1. Home
  2. ਖੇਤੀ ਬਾੜੀ

ਬਰਸਾਤ ਰੁੱਤ ਦੇ ਟਮਾਟਰਾਂ ਦੀ ਸਫਲ ਕਾਸ਼ਤ ਲਈ ਅਪਣਾਓ ਇਹ ਕਿਸਮਾਂ, ਹੋਵੇਗਾ ਵਾਧੂ ਮੁਨਾਫ਼ਾ

ਟਮਾਟਰ ਦੀ ਕਾਸ਼ਤ ਬਰਸਾਤ ਰੁੱਤ ਵਿੱਚ ਕਰਕੇ ਪੰਜਾਬ ਦੇ ਕਿਸਾਨ ਵਧੇਰੇ ਮੁਨਾਫਾ ਕਮਾ ਸਕਦੇ ਹਨ। ਆਓ ਜਾਣਦੇ ਹਾਂ ਸਫਲ ਕਾਸ਼ਤ ਲਈ ਇਹ ਸੌਖਾ ਢੰਗ ਤੇ ਸਿਫਾਰਿਸ ਕਿਸਮਾਂ...

Gurpreet Kaur Virk
Gurpreet Kaur Virk
ਕਿਵੇਂ ਕਰੀਏ ਬਰਸਾਤ ਰੁੱਤ ਦੇ ਟਮਾਟਰਾਂ ਦੀ ਕਾਸ਼ਤ?

ਕਿਵੇਂ ਕਰੀਏ ਬਰਸਾਤ ਰੁੱਤ ਦੇ ਟਮਾਟਰਾਂ ਦੀ ਕਾਸ਼ਤ?

Tomato Cultivation: ਟਮਾਟਰ ਮੁੱਖ ਤੌਰ ਤੇ ਗਰਮੀ ਰੁੱਤ ਦੀ ਫ਼ਸਲ ਹੈ ਜਿਸ ਦੀ ਤੁੜਾਈ ਅਪ੍ਰੈਲ-ਮਈ ਵਿੱਚ ਸ਼ੁਰੂ ਹੋ ਜਾਂਦੀ ਹੈ। ਦੱਸ ਦੇਈਏ ਕਿ ਇਸ ਮੌਸਮ ਵਿੱਚ ਤਾਪਮਾਨ ਜ਼ਿਆਦਾ ਹੋਣ ਕਾਰਨ ਫ਼ਸਲ ਜਲਦੀ ਹੀ ਕਟਾਈ ਲਈ ਤਿਆਰ ਹੋ ਜਾਂਦੀ ਹੈ। ਜਿਸ ਕਰਕੇ ਟਮਾਟਰਾਂ ਦੀ ਆਮਦ ਮੰਡੀ ਵਿੱਚ ਜ਼ਿਆਦਾ ਹੋਣ ਕਰਕੇ ਕਿਸਾਨਾਂ ਨੂੰ ਮੁੱਲ ਘੱਟ ਮਿਲਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਕਿਸਾਨ ਬਰਸਾਤ ਦੇ ਮੌਸਮ ਵਿੱਚ ਟਮਾਟਰ ਦੀ ਕਾਸ਼ਤ ਕਰਕੇ ਵੱਧ ਮੁਨਾਫਾ ਕਮਾ ਸਕਦੇ ਹਨ। ਆਓ ਜਾਣਦੇ ਹਾਂ ਸਫਲ ਖੇਤੀ ਲਈ ਇਹ ਆਸਾਨ ਤਰੀਕਾ...

Monsoon Tomatoes: ਸਾਰਾ ਸਾਲ ਰਸੋਈ ਵਿੱਚ ਖਪਤ ਹੋਣ ਵਾਲੇ ਟਮਾਟਰ ਦੀ ਕਾਸ਼ਤ ਬਰਸਾਤ ਰੁੱਤ ਵਿੱਚ ਕਰਕੇ ਪੰਜਾਬ ਦੇ ਕਿਸਾਨ ਵਧੇਰੇ ਮੁਨਾਫਾ ਕਮਾ ਸਕਦੇ ਹਨ। ਭਾਵੇਂ ਇਸ ਮੌਸਮ ਵਿੱਚ ਫਸਲ ਉਗਾਉਣ ਵੇਲੇ ਵਿਸ਼ਾਣੂ ਰੋਗਾਂ ਦਾ ਹਮਲਾ ਕਾਫੀ ਹੁੰਦਾ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਿਛਲੇ ਕੁਝ ਸਾਲਾਂ ਤੋਂ ਵਿਸ਼ਾਣੂ ਰੋਗਾਂ ਦੇ ਹਮਲੇ ਨੂੰ ਬਰਦਾਸ਼ਤ ਕਰਨ ਵਾਲੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਕਿਸਾਨ ਇਸ ਫਸਲ ਥੱਲੇ ਰਕਬਾ ਵਧਾ ਸਕਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ ਕਿਸਮਾਂ:-

ਪੰਜਾਬ ਵਰਖਾ ਬਹਾਰ-1: ਇਸ ਕਿਸਮ ਦੇ ਬੂਟੇ ਮਧਰੇ, ਪਤਰਾਲ ਸੰਘਣਾ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫ਼ਲ ਗੋਲ ਅਤੇ ਦਰਮਿਆਨੇ ਸਖਤ ਹੁੰਦੇ ਹਨ। ਇਸ ਕਿਸਮ ਦੇ ਫ਼ਸਲ 90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਪੰਜਾਬ ਵਰਖਾ ਬਹਾਰ-2: ਇਸ ਕਿਸਮ ਦੇ ਬੂਟੇ ਅੱਧ ਮਧਰੇ, ਪਤਰਾਲ ਸੰਘਣਾ ਅਤੇ ਹਲਕੇ ਰੰਗ ਦੇ ਹੁੰਦੇ ਹਨ। ਇਸ ਦੇ ਫ਼ਲ ਗੋਲ ਅਤੇ ਦਰਮਿਆਨੇ ਸਖਤ ਹੁੰਦੇ ਹਨ। ਇਸ ਕਿਸਮ ਦੇ ਫ਼ਸਲ 100 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 216 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਪੰਜਾਬ ਵਰਖਾ ਬਹਾਰ-4: ਇਸ ਕਿਸਮ ਦੇ ਬੂਟੇ ਮੱਧਰੇ ਅਤੇ ਪਤਰਾਲ ਸੰਘਣਾ ਹੁੰਦਾ ਹੈ। ਇਸ ਦੇ ਫ਼ਲ ਗੋਲ ਸਖ਼ਤ ਅਤੇ ਗੂੜ੍ਹੇ ਲਾਲ ਰੰਗ ਦੇ ਹੁੰਦੇ ਹਨ। ਜਿਸਦਾ ਔਸਤਨ ਭਾਰ 90 ਗ੍ਰਾਮ ਹੁੰਦਾ ਹੈ। ਇਸ ਕਿਸਮ ਦੇ ਫ਼ਸਲ 88 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁੱਕਵੀਂ ਹੈ। ਇਸ ਦਾ ਔਸਤਨ ਝਾੜ 245 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ: ਵਧੇਰੇ ਮੁਨਾਫ਼ੇ ਲਈ ਸਤੰਬਰ ਮਹੀਨੇ 'ਚ ਕਰੋ ਇਨ੍ਹਾਂ ਫ਼ਸਲਾਂ ਦੀ ਕਾਸ਼ਤ, ਜਾਣੋ ਬਿਜਾਈ ਦਾ ਸਹੀ ਸਮਾਂ

ਸੁਚੱਜੀ ਕਾਸ਼ਤ ਦੇ ਨੁਕਤੇ:

● ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ। ਦੋ ਮਰਲੇ (50 ਵਰਗ ਮੀਟਰ) ਦੀ ਪਨੀਰੀ ਏਕੜ ਲਈ ਕਾਫ਼ੀ ਹੁੰਦੀ ਹੈ।

● ਜੁਲਾਈ ਦੇ ਦੂਸਰੇ ਪੰਜਰਵਾੜੇ ਵਿੱਚ ਬਿਜਾਈ ਕੀਤੇ ਬੀਜ ਦੀ ਪਨੀਰੀ ਅਗਸਤ ਦੇ ਦੂਸਰੇ ਪੰਦਰਵਾੜੇ ਵਿੱਚ ਖੇਤ ਵਿੱਚ ਲਾ ਦਿਓ।

● ਇੱਕ ਥਾਂ ਤੇ ਪਨੀਰੀ ਦੇ ਦੋ ਬੂਟੇ ਲਗਾਉਂਦੇ ਹੋਏ ਕਤਾਰ ਤੋਂ ਕਤਾਰ ਦਾ ਫਾਸਲਾ 120 ਤੋਂ 150 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ਰੱਖੋਂ।

● ਦਸ ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉ। 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਬੂਟਿਆਂ ਨੂੰ ਮਿੱਟੀ ਚੜ੍ਹਾਉਣ ਤੋਂ ਪਹਿਲਾਂ ਪਾਓ।

● ਨਦੀਨਾਂ ਦੀ ਰੋਕਥਾਮ ਸੈਨਕੋਰ 70 ਤਾਕਤ 300 ਗ੍ਰਾਮ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਤਿਆਰ ਕੀਤੇ ਚੰਗੀ ਨਮੀਂ ਵਾਲੇ ਖੇਤ ਵਿਚ ਕਰੋ ਅਤੇ ਬਾਅਦ ਵਿਚ ਇਕ ਗੋਡੀ ਕਰੋ।

● ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਬਰਸਾਤ ਰੁੱਤ ਵਿੱਚ ਸਿੰਚਾਈ ਲੋੜ ਮੁਬਾਤਕ ਕਰੋ।

● ਪੰਜਾਬ ਵਰਖਾ ਬਹਾਰ-4 ਨਵੰਬਰ ਦੇ ਦੂਜੇ ਪੰਦਰਵਾੜੇ, ਪੰਜਾਬ ਵਰਖਾ ਬਹਾਰ-1 ਅਖੀਰ ਨਵੰਬਰ ਅਤੇ ਪੰਜਾਬ ਵਰਖਾ ਬਹਾਰ-2 ਦਸੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ।

● ਤੁੜਾਈ ਮੰਡੀ ਤੋਂ ਫ਼ਾਸਲੇ ਨੂੰ ਧਿਆਨ ਵਿੱਚ ਰੱਖਦੇ ਕਰੋ। ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਸਲ ਅਤੇ ਨੇੜੇ ਦੀਆਂ ਮੰਡੀਆਂ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ।

● ਸਰਦੀਆਂ ਵਿੱਚ ਟਮਾਟਰਾਂ ਦੇ ਫਲ ਦਾ ਰੰਗ ਇਕਸਾਰ ਅਤੇ ਚੰਗੇ ਮਿਆਰ ਦੇ ਫਲਾਂ ਲਈ ਤੁੜਾਈ ਉਪਰੰਤ ਹਲਕੇ ਤੋਂ ਪੀਲੇ ਨਰੋਏੇ ਟਮਾਟਰਾਂ ਨੂੰ ਅਖ਼ਬਾਰ ਲੱਗੇ ਪਲਾਸਟਿਕ ਜਾਂ ਰਾਈਪਨਿੰਗ ਚੈਬਰ ਵਿੱਚ 20 ਸੈਂਟੀਗ੍ਰੇਡ ਤਾਪਮਾਨ ਅਤੇ 85 ਤੋ 95 ਪ੍ਰਤੀਸ਼ਤ ਨਮੀ ਤੇ ਰੱਖ ਕੇ 7-10 ਦਿਨਾਂ ਵਿੱਚ ਪਕਾਇਆ ਜਾ ਸਕਦਾ ਹੈ। ਪੱਕੇ ਹੋਏ ਫ਼ਲਾਂ ਦੀ ਛਾਂਟੀ ਕਰਦੇ ਰਹਿਣਾ ਚਾਹੀਦਾ ਹੈ।

Summary in English: Adopt these varieties for successful cultivation of rainy season tomatoes, there will be extra profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters