ਲਸਣ ਦੀ ਸਾਡੇ ਵਿਅੰਜਣਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਸਨੂੰ ਮਸਾਲੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਹ ਸਵਾਦ ਦੇ ਨਾਲ-ਨਾਲ ਆਪਣੇ ਪ੍ਰਤੀਰੋਧਕ ਗੁਣਾਂ ਕਰਕੇ ਵੀ ਪਸੰਦ ਕੀਤਾ ਜਾਂਦਾ ਹੈ। ਇਸਦੀ ਵਰਤੋਂ ਕਈ ਤਰਾਂ ਕੀਤੀ ਜਾਂਦੀ ਹੈ ਜਿਵੇ ਕਿ ਅਚਾਰ, ਚਟਣੀ ਆਦਿ। ਇਹ ਇੱਕ ਮਹੱਤਵਪੂਰਨ ਫ਼ਸਲ ਹੈ ਜੋ ਕਿ ਕਿਸਾਨਾਂ ਨੂੰ ਚੰਗੀ ਆਮਦਨ ਕਮਾ ਕੇ ਦਿੰਦਾ ਹੈ। ਇਸਦੇ ਵਧੀਆ ਗੱਠੇ ਤਿਆਰ ਕਰਨ ਲਈ ਠੰਡੇ ਮੌਸਮ ਦੀ ਲੋੜ ਹੁੰਦੀ ਹੈ। ਇਹ ਫ਼ਸਲ ਰੇਤਲੀ ਮੇਰਾ ਜ਼ਮੀਨ ਜਿਸ ਵਿੱਚ ਜ਼ਿਆਦਾ ਮੱਲੜ ਹੋਵੇ ਅਤੇ ਪੀ.ਐਚ. 6.0 ਤੋਂ 7.0 ਦੇ ਦਰਮਿਆਨ ਹੋਵੇ ਵਿੱਚ ਵਧੀਆ ਹੁੰਦੀ ਹੈ।
ਸੁਧਰੀਆਂ ਕਿਸਮਾਂ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹੇਠ ਲਿਖੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ:
ਪੀ ਜੀ 18: ਇਸਦੇ ਬੂਟੇ ਤੋਂ ਨਾੜ ਨਹੀਂ ਨਿਕਲਦੀ। ਇਸਦੇ ਗੱਠੇ ਵੱਡੇ ਹੁੰਦੇ ਹਨ ਅਤੇ 26 ਤੁਰੀਆਂ ਹੁੰਦੀਆਂ ਹਨ। ਇਹ ਤੁਰੀਆਂ ਮੋਟੀਆਂ ਤੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।
ਪੀ ਜੀ 17: ਇਸਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਗੱਠੇ ਇਕਸਾਰ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਇੱਕ ਗੱਠੇ ਵਿਚ 25 ਤੋਂ 30 ਤੁਰੀਆਂ ਹੁੰਦੀਆਂ ਹਨ ਅਤੇ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ : ਪੰਜਾਬ ਵਿੱਚ ਲਸਣ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚਕਾਰ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਤੁਰੀਆਂ ਵਧੀਆਂ ਗੁਣ ਵਾਲੀਆਂ ਅਤੇ ਬਿਮਾਰੀ ਤੋਂ ਮੁਕਤ ਹੋਣ। ਇੱਕ ਏਕੜ ਦੀ ਬਿਜਾਈ ਲਈੇ 2.2 ਤੋਂ 2.5 ਕੁਇੰਟਲ ਨਰੋਈਆਂ ਤੁਰੀਆਂ ਦੀ ਵਰਤੋ ਕਰੋ।
ਬਿਜਾਈ ਦਾ ਤਰੀਕਾ ਅਤੇ ਫ਼ਾਸਲਾ: ਵੱਡੇ ਰਕਬੇ ਲਈ ਲਸਣ ਦੀ ਬਿਜਾਈ ਕੇਰੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਸਣ ਦੀ ਬਿਜਾਈ ਲਈ ਹੱਥ ਵਾਲੇ ਪਲਾਂਟਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਤੁਰੀਆਂ ਦੀ ਬੀਜਣ ਵੇਲੇ ਡੂੰਘਾਈ 2.5 ਤੋਂ 3 ਸੈ.ਮੀ. ਹੋਵੇ। ਪਲਾਂਟਰ ਨਾਲ ਸਮਾਂ ਵੀ ਘੱਟ ਲਗਦਾ ਹੈ ਜਿਸ ਕਰਕੇ 2 ਤੋਂ 3 ਬੰਦੇ ਇੱਕ ਦਿਨ ਵਿੱਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ।
ਘਰੇਲੂ ਬਗੀਜੀ ਲਈ ਜਾਂ ਛੋਟੀ ਪੱਧਰ ਤੇ ਬੀਜਣ ਲਈ ਚੌਕੇ ਨਾਲ ਬਿਜਾਈ ਕਰੋ। ਬਿਜਾਈ ਵੇਲੇ ਕਤਾਰ ਤੋਂ ਕਤਾਰ ਦਾ ਫ਼ਸਲਾ 15 ਸੈ.ਮੀ. (6 ਇੰਚ) ਅਤੇ ਬੂਟੇ ਤੋਂ ਬੂਟੇ ਦਾ ਫ਼ਸਲਾ 7.5 ਸੈ.ਮੀ.(3 ਇੰਚ.) ਰੱਖੋ।
ਖਾਦਾਂ ਦੀ ਵਰਤੋਂ : ਲਸਣ ਦੀ ਉਪਜ ਅਤੇ ਗੁਣਵੱਤਾ ਨੂੰ ਸਿਫਾਰਿਸ਼ ਕੀਤੀਆਂ ਗਈਆਂ ਖਾਦਾਂ ਦੀ ਵਰਤੋਂ ਕਰਕੇ ਪ੍ਰਾਪਤ ਕਰ ਸਕਦੇ ਹਾਂ। ਖੇਤ ਦੀ ਤਿਆਰੀ ਸਮੇਂ 20 ਟਨ ਗਲੀ ਸੜੀ ਰੂੜੀ ਨੂੰ ਜ਼ਮੀਨ ਵਿੱਚ ਇਕਸਾਰ ਮਿਲਾ ਲਉ। ਇਸ ਨਾਲ 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫਾਫੇਟ) ਦੇ ਹਿਸਾਬ ਨਾਲ ਪਾਉ। ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨੇ ਬਾਅਦ, ਦੂਜਾ ਹਿੱਸਾ ਡੇਢ ਮਹੀਨੇ ਬਾਅਦ ਅਤੇ ਤੀਸਰਾ ਹਿੱਸਾ ਦੋ ਮਹੀਨੇ ਬਾਅਦ ਪਾਉ। ਜਦਕਿ ਸਾਰੀ ਫ਼ਾਸਫ਼ੋਰਸ ਖਾਦ ਬਿਜਾਈ ਤੋਂ ਪਹਿਲਾਂ ਪਾ ਦਿਉ।
ਨਦੀਨਾਂ ਦੀ ਰੋਕਥਾਮ : ਫ਼ਸਲ ਦੇ ਚੰਗੇ ਵਾਧੇ ਤੇ ਵਿਕਾਸ ਲਈ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਜ਼ਰੂਰੀ ਹੈ। ਇਸ ਫ਼ਸਲ ਦੇ ਪੱਤੇ ਘੱਟ ਹੁੰਦੇ ਹਨ। ਇਸ ਕਰਕੇ ਨਦੀਨਾਂ ਨਾਲ ਚੰਗੀ ਤਰਾਂ ਮੁਕਾਬਲਾ ਨਹੀਂ ਕਰ ਸਕਦੇ। ਜਿਸ ਕਰਕੇ ਨਦੀਨਾਂ ਦੀ ਗਿਣਤੀ ਕਾਫੀ ਹੋ ਜਾਂਦੀ ਹੈ। ਇਸ ਲਈ ਗੋਡੀ ਨਾਲ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਇਹ ਤਰੀਕਾ ਕਿਫਾਇਤੀ ਨਹੀਂ ਹੈ। ਇਸ ਲਈ ਨਦੀਨਾਂ ਨੂੰ ਲੰਬੇ ਸਮੇਂ ਤੱਕ ਕਾਬੂ ਰੱਖਣ ਲਈ ਝੋਨੇ ਦੀ ਪਰਾਲੀ ਨੂੰ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਲਸਣ ਉਗਣ ਤੋਂ ਬਾਅਦ ਫ਼ਸਲ ਵਿੱਚ ਵਿਛਾ ਦਿਉ।
ਸਿੰਚਾਈ: ਫ਼ਸਲ ਨੂੰ ਪਾਣੀ ਦੀ ਲੋੜ ਮਿੱਟੀ ਦੀ ਬਣਤਰ ਅਤੇ ਮੌਸਮ ਤੇ ਨਿਰਭਰ ਕਰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਦਿਉ। ਬਾਅਦ ਵਿੱਚ ਸਿੰਚਾਈ 10 ਤੋਂ 15 ਦਿਨ ਦੇ ਵਕਫੇ ਤੇ ਕਰੋ। ਇਸ ਫ਼ਸਲ ਦੇ ਪੂਰੇ ਜੀਵਨ ਕਾਲ ਵਿੱਚ 10 ਤੋਂ 12 ਵਾਰੀ ਸਿੰਚਾਈ ਦੀ ਲੋੜ ਹੁੰਦੀ ਹੈ।
ਪੁਟਾਈ ਅਤੇ ਸਾਂਭ ਸੰਭਾਲ : ਜਦੋਂ ਪੱਤੇ ਪੀਲੇ ਜਾਂ ਭੂਰੇ ਰੰਗ ਦੇ ਹੋਣੇ ਸ਼ੁਰੂ ਹੋ ਜਾਣ ਅਤੇ ਸੁੱਕਣ ਦੇ ਸੰਕੇਤ ਦਿਖਾਈ ਦੇਣ ਲੱਗ ਪੈਣ ਤਾਂ ਫ਼ਸਲ ਪੁਟਾਈ ਲਈ ਤਿਆਰ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਫ਼ਸਲ ਦੀ ਪੁਟਾਈ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਜਿਸ ਨਾਲ ਗੰਢੀਆਂ ਨੂੰ ਲੰਬੇ ਸਮੇਂ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਬਾਅਦ ਲਸਣ ਨੂੰ ਛੋਟੀਆਂ ਗੁੱਟੀਆਂ ਵਿੱਚ ਬੰਨ ਲਉ ਅਤੇ 5 ਤੋਂ 7 ਦਿਨਾਂ ਲਈ ਛਾਵੇਂ ਸੁੱਕੀ ਥਾਂ ਤੇ ਰੱਖ ਦਿਉ। ਇੰਜ ਕਰਨ ਨਾਲ ਲੱਸਣ ਨੂੰ ਜ਼ਿਆਦਾ ਸਮੇਂ ਲਈ ਰੱਖਿਆ ਜਾ ਸਕਦਾ ਹੈ। ਫਿਰ ਸੁੱਕੀ ਅਤੇ ਹਵਾਦਾਰ ਥਾਂ ਤੇ ਭੰਡਾਰ ਕਰੋ ਅਤੇ ਸਮੇਂ ਸਮੇਂ ਤੇ ਗੰਢੀਆਂ ਦਾ ਨਿਰੀਖਣ ਕਰੋ। ਸੁੱਕੀਆਂ ਅਤੇ ਖਰਾਬ ਗੰਢੀਆਂ ਨੂੰ ਕੱਢ ਦਿਉ।
ਕੁਲਬੀਰ ਸਿੰਘ : 94631-31081
ਕੁਲਬੀਰ ਸਿੰਘ, ਮਧੂ ਸ਼ਰਮਾ ਅਤੇ ਸਈਦ ਅਬਦੁਲ ਹਮੀਦ ਪਟੇਲ
ਸਬਜ਼ੀ ਵਿਗਿਆਨ ਵਿਭਾਗ
Summary in English: Adopt scientific methods for higher production of garlic