ। ਆੜੂ ਦੀ ਤਰ੍ਹਾਂ ਨਾਖ਼ ਦੀ ਸਿਧਾਈ ਅਤੇ ਕਾਂਟ ਛਾਂਟ ਵੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਕੀਤੀ ਜਾਂਦੀ ਹੈ। ਨਾਖ਼ ਦੇ ਬੂਟੇ ਨੂੰ ਫਲ ਦੋ ਸਾਲ ਦੀ ਪੁਰਾਣੀ ਲਟਕਦੀ ਹੋਈਆਂ ਟਹਿਣੀਆਂ ਤੇ ਖੂੰਗਿਆਂ ਤੇ ਲੱਗਦਾ ਹੈ ਅਤੇ ਇਹਨਾਂ ਖੂੰਗਿਆਂ ਦਾ ਦੋ ਮਿਲੀਮੀਟਰ ਸਲਾਨਾ ਵਾਧਾ ਹੁੰਦਾ ਹੈ ਅਤੇ 8 ਤੋਂ 10 ਸਾਲ ਤੱਕ ਇਹਨਾਂ ਖੂੰਗਿਆਂ ਤੇ ਫਲ ਲੱਗਦਾ ਰਹਿੰਦਾ ਹੈ ਤੇ ਫੁੱਲ ਪੈਂਦੇ ਹਨ ਅਤੇ ਜਦੋਂ ਟਹਿਣੀਆਂ ਧਰਤੀ ਦੀ ਸਤਹ ਦੇ ਬਰਾਬਰ ਨਿਰੰਤਰ ਵੱਧਦੀਆਂ ਹਨ ਅਤੇ ਇਹਨਾਂ ਤੇ ਜ਼ਿਆਦਾ ਫਲ ਲੱਗਦਾ ਹੈ। ਸਿੱਧੀਆਂ ਜਾਣ ਵਾਲੀਆਂ ਟਹਿਣੀਆਂ ਨੂੰ 30-50 ਪ੍ਰਤੀਸ਼ਤ ਤੱਕ 45 ਡਿਗਰੀ ਦੇ ਝੁਕਾਅ ਤੇ ਬਾਹਰ ਵੱਲ ਨੂੰ ਡੋਡੀਆਂ ਰੱਖ ਕੇ ਕੱਟ ਦੇਣਾ ਚਾਹੀਦਾ ਹੈ। ਚੰਗੀ ਗੁਣਵੱਤਾ ਵਾਲੇ ਫਲ ਲੈਣ ਲਈ ਅੱਠ ਸਾਲ ਤੋਂ ਬਾਅਦ ਜਦੋਂ ਇਹਨਾਂ ਖੂੰਗਿਆਂ ਤੇ ਫਲ ਲੱਗਣਾ ਬੰਦ ਹੋ ਜਾਏ ਅਤੇ ਇਹਨਾਂ ਨੂੰ ਕੱਟ ਦੇਣਾ ਚਾਹੀਦਾ ਹੈ। ਲਟਕਦੀਆਂ ਹੋਈਆਂ ਟਹਿਣੀਆਂ ਨੂੰ ਦੀ ਵੀ ਲਗਾਤਾਰ ਕਟਾਈ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ 20-30 ਪ੍ਰਤੀਸ਼ਤ ਤੱਕ ਸਿਰੇ ਤੋਂ ਕੱਟ ਦਿਓ ਤਾਂ ਜੋ ਨਵੀਆਂ ਸ਼ਾਖਾਵਾਂ ਫੁੱਟ ਸਕਣ ਅਤੇ ਪੁਰਾਣੀਆਂ ਅਤੇ ਨਵੀਆਂ ਟਹਿਣੀਆਂ ਦਾ ਸੰਤੁਲਨ ਬਣਿਆ ਰਹੇ।
ਪੁਰਾਣੇ ਨਾਖਾਂ ਦੇ ਬੂਟਿਆਂ ਦੀ ਕਾਂਟ-ਛਾਂਟ
ਪੁਰਾਣੇ ਨਾਖਾਂ ਦੇ ਬੂਟਿਆਂ ਤੇ ਬਹੁਤ ਘੱਟ ਨਵੀਆਂ ਸ਼ਾਖਾਵਾਂ ਨਿਕਲਦੀਆਂ ਹਨ ਅਤੇ ਜਿਆਦਾਤਰ ਖੁੰਗੇ ਬਹੁਤ ਪੁਰਾਣੇ ਹੋ ਜਾਂਦੇ ਹਨ ਅਤੇ ਇਹਨਾਂ ਉੱਪਰ ਬਹੁਤ ਘੱਟ ਫਲ ਲੱਗਦਾ ਹੈ, ਇਸ ਲਈ ਇਹਨਾਂ ਬੂਟਿਆਂ ਨੂੰ ਮੁੜ ਸੁਰਜੀਤ ਕਰਨਾ ਬਹੁਤ ਹੀ ਜਰੂਰੀ ਹੁੰਦਾ ਹੈ। ਇਹਨਾਂ ਪਰਾਣੇ ਬੂਟਿਆਂ ਨੂੰ ਮੁੜ ਸੁਰਜੀਤ ਕਰਕੇ ਦੁਬਾਰਾ ਫਲ ਲੱਗਣ ਦੀ ਸਮਰੱਥਾ ਨੂੰ ਵਾਪਸ ਲਿਆਇਆ ਜਾ ਸਕਦਾ ਹੈ। ਸਰਦੀਆਂ ਵਿੱਚ ਪੁਰਾਣੇ ਨਾਖਾਂ ਦੇ ਬੂਟਿਆਂ ਵਿੱਚ ਚਾਰ ਤੋਂ ਪੰਜ ਮੁੱਖ ਟਾਹਣੇ ਨੂੰ ਰੱਖ ਕੇ ਸਿਰੇ ਤੋਂ ਕੱਟ ਦਿੱਤਾ ਜਾਂਦਾ ਹੈI ਜੇਕਰ ਇਹ ਕੱਟਾਂ ਦੀ ਲੰਬਾਈ 5 ਸੈਂਟੀਮੀਟਰ ਤੋਂ ਜਿਆਦਾ ਹੋਵੇ ਤੇ ਇਹਨਾਂ ਉੱਪਰ ਬੋਰਡੋ ਪੇਸਟ/ ਪੈਂਟ ਲਗਾ ਦਿਓ। ਮਾਰਚ ਵਿੱਚ ਬਹਾਰ ਰੁੱਤ ਸਮੇਂ ਇਹਨਾਂ ਕੱਟੇ ਹੋਏ ਮੁੱਖ ਤਣਿਆਂ ਉੱਪਰ ਨਵੀਆਂ ਸ਼ਾਖਾਵਾਂ ਫੁੱਟ ਜਾਂਦੀਆਂ ਹਨ। ਹਰ ਇੱਕ ਟਹਿਣੀ ਤੇ ਇੱਕ ਤੋਂ ਦੋ ਸ਼ਾਖਾਵਾਂ ਰੱਖ ਕੇ ਇਹਨਾਂ ਦੀ ਕਾਂਟ-ਛਾਂਟ ਕਰ ਦਿਓ ਅਤੇ ਇਸ ਢੰਗ ਨਾਲ਼ ਪੂਰੇ ਮੁੜ ਸੁਰਜੀਤ ਕੀਤੇ ਦਰਖ਼ੱਤ ਉੱਪਰ 6-8 ਨਵੀਆਂ ਟਹਿਣੀਆਂ ਦਾ ਢਾਂਚਾ ਤਿਆਰ ਹੋ ਜਾਂਦਾ ਹੈ ਇਹਨ੍ਹਾਂ ਮੁੜ ਸੁਰਜੀਤ ਕੀਤੇ ਨਾਖ਼ ਦੇ ਬੂਟਿਆਂ ਤੇ ਦੋ ਸਾਲ ਬਾਅਦ ਖੁੰਗੇ ਬਣਨ ਲੱਗ ਪੈਂਦੇ ਹਨ ਅਤੇ ਇਹਨਾਂ ਤੇ ਅਗਲੇ ਸਾਲ ਫਲ ਲੱਗਣ ਲੱਗ ਪੈਂਦਾ ਹੈ।
ਇਹ ਵੀ ਪੜ੍ਹੋ: Kitchen Hacks: ਰੋਜ਼ਾਨਾ ਪਾਓ ਗੇਂਦੇ ਦੇ ਪੌਦੇ ਵਿੱਚ ਇਹ ਚੀਜ਼, Marigold Flowers ਨਾਲ ਭਰ ਜਾਵੇਗਾ ਤੁਹਾਡਾ ਬਾਗ
ਅਲੂਚੇ ਦੀ ਸਿਧਾਈ ਅਤੇ ਕਾਂਟ -ਛਾਂਟ
ਅਲੂਚੇ ਦੀ ਟਹਿਣੀ ਵੀ ਕਾਫੀ ਲਚਕਦਾਰ ਹੁੰਦੀ ਹੈ ਅਤੇ ਇਸਦੀ ਸੁਧਾਈ ਕਾਫੀ ਸੁਧਰੀਆਂ ਹੋਈਆਂ ਢੰਗਾਂ ਨਾਲ ਕੀਤੀ ਜਾਂਦੀ ਹੈ। ਅਲੂਚੇ ਦੇ ਬੂਟੇ ਤੇ ਫਲ ਇੱਕ ਸਾਲ ਪੁਰਾਣੀ ਟਹਿਣੀ ਉੱਪਰ ਖੂੰਗਿਆਂ ਤੇ ਲੱਗਦਾ ਹੈ। ਜੇਕਰ ਅਲੂਚੇ ਦੇ ਬੂਟੇ ਦੀ ਸੁਧਾਈ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਵੱਧਦਾ ਹੈ ਅਤੇ ਇਸ ਉੱਪਰ ਬਹੁਤ ਜਿਆਦਾ ਫਲ ਲੱਗਦੇ ਹਨ ਜਿਨਾਂ ਦੀ ਗੁਣਵੱਤਾ ਬਹੁਤ ਹੀ ਮਾੜੀ ਹੁੰਦੀ ਹੈ। ਆੜੂ ਦੀ ਤਰ੍ਹਾਂ ਅਲੂਚੇ ਦੀ ਵੀ ਸੁਧਰੀ ਹੋਈ ਟੀਸੀ ਦੁਆਰਾ ਸੁਧਾਈ ਕੀਤੀ ਜਾਂਦੀ ਹੈ ਜਿਸ ਵਿੱਚ ਪਤਲੀਆਂ ਅਤੇ ਆਪਸ ਵਿੱਚ ਫਸੀਆਂ ਟਹਿਣੀਆਂ ਨੂੰ ਕੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੜਾਂ ਅਤੇ ਤਣੇ ਦੇ ਮੁੱਢ ਤੇ ਉੱਗਣ ਵਾਲੀਆਂ ਟਾਹਣੀਆਂ ਨੂੰ ਬਰਾਬਰ ਕੱਟਦੇ ਰਹਿਣਾ ਚਾਹੀਦਾ ਹੈ। ਹਰ ਚਾਰ ਤੋਂ ਪੰਜ ਸਾਲਾਂ ਬਾਅਦ ਬੂਟਿਆਂ ਦੀਆਂ ਲੰਬੀਆਂ ਟਾਹਣੀਆਂ ਨੂੰ ਸਿਰੇ ਤੋਂ ਲਗਭਗ ਅੱਧੀ ਟਾਹਣੀ ਰੱਖ ਕੇ ਭਾਰੀ ਕਾਂਟ -ਛਾਂਟ ਕਰ ਦਿਓ।
ਅੰਗੂਰਾਂ ਦੀ ਸਿਧਾਈ ਅਤੇ ਕਾਂਟ-ਛਾਂਟ
ਅੰਗੂਰਾ ਦੀਆਂ ਵੇਲਾਂ ਦੀ ਸਿਧਾਈ ਬਾਵਰ ਜਾਂ Y-ਆਕਾਰ ਦੇ ਢੰਗ ਰਾਹੀਂ ਕੀਤੀ ਜਾਂਦੀ ਹੈ (ਚਿੱਤਰ2)। ਇੱਸ ਵਿਧੀ ਰਾਹੀਂ ਵੇਲਾਂ ਦੀ ਇੱਕਲੀ ਟਹਿਣੀ ਨੂੰ ਬਾਵਰ ਦੀ ਉਚਾਈ ਅਨੁਸਾਰ ਰੱਖ ਕੇ ਸਿਧਾਈ ਕਰੋ ਅਤੇ ਤਣੇ ਤੇ ਜਿਹੜੀਆਂ ਸਾਇਡ ਵੱਲ ਨੂੰ ਟਾਹਣੀਆਂ ਨਿਕਲਦੀਆਂ ਹਨ ਨੂੰ ਕੱਟ ਦਿਓ, ਵਧਣ ਵਾਲ਼ੀਆਂ ਸ਼ਾਖਾਵਾਂ ਨੂੰ 15 ਸੈਂਟੀਮੀਟਰ ਤੱਕ ਬਾਵਰ ਦੀ ਉਚਾਈ ਤੋਂ ਥੱਲੇ ਕੱਟ ਦਿਓ। ਦੋ ਲਟਕਦੀਆਂ ਹੋਈਆਂ ਟਾਹਣੀਆਂ ਨੂੰ ਚੁਣ ਲਓ ਅਤੇ ਇਹਨਾਂ ਨੂੰ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਬਾਵਰ ਦੀ ਤਾਰ ਉਪਰ ਵਧਣ ਦਿਓ ਤਾਂ ਜੋ ਇਹ ਮੁੱਖ ਸ਼ਾਖਾਵਾਂ ਬਣ ਜਾਣ। ਇਹ ਮੁੱਖ ਸ਼ਾਖਾਵਾਂ ਤੇ ਲੱਗੀਆਂ ਤਿੰਨ ਜੋੜੇ ਵਾਲੀਆਂ ਦੂਜੇ ਦਰਜੇ ਦੀਆਂ ਟਾਹਣੀਆਂ ਨੂੰ ਵਧਣ ਦਿਓ ਅਤੇ ਇਨਾਂ ਦੀ ਸਿਧਾਈ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਬਾਵਰ ਦੀ ਤਾਰ ਤੇ ਕਰ ਦਿਓ।
ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ Y-ਟ੍ਰੇਲਿਸ ਢਾਂਚੇ ਤੇ ਜੋ ਕਿ ਇੱਕ ਦੂਜੇ ਤੋਂ 1.5x4.0 ਮੀਟਰ ਦੀ ਦੀ ਦੂਰੀ ਤੇ ਹੋਣ ਉੱਪਰ ਕੀਤੀ ਜਾਂਦੀ ਹੈ। ਸਿਧਾਈ ਦੇ ਇਸ ਢੰਗ ਨਾਲ ਫਲਾਂ ਦਾ ਝਾੜ ਜਿਆਦਾ ਹੁੰਦਾ ਹੈ ਅਤੇ ਗੁਣਵੱਤਾ ਭਰਪੂਰ ਫਲ ਲੱਗਦੇ ਹਨ ਅਤੇ ਇਹ ਫਲ ਜਲਦੀ ਪੱਕਦੇ ਹਨ। ਅੰਗੂਰਾਂ ਦੀਆਂ ਵੇਲਾਂ ਜੋ ਕਿ 3x3 ਮੀਟਰ ਦੀ ਦੂਰੀ ਤੇ ਬਾਵਰ ਢੰਗ ਨਾਲ ਲਗਾਈਆਂ ਹੋਣ ਤੇ 60-80 ਚਾਰ ਡੋਡੀਆਂ ਵਾਲ਼ੀਆਂਛੋਟੀਆਂ ਟਹਿਣੀਆਂ ਜਿਆਦਾ ਝਾੜ ਅਤੇ ਚੰਗੀ ਗੁਣਵੱਤਾ ਵਾਲੇ ਫਲ ਪ੍ਰਾਪਤ ਕਰਨ ਲਈ ਰੱਖ ਲਵੋ। ਪੁਰਾਣੀਆਂ ਅੰਗੂਰਾਂ ਦੀਆਂ ਵੇਲਾਂ ਜਦੋਂ ਇਹ ਆਰਾਮ ਅਵਸਥਾ ਵਿੱਚ ਹੋਣ ਇਹਨਾਂ ਨੂੰ ਮੁੱਢ ਤੋਂ ਕੱਟ ਦਿਓ ਅਤੇ ਜਦੋਂ ਇਹਨਾਂ ਕੱਟੇ ਹੋਏ ਮੁੱਢਾਂ ਤੋਂ ਹੋਰ ਵੇਲਾਂ ਫੁੱਟ ਪੈਣ ਤੇ ਸਿਰਫ ਇੱਕ ਹੀ ਵੇਲ ਰੱਖੋ ਅਤੇ ਬਾਕੀ ਸਾਰੀਆਂ ਨੂੰ ਕੱਟ ਦਿਓ।
ਸਰੋਤ: ਸੁਖਜੀਤ ਕੌਰ, ਯਾਮਿਨੀ ਸ਼ਰਮਾ ਅਤੇ ਸਰਬਜੀਤ ਸਿੰਘ ਔਲਖ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ, ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ
Summary in English: Fruit Plants: Farmers, pruning and straightening of deciduous fruit plants is essential, know its main purposes