s
  1. ਖੇਤੀ ਬਾੜੀ

ਫਰਵਰੀ ਮਹੀਨੇ ਦੇ ਖੇਤੀ ਰੁਝੇਵੇਂ

KJ Staff
KJ Staff
Wheat

Wheat

ਕਣਕ: ਦਸੰਬਰ ਵਿੱਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਲਾ ਦਿਉ। ਖੇਤ ਵਿੱਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿੱਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ। ਰੋਪੜ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ ਦੇਣ।

ਜਦੋਂ ਹੀ ਖੇਤ ਵਿੱਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਜਾਂ ਕਸਟੋਡੀਆ ਜਾਂ ਓੁਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ 200 ਮਿ.ਲਿ. 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਜੇਕਰ ਚੇਪੇ ਦਾ ਹਮਲਾ ਨੁਕਸਾਨ ਕਰਨ ਦੀ ਸਮਰੱਥਾ (5 ਚੇਪੇ ਪ੍ਰਤੀ ਸਿੱਟਾ) ਤੱਕ ਪਹੁੰਚ ਜਾਵੇ ਤਾਂ 2 ਲਿਟਰ ਘਰ ਬਣਾਏ ਨਿੰਮ ਦਾ ਘੋਲ ਦੇ ਹਫਤੇ-ਹਫਤੇ ਦੇ ਵਕਫੇ ਤੇ 2 ਛਿੜਕਾਅ ਜਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. (ਥਾਇਆਮੈਥੌਕਸਮ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਬਹਾਰ ਰੁੱਤ ਦੀ ਮੱਕੀ: ਮੱਕੀ ਦੀਆਂ ਪੀ 1844, ਪੀ ਐਮ ਐਚ-10, ਡੀ ਕੇ ਸੀ-9108, ਪੀ ਐਮ ਐਚ-8, ਪੀ ਐਮ ਐਚ-7 ਅਤੇ ਪੀ ਐਮ ਐਚ-1 ਕਿਸਮਾਂ ਦੀ ਬਿਜਾਈ ਪੂਰਬ-ਪੱਛਮ 60 ਸੈ.ਮੀ. ਦੀ ਵਿੱਥ ਤੇ ਵੱਟਾਂ ਬਣਾ ਕੇ ਜਾਂ 67.5 ਸੈ.ਮੀ. ਦੀ ਵਿੱਥ ਤੇ ਬੈਡ ਬਣਾ ਕੇ 15 ਫਰਵਰੀ ਤੱਕ ਕੀਤੀ ਜਾ ਸਕਦੀ ਹੈ। ਵੱਟਾਂ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈ.ਮੀ. ਅਤੇ ਬੈਡਾਂ ਉਪਰ ਬੂਟੇ ਤੋ ਬੂਟੇ ਦਾ ਫਾਸਲਾ 18 ਸੈ.ਮੀ. ਰੱਖਣਾ ਚਾਹੀਦਾ ਹੈ। ਨਦੀਨਾਂ ਦਾ ਖਾਤਮਾ ਕਰਨ ਲਈ ਐਟਰਾਟਾਫ 50 ਡਬਲਯੂ ਪੀ (ਐਟਰਾਜ਼ੀਨ), 500 ਗ੍ਰਾਮ/ਏਕੜ ਹਲਕੀਆਂ ਜ਼ਮੀਨਾਂ ਲਈ ਅਤੇ 800 ਗ੍ਰਾਮ/ਏਕੜ ਭਾਰੀਆਂ ਜ਼ਮੀਨਾਂ ਲਈ, ਦਾ ਛਿੜਕਾਅ ਦੋ ਦਿਨਾਂ ਦੇ ਵਿੱਚ-ਵਿੱਚ 200 ਲਿਟਰ ਪਾਣੀ ਪਾ ਕੇ ਕਰ ਦਿਓ।
ਤੇਲ ਬੀਜ ਫ਼ਸਲਾਂ: ਤੇਲ ਬੀਜ ਫ਼ਸਲਾਂ ਨੂੰ ਕੋਰੇ ਦੇ ਨੁਕਸਾਨ ਤੋਂ ਬਚਾਉਣ ਲਈ, ਫੁੱਲਾਂ ਤੇ ਆਈ ਫ਼ਸਲ ਨੂੰ ਹਲਕਾ ਪਾਣੀ ਦਿਉ। ਜੇਕਰ ਸਰ੍ਹੋਂ ਤੇ ਚੇਪੇ ਦਾ ਹਮਲਾ ਹੋਵੇ ਤਾਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ। ਛਿੜਕਾਅ ਦੁਪਹਿਰ ਬਾਅਦ ਕਰਨਾ ਚਾਹੀਦਾ ਹੈ।

ਦਾਲਾਂ: ਮਸਰ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਪਾਣੀ ਦਿਓ। ਛੋਲਿਆਂ ਦੀ ਸੁੰਡੀ, ਪੱਤੇ, ਫੁਲ ਡੱਡੇ ਅਤੇ ਦਾਣਿਆਂ ਨੂੰ ਖਾਂਦੀ ਹੈ। ਜੇਕਰ 10 ਥਾਂਵਾਂ ਤੋਂ (100 ਬੂਟੇ) ਤੋਂ 16 ਜਾਂ ਵੱਧ ਸੰੁਡੀਆਂ ਮਿਲਣ ਤਾਂ ਇਸ ਦੀ ਰੋਕਥਾਮ ਲਈ 800 ਗ੍ਰਾਮ ਬੈਸੀਲਸ ਥੁਰੀਨਜੈਨਸਿਸ 0.5 ਡਬਲਯੂ ਪੀ (ਡੀ ਓ ਆਰ ਬੀ ਟੀ -1) ਜਾਂ 50 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਸੀ ਜਾਂ 160 ਮਿਲੀਲਿਟਰ ਰਿਮੋਨ 10 ਈ ਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ 2 ਹਫਤਿਆਂ ਪਿੱਛੋਂ ਕੀਟਨਾਸ਼ਕ ਦੀ ਵਰਤੋ ਫਿਰ ਦੁਹਰਾਓ।

ਸੂਰਜਮੁਖੀ: ਸੂਰਜਮੁਖੀ ਦੀ ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਲਉ। ਸੂਰਜਮੁੱਖੀ ਦੀ ਬਿਜਾਈ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ। ਜਲਦੀ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਪਹਿਲ ਦਿਉ ਜਿਵੇਂ ਕਿ ਪੀ ਐਸ ਐਚ 1962, ਡੀ ਕੇ 3849, ਪੀ ਐਸ ਐਚ 996, ਪੀ ਐਸ ਐਚ 569 ਅਤੇ ਪੀ ਐਸ ਐਫ ਐਚ 118 । ਫਰਵਰੀ ਦੇ ਪਹਿਲੇ ਹਫਤੇ ਵਿੱਚ ਹੀ ਬਿਜਾਈ ਖਤਮ ਕਰ ਲਓ ਅਤੇ ਇਸ ਸਮੇਂ ਪੀ ਐਸ ਐਚ 559 ਕਿਸਮ ਨੂੰ ਬੀਜਣ ਲਈ ਤਰਜੀਹ ਦਿਓ। ਫ਼ਸਲ ਨੂੰ 60 ਸੈਂ. ਮੀ. ਚੌੜੀਆਂ ਕਤਾਰਾਂ ਵਿਚ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈ.ਮੀ. ਰੱਖੋ। ਵੱਟਾਂ ਪੂਰਬ ਤੋਂ ਪੱਛਮ ਵੱਲ ਅਤੇ ਬਿਜਾਈ ਦੱਖਣ ਵੱਲ ਕਰੋ। ਬੀਜ ਨੂੰ ਵੱਟਾਂ ਦੀ ਢਲਾਣ ਦੇ 6-8 ਸੈ. ਮੀ. ਹੇਠਾਂ ਵੱਲ ਬੀਜੋ। ਵੱਟਾਂ ਤੇ ਬੀਜੀ ਫ਼ਸਲ ਨੂੰ ਬਿਜਾਈ ਦੇ 2-3 ਦਿਨਾਂ ਬਾਅਦ ਪਾਣੀ ਦਿਉ ਅਤੇ ਪਾਣੀ ਦਿੰਦੇ ਸਮੇਂ ਇਹ ਧਿਆਨ ਰਖੋ ਕਿ ਪਾਣੀ ਬੀਜ ਦੀ ਸਤਹਿ ਤੋ ਹੇਠਾਂ ਹੀ ਰਹੇ। ਦੋ ਕਿਲੋ ਬੀਜ ਹੀ ਇਕ ਏਕੜ ਲਈ ਕਾਫ਼ੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ, ਟੈਗ੍ਰਾਨ 6 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ, ਸੋਧ ਲਉੁ। ਬਿਜਾਈ ਸਮੇਂ 50 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਹਲਕੀਆਂ ਜ਼ਮੀਨਾਂ ਵਿੱਚ 50 ਕਿਲੋ ਯੂਰੀਆ ਪ੍ਰਤੀ ਏਕੜ ਦੋ ਕਿਸ਼ਤਾਂ ਵਿੱਚ ਇੱਕ ਬਿਜਾਈ ਵੇਲੇ ਤੇ ਦੂਸਰੀ ਇੱਕ ਮਹੀਨਾ ਬਾਅਦ ਪਾਓ। ਜੇਕਰ ਸੂਰਜਮੁਖੀ ਆਲੂਆਂ ਤੋਂ ਬਾਅਦ ਬੀਜਣਾ ਹੋਵੇ, ਜਿਹਨਾਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੋਵੇ, ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਜੇਕਰ ਮਿੱਟੀ ਪਰਖ਼ ਅਨੁਸਾਰ ਜ਼ਮੀਨ ਵਿੱਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜਿਲਿ੍ਹਆਂ ਵਿੱਚ 40 ਕਿਲੋ ਮਿਊਰੇਟ ਆਫ ਪੋਟਾਸ਼ ਪਾਓ।

ਕਮਾਦ: ਇਸ ਮਹੀਨੇ ਦੇ ਅੱਧ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਦਿਉ। ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ ਓ ਪੀ ਬੀ-92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀਆਂ ਕਿਸਮਾਂ) ਸੀ ਓ ਪੀ ਬੀ-94, ਸੀ ਓ ਪੀ ਬੀ-93, ਸੀ ਓ ਪੀ ਬੀ-91, ਸੀ ਓ-238 ਅਤੇ ਸੀ ਓ ਜੇ 88 (ਦਰਮਿਆਨੀਆਂ, ਪਿਛੇਤੀ ਪੱਕਣ ਵਾਲੀਆਂ) ਕਿਸਮਾਂ ਵਰਤੋ। ਬੀਜ ਰੱੱਤਾ ਰੋਗ, ਸੋਕੜਾ, ਕਾਂਗਿਆਰੀ, ਮਧਰੇਪਣ ਅਤੇ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਵਰਤਣਾ ਚਾਹੀਦਾ ਹੈ।ਸਿਉਂਕ ਦੇ ਹਮਲੇ ਤੋਂ ਬਚਣ ਲਈ ਰੂੜੀ ਦੀ ਗਲੀ-ਸੜੀ ਖਾਦ ਵਰਤੋ। ਸਿਉਂਕ ਦੀ ਰੋਕਥਾਮ ਲਈ 200 ਮਿਲੀਲਿਟਰ ਕੋਰਾਜ਼ਨ 18.5 ਐਸ ਸੀ 400 ਲਿਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਸਿਆੜਾ ਵਿੱਚ ਪਈਆਂ ਗੁੱਲੀਆਂ ਉਪਰ ਛਿੜਕੋ ਜਾਂ ਫਸਲ ਦੇ ਜੰਮ ਪੂਰਾ ਹੋਣ ਤੇ (ਬਿਜਾਈ ਤੋਂ 45 ਦਿਨਾਂ ਬਾਅਦ) 45 ਮਿ.ਲਿ. ਈਮੀਡਾਗੋਲਡ 17.8 ਐਸ ਐਲ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਪਾਓ। ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 10 ਕਿਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ (ਫਿਪਰੋਨਿਲ) ਦਾਣੇਦਾਰ ਨੂੰ 20 ਕਿਲੋ ਗਿੱਲੀ ਮਿੱਟੀ ਵਿੱਚ ਮਿਲਾ ਕੇ ਗੁੱਲੀਆਂ ਉਪਰ ਪਾ ਕੇ ਸੁਹਾਗੇ ਨਾਲ ਗੁੱਲੀਆਂ ਢੱਕ ਦਿਉ ਜਾਂ ਫਿਰ ਫ਼ਸਲ ਉਗਣ (ਤਕਰੀਬਨ ਗੁੱਲੀਆਂ ਲਾਉਣ ਤੋਂ 45 ਕੁ ਦਿਨਾਂ ਬਾਅਦ) ਤੇ 10 ਕਿਲੋ ਰੀਜੈਂਟ/ਮੌਰਟੈਲ/ਰਿਪਨ 0.3 ਜੀ ਨੂੰ 20 ਕਿਲੋ ਰੇਤ ਵਿੱਚ ਮਿਲਾ ਕੇ ਜਾਂ 150 ਗ੍ਰਾਮ ਟਕੂਮੀ 20 ਡਬਲਯੂ ਜੀ ਜਾਂ 150 ਮਿ.ਲਿ. ਕੋਰਾਜਨ 18.5 ਤਾਕਤ ਜਾਂ 2 ਲਿਟਰ ਡਰਮਟ/ਕਲਾਸਿਕ/ਡਰਸਬਾਨ ਮਾਰਕਪਾਈਰੀਫਾਸ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫ਼ੁਹਾਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਜਿਹਾ ਪਾਣੀ ਲਾ ਦਿਉ। ਮੌਸਮੀ ਨਦੀਨਾਂ ਦੀ ਰੋਕਥਾਮ ਲਈ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਕਮਾਦ ਦੀ ਫ਼ਸਲ ਬੀਜਣ ਤੋਂ ਬਾਅਦ ਅਤੇ ਨਦੀਨ ਉਗਣ ਤੋਂ ਪਹਿਲਾਂ ਛਿੜਕੋ। ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪੈ੍ਰਸ ਮੱਡ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ। ਜੇਕਰ ਰੂੜੀ ਜਾਂ ਪੈ੍ਰਸ ਮੱਡ ਪਾਈ ਹੋਵੇ ਤਾਂ ਨਾਈਟਰੋਜ਼ਨ ਦੀ ਮਾਤਰਾ 60 ਕਿਲੋ ਪ੍ਰਤੀ ਏਕੜ ਤੋਂ ਘਟਾ ਕੇ 40 ਕਿਲੋ ਪ੍ਰਤੀ ਏਕੜ ਕਰ ਦਿਉ ਪਰੰਤੂ ਹਲਕੀਆਂ ਜ਼ਮੀਨਾਂ ਵਿੱਚ ਖਾਦ ਦੀ ਮਿਕਦਾਰ ਨਾ ਘਟਾਓ। ਫਾਸਫੋਰਸ ਤੱਤ ਮਿੱਟੀ ਪਰਖ ਅਨੁਸਾਰ ਵਰਤੋ । ਆਮ ਹਾਲਤਾਂ ਵਿਚ ਗੰਨੇ ਦੀ ਬਿਜਾਈ ਸਮੇਂ 65 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਇਸ ਤੋ ਇਲਾਵਾ ਬਿਜਾਈ ਸਮੇਂ 4 ਕਿਲੋ ਅਜੋਟੋਬੈਕਟਰ (ਜੀਵਾਣੂ ਖਾਦ) ਪ੍ਰਤੀ ਏਕੜ ਪਾਓ।

ਹਰੇ ਚਾਰੇ: ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਦੇਖਦੇ ਹੋਏ 15-20 ਦਿਨਾਂ ਦੇ ਫ਼ਰਕ ਤੇ ਬਰਸੀਮ ਅਤੇ ਲੂਸਣ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ। ਜੇਕਰ ਹਰਾ ਚਾਰਾ ਜ਼ਿਆਦਾ ਹੋਵੇ ਤਾਂ ਇਸ ਮਹੀਨੇ ਦੇ ਅਖ਼ੀਰ ਚ ਜਾਂ ਮਾਰਚ ਦੇ ਸ਼ੁਰੂ ਵਿੱਚ ਜਵੀਂ ਦੀ ਫ਼ਸਲ ਜਦੋਂ ਦੋਧੀ ਹੋਵੇ ਤਾਂ ਅਚਾਰ ਬਣਾ ਲਵੋ।

Vegetables

Vegetables

ਸਬਜ਼ੀਆਂ

ਕੱਦੂ ਜਾਤੀ ਦੀਆਂ ਸਬਜ਼ੀਆਂ: ਜਦੋਂ ਹੀ ਕੋਰੇ ਦਾ ਖ਼ਤਰਾ ਖ਼ਤਮ ਹੋ ਜਾਵੇ ਤਾਂ ਨਵੰਬਰ-ਦਸੰਬਰ ਵਿੱਚ ਬੀਜੀਆਂ ਗਈਆਂ ਸਬਜ਼ੀਆਂ ਤੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਪਾਣੀ ਦੇ ਦਿਉ। ਨਾਈਟ੍ਰੋਜਨ ਦੀ ਰਹਿੰਦੀ ਅਧੀ ਖ਼ੁਰਾਕ ਖਾਲੀਆਂ ਵਿੱਚ ਪਾ ਕੇ ਮਿਟੀ ਚੜ੍ਹਾ ਦਿਉ ਅਤੇ ਫਿਰ ਬੂਟਿਆਂ ਨੂੰ ਕਿਆਰੀਆਂ ਵਿੱਚ ਕਰ ਦਿਉ। ਫਿਰ ਹਫ਼ਤੇ ਵਿੱਚ ਇੱਕ ਵਾਰ ਰੇਤਲੀਆਂ ਜ਼ਮੀਨਾਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਦਸ ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। 35 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਉਤਰੀ ਪਾਸੇ ਵੱਲ ਪਾ ਕੇ ਖ਼ਾਲੀਆਂ ਤਿਆਰ ਕਰੋ। ਬੀਜ ਨਮੀ ਵਾਲੀ ਢੇਰੀ ਦੇ ਦਖਣੀ ਦਿਸ਼ਾ ਵੱਲ ਬੀਜੋ।ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਨਰਸਰੀ ਨੂੰ ਪਹਿਲਾਂ ਤਿਆਰ ਖੇਤ ਵਿੱਚ ਲਗਾਉਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ੇ ਉਤਾਰ ਲਉ। ਘੀਆਂ ਕੱਦੂ ਦੀਆਂ ਪੰਜਾਬ ਬਰਕਤ ਅਤੇ ਪੰਜਾਬ ਕੋਮਲ, ਪੰਜਾਬ ਬਹਾਰ, ਚੱਪਣ ਕੱਦੂ ਨੰਬਰ 1, ਖਰਬੂਜ਼ੇ ਦੀਆਂ ਐਮ ਐਚ-27, ਐਮ ਐਚ-51, ਪੰਜਾਬ ਸੁਨਹਿਰੀ, ਪੰਜਾਬ ਹਾਈਬਰਿਡ ਅਤੇ ਹਰਾ ਮਧੂ, ਹਦਵਾਣੇ ਦੀ ਸ਼ੂਗਰਬੇਬੀ, ਟੀਂਡੇ ਦੀ ਪੰਜਾਬ ਟੀਂਡਾ -1 ਅਤੇ ਐਸ-48, ਕਰੇਲੇ ਦੀ ਪੰਜਾਬ ਝਾੜ ਕਰੇਲਾ-1, ਪੰਜਾਬ ਕਰੇਲਾ-15, ਪੰਜਾਬ-14 ਅਤੇ ਪੰਜਾਬ ਕਰੇਲੀ ਨੰ.1 ਅਤੇ ਪੇਠੇ ਦੀ ਪੀ ਏ ਜੀ-3 ਅਤੇ ਹਲਵਾ ਕੱਦੂ ਦੀਆਂ ਪੀ ਪੀ ਐਚ-1, ਪੀ ਪੀ ਐਚ -2 ਅਤੇ ਪੰਜਾਬ ਸਮਰਾਟ, ਪੰਜਾਬ ਮਗਜ਼ ਕੱਦੂ-2 ਕਿਸਮਾਂ
ਢੁੱਕਵੀਆਂ ਹਨ।

ਸਾਵਧਾਨੀਆਂ: ਜਿੰਨ੍ਹਾਂ ਖੇਤਾਂ ਵਿੱਚ ਆਲੂਆਂ ਦੀ ਫ਼ਸਲ ਲਈ ਐਟਰਾਜ਼ੀਨ ਨਦੀਨ ਨਾਸ਼ਕ ਵਰਤੀ ਗਈ ਹੈ ਉਥੇ ਕੱਦੂ ਜਾਤੀ ਦੀਆਂ ਫ਼ਸਲਾਂ ਨਾ ਬੀਜੋ।

ਮਿਰਚਾਂ ਅਤੇ ਸ਼ਿਮਲਾ ਮਿਰਚ : ਜਦ ਹੀ ਕੋਰੇ ਦਾ ਖਤਰਾ ਨਾ ਜਾਪੇ ਤਾਂ ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਵਿਚੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਹਟਾ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇੱਕ ਹਫ਼ਤੇ ਬਾਅਦ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾ ਕੇੇ ਬੂਟਿਆਂ ਦੇ ਮੁੱਢਾਂ ਨਾਲ ਮਿੱਟੀ ਚੜ੍ਹਾ ਦਿਉ। ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਖੇਤ ਵਿੱਚ ਲਗਾ ਦਿਉੁ। ਸ਼ਿਮਲਾ ਮਿਰਚ ਨੂੰ 35 ਕਿਲੋ ਯੂਰੀਆ, 175 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰੰ ਪ੍ਰਤੀ ਏਕੜ ਦੇ ਹਿਸਾਬ ਪਾਉ ਅਤੇ ਮਿਰਚ ਦੀ ਫ਼ਸਲ ਨੂੰ 30 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਓ। ਦੋਗਲੀਆਂ ਕਿਸਮਾਂ ਵਾਸਤੇ ਨਾਈਟਰੋਜਨ ਖਾਦ ਵਧਾਈ ਜਾ ਸਕਦੀ ਹੈ। ਪਨੀਰੀ ਲਾਉਣ ਤੋਂ ਫੌਰਨ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਇੱਕ ਪਾਣੀ ਹਫ਼ਤੇ ਤੋਂ ਬਾਅਦ ਫਿਰ ਦਿਉ। 7-10 ਦਿਨਾਂ ਬਾਅਦ ਖੇਤ ਵਿੱਚ ਖਾਲੀ ਥਾਂ ਦੇਖ ਕੇ ਫਿਰ ਬੂਟੇ ਲਗਾ ਦਿਉ ਤਾਂ ਜੋ ਖੇਤ ਵਿੱਚ ਬੂਟੇ ਪੂਰੇ ਹੋ ਜਾਣ।

ਬੈਂਗਣ: ਜਦ ਕੋਰੇ ਦਾ ਮੌਸਮ ਖ਼ਤਮ ਹੋ ਜਾਵੇ ਤਾਂ ਦੁਪਹਿਰ ਤੋਂ ਬਾਅਦ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇੱਕ ਹਫ਼ਤੇ ਬਾਅਦ 55 ਕਿਲੋ ਯੂਰੀਆ ਖਾਦ ਪਾਉ ਅਤੇ ਬੂਟਿਆਂ ਦੇ ਮੁੱਢਾਂ ਤੇ ਮਿੱਟੀ ਵੀ ਚੜ੍ਹਾ ਦਿਉ। ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿਚ ਲਗਾ ਦਿਉ। ਖੇਤ ਵਿੱਚ 10 ਟਨ ਰੂੜੀ ਪਾਉ ਅਤੇ 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾ ਦਿਉ। ਹਫ਼ਤੇ ਬਾਅਦ ਖਾਲੀ ਥਾਂ ਭਰ ਦਿਉ ਅਤੇ ਪਾਣੀ ਦੇ ਦਿਉ ।

ਭਿੰਡੀ : ਖੇਤ ਤਿਆਰ ਕਰਕੇ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਵਟਾਂ ਬਣਾ ਲਉ ਅਤੇ ਪਾਣੀ ਦੇ ਦਿਉ। ਇਹ ਬੀਜ 45 ਸੈਟੀਂਮੀਟਰ ਵੱਟਾਂ ਦੇ ਫ਼ਾਸਲੇ ਤੇ 15 ਸੈਟੀਂਮੀਟਰ ਦੀ ਦੂਰੀ ਤੇ ਬੀਜ ਦਿਉ। ਵਟਾਂ ਤੇ ਬੀਜ ਜਲਦੀ ਉਗਣਗੇ ਅਤੇ ਵਧੀਆ ਫ਼ਸਲ ਹੋਵੇਗੀ। ਇਸ ਸਮੇਂ ਬੀਜਣ ਲਈ ਪੰਜਾਬ ਸੁਹਾਵਨੀ, ਪੰਜਾਬ ਪਦਮਨੀ, ਪੰਜਾਬ-7 ਅਤੇ ਪੰਜਾਬ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਟਮਾਟਰ : ਕੋਰੇ ਦਾ ਮੌਸਮ ਖ਼ਤਮ ਹੋਣ ਤੇ ਦੁਪਹਿਰ ਤੋਂ ਬਾਅਦ ਸਰਕੰਡਾ ਅਤੇ ਪਲਾਸਟਿਕ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇੱਕ ਹਫ਼ਤੇ ਬਾਅਦ ਇਕ ਕਿਲੋ ਕਿਸਾਨ ਖਾਦ ਪ੍ਰਤੀ ਏਕੜ ਦੇ ਹਿਸਾਬ ਪਾਉ। ਗੋਡੀ ਨਾਲ ਨਦੀਨ ਖ਼ਤਮ ਕਰ ਦਿਉ ਅਤੇ ਬੂਟਿਆਂ ਦੇ ਮੁੱਢਾਂ ਤੇ 7 ਤੋਂ 10 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਪਿਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਤੇ 600 ਗ੍ਰਾਮ ਇੰਡੋਫ਼ਿਲ ਐਮ-45 ਨੂੰ ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਪਾ ਕੇ 7 ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕਰੋ।

ਗੰਢੇ: ਜਾਮਨੀ ਧਬਿਆਂ ਦੀ ਬੀਮਾਰੀ ਨਜ਼ਰ ਆਉਣ ਤੇ ਗੰਢਿਆਂ ਦੀ ਫ਼ਸਲ ਤੇ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਦਸ ਦਿਨਾਂ ਦੇ ਵਕਫ਼ੇ ਤੇ ਤਿੰਨ ਛਿੜਕਾਅ ਕਰੋ।

Horticultural

Horticultural

ਬਾਗਬਾਨੀ :

1. ਪੱਤਝੜ ਵਾਲੇ ਫ਼ਲਦਾਰ ਬੂਟੇ ਜਿਵੇਂ ਕਿ ਨਾਖ ਅਤੇ ਅੰਗੂਰ ਆਦਿ ਨੂੰ ਫ਼ਰਵਰੀ ਦੇ ਪਹਿਲੇ ਹਫ਼ਤੇ ਤੱਕ ਨਵੀਂ ਫੋਟ ਆਉਣ ਤੋਂ ਪਹਿਲਾਂ ਲਗਾ ਦਿਉ।

2. ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਗਾਇਆ ਜਾ ਸਕਦਾ ਹੈ। ਪਰ ਇਹਨਾਂ ਦੀ ਲੁਆਈ ਲਈ ਜੁਲਾਈ- ਸਤੰਬਰ ਦਾ ਸਮਾਂ ਜ਼ਿਆਦਾ ਢੁਕਵਾਂ ਰਹਿੰਦਾ ਹੈ ।

3. ਕਿਨੂੰ ਦੇ ਪੂਰੇ ਵੱਡੇ ਬੂਟਿਆਂ ਨੂੰ ਫਰਵਰੀ ਮਹੀਨੇ 960 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਖਾਦ ਪਾ ਦਿਉ। ਕਿਨੂੰ ਤੋਂ ਬਿਨਾ ਹੋਰ ਨਿੰਬੂ ਜਾਤੀ ਦੇ ਫਲਾਂ ਨੂੰ ਬੂਟਿਆਂ ਦੇ ਅਕਾਰ ਮੁਤਾਬਿਕ 880-1760 ਗ੍ਰਾਮ ਯੂਰੀਆ ਖਾਦ ਪਾ ਦਿਓ।ਸੰਤਰੇ, ਮਾਲਟੇ ਦੇ ਵੱਡੇ ਬੂਟਿਆਂ ਨੂੰ ਇਸ ਮਹੀਨੇ ਬੂਟੇ ਦੇ ਆਕਾਰ ਅਨੁਸਾਰ 400-800 ਗ੍ਰਾਮ ਯੂਰੀਆ ਖਾਦ ਪਹਿਲੀ ਕਿਸ਼ਤ ਵਜੋਂ ਪਾਉ। ਲੁਕਾਠ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੇ ਹਿਸਾਬ ਨਾਲ ਨਾਈਟ੍ਰੋਜਨ ਖਾਦ ਦੀ ਦੂਜੀ ਕਿਸ਼ਤ ਵਜੋਂ ਪਾਉ। ਅੰਬਾਂ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਅਤੇ ਇੱਕ ਕਿਲੋ ਮਿਊਰੇਟ ਆਫ ਪੋਟਾਸ਼ ਅਤੇ ਲੀਚੀ ਦੇ ਬੂਟਿਆਂ ਨੂੰ 800 ਯੂਰੀਆ ਗ੍ਰਾਮ ਪ੍ਰਤੀ ਬੂਟਾ ਇਸ ਮਹੀਨੇ ਦੇ ਅੱਧ ਤੱਕ ਪਾਉ। ਪਪੀਤੇ ਦੇ ਬੂਟਿਆਂ ਨੂੰ 1:2:0.33 ਦੀ ਅਨੁਪਾਤ ਨਾਲ (ਯੂਰੀਆ, ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼) ਦਾ ਮਿਸ਼ਰਣ 625 ਗ੍ਰਾਮ ਅਤੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਉ। ਨਾਖਾਂ ਨੂੰ 500 ਗ੍ਰਾਮ ਯੂਰੀਆ, ਆੜੂਆਂ ਨੂੰ 500 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ, ਅਲੂਚੇ ਨੂੰ 180 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ ਇਸ ਮਹੀਨੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉ। ਅੰਗੂਰਾਂ ਦੇ ਫ਼ਲ ਦਿੰਦੇ ਬੂਟਿਆਂ ਨੂੰ ਕਾਂਟ-ਛਾਂਟ ਤੋਂ ਬਾਅਦ 500 ਗ੍ਰਾਮ ਯੂਰੀਆ ਤੇ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਦੀ ਵਰਤੋਂ ਕਰੋ। ਖਾਦ ਪਾਉਂਦੇ ਸਮੇਂ ਧਿਆਨ ਰੱਖੋ ਕਿ ਬੂਟੇ ਦੇ ਹੇਠਾਂ ਖਾਦ ਇੱਕਸਾਰ ਪਵੇ ਅਤੇ ਫਿਰ ਖਾਦਾਂ ਨੂੰ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਰਲਾ ਦਿਉ।

4. ਨਿੰਬੂ ਜਾਤੀ ਦੇ ਬੂਟਿਆਂ ਦੀ ਸਿੰਚਾਈ ਵੱਲ ਧਿਆਨ ਦਿਉ ਕਿਉਂਕਿ ਫ਼ਰਵਰੀ ਮਹੀਨੇ ਹੀ ਫੁਟਾਰਾ ਹੋਵੇਗਾ। ਲੁਕਾਠ ਦੇ ਬੂਟਿਆਂ ਨੂੰ ਇੱਕ-ਦੋੋ ਪਾਣੀ ਦਿਉ ਕਿਉਂਕਿ ਫ਼ਲ ਪੈ ਚੁੱਕਾ ਹੈ। ਬੇਰ ਦੇ ਬੂਟਿਆਂ ਨੂੰ ਵੀ ਪਾਣੀ ਦਿਉ ਤਾਂ ਜੋ ਫ਼ਲ ਦਾ ਆਕਾਰ ਵਧੇ। ਫ਼ਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਅੰਗੂਰਾਂ ਦੀ ਕਾਂਟ-ਛਾਂਟ ਤੋਂ ਬਾਅਦ ਇੱਕ ਪਾਣੀ ਲਾਉ।

5. ਫ਼ਰਵਰੀ ਦੇ ਅੱਧ ਤਕ ਅੰਗੂਰਾਂ ਦੀ ਕਾਂਟ-ਛਾਂਟ ਹਰ ਹਾਲਤ ਵਿੱਚ ਕਰ ਲਵੋ।

6. ਨਿੰਬੂ ਜਾਤੀ ਦੇ ਫਲਾਂ ਦੀ ਤੁੜਾਈ ਕਰਨ ਤੋਂ ਬਾਅਦ ਸੁਚੱਜੇ ਤਰੀਕੇ ਨਾਲ ਸੋਕ ਕੱਢ ਕੇ ਬੋਰਡੋ ਮਿਸ਼ਰਣ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ। ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸ਼ਟ ਲਗਾ ਦਿਉ ਅਤੇ ਹਫਤੇ ਬਾਅਦ ਤਣਿਆ ਉੱਪਰ ਬੋਰਡੋ ਪੇਂਟ ਦਾ ਲੇਪ ਲਗਾਉ।

7. ਠੰਡ ਤੋਂ ਬਚਾਉਣ ਲਈ ਛੋਟੇ ਫ਼ਲਦਾਰ ਬੂਟਿਆਂ ਉਪਰ ਕੀਤਾ ਛੌਰਾ ਅਜੇ ਬਰਕਰਾਰ ਰੱਖੋ ।

8. ਨਿੰਬੂ ਜਾਤੀ ਦੇ ਬੂਟਿਆਂ ਦਾ ਸਿੱਟਰਸ ਸਿੱਲਾ ਮਾਰਨ ਲਈ 200 ਮਿਲੀਲਿਟਰ ਕਰੋਕੋਡਾਈਲ/ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ/ਦੋਤਾਰਾ (ਥਾਇਆਮਿਥਕਸਮ) ਜਾਂ 6.25 ਲਿਟਰ ਮੈਕ ਐਚ ਐਮ ਓ (ਹਾਰਟੀਕਲਰਚ ਮਿਨਰਲ ਆਇਲ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ।

9. ਸਿੱਟਰਸ ਕੈਂਕਰ ਰੋਕਣ ਲਈ ਸਟਰੈਪਟੋਸਾਈਕਲੀਨ 50 ਗ੍ਰਾਮ+25 ਗ੍ਰਾਮ ਨੀਲਾ ਥੋਥਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬੋਰਡੋ ਮਿਸ਼ਰਣ 2:2:250 ਜਾਂ 0.3% ਕੌਪਰ ਆਕਸੀਕਲੋਰਾਈਡ ਵੀ ਛਿੜਕਿਆ ਜਾ ਸਕਦਾ ਹੈ।

10. ਨਿੰਬੂ ਜਾਤੀ ਵਿੱਚ ਗੂੰਦੀਆ (ਪੈਰ ਗਲਣਾ/ਹੇਠਾਂ ਤੋ ਤਣੇ ਦਾ ਗਲਣਾ) ਰੋਗ ਨੂੰ ਰੋਕਣ ਲਈ 25 ਗ੍ਰਾਮ ਕਰਜੇਟ ਐਮ-8 ਨੂੰ 10 ਲਿਟਰ ਪਾਣੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੇ ਆਲੇ-ਦੁਆਲੇ ਗੱੜੁਚ ਕਰੋ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਸੋਡੀਅਮ ਹਾਈਪੋਕਲੋਰਾਈਟ (5%) 50 ਮਿ.ਲਿ. ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਮੁੱਢਾਂ ਅਤੇ ਛੱਤਰੀ ਹੇਠ ਛਿੜਕਿਆ ਜਾ ਸਕਦਾ ਹੈ।

11. ਅੰਬਾਂ ਵਿੱਚ ਚਿੱਟੋਂ ਦੀ ਰੋਕਥਾਮ ਲਈ ਇਸ ਮਹੀਨੇ ਕੈਰਾਥੇਨ 1.0 ਗ੍ਰਾਮ ਘੁਲਣਸ਼ੀਲ ਜਾਂ ਗੰਧਕ 2.5 ਗ੍ਰਾਮ ਜਾਂ 1.0 ਮਿ.ਲੀ. ਕੰਟਾਫ ਦਾ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੁੱਲ-ਪੱਤੀਆਂ ਝੜਨ ਤੱਕ 10 ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕਰੋ।

ਸਜਾਵਟੀ ਬੂਟੇ : ਇਸ ਮਹੀਨੇ ਵਿੱਚ ਨਵੇਂ ਪੌਦੇ ਜਿਵੇਂ ਸਜਾਵਟੀ ਝਾੜੀਆਂ, ਲਾਅਨ, ਦਰੱਖਤ ਤੇ ਵੇਲਾਂ ਆਦਿ ਲਾ ਸਕਦੇ ਹਾਂ ਇਸ ਮਹੀਨੇ ਦੇ ਅਖੀਰ ਵਿੱਚ ਅਸੀਂ ਗਰਮੀਆਂ ਵਾਲੇ ਮੌਸਮੀ ਫੁੱਲਾਂ (ਕੋਚੀਆ, ਜੀਨੀਆ ਆਦਿ) ਦੀ ਪਨੀਰੀ ਵੀ ਬੀਜ ਸਕਦੇ ਹਾਂ। ਗੁਲਦਾਉਦੀ ਦੇ ਜੜੂੰਆਂ ਨੂੰ ਪੁੱਟ ਕੇ ਅਲੱਗ-ਅਲੱਗ ਕਰਨ ਤੋਂ ਬਾਅਦ ਜ਼ਮੀਨ ਵਿੱਚ ਮੂਲ ਪੌਦੇ ਵਜੋਂ ਲਾਉਣ ਲਈ ਢੁੱਕਵਾਂ ਸਮਾਂ ਹੈ। ਇਨ੍ਹਾਂ ਨੂੰ ਚੰਗੀ ਤਰ੍ਹਾਂ ਤਿਆਰ ਕੀਤੀ ਕਿਆਰੀ ਜਿਸ ਵਿੱਚ ਰੂੜੀ ਦੀ ਖਾਦ ਦੀ ਭਰਭੂਰ ਮਾਤਰਾ ਮਿਲਾਈ ਗਈ ਹੋਵੇ, ਵਿੱਚ ਲਗਾ ਦਿਓ।ਇਹਨਾਂ ਬੂਟਿਆਂ ਤੋਂ ਜੁਲਾਈ ਮਹੀਨੇ ਕਲਮਾਂ ਲਈਆਂ ਜਾ ਸਕਦੀਆ ਹਨ। ਪੱਤਝੜੀ ਝਾੜੀਆਂ (ਲੈਜਰਸਟਰੋਮੀਆ ਇੰਡੀਕਾ, ਵੀਪਿੰਗ ਵਿਲੋ, ਕੈਂਪਸਿਸ ਗਰੈਂਡੀਫਲੋਰਾ) ਨੂੰ ਬਿਨਾਂ ਚਾਕਲੀ ਦੇ ਵੀ ਲਾਇਆ ਜਾ ਸਕਦਾ ਹੈ।ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਅਤੇ ਸੇਧਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਗਰਮੀਆਂ ਵਿੱਚ ਫੁੱਲ ਦੇਣ ਵਾਲੇ ਗੰਢਿਆਂ ਵਾਲੇ ਬੂਟੇ ਜਿਵੇਂ ਕਿ ਡੇ ਲਿਲੀ, ਫੁੱਟਬਾਲ ਲਿੱਲੀ, ਰਜਨੀਗੰਧਾ, ਜ਼ੈਫਰੈਨਥਸ ਆਦਿ ਨੂੰ ਬੀਜਣ ਦਾ ਇਹ ਢੁਕਵਾਂ ਸਮਾਂ ਹੈ।ਜਿੱਥੇ ਵੀ ਰੁੱਖ, ਝਾੜੀਆਂ ਜਾਂ ਵੇਲਾਂ ਲਾਉਣੀਆਂ ਹੋਣ ਲੋੜ ਮੁਤਾਬਿਕ ਟੋਏ ਜ਼ਰੂਰ ਪੁੱਟੋ। 2-3 ਟੋਕਰੀਆਂ ਗਲੀ-ਸੜੀ ਰੂੜੀ ਦੀ ਖਾਦ ਜ਼ਰੂਰ ਪਾਉ। ਰੁੱਖਾਂ ਵਾਸਤੇ 3ਗ3ਗ3 ਫੁੱਟ ਅਤੇ ਝਾੜੀਆਂ ਅਤੇ ਵੇਲਾਂ ਲਈ 1.5ਗ1.5ਗ1.5 ਫੁੱਟ ਆਕਾਰ ਦੇ ਟੋਏ ਚਾਹੀਦੇ ਹਨ। ਇਸ ਮਹੀਨੇ ਗਮਲਿਆਂ ਵਾਲੇ ਬੂਟਿਆਂ ਨੂੰ ਕੱਢ ਕੇ ਗਮਲਿਆਂ ਵਿੱਚ ਦੁਬਾਰਾ ਮਿੱਟੀ ਭਰ ਕੇ ਫਿਰ ਲਾ ਸਕਦੇ ਹਾਂ। ਨਵਾਂ ਘਾਹ ਦਾ ਮੈਦਾਨ ਬਣਾਉਣ ਲਈ ਵੀ ਤਿਆਰੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ ਅਤੇ ਨਵਾਂ ਘਾਹ ਲਗਾਇਆ ਜਾ ਸਕਦਾ ਹੈ।

ਵਣ ਖੇਤੀ

ਪਾਪਲਰ: ਨਰਸਰੀ ਉਗਾਉਣ ਲਈ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਦੌਰਾਨ 50ਗ50 ਜਾਂ 60ਗ60 ਸੈਂ.ਮੀ. ਦੇ ਫਾਸਲੇ ਤੇ ਪਾਪਲਰ ਦੀਆਂ ਕਲਮਾਂ ਲਗਾਉ। ਇੱਕ ਸਾਲ ਦੇ ਬੂਟੇ ਤੋਂ 2-3 ਸੈਂ.ਮੀ. ਮੋਟੀਆਂ ਅਤੇ 20-25 ਸੈਂ.ਮੀ. ਲੰਬਾਈ ਦੀਆਂ ਕਲਮਾਂ ਤਿਆਰ ਕਰੋ। ਲਗਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਵਾਸਤੇ ਤਾਜ਼ੇ ਪਾਣੀ ਵਿੱਚ ਭਿਉਂ ਦਿਉ। ਜ਼ਮੀਨ ਦੀ ਕਿਸਮ ਦੇ ਆਧਾਰ ਤੇ 8-12 ਟਨ ਗੋਹੇ ਦੀ ਖਾਦ, ਸਿੰਗਲ ਸੁਪਰਫਾਸਫੇਟ (40-80 ਕਿਲੋ) ਅਤੇ ਮਿਊਰੇਟ ਆਫ ਪੋਟਾਸ਼ (20-40 ਕਿਲੋਗ੍ਰਾਮ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਝੋਨੇ ਦੀ ਪਰਾਲੀ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਵਧੀਆ ਹੁੰਦੀ ਹੈ।

ਖੇਤ ਵਿੱਚ ਲੁਆਈ : ਅੱਧ ਜਨਵਰੀ ਤੋਂ ਫ਼ਰਵਰੀ ਤੱਕ ਨੰਗੀ ਜੜ੍ਹ ਵਾਲੇ ਪਾਪਲਰ ਦੇ ਬੂਟਿਆਂ ਨੂੰ ਖਾਲ਼ੀਆਂ ਵਿੱਚ ਲਗਾਉ। ਖੇਤ ਵਿੱਚ ਬੂਟੇ 5ਗ4 ਮੀਟਰ ਜਾਂ 8ਗ2.5 ਮੀਟਰ ਦੇ ਫ਼ਾਸਲੇ ਤੇ ਅਤੇ ਕਤਾਰਾਂ ਉਤਰ-ਦੱਖਣ ਦੀ ਦਿਸ਼ਾ ਵਿੱਚ ਲਗਾਉ ਅਤੇ ਇਕਹਿਰੀ ਕਤਾਰ ਵਿੱਚ 3 ਮੀਟਰ ਦੇ ਫ਼ਾਸਲੇ ਤੇ ਬੂਟੇ ਤੋਂ ਬੂਟਾ ਲਗਾਉ। ਕੇਂਦਰੀ ਮੈਦਾਨੀ ਇਲਾਕਿਆਂ ਵਿੱਚ ਪੀ ਐਲ-1, ਪੀ ਐਲ-2, ਪੀ ਐਲ-3, ਪੀ ਐਲ-4, ਪੀ ਐਲ-5, ਐਲ-47/88 ਅਤੇ ਐਲ 48/89 ਪੰਜਾਬ ਦੇ ਦੱਖਣੀ-ਪੱਛਮੀ ਭਾਗ ਵਿੱਚ ਪੀ ਐਲ-3, ਪੀ ਐਲ-6, ਪੀ ਐਲ-7 ਅਤੇ ਐਲ-48/89 ਕਿਸਮਾਂ ਵਧੀਆ ਹਨ। ਔਗਰ ਦੀ ਮਦਦ ਨਾਲ 15-20 ਸੈਂਟੀਮੀਟਰ ਵਿਆਸ ਦੇ ਟੋਏ ਬਣਾਉ। ਇਨ੍ਹਾਂ ਟੋਇਆਂ ਦੀ ਡੂੰਘਾਈ ਭਾਰੀਆਂ ਜ਼ਮੀਨਾਂ ਵਿੱਚ 75 ਸੈਂਟੀਮੀਟਰ ਅਤੇ ਹਲਕੀਆਂ ਜ਼ਮੀਨਾਂ ਵਿੱਚ 100 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬੂਟੇ ਲਗਾਉਣ ਤੋਂ ਪਹਿਲਾਂ 48 ਘੰਟੇ ਲਈ ਚੱਲਦੇ ਪਾਣੀ ਵਿੱਚ ਰੱਖ ਦਿਉ।ਟੋਏ ਵਿੱਚ ਬੂਟੇ ਰੱਖਣ ਤੋਂ ਬਾਅਦ ਟੋਏ ਨੂੰ ਉਪਰਲੀ ਮਿੱਟੀ ਅਤੇ ਰੂੜੀ ਦੀ ਖਾਦ (1:1), 110 ਗ੍ਰਾਮ ਯੂਰੀਆ ਅਤੇ 315 ਗ੍ਰਾਮ ਸਿੰਗਲ ਸੁਪਰਫਾਸਫੇਟ ਦੀ ਖਾਦ ਦੇ ਮਿਸ਼ਰਣ ਨਾਲ ਭਰ ਦਿਉ। ਪਾਪਲਰ ਦੀਆਂ ਤਿੰਨ ਸਾਲ ਤੋਂ ਘੱਟ ਉਮਰ ਦੀਆਂ ਪਲਾਂਟੇਸ਼ਨਾਂ ਵਿੱਚ ਗੰਨੇ ਦੀ ਬੀਜਾਈ ਅੱਧ ਫ਼ਰਵਰੀ ਵਿੱਚ ਕਰ ਦੇਣੀ ਚਾਹੀਦੀ ਹੈ।

ਸਫ਼ੈਦਾ: ਸਫੈਦੇ ਦੇ ਬੀਜ ਨੂੰ ਧਰਤੀ ਤੋਂ ਉਚੀਆਂ ਕਿਆਰੀਆਂ ਤੇ ਕਤਾਰਾਂ ਵਿੱਚਕਾਰ 10 ਸੈਂਟੀਮੀਟਰ ਦੀ ਦੂਰੀ ਰੱਖ ਕੇ ਬੀਜ ਦਿਉ। ਘਾਹ ਦੇ ਬਣੇ ਹੋਏ ਛੱਪਰ ਨਾਲ ਢੱਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉਪਰਲੀ ਸਤਹਿ ਗਿੱਲੀ ਰਹੇ। ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿੱਚ (9”ੰ6”) ਜਿੰਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਨਾਲ ਭਰਿਆ ਹੋਵੇ ਉਹਨਾਂ ਥੈਲੀਆਂ ਵਿੱਚ ਲਗਾ ਦਿਉ।

ਸ਼ਹਿਦ ਦੀਆਂ ਮੱਖੀਆਂ ਪਾਲਣਾ : ਅੱਧ ਫ਼ਰਵਰੀ ਤੱਕ ਸਰਦੀ ਕਾਫੀ ਘੱਟ ਜਾਂਦੀ ਹੈ। ਇਸ ਮਹੀਨੇ ਸਰ੍ਹੋਂ ਜਾਤੀ ਅਤੇ ਸਫ਼ੈਦੇ ਦਾ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ। ਆੜੂ ਅਤੇ ਨਾਸ਼ਪਾਤੀ ਵੀ ਫੁਲਾਂ ਤੇ ਹੁੰਦੇ ਹਨ। ਇਹ ਮਹੀਨਾ ਸ਼ਹਿਦ ਮੱਖੀ ਕਟੁੰਬਾਂ ਦੇ ਵਧਾਰੇ ਲਈ ਅਤੇ ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਬਹੁਤ ਹੀ ਸੁਖਾਵਾਂ ਅਤੇ ਢੁਕਵਾਂ ਹੈ। ਅੱਧ ਫ਼ਰਵਰੀ ਤੋਂ ਬਾਅਦ ਜੇਕਰ ਸਰਦੀ ਘੱਟ ਗਈ ਹੋਵੇ ਤਾਂ ਸਰਦੀ ਦੀ ਪੈਕਿੰਗ ਕੱਢ ਦਿਉ। ਹਾਈਵ ਦੀ ਸਫ਼ਾਈ ਕਰੋ। ਕਿਸੇ ਨਿੱਘੇ ਦਿਨ ਦੁਪਹਿਰ ਵੇਲੇ ਕਟੁੰਬਾਂ ਦਾ ਖ਼ੁਰਾਕ, ਬਰੂਡ ਦੀ ਹੋਂਦ ਅਤੇ ਸਮੱਸਿਆ ਅਤੇ ਰਾਣੀ ਮੱਖੀ ਦੀ ਕਾਰ-ਗੁਜ਼ਾਰੀ ਸਬੰਧੀ ਨਰੀਖਣ ਕਰੋ। ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਵਾਲੇ ਕਟੁੰਬਾਂ ਨਾਲ ਜੋੜ ਦਿਉ। ਲੋੜ ਹੋਵੇ ਤਾਂ ਖੰਡ ਦੇ ਘੋਲ ਦੀ ਉਤਸ਼ਾਹਕ ਖ਼ੁਰਾਕ (ਖੰਡ : ਪਾਣੀ = 1 : 2) ਦਿਉ। ਤਰਜੀਹ ਦੇ ਆਧਾਰ ਤੇ ਇਹ ਖੁਰਾਕ ਬਣੇ ਹੋਏ ਛੱਤਿਆਂ ਵਿੱਚ ਦਿਉ, ਵਰਨਾ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿੱਚ ਦਿਓ। ਰਾਣੀ ਮੱਖੀ ਦੀ ਅੰਡੇ ਦੇਣ ਅਤੇ ਕਾਮਾ ਮੱਖੀਆਂ ਦੇ ਕੰਮ ਦੀ ਰਫ਼ਤਾਰ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਕਾਮਾ ਬਰੂਡ ਸੈਲਾਂ ਦੇ ਪ੍ਰਿੰਟ ਵਾਲੀਆਂ ਮੋਮੀ ਸ਼ੀਟਾਂ ਲਾ ਕੇ ਫ਼ਰੇਮਾਂ ਦਿਉ। ਲੋੜ ਅਨੁਸਾਰ ਕਟੁੰਬਾਂ ਨੂੰ ਸੁਪਰ ਚੈਂਬਰ ਦਿਉ ਜਿਸ ਵਿੱਚ ਨਵੀਆਂ ਫਰੇਮਾਂ ਤੇ ਸ਼ਹਿਦ ਮੱਖੀਆਂ ਦੀ ਕਾਰਗੁਜ਼ਾਰੀ ਨੂੰ ਉਤਸਾਹਿਤ ਕਰਨ ਲਈ ਸ਼ਹਿਦ ਵਾਲੇ ਛੱਤੇ ਵੀ ਨਾਲ ਦਿਉ। ਸ਼ਹਿਦ ਮੱਖੀ ਫਾਰਮਾਂ ਦੇ ਸਾਰੇ ਕਟੁੰਬਾਂ ਨੂੰ ਪਰਾਗ ਅਤੇ ਸ਼ਹਿਦ, ਬਰੂਡ ਅਤੇ ਬਲਤਾ ਦੇ ਆਧਾਰ ਤੇ ਢੁਕਵੀਆਂ ਵਿਧੀਆਂ ਦੁਆਰਾ ਆਪਸ ਵਿੱਚ ਬਰਾਬਰ ਕਰੋ। ਬਰੂਡ ਨੂੰ ਬਾਹਰੀ ਪਰਜੀਵੀ ਚਿਚੜੀ (ਟਰੋਪੀਲੀਲੈਪਸ ਕਲੇਰੀ) ਦੇ ਹਮਲੇ ਤੋਂ ਬਚਾਉਣ ਲਈ ਛੱਤਿਆਂ ਦੇ ਉਪਰਲੇ ਡੰਡਿਆਂ ਉਪਰ ਸਲਫ਼ਰ ਦਾ ਧੂੜਾ ਇਕ ਗ੍ਰਾਮ ਪ੍ਰਤੀ ਛੱੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ ਤੇ ਫਾਰਮਿਕ ਐਸਿਡ (85%) 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿਚੜੀ ਦੀ ਰੋਕਥਾਮ ਲਈ ਵੀ ਫ਼ਾਇਦੇਮੰਦ ਹੈ ਪਰ ਇਸ ਨੂੰ ਨੈਕਟਰ ਦੀ ਆਮਦ ਸਮੇਂ ਨਾ ਵਰਤੋ। ਵਰੋਆ ਚਿੱਚੜੀ ਦਾ ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿੱਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਵਿਚ ਫਸਾ ਕੇ ਇਨ੍ਹਾਂ ਨੂੰ ਨਸ਼ਟ ਕਰਨਾ, ਮਹੀਨ ਪੀਸੀ ਖੰਡ ਮੱਖੀਆਂ ਉਪਰ ਦੇਰ ਸ਼ਾਮ ਨੂੰ ਧੂੜਨਾ, ਬੌਟਮ ਬੋਰਡ ਉਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ, ਜਾਲੀਦਾਰ ਬੌਟਮ ਬੋਰਡ ਵਰਤਣਾ, ਆਦਿ ਗੈਰ ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ। ਔਗਜੈਲਿਕ ਤੇਜਾਬ (60 ਪ੍ਰਤੀਸ਼ਤ ਖੰਡ ਅਤੇ ਪਾਣੀ ਦੇ ਘੋਲ ਵਿੱਚ 4.2 ਪ੍ਰਤੀਸ਼ਤ ਔਗਜੈਲਿਕ ਤੇਜਾਬ ਦਾ ਘੋਲ) ਦਾ 5 ਮਿ.ਲਿ. ਪ੍ਰਤੀ ਛੱਤੇ ਦੇ ਹਿਸਾਬ ਨਾਲ ਛੱਤਿਆਂ ਉੱਪਰ ਛਿੜਕਾਅ ਜਾਂ ਇਹੀ ਮਾਤਰਾ ਦੋ ਛੱਤਿਆਂ ਵਿਚਕਾਰ ਸਰਿੰਜ ਨਾਲ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇ ਤੇ ਤਿੰਨ ਵਾਰ ਪਾਉਣਾ ਇਸ ਚਿੱਚੜੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਬਰੂਡ ਬੀਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਹੋਣ ਦੇ ਸ਼ੱਕ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਲਉ ਅਤੇ ਸੁਝਾਏ ਉਪਰਾਲੇ ਕਰੋ। ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਐਂਟੀਬਾਇਟਿਕਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਫ਼ਰਵਰੀ ਅੰਤ ਵਿੱਚ, ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਜਾਂ ਕਟੁੰਬਾਂ ਦੀ ਵੰਡ ਲਈ (ਗਿਣਤੀ ਵਧਾਉਣ ਲਈ) ਜਾਂ ਕਟੁੰਬਾਂ ਨੂੰ ਵੇਚਣ ਲਈ ਲੋੜੀਂਦੀਆਂ ਜ਼ਿਆਦਾ ਰਾਣੀ ਮੱਖੀਆਂ ਤਿਆਰ ਕਰਨ ਵਾਸਤੇ ਤਿਆਰੀ ਸ਼ੁਰੂ ਕੀਤੀ ਜਾ ਸਕਦੀ ਹੈ। ਰਾਣੀ ਮੱਖੀਆਂ ਤਿਆਰ ਕਰਨ ਲਈ ਤਰਜ਼ੀਹ ਦੇ ਤੋਰ ਤੇ ਵਧੇਰੇ ਸਮਕਾਲੀ ਰਾਣੀਆਂ ਤਿਆਰ ਕਰਨ ਦੀ ਡੂਲਿਟਲ ਤਕਨੀਕ ਅਪਣਾਓ ਅਤੇ ਗ੍ਰਾਫਿਟਿੰਗ ਲਈ ਕਾਮਾਂ ਸੁੰਡੀਆਂ ਚੌਣਵੇਂ ਮਿਆਰੀ ਬਰੀਡਰ ਕਟੁੰਬਾਂ ਤੋਂ ਹੀ ਲਵੋ। ਕਟੁੰਬਾਂ ਦੇ ਸਵਾਰਮ ਤੋਂ ਰੋਕਥਾਮ ਲਈ ਯੋਗ ਉਪਰਾਲੇ ਕਰੋ। ਜਿਨ੍ਹਾਂ ਪ੍ਰਵਾਸੀ ਸ਼ਹਿਦ-ਮੱਖੀ ਪਾਲਕਾਂ ਨੇ ਆਪਣੇ ਮੱਖੀ ਫਾਰਮ ਸਰ੍ਹੋਂ/ਰਾਇਆ ਤੇ ਲਾਏ ਹੋਣ, ਉਹ ਪੱਕਿਆ ਸ਼ਹਿਦ ਕੱਢ ਸਕਦੇ ਹਨ। ਇਸ ਤੋਂ ਬਾਅਦ ਸ਼ਹਿਦ ਮੱਖੀ ਕਟੁੰਬਾਂ ਦੀ ਸਫ਼ੈਦੇ ਤੋਂ ਸ਼ਹਿਦ ਲੈਣ ਲਈ ਹਿਜ਼ਰਤ ਦੀ ਤਿਆਰੀ ਕਰੋ।

ਖੁੰਬਾਂ ਦੀ ਕਾਸ਼ਤ:

1. ਇਸ ਮਹੀਨੇ ਦੌਰਾਨ ਬਟਨ ਖੁੰਬ ਦੀ ਚੱਲਦੀ ਫ਼ਸਲ ਦੀ ਤੁੜਾਈ ਹੰੁਦੀ ਰਹਿੰਦੀ ਹੈ।

2. ਬਟਨ ਖੁੰਬਾਂ ਦੀ ਫਸਲ ਨੂੰ ਖੁੱਲਣ ਤੋਂ ਪਹਿਲਾਂ ਉੱਪਰਲੇ ਸਿਰੇ ਨੂੰ ਪੋਲਾ ਜਿਹਾ ਘੁਮਾ ਕੇ ਤੋੜਾਈ ਕਰੋ।

3. ਖੁੰਬਾਂ ਦੇ ਬੈਗਾਂ ਵਿੱਚ ਨਮੀ ਰੱਖਣ ਲਈ (65-70 ਪ੍ਰਤੀਸ਼ਤ) ਲੋੜ ਅਨੁਸਾਰ ਦਿਨ ਵਿੱਚ ਇੱਕ ਜਾਂ ਦੋ ਵਾਰ ਪਾਣੀ ਦਾ ਛਿੜਕਾਅ ਕਰੋ।ਖੰੁਬ ਘਰ ਨੂੰ ਹਵਾਦਾਰ ਰੱਖਣ ਲਈ ਦਿਨ ਵਿਚ 4-6 ਘੰਟੇ ਲਈ ਖੁੱਲਾ ਰਖੋ।

4. ਇਸ ਸਮੇ ਢੀਂਗਰੀ ਖੁੰਬ ਦੀ ਤੁੜਾਈ ਵੀ ਕਰਦੇ ਰਹੋ ਜਦੋਂ ਖੁੰਬ ਦੇ ਕਿਨਾਰੇ ਅੰਦਰ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ।

ਪਸ਼ੂ ਪਾਲਣ

1. ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨੋ। ਜੇ ਲੋੜ ਪਵੇ ਤਾਂ ਸ਼ੈਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ।

2. ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਉ। ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਪੋਵੀਡੀਨ/ਬੀਟਾਡੀਨ (1:3) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।

3. ਨਵਜੰਮੇ ਕੱਟੜੂ/ਵੱਛੜੂ ਠੰਡ ਵਿੱਚ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ।ਉਹਨਾ ਹੇਠਾਂ ਸੁੱਕ ਵਿਛਾ ਕੇ ਨਿਘੇ ਰੱਖੋ।

4. ਕੱਟੜੂ/ਵਛੜੂਆਂ ਨੂੰ 6 ਮਹੀਨੇ ਦੀ ਉਮਰ ਤੱਕ ਹਰ ਮਹੀਨੇ ਦਵਾਈ ਬਦਲ-ਬਦਲ ਕੇ ਮਲੱਪ-ਰਹਿਤ ਕਰਦੇ ਰਹੋ ਅਤੇ ਉਹਨਾ ਨੂੰ ਸਾਫ਼ ਸੁਥਰੀ ਸੁੱਕੀ ਜਗ੍ਹਾ ਉਤੇ ਬੰਨੋ। ਬੱਚਿਆਂ ਨੂੰ ਇਕੱਲੇ ਦੁੱਧ ਦੀ ਬਜਾਏ ਕਾਫ ਸਟਾਰਟਰ ਫੀਡ ਨਾਲ ਪਾਲੋ।

5. ਪਸ਼ੂਆਂ ਨੂੰ ਆਸ ਕਰਵਾਉਣ ਤੋਂ ਤਿੰਨ ਮਹੀਨੇ ਬਾਅਦ ਗਰਭ ਵਾਸਤੇ ਚੈਕ ਕਰਵਾਉ।

6. ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ ਗਲੇ-ਸੜੇ ਆਲੂ ਨਾ ਪਾਉ। ਇਹ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ ।

7. ਫਲੀਦਾਰ ਚਾਰਿਆਂ ਵਿੱਚ ਪ੍ਰੋਟੀਨ ਜ਼ਿਆਦਾ ਹੋਣ ਕਾਰਨ ਖੁਰਾਕ ਵਿੱਚ 40% ਤੱਕ ਅਨਾਜ ਦੀ ਵਰਤੋਂ ਕਰੋ ਅਤੇ ਖਲਾਂ ਦੀ ਮਾਤਰਾ ਘਟਾਈ ਜਾ ਸਕਦੀ ਹੈ।

8. ਫਾਲਤੂ ਫਲੀਦਾਰ ਚਾਰਿਆਂ ਨੂੰ ਸੁਕਾਅ ਕੇ ਹੇਅ ਬਣਾਓ ਜੋ ਕੱਟੜੂ/ਵਛੜੂਆਂ ਨੂੰ ਪਾਲਣ ਵਿੱਚ ਬਹੁੱਤ ਸਹਾਈ ਹੁੰਦੀ ਹੈ। ਪ੍ਰੋਟੀਨ ਦੀ ਮਾਤਰਾ ਵੱਧ ਹੋਣ ਹੇਅ ਦੀ ਵਰਤੋਂ ਖਲਾਂ ਦੀ ਜਗ੍ਹਾ ਕਿਸੇ ਹਦ ਤੱਕ ਕੀਤੀ ਜਾ ਸਕਦੀ ਹੈ।

9. ਪਸ਼ੂਆਂ ਨੰਮ ਬਿਮਾਰੀਆਂ ਤੋਂ ਬਚਾਉਣ ਲਈ ਇਲਾਕੇ ਦੇ ਵੈਟਨਰੀ ਡਾਕਟਰ ਦੀ ਸਲਾਹ ਅਨੁਸਾਰ ਟੀਕਾਕਰਨ ਕਰਵਾਓ।

10. ਬੰਨ੍ਹੇ ਹੋਏ ਪਸ਼ੂਆਂ ਵਿੱਚ ਖੁਰਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੈਟ ਦੀ ਵਰਤੋਂ ਕਰੋ।
ਮੁਰਗੀ ਪਾਲਣ

1. ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਵਿਉਂਤ ਬਣਾ ਲੈਣੀ ਚਾਹੀਦੀ ਹੈ ਅਤੇ ਚੂਚੇ ਕਿਸੇ ਭਰੋਸੇਯੋਗ ਹੈਚਰੀ ਤੋਂ ਲੈਣੇ ਚਾਹੀਦੇ ਹਨ।

2. ਚੂਚੇ ਖਰੀਦਣ ਸਮੇਂ ਉਨ੍ਹਾਂ ਨੂੰ ਮੈਰਕਸ ਬਿਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ ਅਤੇ ਚੂਚੇ ਪਾਉਣ ਤੋਂ ਪਹਿਲਾਂ ਸ਼ੈਡ ਨੂੰ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ।

3. ਸਰਦੀਆਂ ਵਿੱਚ ਫੱਕ ਦੀ ਤਹਿ ਮੋਟੀ ਕਰ ਦਿਓ ਜੋ ਇੱਕ ਫੁੱਟ ਤੱਕ ਵਧਾਈ ਜਾ ਸਕਦੀ ਹੈ।

4. ਚੂਚਿਆਂ ਨੂੰ ਸ਼ੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ 70 ਡਿਗਰੀ ਨਹੀਂ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ।

5. ਚੂਚੇ ਆਉਣ ਤੋਂ ਪਹਿਲਾ ਵਿਛਾਈ ਹੋਈ ਸੁੱਕ ਉਪਰ ਅਖਬਾਰਾਂ ਵਿਛਾਓ ਅਤੇ ਉਹਨਾ ਉਪਰ ਮੱਕੀ ਦਾ ਦਲੀਆ ਪਾਓ ਕਿਉਂਕਿ ਇੱਕ ਦਿਨ ਉਮਰ ਦੇ ਚੂਚੇ ਫੀਡਰਾਂ ਵਿੱਚੋਂ ਫੀਡ ਨਹੀ ਲੱਭ ਸਕਦੇ।

6. ਪੰਛੀਆਂ ਨੂੰ ਲੋੜ ਮੁਤਾਬਕ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ।

7. ਚੂਚਿਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰਨਾ ਚਾਹੀਦਾ ਹੈ।

8. ਸਮੇਂ ਸਮੇਂ ਸਿਰ ਬੀਮਾਰ ਅਤੇ ਘੱਟ ਪੈਦਾਵਾਰ ਵਾਲੀਆਂ ਮੁਰਗੀਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ।
9. ਪੋਲਟਰੀ ਫਾਰਮ ਅੰਦਰ ਫਜ਼ੂਲ ਦੀ ਆਵਾਜਾਈ ਬੰਦ ਰੱਖੋ। ਫਾਰਮ ਅੰਦਰ ਜਾਣ ਵੇਲੇ ਸ਼ੂ ਕਵਰ ਪਾਓ।
10. ਪੰਛੀਆਂ ਨੂੰ ਬਾਰ-ਬਾਰ ਨਾ ਛੇੜੋ ਕਿਉਂਕਿ ਇਸ ਨਾਲ ਵਾਧਾ ਅਤੇ ਉਤਪਾਦਨ ਘੱਟ ਜਾਂਦਾ ਹੈ।

ਸੰਯੋਜਕ: ਅਮਰਜੀਤ ਸਿੰਘ
ਸੰਗ੍ਰਹਿ ਕਰਤਾ: ਪ੍ਰਦੀਪ ਕੁਮਾਰ ਛੁਨੇਜਾ, ਆਰ ਕੇ ਗੁਪਤਾ, ਐਸ ਐਸ ਮਿਨਹਾਸ, ਕਮਲਜੀਤ ਸਿੰਘ ਸੂਰੀ, ਗੁਰਵਿੰਦਰ ਪਾਲ ਸਿੰਘ ਢਿੱਲੋਂ, ਜਸਵਿੰਦਰ ਸਿੰਘ ਬਰਾੜ, ਰਣਜੀਤ ਸਿੰਘ, ਰੂਮਾ ਦੇਵੀ, ਤੇਜਵੀਰ ਸਿੰਘ ਅਤੇ ਸ਼ਿਵਾਨੀ ਸ਼ਰਮਾ

Summary in English: Agricultural and horticultural work of the month of February

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription