1. Home
  2. ਬਾਗਵਾਨੀ

Horticultural Advisory: ਕਿਸਾਨ ਵੀਰੋਂ ਜਨਵਰੀ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

ਇਸ ਵਰ੍ਹੇ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਪਾਣੀ ਦੀ ਬਚਤ ਦੇ ਉਪਰਾਲਿਆਂ ਨੂੰ ਅਪਣਾਉਦੇ ਹੋਏ ਖੇਤੀ ਵਭਿੰਨਤਾ ਤਹਿਤ ਬਾਗਾਬਨੀ ਫਸਲਾਂ ਅਧੀਨ ਰਕਬਾ ਵਧਾਈਏ ਅਤੇ ਪੰਜਾਬ ਦੀ ਆਰਥਿਕ ਦਸ਼ਾ ਸੁਧਾਰਨ ਵਿਚ ਆਪਣਾ ਯੋਗਦਾਨ ਪਾਈਏ: ਡਾ. ਸੁਖਦੀਪ ਸਿੰਘ ਹੁੰਦਲ

Gurpreet Kaur Virk
Gurpreet Kaur Virk
ਜਨਵਰੀ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

ਜਨਵਰੀ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

Horticultural Activities for January Month: ਕਿਸਾਨਾਂ ਨੂੰ ਚੰਗੀ ਫ਼ਸਲ ਪੈਦਾ ਕਰਨ ਲਈ ਖੇਤੀ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ। ਕਿਸਾਨਾਂ ਨੂੰ ਹਰ ਮਹੀਨੇ ਆਪਣੀਆਂ ਫ਼ਸਲਾਂ ਨਾਲ ਸਬੰਧਤ ਕਈ ਕੰਮ ਕਰਨੇ ਪੈਂਦੇ ਹਨ, ਜਿਸ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਹੜੀ ਫ਼ਸਲ ਦੀ ਬਿਜਾਈ ਕਦੋਂ ਕਰਨੀ ਹੈ ਅਤੇ ਸੀਜ਼ਨ ਦੇ ਹਿਸਾਬ ਨਾਲ ਇਸ ਦੀ ਸੰਭਾਲ ਕਿਵੇਂ ਕਰਨੀ ਹੈ। ਜੇਕਰ ਬਿਜਾਈ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਨਾ ਸਿਰਫ਼ ਉਤਪਾਦਨ ਘਟਦਾ ਹੈ ਸਗੋਂ ਅਗਲੀ ਫ਼ਸਲ ਦੀ ਕਟਾਈ ਵਿੱਚ ਵੀ ਦੇਰੀ ਹੁੰਦੀ ਹੈ।

ਇਸ ਤੋਂ ਇਲਾਵਾ ਕਿਸਾਨ ਨੂੰ ਫਸਲ ਦੀ ਪੈਦਾਵਾਰ ਦੇ ਵਿਚਕਾਰ ਬਿਜਾਈ ਤੋਂ ਲੈ ਕੇ ਵਾਢੀ ਤੱਕ ਕਈ ਕੰਮ ਕਰਨੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਜਨਵਰੀ ਮਹੀਨੇ ਵਿੱਚ ਕੀਤੇ ਜਾਣ ਵਾਲੇ ਇਨ੍ਹਾਂ ਕੰਮਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਲਈ ਲਾਭਦਾਇਕ ਸਾਬਤ ਹੋਵੇਗੀ। ਤਾਂ ਆਓ ਜਾਣਦੇ ਹਾਂ ਜਨਵਰੀ ਵਿੱਚ ਬਾਗਬਾਨੀ ਫਸਲਾਂ ਦੇ ਸਬੰਧ ਵਿੱਚ ਕੀਤੇ ਜਾਣ ਵਾਲੇ ਖੇਤੀ ਕੰਮਾਂ ਬਾਰੇ।

ਇਹ ਮਹੀਨਾਂ ਫਲਦਾਰ ਬੂਟਿਆਂ ਲਈ ਕਾਫੀ ਮਹੱਤਵਪੂਰਨ ਹੁੰਦਾ ਹੈ ਕਿਉਕਿ ਇਸ ਮਹੀਨੇ ਤਾਪਮਾਨ ਵਿੱਚ ਕਾਫੀ ਗਿਰਾਵਟ ਆ ਜਾਂਦੀ ਹੈ ਅਤੇ ਅਜਿਹੇ ਵਿੱਚ ਫਲਦਾਰ ਬੂਟੇ ਵਿਸ਼ੇਸ਼ ਧਿਆਨ ਮੰਗਦੇ ਹਨ। ਇਸ ਲਈ ਕੋਰੇ ਤੋਂ ਬਚਾਅ ਲਈ ਜੇਕਰ ਪਹਿਲਾਂ ਕੁੱਲੀਆਂ ਬੰਨੀਆਂ ਹਨ ਤਾਂ ਉਨ੍ਹਾਂ ਨੂੰ ਠੀਕ ਕਰ ਲਵੋ ਅਤੇ ਜੇਕਰ ਨਹੀ ਬੰਨੀਆਂ ਤਾਂ ਧੁੱਪ ਵਾਲਾ ਪਾਸਾ ਨੰਗਾ ਰੱਖ ਕੇ ਪਰਾਲੀ ਜਾਂ ਸਰਕੰਡੇ ਨਾਲ ਤੁਰੰਤ ਬੰਨ ਦਿਉ। ਪੱਤਝੜੀ ਫਲਦਾਰ ਬੂਟੇ ਜਿਵੇਂ ਨਾਸ਼ਪਾਤੀ, ਬੱਗੂਗੋਸ਼ਾ, ਆੜੂ, ਅਲੂਚਾ, ਅਨਾਰ, ਅੰਗੂਰ, ਅੰਜ਼ੀਰ ਅਤੇ ਫਾਲਸਾ ਲਗਾਉਣ ਲਈ ਬਹੁਤ ਹੀ ਢੁਕਵਾਂ ਹੈ ਇਸ ਲਈ ਬਾਗਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਨਹਸਰੀਆਂ ਤੋਂ ਇਹ ਬੂਟੇ ਲਿਆ ਕੇ ਫੁਟਾਰਾ ਨਿਕਲਣ ਤੋਂ ਪਹਿਲਾਂ ਲਗਾ ਦਿਉ। ਨਾਸ਼ਪਾਤੀ ਦੇ ਬੂਟੇ 25 ਫੁੱਟ, ਬੱਗਗੋਸ਼ਾ, ਆੜੂ, ਅੰਜ਼ੀਰ ਤੇ ਅਲੂਚਾ 20 ਫੁੱਟ, ਅਨਾਰ ਤੇ ਅੰਗੂਰ 12 ਫੁੱਟ, ਫਾਲਸਾ 5 ਫੁੱਟ ਦੇ ਫਾਸਲੇ ਤੇ ਲਗਾ ਦਿਉ।ਪਹਿਲਾਂ ਤੋਂ ਲਗਾਏ ਹੋਏ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਕਰਨ ਦਾ ਵੀ ਇਹ ਬਹੁਤ ਹੀ ਢੁਕਵਾਂ ਸਮਾਂ ਹੈ, ਇਸ ਲਈ ਇਹ ਕੰਮ ਵੀ ਬਾਗਬਾਨੀ ਮਾਹਿਰ ਦੀ ਸਲਾਹ ਨਾਲ ਫੁਟਾਰਾ ਆਉਣ ਤੋਂ ਪਹਿਲਾਂ ਮੁਕੰਮਲ ਕਰ ਲਵੋ। ਕਾਂਟ-ਛਾਂਟ ਕਰਨ ਨਾਲ ਜਿੱਥੇ ਬੂਟੇ ਦੀ ਦਿੱਖ ਵਧੀਆ ਬਣਦੀ ਹੈ ਉੱਥੇ ਮਿਆਰੀ ਫਲ ਵੀ ਲਗਦਾ ਹੈ।

ਫਲਦਾਰ ਬੂਟੇ

ਫਲਦਾਰ ਬੂਟਿਆਂ ਨੂੰ ਜੇਕਰ ਦੇਸੀ ਰੂੜੀ ਅਤੇ ਰਸਾਇਣਕ ਖਾਦਾਂ ਅਜੇ ਤੱਕ ਨਹੀ ਪਾਈਆਂ ਤਾਂ ਸੁਪਰਫਾਸਫੇਟ ਖਾਦ ਅਤੇ ਮਿਊਰੇਟ ਆਫ ਪੋਟਾਸ਼ ਖਾਦਾਂ ਬੂਟੇ ਦੀ ਉਮਰ ਦੇ ਹਿਸਾਬ ਬਾਗਬਾਨੀ ਮਾਹਿਰ ਦੀ ਸਲਾਹ ਨਾਲ ਪਾ ਦਿਉ। ਨਾਈਟਰੋਜਨ ਖਾਦ ਫਰਵਰੀ ਮਹੀਨੇ ਪਾਉਣ ਲਈ ਹੁਣ ਤੋਂ ਹੀ ਪ੍ਰਬੰਧ ਕਰ ਲਵੋ। ਬੇਰ ਦੇ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਦਿਉ ਅਤੇ ਚਿੱਟੇ ਰੋਗ ਦੀ ਰੋਕਥਾਮ ਲਈ 0.5 ਮਿ.ਲਿ. ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਬਦਲ ਬਦਲ ਕੇ ਸਪਰੇ ਕਰੋ। ਬੂਟਿਆਂ ਦੇ ਧੱਬੇ ਅਤੇ ਬਲੈਕ ਮੋਲਡ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਕਾਪਰ ਆਕਸੀਕਲੋਰਾਈਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਨਿੰਬੂ ਜਾਤੀ ਬੂਟਿਆਂ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਵਾਲੀਆਂ ਅਤੇ ਸੁੱਕੀਆਂ ਟਾਹਣੀਆਂ ਕੱਟ ਦਿਉ ਅਤੇ ਕੱਟੀ ਥਾਂ 'ਤੇ ਕਾਪਰ ਆਕਸੀਕਲੋਰਾਈਡ ਦਵਾਈ ਦਾ ਘੋਲ ਬਣਾ ਕੇ ਲਗਾ ਦਿਉ।

ਅੰਬਾਂ ਦੇ ਪੁਰਾਣੇ ਤੇ ਉੱਚੇ ਹੋ ਗਏ ਬੂਟਿਆਂ ਨੂੰ ਮੁੜ ਸੁਰਜੀਤ ਕਰਨ ਲਈ ਇਸ ਮਹੀਨੇ ਦੇ ਪਹਿਲੇ ਹਫਤੇ ਜਮੀਨ ਪੱਧਰ ਤੋਂ 3 ਮੀਟਰ ਦੀ ਉਚਾਈ ਤੱਕ ਬਾਹਰ ਵੱਲ ਜਾਦੇਂ 4-5 ਟਾਹਣ ਛੱਡ ਕੇ ਕੱਟ ਦਿਉ ਅਤੇ ਕੱਟੇ ਹੋਏ ਹਿੱਸਿਆ ਤੇ ਬੋਰਡੋ ਪੇਸਟ ਜਾਂ ਕਾਪਰ ਆਕਸੀਕਲੋਰਾਈਡ ਦਾ ਪੇਸਟ ਲਾ ਦਿਉ। ਆੜੂ, ਅਲੂਚਾ, ਅੰਬ ਦੇ ਘਟੀਆ ਕਿਸਮ ਦੇ ਬੂਟਿਆਂ ਨੂੰ ਸਿਰੇ ਤੱਕ ਕੱਟ ਦਿਉ ਅਤੇ ਫਰਵਰੀ ਵਿੱਚ ਨਿਕਲੀਆਂ ਸ਼ਾਖਾਵਾਂ ਨੂੰ ਚੰਗੀ ਕਿਸਮ ਦੇ ਬੂਟਿਆ ਤੋਂ ਅੱਖ ਲੈ ਕੇ ਪਿਉਂਦ ਕੀਤੀ ਜਾ ਸਕਦੀ ਹੈ। ਕਿੰਨੋ ਅਤੇ ਮਾਲਟੇ ਦੇ ਤਿਆਰ ਫਲਾਂ ਦੀ ਤੁੜਾਈ ਕਰ ਲਉ ਅਤੇ ਧਿਆਨ ਰੱਖੋ ਕਿ ਫਲ ਦੀ ਡੰਡੀ ਬਿਲਕੁਲ ਨੇੜੇ ਤੋਂ ਕੱਟੀ ਜਾਵੇ ਤਾਂ ਕਿ ਦੂਸਰੇ ਫਲਾਂ ਨੂੰ ਜਖਮੀ ਨਾ ਕਰੇ।

ਇਹ ਵੀ ਪੜ੍ਹੋ: Kitchen Hacks: ਰੋਜ਼ਾਨਾ ਪਾਓ ਗੇਂਦੇ ਦੇ ਪੌਦੇ ਵਿੱਚ ਇਹ ਚੀਜ਼, Marigold Flowers ਨਾਲ ਭਰ ਜਾਵੇਗਾ ਤੁਹਾਡਾ ਬਾਗ

ਸਬਜ਼ੀਆਂ

ਸਬਜ਼ੀਆਂ ਵਿੱਚ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਤੁੜਾਈ ਜਾਰੀ ਰੱਖੋ ਅਤੇ ਕੋਰੇ ਦੇ ਬੁਰੇ ਅਸਰ ਨੂੰ ਘਟਾਉਣ ਲਈ ਹਲਕਾ ਪਾਣੀ ਲਗਾ ਦਿਉ। ਪਿਆਜ਼ ਦੀ ਪਨੀਰੀ ਜੋ ਕਿ 4-6 ਹਫਤੇ ਪੁਰਾਣੀ ਹੋਵੇ ਨੂੰ ਪੁੱਟ ਕੇ ਖੇਤ ਵਿੱੱਚ ਲਾ ਦਿਉ। ਬਿਜਾਈ ਤੋਂ ਪਹਿਲਾਂ 1.25 ਕੁਇੰਟਲ ਰੂੜੀ, 300 ਗ੍ਰਾਮ ਯੂਰੀਆ, 800 ਗ੍ਰਾਮ ਸੁਪਰਫਾਸਫੇਟ ਅਤੇ 250 ਗ੍ਰਾਮ ਪੋਟਾਸ਼ ਖਾਦ ਪ੍ਰਤੀ ਮਰਲਾ ਪਾਉ ਅਤੇ ਮੈਗਟ ਦੀ ਰੋਕਥਾਮ ਲਈ 25 ਗ੍ਰਾਮ ਥਿਮਟ 10-ਜੀ ਪ੍ਰਤੀ ਮਰਲਾ ਦੇ ਹਿਸਾਬ ਪਾ ਕੇ ਹਲਕਾ ਪਾਣੀ ਲਗਾ ਦਿਉ। ਮਟਰਾਂ ਦੀ ਫਸਲ ਨੂੰ ਚਿੱਟੇ ਧੂੜੇ ਦੇ ਰੋਗ ਤੋਂ ਬਚਾਅ ਲਈ 0.4 ਮਿ.ਲਿ. ਕੈਰਾਥੇਨ ਦਵਾਈ ਅਤੇ ਜੇਕਰ ਕੁੰਗੀ ਦਾ ਹਮਲਾ ਹੈ ਤਾਂ 2 ਗ੍ਰਾਮ ਇੰਡੋਫਿਲ ਐਮ-45 ਨੂੰ ਪ੍ਰਤੀ ਲਿਟਰ ਪਾਣੀ ਪਾ ਕੇ ਛਿੜਕਾਅ ਕਰੋ।

ਆਲੂ ਦੀ ਫਸਲ ਦੀ ਵੱਧ ਝਾੜ ਲੈਣ ਲਈ ਪੁਟਾਈ 10-12 ਦਿਨ ਆਮ ਨਾਲੋ ਲੇਟ ਕਰ ਲਉ ਇਸ ਨਾਲ ਆਲੂ ਨੂੰ ਪ੍ਰਫੁਲਿਤ ਹੋਣ ਵਿੱਚ ਵਧੇਰੇ ਸਮਾਂ ਮਿਲ ਜਾਵੇਗਾ। ਜੇਕਰ ਫਸਲ ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 2-3 ਗ੍ਰਾਮ ਇੰਡੋਫਿਲ ਐਮ-45 ਜਾਂ ਕਵਚ ਦਵਾਈ ਦਾ ਪ੍ਰਤੀ ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਸਪਰੇ ਕਰੋ। ਖਰਬੂਜ਼ਾ, ਹਦਵਾਣਾ, ਘੀਆ ਕੱਦੂ ਦੀ ਅਗੇਤੀ ਫਸਲ ਲੈਣ ਲਈ 100 ਗੇਜ਼ ਦੇ ਪਲਾਸਟਿਕ ਦੇ ਲਿਫਾਫੇ 15X10 ਸੈਂਟੀਮੀਟਰ ਆਕਾਰ ਵਿੱਚ ਮਿੱਟੀ, ਰੇਤ, ਦੇਸੀ ਰੂੜੀ ਦੀ ਬਰਾਬਰ ਮਾਤਰਾ ਦੇ ਮਿਸ਼ਰਣ ਭਰ ਕੇ ਇਸ ਵਿੱਚ ਦੋ ਬੀਜ ਲਾ ਕੇ ਫੁਆਰੇ ਨਾਲ ਪਾਣੀ ਲਾ ਦਿਉ। ਲਿਫਾਫੇ ਦੇ ਹੇਠਾਂ ਮੋਰੀ ਕਰ ਦਿਊ ਅਤੇ ਇੰਨ੍ਹਾਂ ਨੂੰ ਕੰਧ ਨੇੜੇ ਧੁੱਪ ਵਾਲੇ ਪਾਸੇ ਰੱਖੋ। ਘਰੇਲੂ ਬਗੀਚੀ ਵਿੱਚ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ ਲਈ ਕਿਆਰੀਆਂ ਵਿੱਚੋ ਰਹਿੰਦ-ਖੂੰਦ ਕੱਢ ਕੇ ਤਿਆਰੀ ਸ਼ੁਰੂ ਕਰ ਦਿਉ।

ਇਹ ਵੀ ਪੜ੍ਹੋ: Lemon Plant: ਕੀ ਤੁਹਾਡੇ ਵੀ ਘਰ ਵਿੱਚ ਲੱਗਿਆ ਨਿੰਬੂ ਦਾ ਪੌਦਾ ਫਲ ਨਹੀਂ ਦਿੰਦਾ? ਤੁਰੰਤ ਕਰੋ ਇਹ 4 ਉਪਾਅ

ਖੁੰਬਾਂ

ਖੁੰਬਾਂ ਦੀ ਕਾਸ਼ਤ ਵੀ ਵਧੀਆ ਸਹਾਇਕ ਧੰਦਾ ਹੈ ਅਤੇ ਇਸਦੀ ਕਾਸ਼ਤ ਵੀ ਸਿਖਲਾਈ ਪ੍ਰਾਪਤ ਕਰਕੇ ਕੀਤੀ ਜਾ ਸਕਦੀ ਹੈ। ਜੋ ਪਹਿਲਾ ਤੋਂ ਹੀ ਜਾਣਕਾਰੀ ਰੱਖਦੇ ਹਨ ਉਹ ਬਟਨ ਖੂੰਬ ਦੀ ਦੂਜੀ ਫਸਲ ਦੀ ਬਿਜਾਈ ਪਹਿਲੇ ਹਫਤੇ ਕਮਰਿਆਂ ਕਮਰਿਆਂ ਵਿੱਚ ਕਰ ਲੈਣ। ਜੇਕਰ ਬਿਜਾਈ ਸੈਲਫ/ ਪੇਟੀਆਂ ਵਿੱਚ ਕਰਨੀ ਹੋਵੇ ਤਾਂ ਬੀਜੀ ਹੋਈ ਕੰਮਪੋਸਟ ਨੂੰ ਅਖਬਾਰ ਨਾਲ ਢੱਕ ਕੇ ਹਰ ਰੋਜ਼ ਦੋ ਵਾਰ ਪਾਣੀ ਦਾ ਛਿੜਕਾਅ ਕਰੋ ਅਤੇ ਜੇਕਰ ਬਿਜਾਈ ਪਲਾਸਟਿਕ ਲਿਫਾਫਿਆਂ ਵਿੱਚ ਕੀਤੀ ਹੈ ਤਾਂ ਅਖਬਾਰਾਂ ਨਾਲ ਢੱਕਣ ਤੇ ਪਾਣੀ ਦਾ ਛਿੜਕਾਅ ਕਰਨ ਦੀ ਲੋੜ ਨਹੀ ਹੈ। ਸ਼ੁਰੂ ਵਿੱਚ ਬੀਜ ਚੱਲਣ ਸਮੇਂ ਤਾਜ਼ੀ ਹਵਾ ਦੇਣ ਦੀ ਲੋੜ ਨਹੀ ਅਤੇ ਬਿਜਾਈ ਤੋਂ ਦੋ ਹਫਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਰੂੜੀ ਖਾਦ ਨੂੰ 4-5% ਫਾਰਮਾਲੀਨ ਦਵਾਈ ਦੇ ਘੋਲ ਨਾਲ ਕੀਟਾਣੂ ਰਹਿਤ ਕਰੋ ਅਤੇ ਥਖਬਾਰਾਂ ਲਾਹ ਕੇ ਇਸ ਦੀ ਇੱਕ ਤੋਂ ਡੇਂਢ ਇੰਚ ਮੋਟੀ ਤਹਿ ਵਿਛਾ ਕੇ ਹਰ ਰੋਜ ਪਾਣੀ ਦਾ ਛਿੜਕਾਅ ਕਰੋ। ਇਸ ਤੋਂ ਇੱਕ ਹਫਤੇ ਬਾਅਦ 4-6 ਘੰਟੇ ਤਾਜ਼ੀ ਹਵਾ ਦਿਉ। ਖੁੰਬਾਂ ਦੀ ਕਿਸਮ ਢੀਂਗਰੀ ਦੀ ਬਿਜਾਈ ਵੀ ਬੜੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਵਿੱੱਚ ਖੁਰਾਕੀ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਇਸਦੀ ਬਿਜਾਈ ਵੀ ਪਹਿਲੇ ਹਫਤੇ ਕਰ ਲਉ ਅਤੇ ਪਹਿਲਾਂ ਤੋਂ ਲਗਾਏ ਲਿਫਾਫੇ ਜੇਕਰ 80% ਤੱਕ ਚਿੱਟੇ ਵਿਖਾਈ ਦੇਣ ਤਾਂ ਲਿਫਾਫੇ ਬਲੇਡ ਨਾਲ ਕੱਟ ਕੇ ਵੱਖ ਕਰ ਦਿਉ ਅਤੇ ਤੂੜੀ ਤੇ ਪਾਣੀ ਦਾ ਸਪਰੇ ਦਿਨ ਵਿੱਚ ਇਕ ਵਾਰ ਕਰੋ।

ਸਜਾਵਟੀ ਬੁਟੇ

ਸਜਾਵਟੀ ਬੁਟੇ ਗਮਲਿਆਂ ਵਾਲੇ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਹਲਕਾ ਪਾਣੀ ਦਿੰਦੇ ਰਹੋ ਅਤੇ ਪਹਿਲਾਂ ਲੱਗੇ ਪੱਤਝੜੀ ਸਜਾਵਟੀ ਰੁੱਖਾਂ ਦੀ ਕਾਂਟ-ਛਾਂਟ ਕਰ ਦਿਉ। ਮੌਸਮੀ ਫੁੱਲਾਂ ਦੀਆਂ ਕਿਆਰੀਆਂ ਵਿੱਚ ਉੱਚੀਆਂ ਕਿਸਮਾਂ ਨੂੰ ਸਹਾਰਾ ਦੇਣ ਲਈ ਕਾਨਿਆਂ ਦੀ ਜਾਂ ਸਿੱਧੀਆਂ ਸੋਟੀਆਂ ਦੀ ਵਰਤੋਂ ਕਰੋ। ਗੁਲਦਾਉਦੀ ਦੇ ਚੋਣਵੇਂ ਬੂਟੇ ਜਿੰਨ੍ਹਾਂ ਤੋਂ ਅਗਲੇ ਸਾਲ ਕਲਮਾਂ ਲੈਣੀਆਂ ਹਨ ਉੰਨਾਂ ਨੂੰ ਜਮੀਨ ਤੋਂ 4-5 ਸੈਂਟੀਮੀਟਰ ਛੱੱਡ ਕੇ ਕੱੱਟ ਦਿਉ, ਅਜਿਹਾ ਕਰਨ ਨਾਲ ਵਧੇਰੇ ਫੁਟਾਰਾ ਹੋਵੇਗਾ। ਗਮਲਿਆਂ ਵਾਲੇ ਬੂਟਿਆਂ ਨੂੰ ਸਰਦੀ ਤੋਂ ਬਚਾਉ ਅਤੇ ਕਰੋਟਨ ਵਰਗਿਆਂ ਬੂਟਿਆਂ ਨੂੰ ਵਰਾਂਡੇ ਵਿੱਚ ਰੱਖ ਦਿਉ। ਪੱਤਝੜੀ ਬੂਟੇ ਜਿਵੇਂ ਲੈਗਰਸਟਰੋਮੀਆ, ਪਗੋਡਾ, ਯੂਫੋਰਬੀਆ ਆਦਿ ਦਾ ਕਲਮਾਂ ਰਾਹੀ ਵਾਧਾ ਕਰਨ ਲਈ ਕਲਮਾਂ ਇਸ ਮਹੀਨੇ ਲਾ ਦਿਉ।

ਇਹ ਵੀ ਪੜ੍ਹੋ: Crop Advisory: ਇਹ ਸੀਜ਼ਨ Rose ਅਤੇ Marigold ਦੀ ਕਾਸ਼ਤ ਲਈ ਸਭ ਤੋਂ ਵਧੀਆ, ਪੂਸਾ ਦੇ ਮਾਹਿਰਾਂ ਦੀ ਸਲਾਹ ਨਾਲ ਕਰੋ ਫੁੱਲਾਂ ਦੀ ਕਾਸ਼ਤ

ਸ਼ਹਿਦ ਮੱਖੀਆਂ

ਸ਼ਹਿਦ ਮੱਖੀਆ ਦੇ ਬਕਸੇ ਦੀਆਂ ਤਰੇੜਾਂ ਆਦਿ ਗਾਰੇ ਨਾਲ ਚੰਗੀ ਤਰਾਂ ਲਿੱਪ ਦਿਉ ਤਾਂ ਕੇ ਠੰਡ ਤੋਂ ਬਚਾਅ ਹੋ ਸਕੇ। ਜੇਕਰ ਬਕਸੇ ਅਜੇ ਵੀ ਛਾਂ ਵਿੱਚ ਹਨ ਤਾਂ ਧੁੱਪ ਵਿੱਚ ਕਰ ਦਿਉ। ਬੱਦਲਵਾਈ ਅਤੇ ਧੂੰਦ ਦੇ ਦਿਨਾਂ ਵਿੱਚ ਬਕਸਿਆਂ ਵਿੱਚ ਖੁਰਾਕ ਦੀ ਕਮੀ ਆਉਣ ਤੇ ਦੋ ਹਿੱਸੇ ਖੰਡ ਅਤੇ ਇੱਕ ਹਿੱਸਾ ਪਾਣੀ ਦਾ ਘੋਲ ਖੁਰਾਕ ਦੇ ਤੌਰ ਤੇ ਦਿਉ।

ਸਿਖਲਾਈ ਕੋਰਸ

ਬਾਗਬਾਨੀ ਫਸਲਾਂ ਅਤੇ ਕਿੱਤੇ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ (ਫੋਨ ਨੰ:0161-240196-261) ਪੀ.ਏ.ਯੂ. ਲੁਧਿਆਣਾ ਤੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਕੇ ਭਾਗ ਲੈ ਸਕਦੇ ਹੋ।

ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।

Summary in English: Horticultural Advisory: Farmers, take care of horticultural crops in this way in the month of January

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters