Paddy Pest and Diseases: ਸਾਉਣੀ ਰੁੱਤ ਵਿੱਚ ਝੋਨੇ ਅਤੇ ਬਾਸਮਤੀ ਦਾ ਮਹੱਤਵਪੂਰਨ ਸਥਾਨ ਹੈ। ਇਨ੍ਹਾਂ ਫਸਲਾਂ ਦੀ ਪੈਦਾਵਾਰ ਘਟਾਉਣ ਵਾਲੇ ਅਨੇਕਾਂ ਕਾਰਣਾਂ ਵਿੱਚੋਂ ਕੀੜੇ-ਮਕੌੜਿਆਂ ਦੁਆਰਾ ਹੋਣ ਵਾਲਾ ਨੁਕਸਾਨ ਮਹੱਤਵਪੂਰਨ ਹੈ। ਅੱਜ-ਕੱਲ੍ਹ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਹਮਲਾ ਕਿਤੇ ਕਿਤੇ ਖੇਤਾਂ ਵਿੱਚ ਵੇਖਣ ਨੂੰ ਮਿਲਿਆ ਹੈ। ਕਿਸਾਨ ਵੀਰ ਇਨ੍ਹਾਂ ਕੀੜਿਆਂ ਲਈ ਸਮੇਂ ਸਿਰ ਆਪਣੇ ਖੇਤਾਂ ਦਾ ਸਰਵੇਖਣ ਕਰਨ ਅਤੇ ਹਮਲਾ ਹੋਣ ਦੀ ਸੂਰਤ ਵਿੱਚ ਪੀ.ਏ.ਯੂ. ਵਲੋਂ ਸਿਫਾਰਸ਼ ਹੇਠ ਦਿੱਤੇ ਬਹੁਪੱਖੀ ਰੋਕਥਾਮ ਦੇ ਤਰੀਕੇ ਅਮਲ 'ਚ ਲਿਆਓਣ:
1. ਤਣੇ ਦੇ ਗੜੂੰਏਂ :
ਇਨ੍ਹਾਂ ਨੂੰ ਗੋਭ ਦੀਆਂ ਸੁੰਡੀਆਂ ਵੀ ਆਖਦੇ ਹਨ ਅਤੇ ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀ, ਚਿੱਟੀ ਅਤੇ ਗੁਲਾਬੀ ਸੁੰਡੀਆਂ, ਫ਼ਸਲ ਦਾ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ ਜਦੋਂ ਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮੇਂ ਅਤੇ ਬਾਅਦ ਵਿੱਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਪੀਲੀਆਂ ਸੁੰਡੀਆਂ ਦੇ ਪਤੰਗਿਆਂ ਦੇ ਅਗਲੇ ਖੰਭ ਪੀਲੇ ਹੁੰਦੇ ਹਨ ਅਤੇ ਇਨ੍ਹਾਂ ਉੱਤੇ ਇੱਕ ਕਾਲਾ ਨਿਸ਼ਾਨ ਵੀ ਹੁੰਦਾ ਹੈ। ਸਰੀਰ ਦੇ ਆਖਰੀ ਭਾਗਾਂ ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ (ਪੂਛ ਜਿਹੀ ਦੀ ਸ਼ਕਲ 'ਚ) ਹੁੰਦੇ ਹਨ। ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਅਤੇ ਚਮਕੀਲੇ ਹੁੰਦੇ ਹਨ। ਪਰ ਗੁਲਾਬੀ ਸੁੰਡੀਆਂ ਦੇ ਪਤੰਗਿਆਂ ਦਾ ਰੰਗ ਭੂਰਾ ਹੁੰਦਾ ਹੈ।
ਸੁੰਡੀ ਤਣੇ ਅੰਦਰ ਦਾਖਲ ਹੋ ਕੇ ਇਸਦੀ ਗੋਭ ਨੂੰ ਹੇਠੋਂ ਕੱਟ ਦਿੰਦੀ ਹੈ। ਜਿਸ ਦੇ ਨਾਲ ਬੂਟਿਆਂ ਦੀਆਂ ਗੋਭਾ ਸੁੱਕ ਜਾਂਦੀਆ ਹਨ। ਇੰਨਾਂ ਸੁੱਕੀਆ ਗੋਭਾਂ ਨੂੰ ਅੰਗਰੇਜ਼ੀ ਵਿੱਚ 'ਡੈਡ ਹਰਟਸ' ਆਖਦੇ ਹਨ। ਜੇਕਰ ਸੁੰਡੀਆਂ ਦਾ ਹਮਲਾ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਦਾਣਿਆਂ ਤੋਂ ਸਖ਼ਣੀਆਂ 'ਚਿੱਟੀਆਂ ਮੁੰਜਰਾਂ' ਖੇਤ ਵਿੱਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ। ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ।
ਰੋਕਥਾਮ:
ਇਹ ਗੜੂੰਏਂ ਆਮ ਤੌਰ ਤੇ ਆਪਣੇ ਆਂਡੇ ਪੱਤਿਆਂ ਦੇ ਸਿਰਿਆ ਉੱਤੇ ਦਿੰਦੇ ਹਨ। ਇਸ ਲਈ ਪਨੀਰੀ ਨੂੰ ਖੇਤਾਂ ਵਿਚ ਲਾਉਣ ਸਮੇਂ ਪੌਦੇ ਦੇ ਪੱਤਿਆ ਦੇ ਸਿਰਿਆਂ ਨੂੰ ਕੱਟ ਦਿਓ ਤਾਂ ਕਿ ਅੰਡਿਆਂ ਦਾ ਨਾਸ਼ ਹੋ ਜਾਵੇ ਅਤੇ ਗੜੂੰਏਂ ਦੀ ਗਿਣਤੀ ਖੜੀ ਫਸਲ ਤੇ ਘੱਟ ਜਾਵੇ। ਖੇਤ ਵਿੱਚ ਖੜ੍ਹੀ ਫ਼ਸਲ ਦਾ ਇਨ੍ਹਾਂ ਸੁੰਡੀਆਂ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਗੈਰ-ਬਾਸਮਤੀ ਝੋਨੇ ਵਿੱਚ 5 ਫ਼ੀਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਅਤੇ ਬਾਸਮਤੀ ਝੋਨੇ ਵਿੱਚ 2 ਫ਼ੀਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਹੇਠਾ ਦਿੱਤੇ ਅਨੁਸਾਰ ਕਰੋ।
ਇਹ ਵੀ ਪੜ੍ਹੋ : ਮੂੰਗਫਲੀ ਦੀ ਖੇਤੀ ਕਰੇਗੀ ਮਾਲੋਮਾਲ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
2. ਪੱਤਾ ਲਪੇਟ ਸੁੰਡੀ:
ਇਸ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ। ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ।ਖੇਤ ਵਿੱਚ ਚੱਲਣ ਨਾਲ ਬੂਟੇ ਹਿੱਲਣ ਤੇ ਇਹ ਪਤੰਗੇ ਤੇਜ਼ੀ ਨਾਲ ਉੱਡ-ਉੱਡ ਕੇ ਲਾਗਲੇ ਬੂਟਿਆਂ ਤੇ ਬੈਠਦੇ ਰਹਿੰਦੇ ਹਨ। ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰਕੇ ਅੰਡੇ ਦਿੰਦੇ ਹਨ।
ਇਨ੍ਹਾਂ ਚੋਂ ਨਿੱਕਲੀਆਂ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆਂ ਹਨ ਪਰ ਵੱਡੀਆਂ ਹੋਣ ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁਖ਼ ਲਪੇਟ ਲੈਦੀਆਂ ਹਨ ਅਤੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੇ ਬੂਟਿਆਂ ਦੇ ਪੱਤਿਆਂ ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਉਹ ਜਾਲੀਦਾਰ ਲੱਗਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ : ਆਲੂ ਦੀ ਫ਼ਸਲ `ਚ Early Blight ਰੋਗ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
ਰੋਕਥਾਮ:
ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਅਤੇ ਫਿਰ ਉਨ੍ਹੀ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ।
ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ। ਖੇਤ ਵਿੱਚ ਖੜ੍ਹੀ ਫ਼ਸਲ ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਫ਼ੀਸਦੀ ਜਾਂ ਇਸ ਤੋਂ ਵੱਧ ਹੋਵੇ ਤਾਂ ਸਾਰਣੀ ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਕੇ ਐੱਸ ਸੂਰੀ ਅਤੇ ਰੂਬਲਜੋਤ ਕੂੰਨਰ, ਕੀਟ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Beware of paddy pest and diseases