1. Home
  2. ਖੇਤੀ ਬਾੜੀ

Baby corn farming : ਬੇਬੀ ਕੌਰਨ ਦੀ ਕਾਸ਼ਤ ਕਰਨ ਲਈ ਢੁਕਵਾਂ ਤਰੀਕਾ! ਪੜ੍ਹੋ ਪੂਰੀ ਜਾਣਕਾਰੀ

ਬੇਬੀ ਕੌਰਨ ਦੀ ਕਾਸ਼ਤ ਫ਼ਸਲੀ ਵਿਭਿੰਨਤਾ, ਮੱਕੀ ਦੇ ਵਧੇਰੇ ਮੁੱਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਵਿਕਾਸ ਲਈ ਇੱਕ ਵਿਕਲਪ ਹੈ।ਅੱਜ ਕੱਲ ਸਿਹਤ ਪ੍ਰਤੀ ਵਧਦੀ ਜਾਗਰੂਕਤਾ ਦੇ ਕਾਰਨ ਲੋਕਾਂ ਦਾ ਰੁਝਾਨ ਗੁਣਵੱਤਾ ਵਾਲੇ ਭੋਜਨ ਵੱਲ ਵੱਧ ਰਿਹਾ ਹੈ।

Pavneet Singh
Pavneet Singh
Baby corn farming

Baby corn farming

ਬੇਬੀ ਕੌਰਨ ਦੀ ਕਾਸ਼ਤ ਫ਼ਸਲੀ ਵਿਭਿੰਨਤਾ, ਮੱਕੀ ਦੇ ਵਧੇਰੇ ਮੁੱਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਵਿਕਾਸ ਲਈ ਇੱਕ ਵਿਕਲਪ ਹੈ।ਅੱਜ ਕੱਲ ਸਿਹਤ ਪ੍ਰਤੀ ਵਧਦੀ ਜਾਗਰੂਕਤਾ ਦੇ ਕਾਰਨ ਲੋਕਾਂ ਦਾ ਰੁਝਾਨ ਗੁਣਵੱਤਾ ਵਾਲੇ ਭੋਜਨ ਵੱਲ ਵੱਧ ਰਿਹਾ ਹੈ।ਬੇਬੀਕੌਰਨ ਮੱਕੀ ਦੀਆਂ ਬਹੁਤ ਛੋਟੀਆਂ ਛੱਲੀਆਂ ਨੂੰ ਕਹਿੰਦੇ ਹਨ।ਛੋਟੀਆਂ, ਤਾਜ਼ੀਆਂ ਬੇਬੀ ਕੌਰਨ ਨੂੰ ਫਰਟੀਲਾਈਜ਼ੇਸ਼ਨ ਤੋਂ ਠੀਕ ਪਹਿਲਾਂ ਸੂਤ ਦੇ ਉਭਾਰ ਤੇ ਤੁੜਾਈ ਕੀਤੀ ਜਾਂਦੀ ਹੈ। ਇਸ ਨੂੰ ਸਲਾਦ ਦੇ ਤੌਰ ਤੇ ਅਤੇ ਸੂਪ, ਮੰਨਚੂਰੀਅਨ , ਮਿਸ਼ਰਤ ਸਬਜ਼ੀਆਂ, ਅਚਾਰ ਪਕੌੜੇ ਆਦਿ ਵਿੱਚ ਵਰਤਿਆ ਜਾਂਦਾ ਹੈ। ਇਸਦੀ ਨਾਜ਼ੁਕਤਾ, ਮਿੱਠਾਸ ਅਤੇ ਕਰਿਸਪ ਸੁਭਾਅ ਬਹੁਤ ਭਾਉਂਦੀ ਹੈ।ਹੋਟਲਾਂ ਅਤੇ ਫਾਸਟ ਫੂਡ ਸੈਂਟਰਾਂ ਵਿੱਚ ਇਸ ਦੀ ਭਾਰੀ ਮੰਗ ਹੈ।ਪੱਛਮੀ ਦੇਸ਼ਾਂ ਵਿੱਚ ਇਸ ਦੀ ਵਧੇਰੇ ਖਪਤ ਹੋਣ ਕਰਕੇ ਇਸ ਦੇ ਨਿਰਯਾਤ ਦੀ ਵੀ ਵੱਡੀ ਸੰਭਾਵਨਾ ਹੈ।

ਵਿਭਿੰਨਤਾ: ਜੇਕਰ ਚੌਲਾਂ ਹੇਠ ਕੁੱਝ ਰਕਬਾ ਘਟਾ ਕੇ ਮੱਕੀ ਹੇਠ ਲਿਆਦਾ ਜਾਵੇ ਤਾਂ ਇਸ ਨਾਲ ਮਿੱਟੀ ਅਤੇ ਆਮ ਵਾਤਾਵਰਣ ਦੀਆਂ ਭੌਤਿਕ ਸਥਿਤੀਆਂ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਮੱਕੀ ਨੂੰ ਚੌਲਾਂ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਇਸ ਕੀਮਤੀ ਕੁਦਰਤੀ ਸਰੋਤ ਦੀ ਬੱਚਤ ਹੋ ਸਕਦੀ ਹੈ।ਬੇਬੀ ਕੋਰਨ ਦੀ ਕਾਸ਼ਤ ਫਸਲੀ ਚੱਕਰ ਨੂੰ ਵਿਭਿੰਨ ਕਰਨ ਵਿੱਚ ਇਕ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਫਸਲੀ ਉਤਪਾਦ ਦੇ ਉੱਚ ਆਰਥਿਕ ਮੁੱਲ ਅਤੇ ਫਸਲਾਂ ਦੀ ਤੀਬਰਤਾ ਵਿੱਚ ਵਾਧੇ ਕਾਰਨ ਪ੍ਰਤੀ ਯੂਨਿਟ ਪ੍ਰਤੀ ਸਾਲ ਆਰਥਿਕ ਕਮਾਈ ਵਧੇਗੀ। ਬੇਬੀਕੋਰਨ ਦੀ ਫ਼ਸਲ ਲਗਭਗ 60-65 ਦਿਨਾਂ ਵਿੱਚ ਖਤਮ ਹੋ ਜਾਂਦੀ ਹੈ। ਕਿਸਾਨ ਵੀਰ ਉਸੇ ਖੇਤ ਨੂੰ ਬੇਬੀਕੌਰਨ ਦੀ ਦੂਸਰੀ ਫ਼ਸਲ ਲਈ ਜਾਂ ਕੋਈ ਹੋਰ ਫ਼ਸਲ ਲਈ ਵਰਤ ਸਕਦੇ ਹਨ।ਇਸ ਤਰ੍ਹਾਂ ਬੇਬੀਕੌਰਨ ਦੀ ਕਾਸ਼ਤ ਕਿਸਾਨਾਂ ਨੂੰ ਉਹਨਾਂ ਦੀ ਸਲਾਨਾ ਆਮਦਨ ਵਿੱਚ ਵਾਧੇ ਲਈ ਮੱੱਦਦਗਾਰ ਸਿੱਧ ਹੋ ਸਕਦੀ ਹੈ। ਬਾਜ਼ਾਰ ਦੀ ਲਗਾਤਾਰ ਮੰਗ ਨੂੰ ਪੂਰਾ ਕਰਨ ਲਈ ਬੇਬੀ ਕੌਰਨ ਦੀ ਬਿਜਾਈ ਕੁਝ ਅੰਤਰਾਲ ਤੇ ਕਰਨੀ ਚਾਹੀਦੀ ਹੈ।ਬੇਬੀਕੌਰਨ ਦੀ ਮੱਕੀ ਦੀ ਬਾਜ਼ਾਰੀ ਕੀਮਤ ਗੁਣਵੱਤਾ ਅਤੇ ਮੰਗ ਦੇ ਅਧਾਰ ਤੇ ਨਿਧਾਰਿਤ ਹੁੰਦੀ ਹੈ। ਬੇਬੀ ਕੌਰਨ ਦੀ ਖੇਤੀ, ਮੰਡੀਕਰਨ, ਪ੍ਰੋਸੈਸਿੰਗ ਅਤੇ ਨਿਰਯਾਤ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਆਮ ਤੌਰ ਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੋਂ ਹੋਣ ਵਾਲੀ ਆਮਦਨ ਲਈ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਪਰ ਇਹ ਥੋੜ੍ਹੇ ਸਮੇਂ ਦੀ ਫਸਲ ਹੋਣ ਕਰਕੇ ਕਿਸਾਨ ਥੋੜੇ ਸਮੇਂ ਵਿੱਚ ਪੈਸਾ ਕਮਾ ਸਕਦੇ ਹਨ।

ਉਦਯੋਗਿਕ ਵਰਤੋਂ: ਬੇਬੀ ਕੌਰਨ ਦੀ ਕਾਸ਼ਤ ਦੇ ਨਤੀਜੇ ਵਜੋਂ ਹੁਨਰਮੰਦ ਅਤੇ ਗੈਰ-ਹੁਨਰਮੰਦ ਕਾਮਿਆਂ ਦੋਵਾਂ ਲਈ ਰੁਜ਼ਗਾਰ ਪੈਦਾ ਹੁੰਦਾ ਹੈ। ਬੇਬੀ ਕੌਰਨ ਮੱਕੀ ਦੀ ਉਪਜ ਦੀ ਕਟਾਈ ਅਤੇ ਉਸ ਤੋਂ ਬਾਅਦ ਰੱਖ-ਰਖਾਓ ਕਰਨ ਲਈ ਬਹੁਤ ਜ਼ਿਆਦਾ ਕਾਮਿਆਂ ਦੀ ਲੋੜ ਹੁੰਦੀ ਹੈ। ਬੇਬੀਕੋਰਨ ਦੀ ਕਾਸ਼ਤ ਨਾਲ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਸ ਨਾਲ ਡੱਬਾਬੰਦ ਉਤਪਾਦ ਅਤੇ ਪੈਕਿੰਗ, ਕੈਨਿੰਗ, ਪ੍ਰੋਸੈਸਿੰਗ, ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਲਈ ਉਦਯੋਗ ਵੀ ਵਿਕਸਤ ਹੋਣਗੇ।

ਡੇਅਰੀ ਫਾਰਮਿੰਗ ਨੂੰ ਹੁਲਾਰਾ: ਬੇਬੀ ਕੌਰਨ ਦੀ ਕਾਸ਼ਤ ਦਾ ਲਾਭ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਵਿੱਚ ਵੀ ਮਦਦ ਕਰੇਗਾ।ਬੇਬੀਕੌਰਨ ਨੂੰ ਤੋੜਨ ਤੋਂ ਬਾਅਦ, ਕਿਸਾਨਾਂ ਨੂੰ ਡੇਅਰੀ ਪਸ਼ੂਆਂ ਲਈ ਤਾਜ਼ਾ ਹਰਾ ਅਤੇ ਪੋਸ਼ਟਿਕ ਚਾਰਾ ਵੀ ਮਿਲੇਗਾ।ਮਿਆਰੀ ਬੇਬੀਕੌਰਨ ਦੀ ਪੈਦਾਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫ਼ਾਰਸ਼ ਕੀਤੇ ਢੰਗਾਂ ਦੀ ਪਾਲਣਾ ਕਰਕੇ ਕੀਤੀ ਜਾ ਸਕਦੀ ਹੇੈ:

ਕਿਸਮਾਂ ਦੀ ਚੋਣ: ਬੇਬੀ ਕੋਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਇੱਕ ਨਵੀਂ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ 1 ਅਤੇ ਪ੍ਰਕਾਸ਼ ਦੀ ਸਿਫਾਰਸ਼ ਕੀਤੀ ਗਈ ਹੈ। ਦੋਗਲੀ ਕਿਸਮ ਢੁਕਵੀਂਆਂ ਹਨ, ਕਿਉਂਕਿ ਇਹ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਦਿੰਦੀਆਂ ਹਨ। ਇਨ੍ਹਾਂ ਦੇ ਬੇਬੀਕੌਰਨ ਇਕਸਾਰ ਆਕਾਰ ਦੇ ਹੁੰਦੇ ਹਨ। ਕਿਸਮ ਪੰਜਾਬ ਬੇਬੀ ਕੌਰਨ 1 ਦੀ ਪੈਦਾਵਾਰ 8.4 ਕੁਇੰਟਲ ਪ੍ਰਤੀ ਏਕੜ ਅਤੇ ਪ੍ਰਕਾਸ਼ ਦੀ ਪੈਦਾਵਾਰ ਤਕਰੀਬਨ 7.0 ਕੁਇੰਟਲ ਪ੍ਰਤੀ ਏਕੜ ਹੈ।

ਬਿਜਾਈ ਦਾ ਸਮਾਂ : ਬੇਬੀ ਕੋਰਨ ਦੀ ਫ਼ਸਲ ਦੀ ਬਿਜਾਈ ਅਪ੍ਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਮੰਗ ਦੇ ਅਧਾਰ ਤੇ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਬਿਜਾਈ ਕੁਝ ਮਿੱਥੇ ਅੰਤਰਾਲ ਤੇ ਕੀਤੀ ਜਾਵੇ।

ਬੀਜਾਂ ਦੀ ਮਾਤਰਾ ਅਤੇ ਬੂਟਿਆਂ ਦੀ ਗਿਣਤੀ : ਬੇਬੀਕੌਰਨ ਦੀ ਫ਼ਸਲ ਲਈ ਬੀਜ ਦੀ ਸਿਫ਼ਾਰਸ਼ 20 ਕਿਲੋ ਪ੍ਰਤੀ ਏਕੜ ਹੈ। ਇਸ ਦੀ ਵਰਤੋਂ 66,000 ਪੌਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ । ਬਿਜਾਈ ਲਈ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ ।

ਖਾਦਾਂ : ਫ਼ਸਲ ਦੇ ਥੋੜ੍ਹੇ ਸਮੇਂ ਕਰਕੇ ਬੇਬੀਕੌਰਨ ਲਈ ਨਾਈਟ੍ਰੋਜਨ ਦੀ ਘੱਟ ਲੋੜ ਹੁੰਦੀ ਹੈ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ ਏ ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਖੇਤ ਵਿੱਚ ਜ਼ਿੰਕ ਦੀ ਪਹਿਲਾਂ ਕਮੀ ਨਜ਼ਰ ਆਈ ਹੇਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।ਜੇਕਰ ਡੀ ਏੇ ਪੀ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਹੋਵੇ ਤਾਂ ਯੂਰੀਆਂ 10 ਕਿਲੋ ਪ੍ਰਤੀ ਏਕੜ ਘਟਾ ਦਿਉ। ਅੱਧਾ ਯੂਰੀਆਂ ਬਿਜਾਈ ਤੇ ਅਤੇ ਬਾਕੀ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ, ਉਸ ਸਮੇਂ ਪਾਉ ਅਤੇ ਬਾਕੀ ਦੀਆਂ ਖਾਂਦਾ ਬਿਜਾਈ ਸਮੇਂ ਹੀ ਪਾਉ।

ਤੁੜਾਈ : ਬੇਬੀਕੋਰਨ ਦੀ ਤੁੜਾਈ ਦਾ ਸਭ ਤੋਂ ਢੁਕਵਾਂ ਸਮਾਂ ਸੂਤ ਕੱਤਨ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਪਰ ਫਰਟੀਲਾਈਜ਼ੇਸ਼ਨ ਤੋਂ ਠੀਕ ਪਹਿਲਾਂ ਹੁੰਦਾ ਹੈ। ਪਰਾਗ ਕਣਾਂ ਦੇ ਝੜਣ ਤੋਂ ਪਹਿਲਾਂ , ਬੇਬੀਕੋਰਨ ਦੀ ਗੁਣਵੱਤਾ ਬਣਾਈ ਰੱਖਣ ਵਿੱਚ ਵੀ ਮਦਦਗਾਰੀ ਹੁੰਦਾ ਹੈ।ਪਰ ਪੰਜਾਬ ਬੇਬੀ ਕੌਰਨ 1 ਬੂਰ ਰਹਿਤ ਕਿਸਮ ਹੈ। ਦੇਰ ਨਾਲ ਤੋੜੀ ਗਈ ਬੇਬੀਕੌਰਨ ਸ਼ਖਤ ਅਤੇ ਘੱਟ ਕਰਿਸਪੀ ਹੋ ਜਾਂਦੀ ਹੈ ਅਤੇ ਸਲਾਦ ਜਾਂ ਸਬਜ਼ੀ ਦੇ ਰੂਪ ਵਿੱਚ ਖਪਤ ਲਈ ਢੁੱਕਵੀ ਨਹੀਂ ਹੁੰਦੀ। ਉੱਪਰਲਾ ਬੇਬੀਕੌਰਨ ਪਹਿਲੀ ਤੁੜਾਈ ਲਈ ਤਿਆਰ ਹੁੰਦਾ ਹੈ ਅਤੇ ਹੇਠਲੇ ਬੇਬੀਕੌਰਨ ਕੁਝ ਦਿਨਾਂ ਬਾਅਦ ਤੁੜਾਈ ਲਈ ਤਿਆਰ ਹੁੰਦੀ ਹੈ। ਆਮ ਤੌਰ ਤੇ ਹਰੇਕ ਪੌਦੇ ਵਿੱਚੋਂ ਦੋ ਜਾਂ ਤਿੰਨ ਤੁੜਾਈਆਂ ਕਰਨੀਆਂ ਚਾਹੀਦੀਆਂ ਹਨ । ਤਿੰਨ ਤੁੜਾਈਆਂ ਬਾਅਦ ਬੇਬੀਕੌਰਨ ਦੀ ਗੁਣਵਤਾ ਜ਼ਿਆਦਾ ਵਧੀਆ ਨਹੀਂ ਹੁੰਦੀ।

ਪਰਦਿਆਂ ਤੋ ਕੱਢਣਾ: ਬੇਬੀ ਕੌਰਨ ਤੋੜ ਕੇ ਇੱਕ ਥਾਂ `ਤੇ ਇਕੱਠੀਆਂ ਕਰ ਕੇ ਘੱਟ ਤਾਪਮਾਨ ਤੇ ਸਟੋਰ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਨਮੀ ਦੇ ਘਟਣ ਅਤੇ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਮੰਡੀਕਰਨ ਲਈ ਨਰਮ ਪੋਲੀਥੀਨ ਬੈਗਾਂ ਵਿੱਚ ਪੈਕ ਕਰਨ ਤੋਂ ਪਹਿਲਾਂ ਬੇਬੀਕੌਰਨ ਨੂੰ ਪਰਦਿਆਂ ਵਿੱਚੋਂ ਬਾਹਰ ਕੱਢ ਲੈਣਾ ਚਾਹੀਦਾ ਹੈ।ਇਸਦੀ ਬਣਤਰ ਅਤੇ ਤਾਜ਼ਗੀ ਨੂੰ ਬਣਾਈ ਰੱਖਣ ਲਈ ਆਮ ਤੌਰ ਤੇ ਪਰਦੇ ਦੀ ਇੱਕ ਪਰਤ ਨਾਲ ਕੈਨਿੰਗ ਇਕਾਈਆਂ ਵਿੱਚ ਲਿਜਾਇਆ ਜਾਂਦਾ ਹੈ।

ਪੌਸ਼ਟਿਕ ਗੁਣਵੱਤਾ: ਬੇਬੀ ਕੌਰਨ ਹੋਰ ਸਬਜ਼ੀਆਂ ਦੀ ਤਰ੍ਹਾਂ ਹੀ ਹੁੰਦੀ ਹੈ ਅਤੇ ਪੋਸ਼ਣ ਦੇ ਦ੍ਰਿਸ਼ਟੀਕੋਣ ਤੋਂ ਇਸ ਦੀ ਤੁਲਨਾ ਗੋਭੀ, ਪੱਤਾਗੋਭੀ, ਟਮਾਟਰ ਅਤੇ ਖੀਰੇ ਨਾਲ ਕੀਤੀ ਜਾਂਦੀ ਹੈ।ਆਮ ਤੌਰ ਤੇ ਬੇਬੀ ਕੌਰਨ ਵਿੱਚ 1.5% ਪ੍ਰੋਟੀਨ, 8.2% ਕਾਰਬੋਹਾਈਡਰੇਟ ਅਤੇ 89% ਪਾਣੀ ਹੁੰਦਾ ਹੈ। ਇਸ ਵਿੱਚ ਵਿਟਾਮਿਨ ਏ ਅਤੇ ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਸਬਜ਼ੀ ਦੇ ਰੂਪ ਵਿੱਚ ਬੇਬੀ ਕੌਰਨ ਬਾਰੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਹ ਕਿਸੇ ਵੀ ਕਿਸਮ ਦੇ ਕੀਟਨਾਸ਼ਕ / ਵਾਤਾਵਰਣ ਪ੍ਰਦੂਸ਼ਣ ਤੋਂ ਮੁਕਤ ਹੈ।

ਲੇਖਕ

ਤੋਸ਼ ਗਰਗ, ਮਹੇਸ਼ ਕੁਮਾਰ ਅਤੇ ਐਸ ਕੇ ਸੰਧੂ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ)

ਇਹ ਵੀ ਪੜ੍ਹੋ: Sugarcane Cultivation 2022: ਇਸ ਸਾਲ ਕਮਾਓ ਵੱਧ ਪੈਦਾਵਾਰ! ਅਪਣਾਓ ਇਹ ਤਰੀਕਾ

Summary in English: Baby corn farming: The perfect way to grow baby corn! Read full details

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters