1. Home
  2. ਖੇਤੀ ਬਾੜੀ

Barley Crop Farming in Punjab: 15 ਅਕਤੂਬਰ ਤੋਂ 15 ਨਵੰਬਰ ਤੱਕ ਕਰੋ ਜੌਂ ਦੀ PL 891 ਕਿਸਮ ਦੀ ਬਿਜਾਈ, ਚੰਗਾ ਝਾੜ ਪ੍ਰਾਪਤ ਕਰਨ ਲਈ ਕਰੋ ਇਹ ਕੰਮ

ਜੌਂ ਕੁਦਰਤੀ ਤੌਰ ‘ਤੇ ਪੌਸ਼ਟਿਕ ਅਤੇ ਔਸ਼ਧੀ ਭਰਪੂਰ ਹੁੰਦੇ ਹਨ ਕਿਊਂਕਿ ਇਨ੍ਹਾਂ ਵਿੱਚ β-ਗਲੂਕਨ ਭਰਪੁੂਰ ਹੁੰਦੇ ਹਨ। β-ਗਲੂਕਨ ਕਲੈਸਟਰੋਲ, ਸ਼ੂਗਰ, ਹਾਈ ਬਲੈੱਡ ਪ੍ਰੈਸ਼ਰ, ਦਿਲ ਦੇ ਰੋਗਾਂ ਅਤੇ ਕੈਂਸਰ ਆਦਿ ਰੋਗਾਂ ਤੋਂ ਬਚਾਊਂਦੀ ਹੈ। ਜੌਆਂ ਵਿੱਚ ਬੀਟਾ ਗਲੂਕਨ ਤੱਤ ਵਧੇਰੇ ਹੋਣ ਕਰਕੇ ਇਹ ਔਸ਼ਧਿਕ ਗੁਣਵੰਤਾ ਵਿੱਚ ਭਰਪੂਰ ਹੁੰਦੇ ਹਨ।

Gurpreet Kaur Virk
Gurpreet Kaur Virk
ਜੌਂ ਦੀਆਂ ਸ਼ਾਨਦਾਰ ਕਿਸਮਾਂ

ਜੌਂ ਦੀਆਂ ਸ਼ਾਨਦਾਰ ਕਿਸਮਾਂ

Barley Cultivation: ਅਜੌਕੇ ਸਮੇਂ ਵਿੱਚ ਤਕਰੀਬਨ ਹਰ ਘਰ ਵਿੱਚ ਘੱਟੋ-ਘੱਟੋ ਇਕ ਆਦਮੀ ਮੋਟਾਪਾ, ਸ਼ੂਗਰ, ਹਾਈ ਬਲੈੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦਾ ਮਰੀਜ਼ ਹੈ। ਇਨ੍ਹਾਂ ਸਾਰੀਆਂ ਬਿਮਾਰੀਆਂ ਪਿੱਛੇ ਸਾਡੀ ਖੁਰਾਕ ਵਿੱਚ ਵਧੇਰੇ ਕਾਰਬੋਹਾਈਡ੍ਰਿੇਟ ਅਤੇ ਚਕਨਾਈ ਭਰਪੂਰ ਖੁਰਾਕ ਅਤੇ ਸਰੀਰਕ ਕਸਰਤ ਦਾ ਘੱਟ ਹੌਣ ਦਾ ਬਹੁਤ ਵੱਡਾ ਕਾਰਨ ਹੈ।

ਇਨ੍ਹਾਂ ਦਾ ਉਪਾਅ ਲਈ ਇਕ ਬਹੁਤ ਹੀ ਚਰਚਿਤ ਹਵਾਲਾ ਹੈ “ਸਿਹਤ ਸੰਭਾਲ ਦਵਾਈ ਨਾਲ ਨਹੀਂ, ਸਿਹਤਮੰਦ ਖੁਰਾਕ ਨਾਲ ਬਣਦੀ ਹੈ” ਭਾਵ ਸਾਨੂੰ ਖਰਾਕ ਨੂੰ ਦਵਾਈ ਦੇ ਤਰੀਕੇ ਨਾਲ ਖਾਣਾ ਚਾਹੀਦਾ ਹੈ ਨਾ ਕਿ ਦਵਾਈ ਨੂੰ ਖੁਰਾਕ ਬਣਾਊਣਾ ਚਾਹੀਦਾ ਹੈ। ਖੁਰਾਕ ਪੋਸ਼ਣ ਅਤੇ ਔਸ਼ਧੀ ਭਰਪੂਰ ਹੋਣੀ ਚਾਹੀਦੀ ਹੈ।

ਜੌਂ ਕੁਦਰਤੀ ਤੌਰ ‘ਤੇ ਪੌਸ਼ਟਿਕ ਅਤੇ ਔਸ਼ਧੀ ਭਰਪੂਰ ਹੁੰਦੇ ਹਨ ਕਿਊਂਕਿ ਇਨ੍ਹਾਂ ਵਿੱਚ β-ਗਲੂਕਨ ਭਰਪੁੂਰ ਹੁੰਦੇ ਹਨ। β-ਗਲੂਕਨ ਕਲੈਸਟਰੋਲ, ਸ਼ੂਗਰ, ਹਾਈ ਬਲੈੱਡ ਪ੍ਰੈਸ਼ਰ, ਦਿਲ ਦੇ ਰੋਗਾਂ ਅਤੇ ਕੈਂਸਰ ਆਦਿ ਰੋਗਾਂ ਤੋਂ ਬਚਾਊਂਦੀ ਹੈ। ਜੌਆਂ ਵਿੱਚ ਬੀਟਾ ਗਲੂਕਨ ਤੱਤ ਵਧੇਰੇ ਹੋਣ ਕਰਕੇ ਇਹ ਔਸ਼ਧਿਕ ਗੁਣਵੰਤਾ ਵਿੱਚ ਭਰਪੂਰ ਹੁੰਦੇ ਹਨ। ਬੀਟਾ ਗਲੂਕਨ ਇਕ ਘੁਲਣਸ਼ੀਲ ਖੁਰਾਕੀ ਰੇਸ਼ਾ ਹੈ ਜੋ ਦਿਲ ਦੀਆਂ ਬਿਮਾਰੀਆਂ ,ਦੋ ਨੰਬਰ ਸ਼ੂਗਰ, ਹਾਈ ਬਲੱਡ ਪਰੈਸ਼ਰ, ਕੈਂਸਰ ਅਤੇ ਖੁਨ ਵਿੱਚ ਕਲੈਸਟਰੋਲ ਦੀ ਮਾਤਰਾ ਨੂੰ ਨਿਰੰਤਰ ਵਿੱਚ ਰੱਖਦਾ ਹੈ। ਜੌਂ ਕਈ ਪ੍ਰਕਾਰ ਦੇ ਵਿਟਾਮਿਨ ਅਤੇ ਧਾਤਾਂ ਜਿਵੇਂ ਕਿ ਨੀਆਸਿਨ, ਥਾਇਆਮਿਨ, ਪੈਰੀਡੌਕਸਿਨ (ਵਿਟਾਮਿਨ ਬੀ 6), ਪੋਟਾਸ਼ੀਅਮ, ਫੋਲੇਟ, ਲੋਹਾ, ਮੈਗਨੀਸ਼ੀਅਮ, ਅਤੇ ਸੈਲੀਨੀਅਮ ਨਾਲ ਭਰਪੂਰ ਹੁੰਦੇ ਹਨ।ਇਸ ਤੋਂ ਇਲਾਵਾ ਜੌਆਂ ਵਿੱਚ ਕਈ ਤਰ੍ਹਾਂ ਦੇ ਮਿਸ਼ਰਣ ਜਿਵੇਂ ਕਿ ਪ੍ਰੋਐਨਥੋਸਾਇਥਆਨੀਡਿਨ, ਸਿਟਰੋਲਸ, ਟੋਕੋਟ੍ਰੀਨੋਲਸ, ਫਿਰੂਲਿਕ ਏਸਿਡ ਆਦਿ ਮੌਜੂਦ ਹੁੰਦੇ ਹਨ ਜੋ ਕਿ ਪੌਸ਼ਟਿਕਤਾ ਵਧਾਉਣ ਵਿੱਚ ਸਹਾਈ ਹੁੰਦੇ ਹਨ।

ਸਰੀਰਕ ਸੁਧਾਰ ਤੋਂ ਇਲਾਵਾ ਜੌਂ ਵਿਭਿੰਨ ਵਾਤਾਵਰਣ ਹਾਲਾਤਾਂ ਜਿਵੇਂ ਕਿ ਸੋਕਾ, ਖਾਰਾਪਣ ਅਤੇ ਵਧੇਰੇ ਤਾਪਮਾਨ ਨੂੰ ਵੀ ਸਹਾਰਨ ਦੀ ਸ਼ਕਤੀ ਰੱਖਦੇ ਹਨ। ਇਹਨਾਂ ਦੀ ਕਾਸ਼ਤ ਲਈ ਘੱਟ ਪਾਣੀ ਅਤੇ ਖਾਦਾਂ ਦੀ ਲੋੜ ਪੈਂਦੀ ਹੈ ਜਿਸ ਦੇ ਫਲਸਰੂਪ ਇਹ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੀ ਯੋਗਦਾਨ ਪਾਉਂਦੇ ਹਨ। ਕਿਸਾਨ ਛਿਲਕਾ ਰਹਿਤ ਜੌਆਂ ਦੀ ਖੇਤੀ ਅਪਣਾ ਕੇ ਸਿਹਤ ਦੇ ਨਾਲ ਨਾਲ ਇਸ ਦੀ ਪ੍ਰਸੈਸਿੰਗ ਕਰਕੇ ਜੌਆਂ ਤੋਂ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ।

ਛਿਲਕਾ ਰਹਿਤ ਜੌਆਂ ਦਾ ਦਲੀਆ, ਭੁੰਨ ਕੇ, ਰੋਟੀ (ਕਣਕ ਅਤੇ ਜੌਆਂ ਦਾ ਆਟਾ ਮਿਲਾਕੇ), ਬਿਸਕਟ, ਸੱਤੂ, ਅਤੇ ਮਿਸੀ ਰੋਟੀ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹਨ। β-ਗਲੂਕਨ ਭਰਪੁੂਰ ਛਿਲਕਾ ਰਹਿਤ ਜੌਆਂ ਦੇ ਵੱਖ-ਵੱਖ ਪਦਾਰਥਾਂ ਦਾ ਮੰਡੀਕਰਨ ਕਰਨਾ ਵੀ ਰੋਜ਼ਗਾਰ ਦਾ ਇਕ ਵੱਡਾ ਸਾਧਨ ਬਣ ਸਕਦਾ ਹੈ। β-ਗਲੂਕਨ ਭਰਪੁੂਰ ਛਿਲਕਾਅ ਰਹਿਤ ਜੌਆਂ ਦੀ ਖੇਤੀ ਅਪਣਾ ਕੇ ਭਰਪੂਰ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਖਾਸ ਕਰਕੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਲਈ ਛਿਲਕਾ ਰਹਿਤ ਜੌਂ ਬਹੁਤ ਹੀ ਢੁਕਵੀਂ ਫ਼ਸਲ ਹੈ।

ਛਿਲਕੇ ਦੇ ਅਧਾਰ ਤੇ ਜੌਂ ਦੀਆਂ ਦੋ ਕਿਸਮਾਂ ਹਨ: ਛਿਲਕੇ ਵਾਲੇ ਜੌਂ ਅਤੇ ਛਿਲਕਾ ਰਹਿਤ ਜੌਂ। ਛਿਲਕੇ ਵਾਲੇ ਜੌਂ ਪਸ਼ੂ ਖੁਰਾਕ ਅਤੇ ਮਾਲਟ ਅਤੇ ਮਾਲਟ ਅਧਾਰਿਤ ਪਦਾਰਥ ਜਿਵੇਂ ਕਿ ਬੀਅਰ ਅਤੇ ਵਿਸਕੀ ਬਣਾਉਣ ਵਿੱਚ ਵਰਤੇ ਜਾਂਦੇ ਹਨ ਜਦ ਕਿ ਛਿਲਕਾ ਰਹਿਤ ਜੌਂ ਮਨੁੱਖੀ ਖੁਰਾਕ ਲਈ ਵਰਤੇ ਜਾਂਦੇ ਹਨ। ਛਿਲਕਾ ਰਹਿਤ ਜੌਂ ਦਾ ਛਿਲਦਾ ਥਰੈਸ਼ਿੰਗ ਸਮੇਂ ਅਸਾਨੀ ਨਾਲ ਉਤਰ ਜਾਂਦਾ ਹੈ ਜਿਸ ਦੇ ਫਲਸਰੂਪ ਇਸ ਨੂੰ ਅਸਾਨੀ ਨਾਲ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ।

ਛਿਲਕੇ ਵਾਲੀ ਕਿਸਮ ਨੂੰ ਖਾਣ ਲਈ ਇਸ ਤੋਂ ਪਰਲਿੰਗ ਤਕਨੀਕ ਨਾਲ ਛਿਲਕਾ ਉਤਾਰਣਾ ਪੈਂਦਾ ਹੈ ਜਿਸ ਦੌਰਾਨ ਐਲਿਊਰਾਨ ਪਰਤ ਜਿਸ ਵਿੱਚ ਸਭ ਤੋਂ ਜ਼ਿਆਦਾ ਅਮਾਈਨੋਏਸਿਡ ਅਤੇ ਵਿਟਾਮਿਨ ਹੁੰਦੇ ਹਨ ਉਤਰ ਜਾਂਦੀ ਹੈ। ਇਸਦੇ ਇਲਾਵਾ ਇਹ ਤਕਨੀਕ ਕਾਫੀ ਮਹਿੰਗੀ ਹੋਣ ਦੇ ਨਾਲ ਨਾਲ ਸਮਾਂ ਵੀ ਵਧੇਰੇ ਲੈਂਦੀ ਹੈ। ਜੌਆਂ ਦਾ ਮਨੁੱਖੀ ਸਹਿਤ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਨੀਆ ਭਰ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਛਿਲਕਾ ਰਹਿਤ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: Expert Advice: ਸਰਦੀਆਂ ਦੀ ਨਰੋਈ ਸਬਜ਼ੀ ਗਾਜਰ ਸਬੰਧੀ ਨਵੇਂ ਕਿਸਾਨ ਵੀਰਾਂ ਨੂੰ ਸਲਾਹ, ਅੰਨ੍ਹੇਵਾਹ ਜ਼ਿਆਦਾ ਰਕਬੇ 'ਚ ਗਾਜਰਾਂ ਦੀ ਕਾਸ਼ਤ ਨਾ ਕਰੋ: Rajvir Thind

ਮਨੁੱਖੀ ਖੁਰਾਕ ਲਈ ਵਰਤੀ ਜਾਂਦੀ ਜੌਆਂ ਦੀ ਕਿਸਮ ਪੀ ਐੱਲ 891: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੀ ਐੱਲ 891 ਜੌਆਂ ਦੀ ਛਿਲਕਾ ਰਹਿਤ ਕਿਸਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਦਾਣੇ ਵਿੱਚ 4.0-6.0 ਪ੍ਰਤੀਸ਼ਤ ਬੀਟਾ ਗਲੂਕਨ ਅਤੇ 12 ਪ੍ਰਤੀਸ਼ਤ ਪ੍ਰੋਟੀਨ ਮੌਜੂਦ ਹੈ। ਇਹ ਦੋ ਕਤਾਰਾਂ ਵਾਲੀ ਜੌਆਂ ਦੀ ਕਿਸਮ ਹੈ ਜੋ ਪੱਕਣ ਲਈ 144 ਦਿਨ ਲੈਂਦੀ ਹੈ। ਇਸਦਾ ਕੱਦ ਦਰਮਿਆਨਾ (102 ਸੈ.ਮੀ.) ਹੈ ਅਤੇ ਇਹ ਪੀਲੀ ਕੂੰਗੀ ਦੀਆਂ ਮੁੱਖ ਕਿਸਮਾਂ, ਭੂਰੀ ਕੂੰਗੀ ਅਤੇ ਪੱਤੇ ਦੇ ਝੁਲਸ ਰੋਗ ਪ੍ਰਤੀ ਸਹਿਣਸ਼ੀਲ ਹੈ। ਇਸਦਾ ਔਸਤਨ ਝਾੜ 16.8 ਕੁਇੰਟਲ/ਏਕੜ ਹੈ। ਜੌਆਂ ਦੀ ਇਸ ਕਿਸਮ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ ਹੇਠ ਲਿਖੇ ਅਨੁਸਾਰ ਹਨ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਵੀਰ ਆਪਣੀ ਜੌਆਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਣਗੇ।

ਪੀ ਐੱਲ 891 ਦੀ ਕਾਸ਼ਤ: ਪੀ ਐੱਲ 891 ਦੀ ਕਾਸ਼ਤ ਉਪਜਾਊ ਜ਼ਮੀਨ ਉਪਰ ਹੀ ਕਰੋ, ਜੇਕਰ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਈ ਤਾਂ ਇਸ ਦੇ ਦਾਣੇ ਮਾਰਜੂ ਰਹਿ ਜਾਣਗੇ, ਜਿਸ ਕਰਕੇ ਛਿਲਕਾ ਉਤਰਨ ਵਿੱਚ ਵੀ ਸਮੱਸਿਆ ਆ ਸਕਦੀ ਹੈ ਅਤੇ ਇਨ੍ਹਾਂ ਨੂੰ ਫਿਰ ਹੱਥਾਂ ਨਾਲ ਛਿਲਕਾ ਰਹਿਤ ਕਰਨਾ ਪਵੇਗਾ। ਖੇਤ ਨਦੀਨ ਅਤੇ ਡਲਿਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਦੇ ਅਧਾਰ ‘ਤੇ ਖੇਤ ਨੂੰ ਦੋ ਵਾਰ ਤਵੀਆਂ ਅਤੇ ਇਕ ਵਾਰ ਕਲਟੀਵੇਟਰ ਨਾਲ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰਨਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ ਕਿ ਬਿਜਾਈ ਸਮੇਂ ਸਿਰ ਕੀਤੀ ਜਾਵੇ।

ਬਿਜਾਈ ਲਈ ਡੁਕਵਾਂ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ। ਇਸ ਕਿਸਮ ਦੇ ਦਾਣੇ ਮੋਟੇ ਹੁੰਦੇ ਹਨ ਇਸ ਲਈ ਇਸ ਦੇ ਬੀਜ ਦੀ ਮਾਤਰਾ 50 ਕਿਲੋ ਪ੍ਰਤੀ ਏਕੜ ਵਰਤੋਂ ਕਰੋ। ਬੀਜ ਤੋਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਧਾਰੀਆਂ ਦਾ ਰੋਗ ਅਤੇ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਵੀਟਾਵੈਕਸ 75 ਡਬਲਯੂ ਪ੍ਰਤੀ ਕਿਲੋ ਬੀਜ ਲਈ 1.5 ਗ੍ਰਾਮ ਦਵਾਈ ਨਾਲ ਸੋਧ ਲਵੋ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਬਿਜਾਈ ਬੀਜ ਅਤੇ ਖਾਦਾਂ ਵਾਲੀ ਡਰਿੱਲ ਨਾਲ ਕਰਨ। ਇਹ ਵੇਖਿਆ ਗਿਆ ਹੈ ਛਿੱਟੇ ਨਾਲ ਬਿਜਾਈ ਕਰਨ ਨਾਲ ਬੀਜ ਸਹੀ ਡੂੰਘਾਈ ਤੇ ਨਹੀਂ ਪੈਂਦਾ ਅਤੇ ਖੇਤ ਵਿੱਚ ਫ਼ਸਲ ਇਕਸਾਰ ਅਤੇ ਭਰਪੂਰ ਨਹੀਂ ਹੁੰਦੀ।

ਇਹ ਵੀ ਪੜ੍ਹੋ: Straw Management: ਕਿਸਾਨ ਵੀਰੋਂ ਪਰਾਲੀ ਅਤੇ ਤੂੜੀ ਦੀ ਸੁਚੱਜੀ ਵਰਤੋਂ ਕਰਕੇ ਕਰੋ ਢਿੰਗਰੀ ਅਤੇ ਸ਼ਿਟਾਕੀ ਖੁੰਬ ਦੀ ਸਫਲ ਕਾਸ਼ਤ, ਹੋਵੇਗੀ ਲੱਖਾਂ ਵਿੱਚ ਕਮਾਈ

ਬਿਜਾਈ ਸਮੇਂ ਸਿਆੜਾਂ ਦੀ ਵਿੱਥ 22.5 ਸੈਂ. ਮੀ ਹੋਣੀ ਚਾਹੀਦੀ ਹੈ।ਖਾਦਾਂ ਦੀ ਘੱਟ ਵਰਤੋਂ ਨਾਲ ਫ਼ਸਲ ਕੰਮਜ਼ੋਰ ਹੋ ਸਕਦੀ ਹੈ ਅਤੇ ਵੱਧ ਵਰਤੋਂ ਨਾਲ ਫ਼ਸਲ ਡਿੱਗ ਪੈਂਦੀ ਹੈ ਜਿਸ ਨਾਲ ਪੈਦਾਵਾਰ ਅਤੇ ਕੁਆਲਟੀ ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ ਵਿੱਚ 55 ਕਿਲੋ ਯੂਰੀਆ, 27 ਕਿਲੋਗਰਾਮ ਡੀ ਏ ਪੀ ਜਾਂ 75 ਕਿਲੋ ਸੁਪਰ ਫਾਸਫੋਰਟ ਅਤੇ 10 ਕਿਲੋ ਮਿਊਰੇਟ ਆਫ ਪੁਟਾਸ਼ ਪ੍ਰਤੀ ਕਿਲਾ ਪਾਉ। ਜੇ ਫਾਸਫੋਰਸ ਲਈ ਡੀ ਏ ਪੀ ਵਰਤ ਰਹੇ ਹੋ ਤਾ ਯੂਰੀਆ ਦੀ ਮਾਤਰਾ 10 ਕਿਲੋ ਪ੍ਰਤੀ ਕਿੱਲਾ ਘਟਾ ਦਵੋ।ਸਾਰੀਆਂ ਖਾਦਾਂ ਬਿਜਾਈ ਦੇ ਸਮੇਂ ਹੀ ਪਾਓ।

ਚੰਗਾ ਝਾੜ ਪ੍ਰਾਪਤ ਕਰਨ ਲਈ ਯੂਰੀਆ ਰੌਣੀ ਤੋਂ ਫੋਰਨ ਪਹਿਲਾਂ ਪਾਓ। ਮਿੱਟੀ ਅਤੇ ਬਾਰਿਸ਼ ਦੇ ਅਨੁਸਾਰ ਆਮ ਤੌਰ ‘ਤੇ ਇਸ ਕਿਸਮ ਨੂੰ ਦੋ-ਤਿੰਨ ਪਾਣੀਆਂ ਦੀ ਲੋੜ ਪੈਂਦੀ ਹੈ। ਪੱਕਣ ਤੋਂ ਬਾਅਦ ਜੌਂ ਜਲਦੀ ਹੀ ਵੱਢ ਲੈਣੇ ਚਾਹੀਦੇ ਹਨ ਨਹੀਂ ਤਾਂ ਫ਼ਸਲ ਪੱਕਣ ਤੋਂ ਬਾਅਦ ਜਲਦੀ ਡਿੱਗ ਪੈਂਦੀ ਹੈ ਅਤੇ ਦਾਣੇ ਕਿਰ ਜਾਂਦੇ ਹਨ। ਵਾਢੀ ਵੇਲੇ ਕੰਬਾਇਨ ਦੀ ਸਪੀਡ ਐਡਜੈਸਟ ਕਰਨ ਨਾਲ ਦਾਣੇ ਟੁਟਦੇ ਨਹੀਂ ਹਨ ਅਤੇ ਛਿਲਕਾ ਵੀ ਉਤਰ ਜਾਂਦਾ ਹੈ।

ਪੀ ਐੱਲ 891 ਤੋਂ ਬਣਦੇ ਖੁਰਾਕੀ ਪਦਾਰਥ: ਮਨੁੱਖੀ ਖੁਰਾਕ ਲਈ ਜੌਆਂ ਤੋਂ ਵੱਖ ਵੱਖ ਪਦਾਰਥ ਬਣਦੇ ਹਨ ਜਿਵੇਂ ਕਿ ਮਲਟੀਗ੍ਰੇਨ ਆਟਾ, ਸੱਤੂ, ਦਲੀਆ, ਰੋਸਟਿਡ ਜੌਂ ਅਤੇ ਬਿਸਕਟ ਆਦਿ। ਜੌਆਂ ਦੇ ਆਟੇ ਦੀ ਵਰਤੋਂ ਬਿਸਕੁੱਟ, ਬਰੈੱਡ ਅਤੇ ਰੋਟੀ ਬਣਾਉਣ ਲਈ ਕੀਤੀ ਜਾ ਸਕਦੀ ਹੈ । ਇਹ ਸਾਰੇ ਪਦਾਰਥ 30 ਪ੍ਰਤੀਸ਼ਤ ਜੌਆਂ ਦਾ ਆਟਾ ਅਤੇ 70 ਪ੍ਰਤੀਸ਼ਤ ਕਣਕ ਦਾ ਅਟਾ ਮਿਲਾ ਕੇ ਬਣਾਏ ਜਾ ਸਕਦੇ ਹਨ। ਉੱਤਰੀ ਭਾਰਤ ਵਿੱਚ ਭੁੰਨੇ ਹੋਏ ਜੌਆਂ ਤੋਂ ਸੱਤੂ ਤਿਆਰ ਕੀਤਾ ਜਾਂਦਾ ਹੈ ਜੋ ਗਰਮੀਆਂ ਵਿੱਚ ਬਹੁਤ ਹੀ ਲਾਹੇਵੰਦ ਪਦਾਰਥ ਹੈ।

ਸਰੋਤ: ਮਨਿੰਦਰ ਕੌਰ1, ਸਿਮਰਜੀਤ ਕੌਰ1 ਅਤੇ ਹਰੀ ਰਾਮ2
ਪਲਾਂਟ ਬ੍ਰੀਡਿੰਗ ਅਤੇ ਜੇਨੈਟਿਕਸ ਵਿਭਾਗ1 ਅਤੇ ਫ਼ਸਲ ਵਿਗਿਆਨ ਵਿਭਾਗ2
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Summary in English: Barley Crop Farming in Punjab: Sow PL 891 variety of Barley from 15th October to 15th November to get good yield.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters