1. Home
  2. ਬਾਗਵਾਨੀ

PAU Fruit Fly Trap: ਫ਼ਰੂਟ ਫ਼ਲਾਈ ਟਰੈਪ ਦੀ ਮਦਦ ਨਾਲ ਕਰੋ ਫ਼ਲਾਂ-ਸਬਜ਼ੀਆਂ ਦੀਆਂ ਮੱਖੀਆਂ ਦੀ ਸੁਰੱਖਿਅਤ ਰੋਕਥਾਮ

ਬਾਗਬਾਨੀ ਫ਼ਸਲਾਂ ਵਿਸ਼ਵ ਵਿਆਪੀ ਖੇਤੀ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਸਬਜ਼ੀਆਂ ਆਮਦਨੀ ਦੇ ਵਾਧੇ ਅਤੇ ਪੋਸ਼ਣ ਸੁਰੱਖਿਆ ਵਿੱਚ ਮਹੱਤਵਪੂਰਨ ਭੂਮੀਕਾ ਨਿਭਾਉਂਦੀਆਂ ਹਨ। ਪਰ ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ ਝਾੜ ਅਤੇ ਗੁਣਵੱਤਾ ਆਸ ਤੋਂ ਬਹੁਤ ਥੱਲੇ ਹੈ, ਜਿਸ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਕੀੜੇ-ਮਕੌੜਿਆਂ ਦਾ ਹਮਲਾ। ਇਨ੍ਹਾਂ ਵਿੱਚੋਂ ਬਹੁਤਾ ਮਹੱਤਵ ਰੱਖਣ ਵਾਲੇ ਕੀੜਾ ਫ਼ਲਾਂ ਦੀ ਮੱਖੀ ਹੈ। ਅੱਜ ਅਸੀਂ ਫ਼ਰੂਟ ਫ਼ਲਾਈ ਟਰੈਪ ਦੀ ਮਦਦ ਨਾਲ ਫ਼ਲਾਂ-ਸਬਜ਼ੀਆਂ ਦੀਆਂ ਮੱਖੀਆਂ ਦੀ ਸੁਰੱਖਿਅਤ ਰੋਕਥਾਮ ਬਾਰੇ ਜਾਣਾਂਗੇ।

Gurpreet Kaur Virk
Gurpreet Kaur Virk
ਫ਼ਰੂਟ ਫ਼ਲਾਈ ਟਰੈਪ ਦੀ ਮਦਦ ਨਾਲ ਕਰੋ ਫ਼ਲਾਂ-ਸਬਜ਼ੀਆਂ ਦੀਆਂ ਮੱਖੀਆਂ ਦੀ ਸੁਰੱਖਿਅਤ ਰੋਕਥਾਮ

ਫ਼ਰੂਟ ਫ਼ਲਾਈ ਟਰੈਪ ਦੀ ਮਦਦ ਨਾਲ ਕਰੋ ਫ਼ਲਾਂ-ਸਬਜ਼ੀਆਂ ਦੀਆਂ ਮੱਖੀਆਂ ਦੀ ਸੁਰੱਖਿਅਤ ਰੋਕਥਾਮ

PAU Fruit Fly Trap Technique: ਫ਼ਲ ਮੱਖੀਆਂ ਦੀਆਂ ਕਈ ਕਿਸਮਾਂ ਫ਼ਲਦਾਰ ਬੂਟਿਆਂ 'ਤੇ ਹਮਲਾ ਕਰਕੇ ਉਤਪਾਦਨ ਅਤੇ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਇਹਨਾਂ ਮੱਖੀਆਂ ਦੀ ਲਾਗ ਕਰਕੇ ਫ਼ਲਾਂ ਦੀ ਨਿਰਯਾਤ ਦਾ ਨੁਕਸਾਨ ਬਹੁਤ ਜਿਆਦਾ ਵੱਧ ਜਾਂਦਾ ਹੈ। ਮੱਖੀ ਦੀ ਰੋਕਥਾਮ ਵਾਸਤੇ ਰਸਾਇਣਕ ਦਵਾਈਆਂ ਨੁੰ ਪਹਿਲ ਦਿੱਤੀ ਜਾਂਦੀ ਹੈ, ਜੋ ਹਵਾ, ਪਾਣੀ ਅਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ।

ਇਸ ਤੋਂ ਇਲਾਵਾ ਦਵਾਈ ਦੀ ਕੁੱਝ ਮਾਤਰਾ (ਰਹਿੰਦ-ਖੂੰਦ) ਫ਼ਲ ਦੇ ਵਿੱਚ ਰਹਿ ਜਾਂਦੀ ਹੈ, ਜਿਸ ਕਰਕੇ ਮਨੁੱਖੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਫ਼ਲ ਮੱਖੀਆਂ ਦੀ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਨਾਲ ਰੋਕਥਾਮ ਕਰਕੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ ਅਤੇ ਫ਼ਲਦਾਰ ਫ਼ਸਲਾਂ ਅਤੇ ਸਬਜ਼ੀਆਂ ਤੋਂ ਵੱਧ ਆਮਦਨੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੰਜਾਬ ਦੇ ਫ਼ਲ ਜਿਵੇਂ ਕਿ ਕਿੰਨੂ, ਅੰਬ, ਅਮਰੂਦ, ਨਾਸ਼ਪਾਤੀ, ਆੜੂ ਅਲੂਚੇ ਅਤੇ ਬੇਰ ਵਿੱਚ ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਨਾਲ ਕੀਤੀ ਜਾ ਸਕਦੀ ਹੈ। ਸਬਜ਼ੀਆਂ ਲਈ ਵਰਤੇ ਜਾਣ ਵਾਲੇ ਫ਼ਰੂਟ ਫ਼ਲਾਈ ਟਰੈਪ ਵਿੱਚ ਕਯੂ- ਲਿਉਰ ਹੁੰਦਾ ਹੈ ਅਤੇ ਇਸ ਦੀ ਵਰਤੋਂ ਕੱਦੂ- ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਕਰੇਲਾ ਅਤੇ ਕਾਲੀ ਤੋਰੀ ਵਿੱਚ ਕੀਤੀ ਜਾ ਸਕਦੀ ਹੈ। ਬਾਲਗ ਫ਼ਲ ਮੱਖੀ ਭੂਰੇ ਜਾਂ ਗੂੜੇ ਭੂਰੇ ਰੰਗ, ਮੋਟੇ ਚਮਕਦਾਰ ਖੰਭਾਂ, ਪੀਲੀਆਂ ਲੱਤਾਂ ਵਾਲੀ ਆਮ ਘਰੇਲੂ ਮੱਖੀ ਨਾਲੋ ਥੋੜੀ ਵੱਡੀ ਹੁੰਦੀ ਹੈ। ਬਾਲਗ ਮਾਦਾ ਮੱਖੀ ਫ਼ਲਾਂ ਦੀ ਚਮੜੀ ਦੇ ਬਿਲਕੁਲ ਹੇਠਾਂ ਆਂਡੇ ਦਿੰਦੀ ਹੈ। ਮੱਖੀ ਦੀ ਸੁੰਡੀ ਲੱਤਾਂ ਤੋਂ ਰਹਿਤ ਹੁੰਦੀ ਹੈ, ਫ਼ਲ ਦੇ ਅੰਦਰ ਵੱਡੀ ਹੋ ਕਿ ਫ਼ਲ ਦਾ ਗੁੱਦਾ ਖਾਂਦੀ ਹੈ। ਹਮਲੇ ਵਾਲੇ ਫ਼ਲ ਗਲ ਜਾਂਦੇ ਹਨ ਅਤੇ ਬਹੁਤ ਗੰਦੀ ਬਦਬੂ ਆਂਉਦੀ ਹੈ। ਸੁੰਡੀ ਫ਼ਲ ਦੇ ਗੁੱਦੇ ਵਿੱਚ ਹੀ ਵਿਕਸਿਤ ਹੁੰਦੀ ਹੈ, ਜੋ ਕਿ ਫ਼ਲਾਂ ਵਿੱਚੋ ਬਾਹਰ ਨਿਕਲਣ ਤੇ ਹੋਰ ਜੀਵ/ਦੂਸਰੀ ਲਾਗ (ਸੈਕੰਡਰੀ ਇਨਫ਼ੈਕਸ਼ਨ) ਲਈ ਪ੍ਰਵੇਸ਼ ਦੇ ਕੰਮ ਕਰਦੀ ਹੈ। ਸੁੰਡੀ ਤੋਂ ਬਾਲਗ ਮੱਖੀ ਜ਼ਮੀਨ ਵਿੱਚ ਬਣਦੀ ਹੈ।ਉਭਰਨ ਤੋਂ ਬਾਅਦ ਬਾਲਗ ਮੱਖੀ ਜਲਦੀ ਹੀ ਪੋਸ਼ਣ ਲੱਭਣਾਂ ਸ਼ੁਰੂ ਕਰ ਦਿੰਦਾ ਹੈ, ਜਿਸਦੀ ਉਸਨੂੰ ਜਿਨਸੀ ਪਰਿਪੱਕਤਾ, ਜੀਵਨ ਸਾਥੀ ਤੱਕ ਪਹੁੰਚਣ ਅਤੇ ਫ਼ਲਾਂ ਵਿੱਚ ਆਂਡੇ ਦੇਣ ਦੀ ਲੋੜ ਹੁੰਦੀ ਹੈ।ਕੱਦੂ ਜਾਤੀ ਦੀ ਫ਼ਲ ਮੱਖੀ 4-12 ਆਂਡੇ ਫੁੱਲਾਂ ਜਾਂ ਪੱਕ ਰਹੇ ਫ਼ਲਾਂ ਤੇ ਦਿੰਦੀ ਹੈ ਅਤੇ ਇਸ ਦੀਆਂ ਸੁੰਡੀਆਂ ਫ਼ਲਾਂ ਨੂੰ ਅੰਦਰੋਂ ਨੁਕਸਾਨ ਕਰਦੀਆਂ ਹਨ ਜਿਸ ਕਾਰਣ ਹਮਲੇ ਵਾਲੇ ਫ਼ਲ਼ ਖਾਣ ਦੇ ਬਿਲਕੁਲ ਯੋਗ ਨਹੀ ਰਹਿੰਦੇ।

ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਕਿਵੇਂ ਕਰੀਏ

• ਬਾਗ ਵਿੱਚ 16 ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਪ੍ਰਤੀ ਏਕੜ ਲਗਾਉ ਅਤੇ ਲੋੜ ਪੈਣ ਤੇ ਇੱਕ ਮਹੀਨੇ ਬਾਅਦ ਬਦਲੋ। ਟਰੈਪਾਂ ਨੂੰ ਬਾਗਾਂ ਵਿੱਚ ਉਸ ਸਮੇਂ ਤੱਕ ਲਗਾਈ/ਟੰਗੀ ਰੱਖੋ ਜਦੋਂ ਤੱਕ ਫ਼ਲਾਂ ਦੀ ਪੂਰੀ ਤੁੜਾਈ ਨਾ ਹੋ ਜਾਵੇ।

• ਟਰੈਪਾਂ ਨੂੰ ਰੁੱਖਾਂ ਦੇ ਨਾਲ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ/ ਸੇਬੇ ਨਾਲ ਰੁੱਖਾਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1-1.5 ਮੀਟਰ ਉੱਚਾ, ਸੂਰਜ/ਧੁੱਪ ਦੀ ਉਲਟ ਦਿਸ਼ਾ ਵਾਲੇ ਪਾਸੇ ਹੀ ਟੰਗੋ।

• ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਨੂੰ ਸਿਫ਼ਾਰਸ਼ ਕੀਤੀ ਗਿਣਤੀ ਅਨੁਸਾਰ ਹੀ ਫ਼ਲ ਮੱਖੀ ਦਾ ਹਮਲਾ ਹੋਣ ਤੋ ਪਹਿਲਾਂ ਬਾਗਾਂ ਵਿੱਚ ਲਗਾ/ਟੰਗਣ ਦੇਣਾ ਚਾਹੀਦਾ ਹੈ ਅਤੇ ਟਰੈਪ ਲਾਉਣ ਤੋਂ ਬਾਅਦ ਜੇਕਰ ਫ਼ਲਾਂ ਤੇ ਮੱਖੀ ਦਾ ਤਾਜ਼ਾ ਹਮਲਾ ਜ਼ਿਆਦਾ ਹੋਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਨਵੀਂ ਟਿੱਕੀ ਪਾ ਲਾਉ।

• ਬਾਗਾਂ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਦੀ ਬਿਜਾਈ ਨਾ ਕਰੋ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ ਧਿਆਨ ਦੇਵੋ।

ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਲਾਉਣ ਦਾ ਸਮਾਂ

ਫ਼ਸਲ

ਸਮਾਂ

ਫ਼ਸਲ

ਸਮਾਂ

ਅਲੂਚਾ            

ਅਪ੍ਰੈਲ ਦੇ ਦੂਜੇ ਹਫ਼ਤੇ                   

ਨਾਸ਼ਪਾਤੀ             

ਜੂਨ ਦੇ ਪਹਿਲੇ ਹਫ਼ਤੇ

ਆੜੂ              

ਮਈ ਦੇ ਪਹਿਲੇ ਹਫ਼ਤੇ                   

ਅਮਰੂਦ              

ਜੁਲਾਈ ਦੇ ਪਹਿਲੇ ਹਫ਼ਤੇ

ਅੰਬ               

ਮਈ ਤੇ ਤੀਜੇ ਹਫ਼ਤੇ              

ਕਿੰਨੂ                 

ਅਗਸਤ ਦੇ ਦੂਜੇ ਹਫ਼ਤੇ

ਤੋਰੀ (ਬਹਾਰ ਰੁੱਤ)

ਅਪ੍ਰੈਲ ਦੇ ਤੀਜੇ- ਚੌਥੇ ਹਫ਼ਤੇ         

ਕਰੇਲਾ (ਬਹਾਰ ਰੁੱਤ)         

ਮਾਰਚ ਦੇ ਤੀਜੇ- ਚੌਥੇ ਹਫ਼ਤੇ

ਤੋਰੀ (ਬਰਸਾਤੀ)     

ਜੂਨ ਦੇ ਆਖਰੀ ਹਫ਼ਤੇ         

ਕਰੇਲਾ (ਬਰਸਾਤੀ)

ਜੂਨ ਦੇ ਆਖਰੀ ਹਫ਼ਤੇ

ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਬੇਰ ਵਿੱਚ ਫ਼ਲਾਂ ਦੀ ਮੱਖੀ ਦੀ ਰੋਕਥਾਮ ਲਈ ਕਾਰਗਰ ਹੈ। ਕਿਉਂਕਿ ਇਹ ਕੀੜਾ ਫਰਵਰੀ- ਮਾਰਚ ਦੇ ਮਹੀਨੇ ਹਮਲਾ ਕਰਦਾ ਹੈ, ਇਸ ਲਈ ਟਰੈਪ ਲਾਉਣ ਦਾ ਸਮਾਂ ਫਰਵਰੀ ਦਾ ਪਹਿਲਾ ਹਫ਼ਤਾ ਹੈ।

 

ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੇ ਫ਼ਾਇਦੇ

• ਕੀਟਨਾਸ਼ਕਾਂ ਤੇ ਆਉਂਦੇ ਖਰਚ ਦੇ ਮੁਕਾਬਲੇ ਇਹ ਬਹੁਤ ਸਸਤੀ ਤਕਨੀਕ ਹੈ। ਇਸ ਦੀ ਵਰਤੋਂ ਨਾਲ ਨਰ ਮੱਖੀਆਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਟਰੈਪ ਵਿੱਚ ਫ਼ਸ ਕੇ ਮਰ ਜਾਂਦੀਆਂ ਹਨ ਜਿਸ ਕਰਕੇ ਨਵੀਆਂ ਮੱਖੀਆਂ ਘੱਟ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ।

• ਕੀਟਨਾਸ਼ਕਾਂ ਦੇ ਮੁਕਾਬਲੇ ਟਰੈਪ ਦੀ ਵਰਤੋਂ ਨਾਲ ਬਾਗਾਂ ਵਿੱਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ। ਜੇਕਰ ਬਾਗਾਂ ਵਿੱਚ ਮੱਖੀਆਂ ਦਾ ਸਿਰਫ਼ ਨਿਰੀਖਣ ਹੀ ਕਰਨਾ ਹੋਵੇ ਤਾਂ ਟਰੈਪ ਹੋਰ ਵੀ ਲੰਬਾ ਸਮਾਂ ਕੰਮ ਕਰਦੇ ਹਨ।

• ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪਾਂ ਦੀ ਵਰਤੋਂ ਮੱਖੀਆਂ ਦੇ ਸੰਯੁਕਤ ਕੀਟ ਪ੍ਰਬੰਧ ਪ੍ਰੋਗਰਾਮ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ ਅਤੇ ਟਰੈਪ ਬਰਸਾਤਾਂ ਵਿੱਚ ਵੀ ਕਾਮਯਾਬ ਹੁੰਦੇ ਹਨ।ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ।

• ਫ਼ਲਾਂ ਦੀ ਤੁੜਾਈ ਖਤਮ ਹੋਣ ਤੋਂ ਬਾਅਦ ਟਰੈਪਾਂ ਨੂੰ ਹੋਰ ਬਾਗਾਂ ਵਿੱਚ ਵਰਤਿਆ ਜਾ ਸਕਦਾ ਹੈ, ਲੋੜ ਅਨੁਸਾਰ ਉਹਨ੍ਹਾਂ ਵਿੱਚ ਵਰਤੀ ਜਾਣ ਵਾਲੀ ਖੁਸ਼ਬੂ ਦੀ ਟਿੱਕੀ ਦੁਬਾਰਾ ਲਗਾ ਲਈ ਜਾਵੇ।

• ਇੱਕ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਵਿੱਚ 6000 ਦੇ ਕਰੀਬ ਨਰ ਮੱਖੀਆਂ ਫ਼ਸ ਕੇ ਮਰ ਸਕਦੀਆਂ ਹਨ। ਇਸ ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ ਜੋ ਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਲੋੜੀਂਦਾ ਹੁੰਦਾ ਹੈ।

• ਬਾਗਾਂ ਵਿੱਚ ਲੱਗਣ ਵਾਲੇ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਕੀਮਤ 118 ਰੁਪਏ ਪ੍ਰਤੀ ਟਰੈਪ ਹੈ ਅਤੇ ਟਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਉਪਲਬਧ ਹਨ। ਬੁਕਿੰਗ sandeep_pau.1974@pau.edu ਜਾਂ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ/ਫ਼ਾਰਮ ਸਲਾਹਕਾਰ ਸੇਵਾ ਕੇਂਦਰ/ਖੇਤਰੀ ਖੋਜ ਕੇਂਦਰ/ਫ਼ਲ ਖੋਜ ਕੇਂਦਰ ਜਾਂ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਰ ਜਾਂ ਬਾਗਬਾਨੀ ਵਿਕਾਸ ਅਫ਼ਸਰ ਕੋਲ ਵੀ ਕਰਵਾ ਸਕਦੇ ਹਨ ।

• ਸਬਜ਼ੀਆਂ ਵਿੱਚ ਲੱਗਣ ਵਾਲੇ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਕੀਮਤ 120 ਰੁਪਏ ਪ੍ਰਤੀ ਟਰੈਪ ਹੈ ਅਤੇ ਇਹ ਟਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੇਜੀਟੇਬਲ (ਸਬਜ਼ੀ) ਵਿਗਿਆਨ ਵਿਭਾਗ (ਈਮੇਲ: harpalsinghbhullar@pau.edu) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਸਰੋਤ: ਹਰਪਾਲ ਸਿੰਘ ਰੰਧਾਵਾ, ਸੰਦੀਪ ਸਿੰਘ ਅਤੇ ਹਰਪ੍ਰੀਤ ਕੌਰ ਚੀਮਾ, ਪੀ.ਏ.ਯੂ. ਰਿਜਨਲ ਖੋਜ ਕੇਂਦਰ, ਗੁਰਦਾਸਪੁਰ, ਫ਼ਲ਼ ਵਿਗਿਆਨ ਵਿਭਾਗ, ਕੀਟ ਵਿਗਿਆਨ ਵਿਭਾਗ, ਪੀ.ਏ.ਯੂ. ਲੂਧਿਆਣਾ

Summary in English: PAU Fruit Fly Trap: Safe control of fruit and vegetable flies with the help of fruit fly trap

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters