1. Home
  2. ਖੇਤੀ ਬਾੜੀ

ਕਿੰਨੂ ਝੜਨ ਦੇ ਕਾਰਨ ਤੇ ਰੋਕਥਾਮ

ਪੰਜਾਬ ਵਿਚ ਫਲਾਂ ਹੇਠ 90.4 ਹਜ਼ਾਰ ਹੈਕਟੇਅਰ ਰਕਬਾ ਹੈ, ਜਿਸ ਵਿੱਚੋਂ 55 ਹਜ਼ਾਰ ਹੈਕਟੇਅਰ ਰਕਬਾ ਕਿੰਨੂ ਹੇਠ ਆਉਂਦਾ ਹੈ।

KJ Staff
KJ Staff
Kinnu

Kinnu

ਪੰਜਾਬ ਵਿਚ ਫਲਾਂ ਹੇਠ 90.4 ਹਜ਼ਾਰ ਹੈਕਟੇਅਰ ਰਕਬਾ ਹੈ, ਜਿਸ ਵਿੱਚੋਂ 55 ਹਜ਼ਾਰ ਹੈਕਟੇਅਰ ਰਕਬਾ ਕਿੰਨੂ ਹੇਠ ਆਉਂਦਾ ਹੈ। 

ਇਹ ਰਕਬਾ ਦਿਨੋ-ਦਿਨ ਵਧ ਹੀ ਰਿਹਾ ਹੈ, ਜਿਸ ਦਾ ਕਾਰਨ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਵਧੀਆ ਕਿਸਮਾਂ, ਪੈਦਾਵਾਰ ਤਕਨੀਕਾਂ, ਵਧੀਆ ਪੌਣ-ਪਾਣੀ, ਮਿਹਨਤੀ ਕਾਸ਼ਤਕਾਰ ਅਤੇ ਪਸਾਰ ਵਿਚ ਲੱਗੇ ਬਾਗ਼ਬਾਨੀ ਦੇ ਮਾਹਿਰ।

ਅਜੋਕੇ ਸਮੇਂ ’ਚ ਕਿੰਨੂ ਪੰਜਾਬ ਰਾਜ ਵਿਚ ਰਕਬੇ ਅਤੇ ਪੈਦਾਵਾਰ ਅਨੁਸਾਰ ਮੋਹਰੀ ਫਲ ਬਣ ਕੇ ਸਾਹਮਣੇ ਆਇਆ ਹੈ ਪਰ ਇਸ ਦੀ ਕਾਸ਼ਤ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਵਿੱਚੋਂ ਸਭ ਤੋਂ ਜ਼ਿਆਦਾ ਗੰਭੀਰ ਸਮੱਸਿਆ ਹੈ ਫਲ ਦੇ ਝੜਨ ਦੀ। ਕਾਸ਼ਤਕਾਰਾਂ ਦੀ ਕੀਤੀ ਮਿਹਨਤ ਉਸ ਸਮੇਂ ਅਜਾਈਂ ਚਲੀ ਜਾਂਦੀ ਹੈ ਜਦੋਂ ਫਲ ਤੋੜਨ ਤੋਂ ਪਹਿਲਾਂ ਹੀ ਡਿੱਗ ਜਾਂਦੇ ਨੇ ਜਾਂ ਕਹਿ ਲਓ ਕਿ ਕਿਰ ਜਾਂਦੇ ਨੇੇ। ਇਸ ਲੇਖ ਵਿਚ ਕਿੰਨੂ ਦੇ ਝੜਨ ਦੇ ਕਾਰਨਾਂ ਤੇ ਸਮੱਸਿਆ ਦੇ ਹੱਲ ਬਾਰੇ ਗੱਲ ਕੀਤੀ ਗਈ ਹੈ।

ਫਲ ਝੜਨ ਦੇ ਕਾਰਨ

ਫਲ ਝੜਨ ਦੇ ਕਾਰਣਾਂ ਨੂੰ ਤਿੰਨ ਤਰ੍ਹਾਂ ਦੀ ਡਰਾਪ ਵਿਚ ਵੰਡਿਆ ਗਿਆ ਹੈ :

ਪੈਥਾਲੋਜੀਕਲ ਡਰਾਪ (ਬਿਮਾਰੀ ਕਾਰਨ ਡਿੱਗਣਾ) : ਕਿੰਨੂ ਦਾ ਇਹ ਝੜਨਾ ਕਈ ਉੱਲੀਆਂ ਦੇ ਹਮਲੇ ਕਰਕੇ ਹੋ ਸਕਦਾ ਹੈ। ਅਸਲ ਵਿਚ ਇਸ ਬਿਮਾਰੀ ਦੀ ਸ਼ੁਰੂਆਤ ਫਰਵਰੀ- ਮਾਰਚ ਦੇ ਮਹੀਨੇ ਆ ਰਹੇ ਨਵੇਂ ਫੁਟਾਰੇ ਅਤੇ ਫੁੱਲ ਆਉਣ ਦੇ ਨਾਲ ਹੀ ਹੋ ਜਾਂਦੀ ਹੈ ਪਰ ਬਾਅਦ ਵਿਚ ਅਪ੍ਰੈਲ- ਜੂਨ ਦੀ ਗਰਮੀ ਕਾਰਨ ਇਸ ਬਿਮਾਰੀ ਦਾ ਵਾਧਾ ਰੁਕ ਜਾਂਦਾ ਹੈ ਅਤੇ ਜਿਉਂ ਹੀ ਮਾਨਸੂਨ ਦਾ ਮੀਂਹ ਸ਼ੁਰੂ ਹੰੁਦਾ ਹੈ, ਇਹ ਬਿਮਾਰੀ ਫਿਰ ਤੋਂ ਅੱਗੇ ਵਧਣ ਲੱਗਦੀ ਹੈ। ਇਸ ਵਿਚ ਫਲ ਦੋ ਤਰ੍ਹਾਂ ਨਾਲ ਝੜਦੇ ਹਨ, ਫਲ ਦੀ ਡੰਡੀ ਦੇ ਪਾਸੇ ਵਾਲਾ ਗਾਲਾ ਅਤੇ ਫਲ ਦੀ ਧੁੰਨੀ ਦੇ ਪਾਸੇ ਵਾਲਾ ਗਾਲਾ।

Kinnu

ਫਲ ਦੀ ਡੰਡੀ ਦੇ ਪਾਸੇ ਵਾਲੇ ਗਾਲੇ ਵਿਚ ਫਲ ਦੀ ਡੰਡੀ ਦੁਆਲੇ ਗੋਲਾਕਾਰ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜੋ ਕਿ ਬਾਅਦ ਵਿਚ ਵਧ ਕੇ ਸਿੱਕੇ ਵਾਲੇ ਰੁਪਏ ਦੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਇਹ ਗਾਲਾ ਫਲ ਦੀ ਡੰਡੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਫਲ ਦੀ ਧੁੰਨੀ ਤਕ ਪਹੁੰਚ ਕੇ ਸਾਰੇ ਦੇ ਸਾਰੇ ਫਲ ਦੇ ਹਿੱਸੇ ਨੂੰ ਢਕ ਲੈਂਦਾ ਹੈ। ਫਲ ਦੀ ਧੁੰਨੀ ਦੇ ਪਾਸੇ ਵਾਲੇ ਗਾਲੇ ਵਿਚ ਫਲ ਦਾ ਗਲਣਾ ਫਲ ਦੀ ਧੁੰਨੀ ਵੱਲੋਂ ਸ਼ੁਰੂ ਹੋ ਕੇ ਉੱਪਰ ਵੱਲ ਨੂੰ ਵਧਦਾ ਹੈ। ਬਿਮਾਰੀ ਵਾਲੀ ਕੇਰ ਵਿਚ ਗਲੇ ਹੋਏ ਫਲ ਜਾਂ ਤਾਂ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਬੂਟੇ ’ਤੇ ਹੀ ਲਮਕਦੇ ਰਹਿੰਦੇ ਹਨ। ਬਿਮਾਰੀ ਕਾਰਨ ਫਲ ਵਾਲੀ ਡੰਡੀ ਸੁੱਕ ਜਾਂਦੀ ਹੈ ਅਤੇ ਇਸ ਉੱਤੇ ਚਮਕੀਲੇ ਮਾਸਖੋਰੇ ਰੰਗ ਦੀ ਉੱਲੀ ਦੇ ਕਣ ਨਜ਼ਰ ਆਉਣ ਲੱਗ ਪੈਂਦੇ ਹਨ, ਜੋ ਕਿ ਅੱਗੇ ਜਾ ਕੇ ਬਿਮਾਰੀ ਦੇ ਫੈਲਣ ਦਾ ਕਾਰਨ ਵੀ ਬਣਦੇ ਹਨ।

ਫਿਜ਼ਿਆਲੋਜੀਕਲ ਡਰਾਪ (ਅੰਦਰੂਨੀ ਕਾਰਨਾਂ ਕਰਕੇ ਫਲ ਦਾ ਡਿੱਗਣਾ) : ਇਸ ਦਾ ਕਾਰਨ ਖਾਦ ਪ੍ਰਬੰਧ ਸਹੀ ਨਾ ਹੋਣਾ, ਤਾਪਮਾਨ ਅਤੇ ਨਮੀ ਵਿਚ ਹੋਈ ਇਕਦਮ ਤਬਦੀਲੀ, ਪਾਣੀ ਜਾਂ ਸਿੰਚਾਈ ਦਾ ਪ੍ਰਬੰਧ ਸਹੀ ਨਾ ਹੋਣਾ, ਲੰਮੇ ਸਮੇਂ ਲਈ ਪਿਆ ਕੋਰਾ, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਜਾਂ ਜ਼ਿੰਕ ਦੀ ਕਮੀ ਅਤੇ ਹਾਰਮੋਨ ਦੀ ਕਮੀ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਡਿੱਗੇ ਫਲ ਦਾ ਰੰਗ ਹਰਾ ਹੰੁਦਾ ਹੈ ਪਰ ਡੰਡੀ ਵਾਲੇ ਪਾਸੇ ਤੋਂ ਫਲ ਪੀਲੇ ਸੰਤਰੀ ਰੰਗ ਦੇ ਹੰੁਦੇ ਹਨ।

ਐਂਟੋਮੋਲੋਜੀਕਲ ਡਰਾਪ (ਕੀੜਿਆਂ ਦੇ ਹਮਲੇ ਕਰਕੇ ਫਲ ਦਾ ਡਿੱਗਣਾ) : ਕਿੰਨੂ ਉੱਤੇ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ, ਜਿਹੜੇ ਕਿ ਸਿੱਧੇ ਜਾਂ ਅਸਿੱਧੇ ਤੌਰ ’ਤੇ ਫਲ ਦੇ ਝੜਨ ਦਾ ਕਾਰਨ ਬਣਦੇ ਹਨ ਜਿਵੇਂ ਕਿ ਫਲ ਦੀ ਮੱਖੀ ਅਤੇ ਫਲ ਦਾ ਰਸ ਚੂਸਣ ਵਾਲੇ ਪਤੰਗੇ ਦਾ ਹਮਲਾ।

ਫਲ ਦੀ ਮੱਖੀ ਰੰਗ ਬਦਲ ਰਹੇ ਕਿੰਨੂ ਉੱਤੇ ਆਪਣੀ ਆਂਡਾ ਦੇਣ ਵਾਲੀ ਸੂਈ ਵਰਗੇ ਤਿੱਖੇ ਭਾਗ ਨਾਲ ਫਲ ਦੀ ਉੱਪਰਲੀ ਤਹਿ ਦੇ ਹੇਠਾਂ ਆਂਡੇ ਦਿੰਦੀ ਹੈ। ਇਨ੍ਹਾਂ ਆਂਡਿਆਂ ਵਿੱਚੋਂ ਚਿੱਟੇ ਪੀਲੇ ਰੰਗ ਦੀਆਂ ਸੁੰਡੀਆਂ ਨਿਕਲ ਕੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਬਾਅਦ ਵਿਚ ਇਨ੍ਹਾਂ ਫਲਾਂ ਉੱਪਰ ਕਈ ਤਰ੍ਹਾਂ ਦੇ ਜੀਵਾਣੂ ਅਤੇ ਉੱਲੀਆਂ ਦਾ ਹਮਲਾ ਹੋ ਜਾਂਦਾ ਹੈ, ਜਿਸ ਕਾਰਨ ਫਲ ਗਲ ਕੇ ਧਰਤੀ ’ਤੇ ਡਿੱਗ ਜਾਂਦੇ ਹਨ।

ਫਲ ਦਾ ਰਸ ਚੂਸਣ ਵਾਲਾ ਪਤੰਗਾ ਪੰਜਾਬ ਦੇ ਨੀਮ ਪਹਾੜੀ ਖੇਤਰਾਂ ’ਚ ਕਿੰਨੂ ਦਾ ਜ਼ਿਆਦਾ ਨੁਕਸਾਨ ਕਰਦਾ ਹੈ। ਇਹ ਪਤੰਗਾ ਆਲੇ- ਦੁਆਲੇ ਉੱਗ ਰਹੇ ਨਦੀਨਾਂ ਉੱਪਰ ਰਹਿੰਦਾ ਹੈ, ਜੋ ਕਿ ਸ਼ਾਮ ਅਤੇ ਸਵੇਰ ਨੂੰ ਪੱਕ ਰਹੇ ਫਲਾਂ ਵਿਚ ਆਪਣਾ ਮੂੰਹ ਖੋਭ ਕੇ ਮੋਰੀ ਕਰ ਦਿੰਦਾ ਹੈ। ਇਸ ਮੋਰੀ ਨੂੰ ਦਬਾਉਣ ’ਤੇ ਗਲੇ ਹੋਏ ਜੂਸ ਦਾ ਫੁਹਾਰਾ ਜਿਹਾ ਨਿਕਲਦਾ ਹੈ।

ਕਿੰਨੀ ਵਾਰ ਝੜਦਾ ਹੈ ਫਲ

ਫਲ ਆਮ ਕਰ ਕੇ ਤਿੰਨ ਵਾਰ ਝੜਦਾ ਹੈ। ਪਹਿਲੀ ਵਾਰ ਫਲ ਦਾ ਝੜਨਾ ਫੁੱਲ ਲੱਗਣ ਤੋਂ ਬਾਅਦ ਹੰੁਦਾ ਹੈ। ਆਮ ਤੌਰ ’ਤੇ ਇਕ ਬੂਟੇ ਉੱਤੇ ਬਹੁਤ ਜ਼ਿਆਦਾ ਮਾਤਰਾ ਵਿਚ ਫੁੱਲ ਲਗਦੇ ਹਨ , ਜਿਹੜੇ ਕਿ ਸਾਰੇ ਦੇ ਸਾਰੇ ਪੱਕਣ ਤਕ ਨਹੀਂ ਜਾ ਸਕਦੇ। ਇਸ ਵੇਲੇ ਫਲ ਦੇ ਝੜਨ ਦਾ ਕਾਰਨ ਮਾੜੇੇ ਫੁੱਲ, ਪਰਾਗਣ ਸਹੀ ਨਾ ਹੋਣਾ ਜਾਂ ਫਿਰ ਕਿਸੇ ਕੀੜੇ ਦਾ ਹਮਲਾ ਵੀ ਹੋ ਸਕਦਾ ਹੈ। ਦੂਜੀ ਵਾਰ ਫਲ ਦੀ ਕੇਰ ਪਹਿਲੀ ਕੇਰ ਦੇ ਕੁਝ ਹਫਤਿਆਂ ਪਿੱਛੋਂ ਗਰਮੀਆਂ ਦੀ ਸ਼ੁਰੂਆਤ ਵਿਚ ਹੁੰਦਾ ਹੈ। ਇਸ ਵਿਚ ਬੂਟਾ ਮਟਰ ਦੇ ਆਕਾਰ ਦਾ ਫਲ (3-5 ਸੈਂਟੀਮੀਟਰ ਘੇਰਾ) ਝਾੜ ਕੇ ਆਪਣੀ ਸਮਰੱਥਾ ਨਾਲੋਂ ਵੱਧ ਚੁੱਕਿਆ ਹੋਇਆ ਬੋਝ ਹਲਕਾ ਕਰਦਾ ਹੈ। ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਦੇ ਫਲ ਝੜਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਸ ਨੂੰ ਕੁਦਰਤੀ ਫਲ ਦਾ ਡਿੱਗਣਾ ਵੀ ਕਿਹਾ ਜਾਂਦਾ ਹੈ , ਜਿਸ ਦਾ ਕਾਰਨ ਗਰਮ ਅਤੇ ਖੁਸ਼ਕ ਮੌਸਮ ਜਾਂ ਫਿਰ ਮਿੱਟੀ ਦੀ ਨਮੀ ਦਾ ਸਹੀ ਮਾਤਰਾ ਵਿਚ ਨਾ ਹੋਣਾ ਵੀ ਹੋ ਸਕਦਾ ਹੈ। ਤੀਜੀ ਵਾਰ ਫਲ ਦਾ ਝੜਨਾ ਕਿਸਾਨਾਂ ਵਾਸਤੇ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਇਸ ਵਿਚ 27-73 ਫ਼ੀਸਦੀ ਫਲ ਤੁੜਾਈ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ। ਆਮ ਤੌਰ ’ਤੇ ਮਾਨਸੂਨ ਤੋਂ ਪਿੱਛੋਂ ਸ਼ੁਰੂ ਹੋ ਕੇ ਸਤੰਬਰ-ਅਕਤੂਬਰ ’ਚ ਭਾਰੀ ਮਾਤਰਾ ’ਚ ਫਲ ਝੜਦੇ ਹਨ ਤੇ ਤੁੜਾਈ ਤਕ ਝੜਦੇ ਹੀ ਰਹਿੰਦੇ ਹਨ।

ਫਲ ਨੂੰ ਝੜਨ ਤੋਂ ਬਚਾਉਣ ਲਈ ਸੁਝਾਅ

ਬੂਟੇ ਦੀ ਸਿਹਤ ਬਰਕਰਾਰ ਰੱਖਣ ਲਈ ਸਿਫ਼ਾਰਸ਼ ਕੀਤੀ ਗਈ ਰੂੜੀ ਦੀ ਖਾਦ ਅਤੇ ਰਸਾਇਣਕ ਖਾਦ ਪਾਓ ਕਿਉਂਕਿ ਬਿਮਾਰੀ ਹਮੇਸ਼ਾ ਕਮਜ਼ੋਰ ਬੂਟੇ ’ਤੇ ਹੀ ਆਉਂਦੀ ਹੈ।
ਫਲ ਲੱਗਣ ਸਮੇਂ ਬੂਟੇ ਨੂੰ ਪਾਣੀ ਦੀ ਘਾਟ ਮਹਿਸੂਸ ਨਾ ਹੋਣ ਦਿਓ ਕਿਉਂਕਿ ਸੋਕੇ ਦੀ ਹਾਲਤ ਵਿਚ ਬੂਟਾ ਅਬਸਿਸਕ ਐਸਿਡ ਬਣਾਉਣ ਲੱਗ ਪੈਂਦਾ ਹੈ, ਜਿਸ ਕਰਕੇ ਫਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਬੂਟੇ ਨੂੰ ਫਰਵਰੀ ਵਿਚ ਨਵੇਂ ਫੁਟਾਰੇ ਤੋਂ ਪਹਿਲਾਂ, ਅਪ੍ਰੈਲ ਵਿਚ ਫਲ ਲੱਗਣ ਤੋਂ ਬਾਅਦ ਸਿੰਚਾਈ ਬਹੁਤ ਜ਼ਰੂਰੀ ਹੈ।

ਜਨਵਰੀ-ਫਰਵਰੀ ਮਹੀਨੇ ਫਲ ਤੋੜਨ ਤੋ ਬਾਅਦ ਸੁੱਕੀ ਅਤੇ ਰੋਗੀ ਸ਼ਾਖ ਕੱਟ ਕੇ ਸਾੜ ਦਿਓ। ਇਨ੍ਹਾਂ ਸ਼ਾਖਾਵਾਂ ਨੂੰ ਬਾਗ਼ ਜਾਂ ਨਰਸਰੀ ਦੇ ਨੇੜੇ ਢੇਰ ਨਾ ਕੀਤਾ ਜਾਵੇ ਕਿਉਂਕਿ ਇਸ ਤੋਂ ਅੱਗੇ ਬਿਮਾਰੀ ਫੈਲਣ ਦਾ ਕਾਰਨ ਬਣ ਸਕਦਾ ਹੈ। ਕਟਾਈ ਤੋਂ ਬਾਅਦ ਬੋਰਡੋ ਮਿਸ਼ਰਨ (2:2:250) ਜਾਂ ਕਾਪਰ ਅੋਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰੋ ਅਤੇ ਕੱਟਾਂ ਉੱਤੇ ਬੋਰਡੋ ਪੇਸਟ ਲਾਓ।
ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਖੜ੍ਹਾ ਪਾਣੀ ਬੂਟੇ ਦੀ ਸਿਹਤ ਵਾਸਤੇ ਠੀਕ ਨਹੀ ਹੈ।

ਰਾਜਵਿੰਦਰ ਕੌਰ, ਸਰਬਜੀਤ ਸਿੰਘ ਔਲਖ ਤੇ ਹਰਪਾਲ ਸਿੰਘ ਰੰਧਾਵਾ

Summary in English: Causes of Kinnu Fall Prevention

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters