ਪੰਜਾਬ, ਭਾਰਤ ਦੇ ਬਹੁਤ ਘੱਟ ਰਕਬੇ (ਲਗਭਗ 1.5%) ਵਾਲਾ ਪ੍ਰਾਂਤ ਹੋਣ ਦੇ ਬਾਵਜੂਦ ਵੀ ਦੇਸ਼ ਦੇ ਅੰਨ-ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ।ਲਗਾਤਾਰ ਕਣਕ-ਝੋਨਾ ਫਸਲੀ ਚੱਕਰ ਦੀ ਵਰਤੋਂ, ਘਣੀ-ਖੇਤੀ ਅਤੇ ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਭੂਮੀ ਵਿਚਲੇ ਬਹੁਤ ਸਾਰੇ ਖੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਰਿਹਾ ਹੈ, ਜਿਸ ਨਾਲ ਖੁਰਾਕੀ ਤੱਤਾਂ ਦੀ ਬਹੁ-ਤੱਤੀ ਘਾਟ ਪੰਜਾਬ ਦੀਆਂ ਜ਼ਮੀਨਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ।
ਟਿਕਾਊ ਅਤੇ ਲਾਹੇਵੰਦ ਖੇਤੀ ਦਾ ਪਹਿਲਾ ਅਤੇ ਮੁੱਢਲਾ ਅਧਾਰ ਭੂਮੀ ਦੀ ਚੰਗੀ ਸਿਹਤ ਹੁੰਦੀ ਹੈ।ਇਸ ਲਈ ਭੂਮੀ ਦੀ ਸਿਹਤ-ਸੰਭਾਲ ਵੱਲ ਧਿਆਨ ਦੇਣਾ ਸਮੇਂ ਦੀ ਮੰਗ ਹੈ।ਇੱਕ ਸਮਾਂ ਸੀ ਜਦੋਂ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਕੇ ਸਿਰਫ ਦੇਸੀ ਖਾਦਾਂ ਹੀ ਵਰਤਦੇ ਸਨ।ਪ੍ਰੰਤੂ ਹਰੀ ਕ੍ਰਾਂਤੀ ਆਉਣ ਨਾਲ ਰਸਾਇਣਿਕ ਖਾਦਾਂ ਪਾਉਣ ਦੀ ਵਰਤੋਂ ਤੋਂ ਪ੍ਰਭਾਵਿਤ ਹੁੰਦੇ ਹੋਏ ਜ਼ਿਆਦਾਤਰ ਕਿਸਾਨ ਦੇਸੀ ਖਾਦਾਂ ਤੋਂ ਪਾਸਾ ਵੱਟ ਬੈਠੇ।ਪ੍ਰੰਤੂ ਕਈ ਵਾਰ ਰਸਾਇਣਿਕ ਖਾਦਾਂ ਮਹਿੰਗੀਆਂ ਹੋਣ ਕਰਕੇ ਅਤੇ ਸਮੇਂ ਸਿਰ ਉਪਲਬਧ ਨਾ ਹੋਣ ਕਰਕੇ ਕਈ ਵਾਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜ਼ਮੀਨ ਦੇ ਭੌਤਿਕ, ਰਸਾਇਣਿਕ ਅਤੇ ਜੀਵਕ ਗੁਣਾਂ ਨੂੰ ਵਧੀਆ ਰੱਖਣ ਅਤੇ ਫਸਲਾਂ ਦੀ ਚੰਗੀ ਪੈਦਾਵਾਰ ਲੈਣ ਲਈ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਰੂੜੀ ਖਾਦ ਦੀ ਉਪਲਬਧਤਾ ਵੀ ਜ਼ਿਆਦਾ ਮਾਤਰਾ ਵਿੱਚ ਨਾ ਹੋਣ ਕਰਕੇ, ਹਰੀ ਖਾਦ ਦੀ ਵਰਤੋਂ ਭੂਮੀ ਸਿਹਤ ਸੁਧਾਰ ਅਤੇ ਚੰਗਾ ਫਸਲੀ ਝਾੜ ਲੈਣ ਲਈ ਇੱਕ ਵਧੀਆ ਬਦਲ ਹੈ।
ਹਰੀ ਖਾਦ ਤੋਂ ਕੀ ਭਾਵ ਹੈ ?
ਕਿਸੇ ਵੀ ਫਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਵਾਹ ਕੇ ਦੱਬਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ। ਜ਼ਮੀਨ ਵਿੱਚ ਵਾਹੀ ਅਤੇ ਦੱਬੀ ਹੋਈ ਫਸਲ ਗਲਣ ਸੜਨ ਤੋਂ ਉਪਰੰਤ ਜ਼ਮੀਨ ਵਿੱਚ ਖੁਰਾਕੀ ਤੱਤ ਜਮਾਂ ਕਰਦੀ ਹੈ।
ਹਰੀ ਖਾਦ ਦੇ ਲਾਭ :
ਹਰੀ ਖਾਦ ਦਾ ਜੀਵਕ ਮਾਦਾ ਖੁਰਾਕੀ ਤੱਤਾਂ ਦਾ ਖਜ਼ਾਨਾ ਹੁੰਦਾ ਹੈ।ਹਰੀ ਖਾਦ ਵਾਲੀ ਫਸਲ ਦੀਆਂ ਜੜ੍ਹਾਂ ਡੂੰਘੀਆਂ ਜਾ ਕੇ ਜ਼ਮੀਨ ਹੇਠਲੀਆਂ ਤਹਿਆਂ ਤੋਂ ਜ਼ਰੂਰੀ ਖੁਰਾਕੀ ਤੱਤਾਂ ਨੂੰ ਉੁਪਰ ਲਿਆਉਣ ਵਿੱਚ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜੋ ਹਰੀ ਖਾਦ ਦੇ ਤੌਰ ਤੇ ਉਗਾਈਆਂ ਜਾਂਦੀਆਂ ਹਨ ਤਾਂ ਉਹ ਜੜ੍ਹਾਂ ਵਿੱਚ ਰਹਿਣ ਵਾਲੇ ਰਾਈਜ਼ੋਬੀਅਮ ਨਾਂ ਦੇ ਬੈਕਟੀਰੀਆ ਰਾਹੀ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੀਆਂ ਹਨ ਜੋ ਕਿ ਅਗਲੀ ਬੀਜੀ ਜਾਣ ਵਾਲੀ ਫਸਲ ਦੀ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਨਾਈਟ੍ਰੋਜਨ ਤੱਤ ਦੀ ਬੱਚਤ ਵਿੱਚ ਵੀ ਸਹਾਈ ਹੁੰਦੀਆਂ ਹਨ।ਕਲਰਾਠੀਆਂ ਜ਼ਮੀਨਾਂ ਦੇ ਸੁਧਾਰ ਵਿੱਚ ਹਰੀ ਖਾਦ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ ।ਹਰੀ ਖਾਦ ਭੂਮੀ ਵਿਚਲੇ ਸੂਖਮ ਜੀਵਾਂ ਲਈ ਖੁਰਾਕ ਅਤੇ ਊਰਜਾ ਦਾ ਸੋਮਾ ਬਣਦੀ ਹੈ, ਜਿਸ ਨਾਲ ਜ਼ਮੀਨਾਂ ਵਿੱਚ ਇਨ੍ਹਾਂ ਲਾਭਦਾਇਕ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।
ਖਾਦ ਲਈ ਫਸਲ ਦੀ ਚੋਣ:
ਫਲੀਦਾਰ ਫਸਲਾਂ ਜਿਵੇਂ ਕਿ ਜੰਤਰ, ਸਣ ਅਤੇ ਰਵਾਂਹ, ਜਿਨ੍ਹਾਂ ਦਾ ਵਾਧਾ ਛੇਤੀ ਹੁੰਦਾ ਹੈ, ਨੂੰ ਹਰੀ ਖਾਦ ਦੇ ਤੌਰ ‘ਤੇ ਬੀਜਣ ਲਈ ਤਰਜੀਹ ਦਿੱਤੀ ਜਾਂਦੀ ਹੈ। ਇਨ੍ਹਾਂ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਰਾਈਜੋਬੀਅਮ ਨਾਂ ਦਾ ਬੈਕਟੀਰੀਆ ਰਹਿੰਦਾ ਹੈ ਜੋ ਹਵਾ ਤੋਂ ਸਿੱਧੀ ਨਾਈਟ੍ਰੋਜਨ ਖਿੱਚ ਕੇ ਜ਼ਮੀਨ ਵਿੱਚ ਇਕੱਠਾ ਕਰਦਾ ਹੈ। ਛੇਤੀ ਨਾਲ ਵਧਣ ਫੁੱਲਣ ਕਰਕੇ ਇਹ ਫਸਲਾਂ ਕਿਸੇ ਵੀ ਫਸਲੀ ਚੱਕਰ ਵਿੱਚ ਆਸਾਨੀ ਨਾਲ ਬੀਜੀਆਂ ਜਾ ਸਕਦੀਆਂ ਹਨ। ਜੇਕਰ ਗਰਮੀ ਰੁੱਤ ਦੀ ਮੂੰਗੀ ਬੀਜਣੀ ਹੋਵੇ ਤਾਂ ਫਲੀਆਂ ਤੋੜਨ ਪਿੱਛੋਂ,ਉਸਨੂੰ ਖੇਤ ਵਿੱਚ ਵਾਹ ਕੇ ਮਿਲਾ ਕੇ ਵੀ ਹਰੀ ਖਾਦ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਸਮਾਂ:
ਹਾੜ੍ਹੀ ਦੀ ਫਸਲ ਵੱਢਣ ਤੋਂ ਬਾਅਦ ਅਤੇ ਝੋਨਾ/ਮੱਕੀ ਦੀ ਫਸਲ ਬੀਜਣ ਤੋਂ ਪਹਿਲਾਂ ਤਕਰੀਬਨ ਦੋ ਮਹੀਨੇ ਦਾ ਸਮਾਂ ਹੁੰਦਾ ਹੈ। ਇਹ ਸਮਾਂ (ਅਪ੍ਰੈਲ-ਮਈ) ਹਰੀ ਖਾਦ ਦੀ ਬਿਜਾਈ ਲਈ ਸਭ ਤੋਂ ਢੁੱਕਵਾਂ ਹੈ।
ਬੀਜ ਦੀ ਮਾਤਰਾ:
ਜੰਤਰ(ਢੈਂਚਾ) ਅਤੇ ਸਣ ਲਈ 20 ਕਿਲੋ ਬੀਜ ਪ੍ਰਤੀ ਏਕੜ ਅਤੇ ਰਵਾਂਹ ਲਈ 12 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।ਢੈਂਚੇ ਅਤੇ ਸਣ ਦਾ ਬੀਜ ਬਿਜਾਈ ਤੋਂ 8-10 ਘੰਟੇ ਪਹਿਲਾਂ ਭਿਉਂ ਲਿਆ ਜਾਵੇ ਤਾਂ ਬੀਜ ਚੰਗਾ ਜੰਮ ਪੈਂਦਾ ਹੈ।
ਖਾਦਾਂ ਦੀ ਮਾਤਰਾ:
ਹਰੀ ਖਾਦ ਦੇ ਤੌਰ ਤੇ ਬੀਜੀ ਜਾਣ ਵਾਲੀ ਫ਼ਲੀਦਾਰ ਫ਼ਸਲ ਨੂੰ ਨਾਈਟ੍ਰੋਜਨ ਤੱਤ ਵਾਲੀ ਖਾਦ ਦੀ ਲੋੜ ਨਹੀਂ ਹੁੰਦੀ। ਜੇਕਰ ਸਾਉਣੀ ਦੀ ਫਸਲ ਨੂੰ ਫਾਸਫੋਰਸ ਖਾਦ ਪਾਉਣੀ ਹੋਵੇ ਤਾਂ ਇਹ ਖਾਦ ਹਰੀ ਖਾਦ ਵਾਲੀ ਫ਼ਸਲ ਦੀ ਬਿਜਾਈ ਵੇਲੇ ਹੀ ਪਾ ਦਿਓ।ਇਸ ਨਾਲ ਫਸਲ ਵੀ ਵਧੀਆ ਹੋਵੇਗੀ ਅਤੇ ਫ਼ਸਲ ਦੀ ਨਾਈਟ੍ਰੋਜਨ ਜਮ੍ਹਾਂ ਕਰਨ ਦੀ ਸਮਰੱਥਾ ਵੀ ਵਧੇਗੀ।ਜੇਕਰ ਦਰਮਿਆਨੀ ਫਾਸਫੋਰਸ ਤੱਤ ਵਾਲੀ ਜ਼ਮੀਨ ਵਿੱਚ ਕਣਕ ਦੀ ਫਸਲ ਨੂੰ ਸਿਫਾਰਸ਼ ਕੀਤੀ ਫਾਸਫੋਰਸ ਖਾਦ ਪਾਈ ਹੋਵੇ ਤਾਂ ਇਸ ੳੇੁਪਰੰਤ ਹਰੀ ਖਾਦ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ ।
ਹਰੀ ਖਾਦ ਦੱਬਣ ਦਾ ਸਮਾਂ:
6-8 ਹਫਤਿਆਂ ਦੀ ਹਰੀ ਖਾਦ ਦੀ ਫਸਲ ਖੇਤ ਵਿੱਚ ਦਬਾਈ ਜਾ ਸਕਦੀ ਹੈ।ਝੋਨਾ ਲਗਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਨੂੰ ਖੇਤ ਵਿੱਚ ਦਬਾ ਦਿਓ ਅਤੇ ਕੱਦੂ ਕਰਕੇ ਝੋਨਾ ਲਗਾ ਦਿਓ।ਪ੍ਰੰਤੂ ਜੇਕਰ ਮੱਕੀ ਬੀਜਣੀ ਹੋਵੇ ਤਾਂ ਬਿਜਾਈ ਤੋਂ 10-15 ਦਿਨ ਪਹਿਲਾਂ ਹਰੀ ਖਾਦ ਦੱਬ ਦਿਓ।ਹਰੀ ਖਾਦ ਦੱਬਣ ਲਈ ਡਿਸਕ ਹੈਰੋ ਜਾਂ ਰੋਟਾਵੇਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਾਈਟੋ੍ਰੌਜਨ ਖਾਦ ਦੀ ਬੱਚਤ:
ਹਰੀ ਖਾਦ ਕਰਨ ਦੇ ਨਾਲ 50% ਨਾਈਟ੍ਰੋਜਨ ਤੱਤ ਦੀ ਬੱਚਤ ਹੋ ਜਾਂਦੀ ਹੈ।ਜਿਨ੍ਹਾਂ ਖੇਤਾਂ ਵਿੱਚ ਹਰੀ ਖਾਦ ਕੀਤੀ ਹੋਵੇ, ਉਨ੍ਹਾਂ ਖੇਤਾਂ ਵਿੱਚ 55 ਕਿਲੋ ਯੂਰੀਆ(25 ਕਿਲੋ ਨਾਈਟ੍ਰੋਜਨ ਤੱਤ) ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈੈ।ਜੇਕਰ ਹਰੀ ਖਾਦ ਕਰਨ ਉਪਰੰਤ ਬਾਸਮਤੀ ਲਾਉਣੀ ਹੋਵੇ ਤਾਂ ਬਾਸਮਤੀ ਦੀ ਫਸਲ ਬਿਨਾਂ ਨਾਈਟ੍ਰੋਜਨ ਖਾਦ ਪਾਏ ਲਈ ਜਾ ਸਕਦੀ ਹੈ।ਹਰੀ ਖਾਦ ਨਾਈਟ੍ਰੋਜਨ ਖਾਦ ਦੀ ਬੱਚਤ ਤੋਂ ਇਲਾਵਾ ਜ਼ਮੀਨ ਵਿੱਚ ਦੂਸਰੇ ਹੋਰ ਤੱਤਾਂ ਦੀ ਉਪਲਬਧਤਾ ਵੀ ਵਧਾਉਂਦੀ ਹੈ।ਜਿਵੇਂ ਕਿ ਹਲਕੀਆਂ ਜ਼ਮੀਨਾਂ, ਜਿੱਥੇ ਲੋਹੇ ਦੀ ਘਾਟ ਆਉਂਦੀ ਹੈ, ਵਿੱਚ ਹਰੀ ਖਾਦ ਦਬਾ ਕੇ ਝੋਨੇ ਵਿੱਚ ਲੋਹੇ ਦੀ ਘਾਟ ਤੇ ਕਾਬੂ ਪਾਇਆ ਜਾ ਸਕਦਾ ਹੈ।ਜੇਕਰ ਹਰੀ ਖਾਦ ਸੱਠੀ ਮੂੰਗੀ ਦੇ ਟਾਂਗਰ ਨਾਲ ਕੀਤੀ ਹੋਵੇ ਤਾਂ ਇੱਕ ਚੌਥਾਈ ਹਿੱਸਾ (25%) ਨਾਈਟ੍ਰੋਜਨ ਤੱਤ ਦੀ ਬੱਚਤ ਹੁੰਦੀ ਹੈ।ਕਿ੍ਰਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਲੋਂ ਹਰੀ ਖਾਦ ਦੇ ਫਾਇਦਿਆਂ ਨੂੰ ਖੇਤ ਪ੍ਰਦਰਸ਼ਨੀਆਂ ਰਾਹੀਂ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖੇਤਾਂ ਤੇ ਦਰਸਾਇਆ ਗਿਆ। ਇਨ੍ਹਾਂ ਪ੍ਰਦਰਸ਼ਨੀਆਂ ਅਧੀਨ ਖੇਤਾਂ ਵਿੱਚ ਝੋਨਾ ਅਤੇ ਬਾਸਮਤੀ ਲਾਉਣ ਤੋਂ ਪਹਿਲਾਂ ਸਣ (ਪੀ ਏ ਯੂ 1691) ਹਰੀ ਖਾਦ ਦੇ ਤੌਰ ਤੇ ਦਬਾਈ ਗਈ ਜਿਸ ਦੇ ਨਤੀਜੇ ਹੇਠ ਅਨੁਸਾਰ ਸਾਰਣੀ 1 ਅਤੇ ਸਾਰਣੀ 2 ਵਿੱੱਚ ਦਿੱਤੇ ਗਏ ਹਨ: ਸਾਰਣੀ 1 : ਹਰੀ ਖਾਦ ਦਾ ਝੋਨੇ ( ਪੀ ਆਰ 121) ਦੇ ਝਾੜ ‘ਤੇ ਅਸਰ ਸਾਲ ਪ੍ਰਦਰਸ਼ਨੀਆਂ ਦੀ ਗਿਣਤੀ ਔਸਤਨ ਝਾੜ (ਕੁਇੰਟਲ ਪ੍ਰਤੀ ਏਕੜ) ਝਾੜ ਵਿੱਚ ਵਾਧਾ (ਪ੍ਰਤੀਸ਼ਤ) ਪ੍ਰਦਰਸ਼ਨੀ ਕਿਸਾਨ ਵਿਧੀ (ਬਿਨਾਂ ਹਰੀ ਖਾਦ ) 2017 5 29.7 28.1 5.92 2018 5 30.0 28.4 5.56 2019 10 29.1 27.4 6.19 ਔਸਤ 29.6 28.0 5.89
ਸਾਰਣੀ 2 :
ਹਰੀ ਖਾਦ ਦਾ ਬਾਸਮਤੀੇ ( ਪੂਸਾ ਬਾਸਮਤੀ 1121) ਦੇ ਝਾੜ ‘ਤੇ ਅਸਰ ਸਾਲ ਪ੍ਰਦਰਸ਼ਨੀਆਂ ਦੀ ਗਿਣਤੀ ਔਸਤਨ ਝਾੜ (ਕੁਇੰਟਲ ਪ੍ਰਤੀ ਏਕੜ) ਝਾੜ ਵਿੱਚ ਵਾਧਾ (ਪ੍ਰਤੀਸ਼ਤ) ਪ੍ਰਦਰਸ਼ਨੀ ਕਿਸਾਨ ਵਿਧੀ (ਬਿਨਾਂ ਹਰੀ ਖਾਦ ) 2017 5 19.2 17.9 7.25 2018 5 18.3 17.1 7.26 2019 10 14.9 14.0 6.57 ਔਸਤ 17.5 16.3 7.06
ਨਤੀਜੇ ਵਜੋਂ ਝੋਨੇ ਅਤੇ ਬਾਸਮਤੀ ਲਾਉਣ ਤੋਂ ਪਹਿਲ਼ਾਂ ਹਰੀ ਖਾਦ ਕਰਨ ਨਾਲ ਝੋਨੇ ਅਤੇ ਬਾਸਮਤੀ ਦੇ ਔਸਤਨ ਝਾੜ ਵਿੱਚ, ਬਿਨਾਂ ਹਰੀ ਖਾਦ ਦਬਾਏ ਦੇ ਮੁਕਾਬਲਨ, 5.89% ਅਤੇ 7.06% ਦਾ ਵਾਧਾ ਦੇਖਿਆ ਗਿਆ।ਭਾਵੇਂ ਸਾਲ 2019 ਵਿੱਚ ਬਾਸਮਤੀ ਦੇ ਨਿਸਾਰੇ ਸਮੇਂ ਤੇਜ਼ ਹਵਾ ਚੱਲਣ ਨਾਲ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਬਾਸਮਤੀ ਦਾ ਝਾੜ ਘੱਟ ਰਿਹਾ ਪ੍ਰੰਤੂ ਪ੍ਰਦਰਸ਼ਨੀ ਪਲਾਟਾਂ ਵਿੱੱਚ ਫਿਰ ਵੀ ਕਿਸਾਨ ਵਿਧੀ ਨਾਲੋਂ 6.57% ਔਸਤਨ ਝਾੜ ਦਾ ਇਜਾਫ਼ਾ ਪਾਇਆ ਗਿਆ।ਹਰੀ ਖਾਦ ਦੀ ਵਰਤੋਂ ਭੂਮੀ ਦੀ ਚੰਗੀ ਸਿਹਤ ਅਤੇ ਚੰਗੇ ਫ਼ਸਲ ਉਤਪਾਦਨ ਲਈ ਬਹੁਤ ਵਧੀਆ ਅਤੇ ਢੁਕਵਾਂ ਉਪਰਾਲਾ ਹੈ।ਇਸ ਲਈ ਕਿਸਾਨ ਭਰਾਵਾਂ ਨੂੰ ਆਪਣੇ ਖੇਤਾਂ ਵਿੱਚ ਹਰੀ ਖਾਦ ਜ਼ਰੂਰ ਉਗਾ ਕੇ ਦੱੱਬਣੀ ਚਾਹੀਦੀ ਹੈ।
-ਸਤਵਿੰਦਰਜੀਤ ਕੌਰ, ਰਵਿੰਦਰ ਸਿੰਘ ਛੀਨਾ ਅਤੇ ਸਰਬਜੀਤ ਸਿੰਘ ਔਲਖ
ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ
Summary in English: Be sure to grow green manure for soil health management and higher yields