1. Home
  2. ਬਾਗਵਾਨੀ

Sapota Cultivation: ਉੱਨਤ ਢੰਗ ਨਾਲ ਕਰੋ ਚੀਕੂ ਦੀ ਕਾਸ਼ਤ, 6 ਲੱਖ ਰੁਪਏ ਪ੍ਰਤੀ ਹੈਕਟੇਅਰ ਤੱਕ ਹੋਵੇਗੀ ਕਮਾਈ

ਅੱਜ ਕੱਲ੍ਹ ਕਿਸਾਨ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਬਾਗਬਾਨੀ ਫਲਾਂ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਕਿਸਾਨਾਂ ਨੂੰ ਬਾਗਬਾਨੀ ਫਸਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰ ਸਮੇਂ-ਸਮੇਂ 'ਤੇ ਵੱਖ-ਵੱਖ ਭਲਾਈ ਸਕੀਮਾਂ ਵੀ ਚਲਾਉਂਦੀ ਹੈ। ਕਿਸਾਨ ਭਰਾ ਅਜਿਹੀ ਬਾਗਬਾਨੀ ਫਸਲ ਸਪੋਟਾ ਫਾਰਮਿੰਗ ਯਾਨੀ ਚੀਕੂ ਦੀ ਖੇਤੀ ਕਰਕੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਸਕਦੇ ਹਨ।

Gurpreet Kaur Virk
Gurpreet Kaur Virk
ਚੀਕੂ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਹੋਵੇਗੀ ਵਧੀਆ ਆਮਦਨ

ਚੀਕੂ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਹੋਵੇਗੀ ਵਧੀਆ ਆਮਦਨ

Chiku Ki Kheti: ਚੀਕੂ ਇੱਕ ਬਹੁਤ ਮਹੱਤਵਪੂਰਨ ਫ਼ਲ ਹੈ ਅਤੇ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਇਸ ਦੀ ਕਾਮਯਾਬੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ। ਚੀਕੂ ਦੇ ਰੁੱਖ ਸਦਾਬਹਾਰ, ਖਿਲਰਵੇਂ ਅਤੇ ਲੰਬੀ ਉਮਰ ਵਾਲੇ ਹੁੰਦੇ ਹਨ। ਇਸ ਦਾ ਗੁੱਦਾ ਨਰਮ ਅਤੇ ਮਿਠਾਸ ਨਾਲ ਭਰਪੂਰ ਹੁੰਦਾ ਹੈ। ਇਹ ਕਾਰਬੋਹਾਈਡਰੇਟ, ਚਰਬੀ, ਰੇਸ਼ੇ, ਖੁਰਾਕੀ ਤੱਤ, ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦਾ ਚੰਗਾ ਸਰੋਤ ਹੈ।

ਜੇਕਰ ਸਾਡੇ ਕਿਸਾਨ ਭਰਾ ਚੀਕੂ ਦੀ ਖੇਤੀ ਲਈ ਇਸ ਉੱਨਤ ਢੰਗ ਨੂੰ ਅਪਣਾਉਂਦੇ ਹਨ ਤਾਂ ਉਨ੍ਹਾਂ ਨੂੰ ਇਸ ਖੇਤੀ ਤੋਂ ਲੱਖਾਂ ਰੁਪਏ ਦਾ ਮੁਨਾਫਾ ਆਸਾਨੀ ਨਾਲ ਮਿਲ ਸਕਦਾ ਹੈ।

ਅਜੋਕੇ ਸਮੇਂ ਵਿੱਚ ਭਾਰਤੀ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਗੈਰ-ਰਵਾਇਤੀ ਖੇਤੀ ਵੱਲ ਵਧ ਰਹੇ ਹਨ ਅਤੇ ਸਫ਼ਲਤਾ ਵੀ ਹਾਸਲ ਕਰ ਰਹੇ ਹਨ। ਇਨ੍ਹਾਂ ਗੈਰ-ਰਵਾਇਤੀ ਖੇਤੀ ਫਸਲਾਂ ਵਿੱਚ ਜ਼ਿਆਦਾਤਰ ਕਿਸਾਨ ਫਲਾਂ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਉਹ ਘੱਟ ਸਮੇਂ ਵਿੱਚ ਵੱਧ ਕਮਾਈ ਵੀ ਕਰ ਰਹੇ ਹਨ। ਚੀਕੂ ਦੀ ਕਾਸ਼ਤ ਵੀ ਇਨ੍ਹਾਂ ਵਿੱਚੋਂ ਇੱਕ ਹੈ। ਜੇਕਰ ਕਿਸਾਨ ਚੀਕੂ ਦਾ ਇੱਕ ਬੂਟਾ ਬੀਜਦੇ ਹਨ, ਤਾਂ ਉਹ ਕਈ ਸਾਲਾਂ ਤੱਕ ਇਸ ਤੋਂ ਵਧੀਆ ਉਪਜ ਪ੍ਰਾਪਤ ਕਰ ਸਕਦੇ ਹਨ। ਅੱਜ ਅਸੀਂ ਇਸ ਲੇਖ ਵਿੱਚ ਤੁਹਾਨੂੰ ਚੀਕੂ ਦੀ ਕਾਸ਼ਤ ਦੇ ਉੱਨਤ ਢੰਗ ਅਤੇ ਇਸਦੇ ਲਈ ਅਨੁਕੂਲ ਤਾਪਮਾਨ ਅਤੇ ਮੌਸਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਪੌਣ ਪਾਣੀ ਅਤੇ ਜ਼ਮੀਨ

ਚੀਕੂ ਦੀ ਕਾਸ਼ਤ ਲਈ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਦਾ ਪੌਣ ਪਾਣੀ ਇਸ ਦੇ ਵਾਧੇ ਅਤੇ ਚੰਗੇ ਝਾੜ ਵਾਸਤੇ ਅਨੁਕੂਲ ਹੈ। ਇਸ ਨੂੰ ਗਰਮਤਰ ਇਲਾਕਿਆਂ ਵਿੱਚ ਫੁੱਲ ਅਤੇ ਫ਼ਲ ਸਾਰਾ ਸਾਲ ਲੱਗਦੇ ਰਹਿੰਦੇ ਹਨ, ਪਰ ਪੰਜਾਬ ਦੇ ਅਰਧ ਗਰਮਤਰ ਪੌਣ ਪਾਣੀ ਵਿੱਚ ਇਸ ਨੂੰ ਸਿਰਫ਼ ਇੱਕ ਹੀ ਭਰਪੂਰ ਫ਼ਸਲ ਆਉਂਦੀ ਹੈ। ਇਹ ਫ਼ਲ ਗਰਮ ਅਤੇ ਜ਼ਿਆਦਾ ਨਮੀਂ ਵਾਲੀਆਂ ਹਾਲਤਾਂ ਵਿੱਚ ਚੰਗਾ ਹੁੰਦਾ ਹੈ। ਚੀਕੂ ਇੱਕ ਸਖ਼ਤ ਜਾਨ ਫ਼ਲ ਹੈ ਅਤੇ ਇਸ ਨੂੰ ਵੱਖ-ਵੱਖ ਕਿਸਮਾਂ ਦੀ ਮਿੱਟੀ ਉੱਪਰ ਕਾਸ਼ਤ ਕੀਤਾ ਜਾ ਸਕਦਾ ਹੈ, ਪਰ ਜ਼ਮੀਨ ਹੇਠਲੀ ਤਹਿ ਸਖਤ ਨਹੀਂ ਹੋਣੀ ਚਾਹੀਦੀ ।

ਉੱਨਤ ਕਿਸਮਾਂ

ਕਾਲੀਪੱਤੀ: ਇਹ ਜ਼ਿਆਦਾ ਝਾੜ ਦੇਣ ਵਾਲੀ ਕਿਸਮ ਹੈ। ਇਸ ਕਿਸਮ ਦੇ ਰੁੱਖਾਂ ਦੀਆਂ ਟਹਿਣੀਆਂ ਖਿਲਰਵੀਆਂ ਅਤੇ ਪੱਤੇ ਗੂੜੇ ਹਰੇ ਰੰਗ ਦੇ, ਚੌੜੇ ਅਤੇ ਮੋਟੇ ਹੁੰਦੇ ਹਨ। ਫ਼ਲ ਲੰਬੂਤਰੇ, ਅੰਡਾਕਾਰ ਸ਼ਕਲ ਦੇ, ਨਰਮ ਗੁੱਦੇ ਵਾਲੇ, ਬਹੁਤੇ ਮਿੱਠੇ ਅਤੇ ਚੰਗੀ ਗੁਣਵੱਤਾ ਵਾਲੇ ਹੁੰਦੇ ਹਨ। ਸ਼ਾਖ਼ਾਵਾਂ ਉੱਪਰ ਫ਼ਲ ਇਕੱਲੇ ਲੱਗਦੇ ਹਨ ਅਤੇ ਫ਼ਲ ਵਿੱਚ 1 ਤੋਂ 4 ਬੀਜ ਹੁੰਦੇ ਹਨ। ਬੂਟੇ ਦਾ ਔਸਤ ਝਾੜ 166 ਕਿਲੋ ਹੈ।

ਕ੍ਰਿਕਟਬਾਲ: ਇਸ ਕਿਸਮ ਦੇ ਰੁੱਖ ਘੱਟ ਸੰਘਣੀਆਂ ਸ਼ਾਖ਼ਾਵਾਂ ਵਾਲੇ ਹੁੰਦੇ ਹਨ। ਫ਼ਲ ਵੱਡੇ ਆਕਾਰ ਦੇ ਅਤੇ ਗੋਲ ਹੁੰਦੇ ਹਨ। ਫ਼ਲਾਂ ਦਾ ਗੁੱਦਾ ਦਾਣੇਦਾਰ, ਮਿਠਾਸ ਨਾਲ ਭਰਪੂਰ, ਉੱਤਮ ਸੁਆਦ ਅਤੇ ਖੁਸ਼ਬੂ ਵਾਲਾ ਹੁੰਦਾ ਹੈ। ਇੱਕਲੀ ਕ੍ਰਿਕਟਬਾਲ ਕਿਸਮ ਲਗਾਉਣ ਨਾਲ ਝਾੜ ਘੱਟ ਮਿਲਦਾ ਹੈ, ਪਰ ਬਾਗ ਵਿੱਚ ਕਾਲੀਪੱਤੀ ਦੇ ਬੂਟੇ ਲਗਾਉਣ ਨਾਲ ਚੰਗਾ ਝਾੜ ਮਿਲ ਜਾਂਦਾ ਹੈ। ਬੂਟੇ ਦਾ ਔਸਤ ਝਾੜ 157 ਕਿਲੋਗ੍ਰਾਮ ਹੁੰਦਾ ਹੈ।

ਇਹ ਵੀ ਪੜ੍ਹੋ : Punjab ਦੇ ਨੀਮ ਪਹਾੜੀ ਇਲਾਕਿਆਂ 'ਚ ਕਰੋ ਲੀਚੀ ਦੀ ਸਫਲ ਕਾਸ਼ਤ, ਇਨ੍ਹਾਂ ਉੱਨਤ ਕਿਸਮਾਂ ਨਾਲ ਹੋਵੇਗੀ ਕਿਸਾਨਾਂ ਦੀ Income Double

ਬੂਟਿਆਂ ਦਾ ਨਸਲੀ ਵਾਧਾ

ਚੀਕੂ ਦੇ ਬੂਟੇ ਆਮ ਤੌਰ ਤੇ ‘ਵੀਨੀਅਰ’ ਢੰਗ ਦੀ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ। ਚੀਕੂ ਵਾਸਤੇ ਖਿਰਨੀ ਸਹੀ ਜੜ੍ਹਮੁੱਢ ਹੈ। ਇਸ ਉੱਪਰ ਤਿਆਰ ਬੂਟੇ ਚੰਗੇ ਵਾਧੇ ਵਾਲੇ ਅਤੇ ਕਾਫ਼ੀ ਝਾੜ ਦਿੰਦੇ ਹਨ। ਖਿਰਨੀ ਦੇ ਬੂਟੇ ਪੈਨਸਿਲ ਜਿੰਨੇ ਮੋਟੇ ਹੋਣ ਤੇ ਉਹਨਾਂ ਉੱਪਰ ਪਿਉਂਦ ਕੀਤੀ ਜਾ ਸਕਦੀ ਹੈ। ਪਿਉਂਦ ਕਰਨ ਤੋਂ ਬਾਅਦ ਬੂਟੇ ਇੱਕ ਸਾਲ ਵਿੱਚ ਤਿਆਰ ਹੋ ਜਾਂਦੇ ਹਨ ।

ਬਾਗ ਲਗਾਉਣ ਦਾ ਸਮਾਂ

ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਦਾ ਸਮਾਂ ਬੂਟੇ ਲਗਾਉਣ ਲਈ ਢੁੱਕਵਾਂ ਹੈ। ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਚੌੜੇ ਟੋਏ ਤਿਆਰ ਕਰਕੇ 9X9 ਮੀਟਰ ਫਾਸਲੇ ਤੇ ਬਾਗ ਲਗਾਉਣਾ ਚਾਹੀਦਾ ਹੈ ।

ਸਿੰਚਾਈ

ਚੀਕੂ ਦੇ ਬੂਟੇ ਕੁੱਝ ਹੱਦ ਤੱਕ ਸੋਕਾ ਸਹਾਰ ਲੈਂਦੇ ਹਨ, ਪਰ ਚੰਗੇ ਉਤਪਾਦਨ ਲਈ ਸਮੇਂ ਸਿਰ ਸਿੰਚਾਈ ਜ਼ਰੂਰੀ ਹੈ। ਸਰਦੀਆਂ ਵਿੱਚ 30 ਦਿਨਾਂ ਅਤੇ ਗਰਮੀਆਂ ਵਿੱਚ 10-12 ਦਿਨਾਂ ਦੇ ਅੰਤਰ ਤੇ ਪਾਣੀ ਲਗਾਉ। ਫੁੱਲ ਲੱਗਣ ਸਮੇਂ ਥੋੜੇ-ਥੋੜੇ ਵਕਫ਼ੇ ਤੇ ਬਾਗ ਵਿੱਚ ਪਾਣੀ ਦੇਵੋ ਤਾਂ ਜੋ ਬਾਗ ਵਿੱਚ ਨਮੀਂ ਦਾ ਸਤਰ ਉੱਚਾ ਰਹੇ ਅਤੇ ਚੰਗਾ ਫ਼ਲ ਲੱਗੇ। ਛੋਟੇ ਬੂਟਿਆਂ ਨੂੰ ਗਰਮੀ ਰੁੱਤ ਵਿੱਚ 6-8 ਦਿਨ ਦੇ ਅੰਤਰ ਤੇ ਪਾਣੀ ਲਗਾਉ ਅਤੇ ਬਰਸਾਤ ਤੇ ਸਰਦੀਆਂ ਵਿੱਚ ਜ਼ਰੂਰਤ ਮੁਤਾਬਿਕ
ਪਾਣੀ ਲਗਾਉ।

ਇਹ ਵੀ ਪੜ੍ਹੋ : Loquat Fruit: ਲੁਕਾਠ ਦੀ ਸਫਲ ਕਾਸ਼ਤ ਕਰਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਰੁਪਏ, ਜਾਣੋ Advanced Varieties ਤੋਂ ਲੈ ਕੇ Packaging ਤੱਕ ਦੀ ਪੂਰੀ ਜਾਣਕਾਰੀ

ਬਾਗ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ

ਚੀਕੂ ਦੇ ਬੂਟਿਆਂ ਦਾ ਵਾਧਾ ਕਾਫ਼ੀ ਹੌਲੀ ਹੁੰਦਾ ਹੈ ਅਤੇ ਬਾਗ ਤਕਰੀਬਨ 7-8 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰਦੇ ਹਨ । ਛੋਟੀ ਉਮਰ ਦੇ ਬਾਗਾਂ ਵਿੱਚ ਫ਼ਸਲਾਂ ਦੀ ਕਾਸ਼ਤ ਲਈ ਕਾਫ਼ੀ ਖਾਲੀ ਜ਼ਮੀਨ ਹੁੰਦੀ ਹੈ। ਹੋਰ ਫ਼ਸਲਾਂ ਦੀ ਚੋਣ ਮਿੱਟੀ ਦੀ ਕਿਸਮ, ਪੌਣ ਪਾਣੀ ਅਤੇ ਮੰਡੀਕਰਣ ਦੀਆਂ ਸੁਵਿਧਾਵਾਂ ਤੇ ਨਿਰਭਰ ਕਰਦੀ ਹੈ। ਦਾਲਾਂ ਅਤੇ ਸਬਜ਼ੀਆਂ ਨੂੰ ਅੰਤਰ ਫਸਲਾਂ ਦੇ ਤੌਰ ਤੇ ਤਰਜ਼ੀਹ ਦੇਣੀ ਚਾਹੀਦੀ ਹੈ। ਤੇਜ਼ ਵਾਧੇ ਵਾਲੇ ਫਲਦਾਰ ਬੂਟੇ ਜਿਵੇਂ ਆੜੂ, ਅਲੂਚਾ, ਕਿੰਨੋ, ਅਮਰੂਦ, ਫਾਲਸਾ ਆਦਿ ਵੀ ਚੀਕੂ ਦੇ ਬਾਗ ਵਿੱਚ ਲਗਾਏ ਜਾ ਸਕਦੇ ਹਨ। ਅੰਤਰ ਫਸਲਾਂ ਦੀ ਸਿੰਚਾਈ ਅਤੇ ਖਾਦਾਂ ਦਾ ਯੋਗ ਪ੍ਰਬੰਧ ਅਲੱਗ ਕਰਨਾ ਚਾਹੀਦਾ ਹੈ।

ਫ਼ਲ ਦਾ ਪੱਕਣਾ ਅਤੇ ਤੁੜਾਈ

ਚੀਕੂ ਦਾ ਫ਼ਲ ਤੁੜਾਈ ਉਪਰੰਤ ਪੱਕਣ ਵਾਲਾ ਫ਼ਲ ਹੈ ਅਤੇ ਇਸ ਲਈ ਜਦੋਂ ਫ਼ਲ ਪੂਰੀ ਤਰ੍ਹਾਂ ਤਿਆਰ ਪਰ ਸਖਤ ਹੋਣ ਉਦੋ ਤੋੜੋ। ਫ਼ਲ ਲੱਗਣ ਤੋਂ ਪੱਕਣ ਤੱਕ ਲਗਭਗ 10 ਮਹੀਨੇ ਦਾ ਸਮਾਂ ਲੱਗਦਾ ਹੈ। ਚੀਕੂ ਦੇ ਪੱਕਣ ਦਾ ਪਤਾ ਉਸ ਫ਼ਲ ਉੱਪਰ ਭੂਰੀ ਪਪੜੀ ਦੇ ਅਸਾਨੀ ਨਾਲ ਅਲੱਗ ਹੋਣ ਤੋਂ ਲੱਗਦਾ ਹੈ। ਇਸ ਹਾਲਤ ਵਿੱਚ ਜੇਕਰ ਛਿੱਲ ਨੂੰ ਹਲਕਾ ਖੁਰਚਿਆ ਜਾਵੇ ਤਾਂ ਦੁੱਧ ਨਹੀਂ ਨਿਕਲਦਾ ਅਤੇ ਨਾਂ ਹੀ ਛਿੱਲ ਹੇਠ ਹਰਾ ਰੰਗ ਨਜ਼ਰ ਆਉਂਦਾ ਹੈ। ਪੂਰੀ ਤਰ੍ਹਾਂ ਤਿਆਰ ਫ਼ਲ ਵਿੱਚ ਕਾਫੀ ਮਿਠਾਸ ਅਤੇ ਘੱਟ ਤੇਜ਼ਾਬੀ ਤੱਤ ਹੁੰਦੇ ਹਨ। ਹਰ ਫ਼ਲ ਨੂੰ ਹੱਥ ਨਾਲ ਤੋੜੋ। ਤੋੜੇ ਹੋਏ ਫ਼ਲਾਂ ਉੱਪਰ ਲੱਗਾ ਦੁੱਧ ਅਤੇ ਭੂਰੀ ਪਾਪੜੀ ਪਾਣੀ ਨਾਲ ਧੋ ਕੇ ਜਾ ਬੋਰੀ ਨਾਲ ਰਗੜ ਕੇ ਸਾਫ਼ ਕਰੋ। ਫ਼ਲਾਂ ਨੂੰ ਇੱਕਸਾਰ ਪਕਾਉਣ ਲਈ 1000 ਪੀ.ਪੀ.ਐਮ. ਇਥੀਫੋਨ (2.5 ਮਿ.ਲੀ. ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ ਦੋ ਮਿੰਟ ਲਈ ਡੁਬੋਵੋ। ਫ਼ਲਾਂ ਨੂੰ ਆਕਾਰ ਅਨੁਸਾਰ ਵੱਡੇ, ਦਰਮਿਆਨੇ ਅਤੇ ਛੋਟੇ ਦਰਜਿਆਂ ਵਿੱਚ ਵੰਡੋ। ਫ਼ਲਾਂ ਨੂੰ ਗੱਤੇ ਦੇ (Corrugated Fibre Board) ਡੱਬਿਆਂ ਵਿੱਚ ਪਰਾਲੀ ਜਾਂ ਕਾਗਜ਼ ਦੇ ਟੁੱਕੜੇ ਲਗਾ ਕੇ ਪੈਕ ਕਰੋ।

1 ਰੁੱਖ ਤੋਂ 130 ਕਿਲੋ ਉਤਪਾਦਨ

ਚੀਕੂ ਦੀ ਖੇਤੀ ਕਰਨ ਵਾਲੇ ਕਿਸਾਨ ਇੱਕ ਸਾਲ ਵਿੱਚ ਇੱਕ ਰੁੱਖ ਤੋਂ 130 ਕਿਲੋ ਤੱਕ ਫਲ ਪ੍ਰਾਪਤ ਕਰ ਸਕਦੇ ਹਨ। ਇੱਕ ਏਕੜ ਵਿੱਚ 300 ਤੋਂ ਵੱਧ ਚੀਕੂ ਦੇ ਦਰੱਖਤ ਲਗਾਏ ਜਾ ਸਕਦੇ ਹਨ। ਇੱਕ ਏਕੜ ਦੇ ਖੇਤ ਵਿੱਚੋਂ 20 ਟਨ ਤੱਕ ਚੀਕੂ ਦਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਜ਼ਾਰ ਵਿੱਚ ਚੀਕੂ ਦੀ ਕੀਮਤ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਇਸ ਦੀ ਇੱਕ ਉਪਜ ਤੋਂ ਕਿਸਾਨ ਆਸਾਨੀ ਨਾਲ 6 ਤੋਂ 7 ਲੱਖ ਰੁਪਏ ਦਾ ਮੁਨਾਫਾ ਕਮਾ ਸਕਦੇ ਹਨ।

Summary in English: Sapota Cultivation: Advanced Chiku Farming, Earning will be up to 6 lakh rupees per hectare

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters