1. Home
  2. ਬਾਗਵਾਨੀ

Profitable Farming: ਵਪਾਰਕ ਪੱਧਰ 'ਤੇ ਕਰੋ Dragon Fruit ਦੀ ਕਾਸ਼ਤ, ਇਨ੍ਹਾਂ ਜ਼ਰੂਰੀ ਨੁਕਤਿਆਂ ਨੂੰ ਕਰੋ ਫੌਲੋ ਅਤੇ ਘੱਟ ਉਪਜਾਊ ਜ਼ਮੀਨ ਤੋਂ ਪ੍ਰਾਪਤ ਕਰੋ ਚੰਗਾ ਝਾੜ

ਡਰੈਗਨ ਫਰੂਟ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵਧ ਰਹੀ ਹੈ। ਪਹਿਲਾਂ ਜਿੱਥੇ ਕੁਝ ਕਿਸਾਨ ਹੀ ਇਸ ਫਲ ਦੀ ਕਾਸ਼ਤ ਕਰਦੇ ਸਨ। ਉੱਥੇ ਹੀ ਹੁਣ ਇਸ ਦੇ ਮੁਨਾਫੇ ਨੂੰ ਦੇਖਦੇ ਹੋਏ ਕਿਸਾਨ ਇਸ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਦੀ ਕਾਸ਼ਤ ਲਗਾਤਾਰ ਵਧ ਰਹੀ ਹੈ। ਪਹਿਲਾਂ ਕਿਸਾਨਾਂ ਨੂੰ ਇਸ ਦੀ ਕਾਸ਼ਤ ਬਾਰੇ ਘੱਟ ਜਾਣਕਾਰੀ ਹੁੰਦੀ ਸੀ, ਜਿਸ ਕਾਰਨ ਉਹ ਡਰੈਗਨ ਫਰੂਟ ਦੀ ਕਾਸ਼ਤ ਕਰਨ ਤੋਂ ਝਿਜਕਦੇ ਸਨ। ਹੁਣ ਕਿਉਂਕਿ ਸਰਕਾਰ ਵੀ ਇਸ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਲਈ, ਦੇਸ਼ ਦੇ ਕਈ ਹਿੱਸਿਆਂ ਵਿੱਚ ਇਸਦੀ ਕਾਸ਼ਤ ਵਿੱਚ ਵਾਧਾ ਹੋਇਆ ਹੈ।

Gurpreet Kaur Virk
Gurpreet Kaur Virk
ਇਨ੍ਹਾਂ ਜ਼ਰੂਰੀ ਨੁਕਤਿਆਂ ਨੂੰ ਕਰੋ ਫੌਲੋ ਅਤੇ ਘੱਟ ਉਪਜਾਊ ਜ਼ਮੀਨ ਤੋਂ ਪ੍ਰਾਪਤ ਕਰੋ ਚੰਗਾ ਝਾੜ

ਇਨ੍ਹਾਂ ਜ਼ਰੂਰੀ ਨੁਕਤਿਆਂ ਨੂੰ ਕਰੋ ਫੌਲੋ ਅਤੇ ਘੱਟ ਉਪਜਾਊ ਜ਼ਮੀਨ ਤੋਂ ਪ੍ਰਾਪਤ ਕਰੋ ਚੰਗਾ ਝਾੜ

Dragon Fruit Farming: ਡਰੈਗਨ ਫਰੂਟ ਕੈਕਟਸ ਸ਼੍ਰੇਣੀ ਦਾ ਵੇਲ-ਨੂੰਮਾਂ ਪੌਦਾ ਹੁੰਦਾ ਹੈ। ਆਮ ਤੌਰ 'ਤੇ ਇਸ ਫ਼ਲ ਦੀ ਕਾਸ਼ਤ ਤਪਤੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ, ਪਰ ਇਸ ਨੂੰ ਅਰਧ-ਤਪਤੀ ਖੇਤਰਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ।

ਇਸ ਫ਼ਲ ਹੇਠ ਰਕਬੇ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਡਰੈਗਨ ਫਰੂਟ ਦੀ ਉੱਚ ਬਾਜ਼ਾਰੀ ਕੀਮਤ ਅਤੇ ਖੁਰਾਕੀ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਰਕੇ ਇਸ ਨੂੰ ਹੁਣ ‘ਸੁਪਰ ਫ਼ਲ’ ਕਿਹਾ ਜਾਂਦਾ ਹੈ।

ਆਮ ਤੌਰ ਤੇ ਵਪਾਰਕ ਪੱਧਰ ਤੇ ਕਾਸ਼ਤ ਕੀਤੇ ਜਾਂਦੇ ਡਰੈਗਨ ਫਰੂਟ ਨੂੰ ਮੁੱਖ ਤੌਰ 'ਤੇ ਦੋ ਕਿਸਮਾਂ ਭਾਵ ਚਿੱਟੇ ਗੁੱਦੇ ਅਤੇ ਲਾਲ ਗੁੱਦੇ ਵਾਲੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦੇ ਫ਼ਲਾਂ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਖਾਸ ਕਰਕੇ ਲਾਲ ਗੁੱਦੇ ਵਾਲੇ ਫ਼ਲਾਂ ਵਿੱਚ ਬੀਟਾ-ਕੈਰੋਟੀਨ, ਫਿਨੋਲਸ, ਫਲੇਵਾਨੋਲ ਆਦਿ ਵਰਗੇ ਫਾਈਟੋਕੈਮੀਕਲਜ਼ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ। ਡਰੈਗਨ ਫਰੂਟ ਵਿੱਚ ਕੈਲਸ਼ੀਅਮ, ਫ਼ਾਸਫ਼ੋਰਸ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਅਤੇ ਵੱਖ-ਵੱਖ ਵਿਟਾਮਿਨਾਂ ਅਤੇ ਫਾਈਬਰ ਦੀ ਵੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਫ਼ਲ ਦੀ ਮਹੱਤਤਾ ਅਤੇ ਮੰਗ ਨੂੰ ਦੇਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵੀ ਦੋ ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਿਸ਼ ਕੀਤੀਆਂ ਹਨ; ਇਹਨਾਂ ਵਿਚੋਂ ਰੈਡ ਡਰੈਗਨ-1 ਕਿਸਮ ਦੇ ਫ਼ਲ ਚਮਕਦਾਰ ਲਾਲ ਰੰਗ ਦੇ ਹੁੰਦੇ ਹਨ ਅਤੇ ਇਹਨਾਂ ਦਾ ਔਸਤਨ ਭਾਰ 325 ਗ੍ਰਾਮ ਹੁੰਦਾ ਹੈ।

ਇਸ ਕਿਸਮ ਤੋਂ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.35 ਕਿੱਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਕਿਸਮ ਦੇ ਫ਼ਲਾਂ ਦਾ ਗੁੱਦਾ ਗੂੜਾ ਜਾਮਣੀ-ਲਾਲ ਰੰਗ ਦਾ ਹੁੰਦਾ ਹੈ, ਜਿਸ ਵਿੱਚ ਛੋਟੇ ਅਕਾਰ ਦੇ ਕਾਲੇ ਰੰਗ ਦੇ ਬੀਜ ਖਿਲਰੇ ਹੁੰਦੇ ਹਨ। ਇਸੇ ਤਰਾਂ ਵਾਈਟ ਡਰੈਗਨ-1 ਕਿਸਮ ਬਾਹਰੋਂ ਗਾੁਲਾਬੀ-ਲਾਲ ਰੰਗ ਦੇ ਹੁੰਦੇ ਹਨ ਪਰ ਇਹਨਾਂ ਦਾ ਗੁੱਦਾ ਸਫ਼ੈਦ ਹੁੰਦਾ ਹੈ । ਇਸ ਦੇ ਫ਼ਲਾਂ ਦਾ ਔਸਤਨ ਭਾਰ 285 ਗ੍ਰਾਮ ਹੁੰਦਾ ਹੈ ਅਤੇ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.75 ਕਿੱਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਫ਼ਲਾਂ ਵਿੱਚ ਆਇਰਨ, ਜ਼ਿੰਕ ਅਤੇ ਮੈਂਗਨੀਜ਼ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦਾ ਹੈ। ਪੰਜਾਬ ਵਿੱਚ ਡਰੈਗਨ ਫ਼ਰੂਟ ਦੇ ਫ਼ਲ ਜੁਲਾਈ ਤੋਂ ਨਵੰਬਰ ਮਹੀਨਿਆਂ ਦੌਰਾਨ ਉਪਲਬੱਧ ਹੁੰਦੇ ਹਨ।

ਵਪਾਰਕ ਪੱਧਰ ਤੇ ਡਰੈਗਨ ਫ਼ਰੂਟ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

ਇਸ ਫ਼ਲ ਦੀ ਕਾਸ਼ਤ ਕਰਨ ਲਈ ਸ਼ੁਰੂਆਤੀ ਲਾਗਤ ਕਾਫ਼ੀ ਜ਼ਿਆਦਾ ਹੁੰਦੀ ਹੈ ਇਸ ਲਈ ਵਪਾਰਕ ਪੱਧਰ ਤੇ ਕਾਸ਼ਤ ਕਰਨ ਲਈ ਚੰਗੀ ਤਰਾਂ ਘੋਖ-ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਇਸ ਫ਼ਲ ਬਾਰੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਸ ਦੀ ਕਾਸ਼ਤ ਲਈ ਨਿਮਨਲਿਖਤ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

1. ਡਰੈਗਨ ਫ਼ਰੂਟ ਦੀ ਕਾਸ਼ਤ ਲਈ ਸੂਰੁਆਤੀ ਲਾਗਤ ਜ਼ਿਆਦਾ ਹੋਣ ਕਰਕੇ ਅਤੇ ਇਸ ਫ਼ਲ ਦੀ ਕਾਸ਼ਤ ਬਾਕੀ ਫ਼ਲਾਂ ਨਾਲੋਂ ਨਿਵੇਕਲੀ ਹੋਣ ਕਾਰਨ ਇੱਕਦਮ ਇਸ ਫ਼ਲ ਹੇਠ ਬਹੁਤ ਜ਼ਿਆਦਾ ਰਕਬਾ ਨਾ ਲਿਆਉ। ਇਸ ਹੇਠ ਰਕਬੇ ਵਿੱਚ ਸਾਲ ਦਰ ਸਾਲ ਵਾਧਾ ਕੀਤਾ ਜਾ ਸਕਦਾ ਹੈ।

2. ਇਸ ਦੀ ਕਾਸ਼ਤ ਕਰਨ ਲਈ ਕਿਸਮ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਇਸ ਲਈ ਇਸ ਦੀ ਕਾਸ਼ਤ ਲਈ ਬਾਗਬਾਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਲਵੋ। ਆਮ ਤੌਰ 'ਤੇ ਦੂਜੇ ਸੂਬਿਆਂ ਤੋਂ ਆ ਰਹੇ ਪਾਲੀਥੀਨ ਦੇ ਲਿਫ਼ਾਫ਼ਿਆਂ ਵੱਚ ਲੱਗੇ ਬੂਟੇ ਨੀਮਾਟੋਡ ਨਾਲ ਗ੍ਰਸਤ ਹੁੰਦੇ ਹਨ, ਇਸ ਲਈ ਕਦੇ ਵੀ ਇਸ ਤਰਾਂ ਦੇ ਬੂਟੇ ਨਾ ਲਗਾਉ। ਇਸ ਲਈ ਸਿਰਫ਼ ਕਲਮਾਂ ਲਿਆ ਕੇ ਇਸ ਦੇ ਬੂਟੇ ਆਪ ਤਿਆਰ ਕਰੋ, ਜੋ ਕਿ ਸਸਤੇ ਵੀ ਪੈਣਗੇ ਅਤੇ ਨੀਮਾਟੋਡ ਆਦਿ ਦੀ ਸਮੱਸਿਆ ਤੋਂ ਵੀ ਰਹਿਤ ਹੋਣਗੇ।

3. ਹਾਲਾਂਕਿ, ਇਹ ਫ਼ਲ ਕਈ ਤਰ੍ਹਾਂ ਦੀਆਂ ਮਿੱਟੀਆਂ 'ਤੇ ਉਗਾਇਆ ਜਾ ਸਕਦਾ ਹੈ, ਪਰ ਦਰਮਿਆਨੀ, ਚੰਗੇ ਜਲ ਨਿਕਾਸ ਵਾਲੀ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਮਿੱਟੀ ਡ੍ਰੈਗਨਫਰੂਟ ਦੀ ਕਾਸ਼ਤ ਲਈ ਬਹੁਤ ਢੁਕਵੀਂ ਹੁੰਦੀ ਹੈ। ਬਹੁਤ ਜਿਆਦਾ ਰੇਤਲੀ ਅਤੇ ਮਾੜੇ ਜਲ ਨਿਕਾਸ ਵਾਲੀ ਮਿੱਟੀ 'ਤੇ ਡਰੈਗਨਫਰੂਟ ਦੀ ਕਾਸ਼ਤ ਤੋਂ ਪ੍ਰਹੇਜ ਕਰੋ।

ਇਹ ਵੀ ਪੜ੍ਹੋ: Rainy Weather Tips: ਬਰਸਾਤੀ ਮੌਸਮ ਕਾਰਨ ਹੁੰਦੇ ਨੁਕਸਾਨ ਤੋਂ ਬਚਣ ਲਈ ਨਵੇਂ-ਪੁਰਾਣੇ ਬਾਗਾਂ ਦੇ ਪ੍ਰਬੰਧਨ ਲਈ 6 ਜ਼ਰੂਰੀ ਨੁਕਤੇ

4. ਇਹ ਫ਼ਲ ਸਖਤ ਮੌਸਮੀ ਸਥਿਤੀਆਂ ਨੂੰ ਕਾਫ਼ੀ ਹੱਦ ਤੱਕ ਸਹਿਣਸ਼ੀਲ ਹੁੰਦਾ ਹੈ ਪਰ ਮਈ-ਜੂਨ ਦੌਰਾਨ ਤੇਜ ਧੁੱਪ ਅਤੇ ਖੁਸ਼ਕੀ ਕਾਰਨ ਇਸ ਦੇ ਬੂਟਿਆਂ ਦੀਆਂ ਸ਼ਖਾਵਾਂ ਤੇ ਪਿਲੱਤਣ ਫ਼ਿਰ ਸਕਦੀ ਅਤੇ ਅਤੇ ਨਾਜ਼ੁਕ ਸਿਰਿਆਂ ਤੇ ਸਾੜਾ ਪੈ ਸਕਦਾ ਹੈ। ਇਸੇ ਤਰਾਂ ਸਰਦੀਆਂ ਵਿੱਚ ਜ਼ਿਆਦਾ ਠੰਡ ਅਤੇ ਕੋਰੇ ਨਾਲ ਵੀ ਨਵੀਆਂ ਸ਼ਖਾਂਵਾਂ ਨੁਕਸਾਨੀਆਂ ਜਾ ਸਕਦੀਆਂ ਹਨ। ਸੁਚੱਜੇ ਪ੍ਰਬੰਧ ਨਾਲ ਇਸ ਦੀ ਨੁਕਸਾਨ ਦਰ ਘਟਾਈ ਜਾ ਸਕਦੀ ਹੈ। ਇਸ ਦੀ ਕਾਸ਼ਤ ਵਾਲੇ ਖੇਤਰ ਦੀ ਚੋਣ ਕਿਸੇ ਉੱਚੇ ਦਰੱਖਤਾਂ ਦੀ ਅੋਟ ਵਾਲੇ ਖੇਤਰ ਵਿੱਚ ਕਰੋ। ਹੋ ਸਕੇ ਤਾਂ ਅੱਧ-ਪਚੱਧ ਛਾਂਦਾਰ ਖੇਤਰ ਨੂੰ ਪਹਿਲ ਦਿਉ। ਇਸ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉਚੇ ਕੱਦ ਵਾਲੀਆਂ ਅੰਤਰ-ਫ਼ਸਲਾਂ ਜਿਵੇਂਕਿ ਸੁਹੰਜਣਾ, ਮੱਕੀ, ਜੰਤਰ ਆਦਿ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਬਹੁਤ ਜ਼ਿਆਦਾ ਗਰਮੀ ਜਾਂ ਕੋਰੇ ਨਾਲ ਇਸ ਦੀਆਂ ਸ਼ਖਾਵਾਂ ਦਾ ਨੁਕਸਾਨ ਹੋਣ ਦੀ ਸਧਿਤੀ ਵਿੱਚ ਨੂਕਸਾਨੇ ਭਾਗਾਂ ਨੂੰ ਕੱਟ ਕੇ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।

5. ਡਰੈਗਨ ਫਰੂਟ ਦੇ ਪੌਦੇ ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਦੇ ਮਹੀਨੇ ਲਗਾਏ ਜਾ ਸਕਦੇ ਹਨ। ਇਸ ਦੇ ਪੌਦਿਆਂ ਨੂੰ ਸੀਮੈਂਟ ਦੇ ਮਜਬੂਤ ਖੰਭੇ ਗੱਡ ਕੇ ਉੱਚੇ ਬੈੱਡਾਂ 'ਤੇ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇਹ ਮਿੱਟੀ ਦੀ ਜ਼ਿਆਦਾ ਨਮੀ ਜਾਂ ਪਾਣੀ ਦੇ ਖੜੋਤ ਤੋਂ ਸੁਰੱਖਿਅਤ ਰਹਿਣ। ਆਮ ਤੌਰ 'ਤੇ, ਇਸ ਦੇ ਪੌਦੇ ਸਿੰਗਲ ਪੋਲ ਪ੍ਰਣਾਲੀ ਵਿੱਚ 10×10 ਫ਼ੁੱਟ ਜਾਂ 12×8 ਫ਼ੁੱਟ ਦੀ ਦੂਰੀ 'ਤੇ ਲਾਏ ਜਾਂਦੇ ਹੈ। ਬੂਟਿਆਂ ਨੂੰ ਖੰਭਿਆਂ ਦੇ ਬਿਲਕੁਲ ਨੇੜੇ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਸਾਨੀ ਨਾਲ ਉਸ ਉਪਰ ਚੜ੍ਹ ਸਕਣ। ਖੰਭਿਆਂ ਦੇ ਸਾਰੇ ਪਾਸੇ ਚਾਰ ਪੌਦੇ ਲਗਾਉਣੇ ਚਾਹੀਦੇ ਹਨ। ਇਸ ਫ਼ਲ ਦੇ ਨਵੇਂ ਬੂਟੇ ਲਗਾਉਣ ਤੋਂ 15 ਦਿਨ ਪਹਿਲਾਂ ਹਰੇਕ ਖੰਭੇ ਦੁਆਲੇ 15-20 ਕਿਲੋ ਗਲੀ-ਸੜੀ ਰੂੜੀ ਵਾਲੀ ਖਾਦ ਪਾਓ ਅਤੇ ਮਿੱਟੀ ਵਿੱਚ ਮਿਲਾ ਦਿਉ। ਇਸ ਦੀ ਕਾਸ਼ਤ ਲਈ ਟਰੈਲਿਸ ਢਾਂਚਾ ਵੀ ਲਗਾਇਆ ਜਾ ਸਕਦਾ ਹੈ ਪਰ ਇਹ ਢਾਂਚਾ ਪੂਰਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂਕਿ ਅਉਣ ਵਾਲੇ ਸਾਲਾਂ ਵਿੱਚ ਇਹ ਬੂਟਿਆਂ ਦਾ ਭਾਰ ਸਹਿਣ ਕਰ ਸਕੇ।

6. ਬੂਟਿਆਂ ਨੂੰ ਖੰਭਿਆਂ ਦੇ ਨਾਲ-ਨਾਲ ਚੜਾਉਣ ਲਈ ਇਹਨਾਂ ਨੂੰ ਲਗਾਤਾਰ ਪਲਾਸਟਿਕ ਦੀ ਰੱਸੀ ਨਾਲ ਬੰਨਦੇ ਰਹੋ ਅਤੇ ਜਦੋਂ ਬੂਟੇ ਵਧ ਕੇ ਉਪਰਲੇ ਚੱਕਰ ਤੋਂ ਬਾਹਰ ਆ ਜਾਣ ਤਾਂ ਇਹਨਾਂ ਦੀ ਕਟਾਈ ਕਰੋ ਤਾਂਕਿ ਵਧੇਰੇ ਸ਼ਖਾਵਾਂ ਨਿੱਕਲ ਅਉਣ। ਜ਼ਮੀਨ ਤੋਂ ਲੈ ਕੇ ਉਪਰਲੇ ਚੱਕਰ ਤੱਕ ਬੂਟਿਆਂ ਦੇ ਪਾਸੇ ਤੋਂ ਨਿਕਲ ਰਹੇ ਫ਼ੁਟਾਰੇ ਨੂੰ ਕੱਟਦੇ ਰਹੋ। ਇਸੇ ਤਰਾਂ ਟਰੈਲਿਸ ਸਿਸਟਮ ਲਈ ਵੀ ਤਾਰਾਂ, ਬਾਂਸ ਦੀ ਸੋਟੀਆਂ ਜਾਂ ਫ਼ਾਕੜਾਂ ਦਾ ਇਸਤੇਮਾਲ ਕਰੋ।

7. ਡਰੈਗਨ ਫਰੂਟ ਦੇ ਚੰਗੇ ਵਾਧੇ ਅਤੇ ਵਿਕਾਸ ਵਿੱਚ ਦੇਸੀ ਖਾਦਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ।ਇਸ ਫ਼ਲ ਲਈ ਗੋਬਰ ਦੀ ਸਲੱਰੀ ਅਤੇ ਰੂੜੀ ਵਾਲੀ ਖਾਦ ਬਹੁਤ ਫ਼ਇਦੇਮੰਦ ਹੁੰਦੀ ਹੈ ।ਅੱਧ ਜਨਵਰੀ-ਫ਼ਰਵਰੀ ਮਹੀਨੇ ਇਸ ਦਾ ਇਸਤੇਮਾਲ ਕਰੋ । ਰਸਾਇਣਕ ਖਾਦਾਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਵਰਤੋ ।

8. ਭਾਂਵੇ ਕਿ ਇਹ ਫਸਲ ਕੈਕਟਸ ਪਰਿਵਾਰ ਨਾਲ ਸਬੰਧਤ ਹੈ, ਪਰ ਇਸ ਨੂੰ ਨਾਜ਼ੁਕ ਸਮੇਂ ਜਿਵੇਂ ਮਾਰਚ ਤੋਂ ਅਖੀਰ ਜੂਨ ਤੱਕ ਲਗਾਤਾਰ ਅਤੇ ਹਲਕੇ ਪਾਣੀਆਂ ਦੀ ਲੋੜ ਹੁੰਦੀ ਹੈ। ਬੂਟੇ ਦੇ ਚੰਗੇਰੇ ਵਾਧੇ ਅਤੇ ਫਲਾਂ ਦੇ ਵਿਕਾਸ ਦੌਰਾਨ ਮਿੱਟੀ ਦੀ ਨਮੀ ਬਣਾਈ ਰੱਖਣ ਲਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਜ਼ਮੀਨ ਵਿੱਚ ਜ਼ਿਆਦਾ ਨਮੀ ਅਤੇ ਪਾਣੀ ਖੜਨ ਦੀ ਸਥਿਤੀ ਤੋਂ ਬੂਟਿਆਂ ਨੂੰ ਬਚਾਉਣਾ ਚਾਹੀਦਾ ਹੈ। ਇਸ ਕਰਕੇ ਇਸ ਫ਼ਲ ਦੇ ਪੌਦੇ/ਖੰਭੇ ਦੇ ਆਲੇ-ਦੁਆਲੇ ਉੱਚਾ ਬੈਡ ਬਨਾਉਣਾ ਚਾਹੀਦਾ ਹੈ।

ਸੋ, ਪਿਆਰੇ ਕਿਸਾਨ ਵੀਰੋ ਡਰੈਗਨ ਫ਼ਰੂਟ ਦੀ ਕਾਸ਼ਤ ਵਿੱਚ ਕਾਮਯਾਬੀ ਪ੍ਰਾਪਤ ਕਰਨ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਉਪਰੋਕਤ ਤੱਥਾਂ ਵੱਲ ਜ਼ਰੂਰ ਧਿਆਨ ਦਿਉ । ਵਪਾਰਕ ਪੱਧਰ ਤੇ ਇਸ ਦੀ ਕਾਸ਼ਤ ਕਰਨ ਲਈ ਬਾਗਬਾਨੀ ਮਾਹਿਰਾਂ ਦੀ ਰਾਏ ਅਤੇ ਸਿਖਲਾਈ ਜ਼ਰੂਰ ਲਵੋ।

ਸਰੋਤ: ਜਸਵਿੰਦਰ ਸਿੰਘ ਬਰਾੜ, ਅਮਰਦੀਪ ਕੌਰ ਅਤੇ ਕਿਰਨਦੀਪ ਕੌਰ

Summary in English: Profitable Farming: How To Grow Dragon Fruit Commercially, Follow these important points and get good yield from less fertile land

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters