ਮੌਜੂਦਾ ਦੌਰ ’ਚ ਕਿਸਾਨਾਂ ਵੱਲੋਂ ਬਦਲਦੇ ਵਕਤ ਵਿਚ ਫ਼ਸਲਾਂ ਪ੍ਰਤੀ ਲਕੀਰ ਦਾ ਫ਼ਕੀਰ ਬਣਨਾ ਆਉਣ ਵਾਲੀ ਪੀੜ੍ਹੀ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਇਕਜੁੱਟ ਹੋਈਏ ਤੇ ਨਿੱਜੀ ਮੁਨਾਫ਼ੇ ਨੂੰ ਦਰਕਿਨਾਰ ਕਰਦਿਆਂ ਕੱਲ੍ਹ ਲਈ ਜਲ ਤੇ ਭਵਿੱਖ ਦੀ ਪੀੜ੍ਹੀ ਬਾਰੇ ਚਿੰਤਨਸ਼ੀਲ ਹੋਣਾ ਬਹੁਤ ਹੀ ਲਾਜ਼ਮੀ ਹੈ।
ਇਸ ਬੇਹੱਦ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯਤਨਸ਼ੀਲ ਹੁੰਦਿਆਂ ਪਿਛਲੇ ਸਮੇਂ ਦੀਆਂ ਫ਼ਸਲਾਂ ਦੀ ਜਗ੍ਹਾ ਦਾਲਾਂ, ਸਬਜ਼ੀਆਂ , ਫ਼ਲ ਆਦਿ ਨੂੰ ਤਰਜੀਹ ਦੇਈਏ।
ਪੰਜਾਬ ਤੇ ਹਰਿਆਣਾ ’ਚ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਝੋਨੇ ਜਿਹੀਆਂ ਫ਼ਸਲਾਂ ਵੱਲ ਧਿਆਨ ਬਹੁਤ ਜ਼ਿਆਦਾ ਦੇਣਾ ਹੈ । ਦਰਅਸਲ ਜਿਸ ਥਾਂ ’ਤੇ ਪੀਣ ਦੇ ਪਾਣੀ ਦੀ ਕਿੱਲਤ ਹੀ ਬਹੁਤ ਜ਼ਿਆਦਾ ਹੈ, ਉੱਥੇ ਵੀ ਕਿਸਾਨ ਇਕ ਦੂਜੇ ਦੀ ਰੀਸੋ- ਰੀਸ ਲਗਾਤਾਰ ਝੋਨਾ ਲਾਉਣ ਲਈ ਤਤਪਰ ਰਹਿੰਦੇ ਹਨ। ਇਹ ਉਨ੍ਹਾਂ ਦੀ ਨਿੱਜੀ ਸੋਚ ਹੈ ਪਰ ਅਫ਼ਸੋਸ ਆਉਣ ਵਾਲੀ ਪੀੜ੍ਹੀ ਵੱਲ ਧਿਆਨ ਨਹੀਂ । ਹਾਂ, ਪੜ੍ਹੇ- ਲਿਖੇ ਨੋਜਵਾਨ ਚਿੰਤਨਸ਼ੀਲ ਜ਼ਰੂਰ ਹਨ। ਉਹ ਇਹ ਵੀ ਸੋਚਦੇ ਹਨ ਕਿ ਝੋਨੇ ਦੇ ਫ਼ਸਲ ਚੱਕਰ ’ਚੋਂ ਬਾਹਰ ਨਿਕਲ ਕੇ ਹੋਰ ਫ਼ਸਲਾਂ ਵੀ ਸਾਡੇ ਸਾਰਿਆਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਲਈ ਕਿਸਾਨ ਵੀਰ ਖ਼ੁਦ ਗੌਰ ਕਰਨ। ਇਸ ਨਾਲ ਭੂਮੀਗਤ ਪਾਣੀ ਦੀ ਗਿਰਾਵਟ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ ।
ਮਨੁੱਖੀ ਜੀਵਨ ਗਤੀਸ਼ੀਲ ਤਾਂ ਹੈ ਪਰ ਲਾਲਚ ਕਾਰਨ ਕੋਈ ਵੀ ਤਬਦੀਲੀ ਨਹੀਂ ਚਾਹੁੰਦਾ। ਇਨਸਾਨ ਆਧੁਨਿਕ ਯੁੱਗ ਵਿਚ ਵੀ ਪੁਰਾਣੀ ਸੋਚ ਦਾ ਧਾਰਨੀ ਹੈ । ਇਸੇ ਲਈ ਉਹ ਮਿਹਨਤ ਤਾਂ ਬਹੁਤ ਕਰਦਾ ਹੈ ਤੇ ਉਸ ਨੂੰ ਇਸ ਦਾ ਲਾਭ ਵੀ ਮਿਲਦਾ ਹੈ ਪਰ ਰਵਾਇਤੀ ਖੇਤੀ ਨੂੰ ਚਾਹੁਣ ਕਾਰਨ ਆਧੁਨਿਕ ਤਕਨੀਕ ਵਿਕਸਿਤ ਹੋਣ ਦੇ ਬਾਵਜੂਦ ਸਮੱਸਿਆ ਉੱਥੇ ਹੀ ਖੜ੍ਹੀ ਹੈ। ਆਧੁਨਿਕ ਤਕਨੀਕ ’ਚ ਸਰਕਾਰ ਕਿਸਾਨਾਂ ਨੂੰ ਨਵੇਂ ਸਾਧਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਨਹੀਂ ਤੇ ਬਣਦੀ ਸਬਸਿਡੀ ਵੀ ਨਹੀਂ ਦਿੰਦੀ। ਸਖ਼ਤੀ ਨਾਲ ਬਣਾਏ ਜਾਂਦੇ ਕਾਨੂੰਨ ਲੋਕਤੰਤਰ ’ਚ ਕਦੇ ਵੀ ਸਫਲ ਨਹੀਂ ਹੁੰਦੇ। ਇਸ ਲਈ ਦੋਵੇਂ ਧਿਰਾਂ ਵਿਚਕਾਰ ਇਹ ਗੱਲ ਬਹੁਤ ਗੰਭੀਰ ਸਮੱਸਿਆ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੋਹ ਵਿਚ ਹਨ। ਮਾਹੌਲ ਬਹੁਤ ਹੀ ਪੇਚੀਦਾ ਬਣ ਚੁੱਕਿਆ ਹੈ ।
ਖ਼ੈਰ, ਇੱਥੇ ਸਾਡਾ ਮੁੱਖ ਮੁੱਦਾ ਫ਼ਸਲ ਚੱਕਰ ’ਚ ਤਬਦੀਲੀ ਦਾ ਹੈ । ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਅਸੀਂ ਪਾਣੀ ਦੀ ਵਰਤੋਂ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਹਾਂ । ਪਾਣੀ ਦੀ ਵੱਧ ਵਰਤੋਂ ਦਾ ਦੋਸ਼ ਸਿਰਫ਼ ਕਿਸਾਨਾਂ ’ਤੇ ਹੀ ਲਾਇਆ ਜਾਣਾ ਸਰਾਸਰ ਗ਼ਲਤ ਗੱਲ ਹੈ। ਲਗਾਤਾਰ ਟੂਟੀਆਂ ਤੋਂ ਵਹਿੰਦਾ ਪਾਣੀ, ਫਲੱਸ਼ ਰਾਹੀਂ ਜ਼ਿਆਦਾ ਮਾਤਰਾ ’ਚ ਵਗਦਾ ਪਾਣੀ , ਕੱਪੜੇ ਧੋਣ ਲਈ ਵਰਤਿਆ ਜਾਣ ਵਾਲਾ ਪਾਣੀ , ਗੱਡੀਆਂ ਧੋਣ ਲਈ ਵਰਤਿਆ ਜਾਣ ਵਾਲਾ ਪਾਣੀ , ਪਾਣੀ ਦੀ ਕਿੱਲਤ ਦੇ ਬਾਵਜੂਦ ਬਾਗ਼-ਬਗੀਚਿਆਂ ਦੀ ਸਿੰਚਾਈ ਲਈ ਵਿਅਰਥ ਪਾਣੀ ਦਾ ਦੋਸ਼ ਵੀ ਕੀ ਅੰਨਦਾਤਾ ਕਿਸਾਨ ਵਰਗ ’ਤੇ ਹੀ ਲਾਇਆ ਜਾਵੇਗਾ? ਨਹੀਂ, ਬਿਲਕੁਲ ਵੀ ਨਹੀਂ ।
ਹਾਂ, ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਕਿ ਆਉਣ ਵਾਲੇ ਸਮੇਂ ’ਚ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਕਾਰਨ ਮਨੁੱਖ, ਜੀਵ-ਜੰਤੂ ਤ੍ਰਾਹ- ਤ੍ਰਾਹ ਕਰ ਉੱਠਣਗੇ ਤੇ ਅਗਲੀ ਆਲਮੀ ਜੰਗ ਸਿਰਫ਼ ਪਾਣੀ ਲਈ ਹੀ ਲੜੀ ਜਾਵੇਗੀ। ਇਸ ਲਈ ਪਾਣੀ ਦੀ ਬੱਚਤ ਜ਼ਰੂਰੀ ਹੈ। ਇਸ ਲਈ ਫ਼ਸਲ ਚੱਕਰ ਵਿਚ ਤਬਦੀਲੀ ਬੇਹੱਦ ਮਹੱਤਵਪੂਰਨ ਤੇ ਜ਼ਰੂਰੀ ਹੈ ।
ਸਿੰਚਾਈ ਲਈ ਤੁਪਕਾ ਸਿੰਚਾਈ ਦੀ ਤਕਨੀਕ ਨੂੰ ਅਪਣਾਉਣਾ ਹੋਵੇਗਾ। ਦੁਨੀਆ ’ਚ ਸਿਰਫ਼ ਇਜ਼ਰਾਇਲ ਹੀ ਇਸ ਪ੍ਰਣਾਲੀ ਨੂੰ ਅਪਣਾ ਰਿਹਾ ਹੈ । ਇਸ ਤਰ੍ਹਾਂ ਉਹ ਦੂਜੇ ਦੇਸ਼ਾਂ ਲਈ ਪ੍ਰੇਰਣਾ ਸਰੋਤ ਬਣ ਸਕਦਾ ਹੈ । ਧਰਤੀ ਹੇਠਲੇ ਨਿਰੰਤਰ ਗਿਰਾਵਟ ਨੂੰ ਰੋਕਣ ਲਈ ਘਟਦੇ ਪਾਣੀ ਦੇ ਪੱਧਰ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ।
ਇਸ ਗੱਲ ਲਈ ਸੂਬਿਆਂ ਵੱਲੋਂ ਕਿਸਾਨ ਵਰਗ ਨੂੰ ਘੱਟ ਪਾਣੀ ਵਾਲੀ ਫ਼ਸਲਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਲਈ ਪੀਣ ਵਾਲੇ ਸਾਫ਼ ਪਾਣੀ ਦੀ ਕਾਫ਼ੀ ਬੱਚਤ ਹੋਵੇਗੀ। ਕੁਦਰਤ ਦੀ ਹਰੇਕ ਚੀਜ਼ ਨਾਲ ਪਿਆਰ ਕਰੋ ਤਾਂ ਕੁਦਰਤ ਵੀ ਸਾਡੀ ਸਹਾਇਕ ਰਹੇਗੀ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਪਾਣੀ ਲਈ ਸਾਡੀ ਤਰਸਯੋਗ ਹਾਲਤ ਹੋਰ ਗੰਭੀਰ ਸਮੱਸਿਆ ਬਣ ਜਾਵੇਗੀ।
ਆਓ ਅਸੀਂ ਅਵੇਸਲਾਪਣ ਛੱਡਦਿਆਂ ਪੁਰਾਤਨ ਰੀਤ ਨੂੰ ਛੱਡ ਕੇ ਨਵੀਆਂ ਫ਼ਸਲਾਂ ਵੱਲ ਧਿਆਨ ਦੇਈਏ। ਇਹ ਤਾਂ ਠੀਕ ਹੈ ਕਿ ਜਲ ਹੈ ਤਾਂ ਕੱਲ੍ਹ ਹੈ ਪਰ ਅਜੇ ਵੀ ਸਮਾਂ ਹੈ ਕਿ ਅਸੀਂ ਸੰਭਲ ਜਾਈਏ। ਪਾਣੀ ਦੀ ਇਕ- ਇਕ ਬੂੰਦ ਨੂੰ ਸੰਭਾਲ ਕੇ ਰੱਖੀਏ। ਪਾਣੀ ਦੀ ਹਰੇਕ ਬੂੰਦ ਬਹੁਕੀਮਤੀ ਹੈ। ਇਕ ਦੂਜੇ ’ਤੇ ਦੂਸ਼ਣਬਾਜ਼ੀ ਨਾ ਕਰੋ।
ਪਾਣੀ ਵਿਅਰਥ ਨਾ ਗਵਾਓ। ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਉਗਾਉਣ ਨਾਲ ਵੀ ਅਸੀਂ ਬਹੁਤ
ਮਾਤਰਾ ’ਚ ਪਾਣੀ ਬਚਾ ਸਕਦੇ ਹਾਂ। ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਕੌਮੀ ਨੀਤੀ ਬਣਾਈਏ। ਇੱਕਲੇ ਕਿਸਾਨ ਵਰਗ ਨੂੰ ਹੀ ਦੋਸ਼ੀ ਠਹਿਰਾਇਆ ਜਾਣਾ ਉੱਚਿਤ ਨਹੀਂ :
ਵੀਰੋ, ਕਿਸਾਨ ਹੈ
ਸਾਡਾ ਅੰਨਦਾਤਾ
ਮਿਹਨਤੀ, ਕਿਰਤੀ
ਸੱਚਾ ਇਨਸਾਨ
ਪਾਣੀ ਹੈ ਤਾਂ ਕੱਲ੍ਹ ਹੈ ਯਾਦ ਰੱਖੋ ਹੈਰਾਨ ਬਾਤ
ਫ਼ਸਲ ਚੱਕਰ ’ਚ ਨਹੀਂ ਹੋਵੇਗੀ ਕਦੇ ਹਾਰ ।
- ਵਰਿੰਦਰ ਸ਼ਰਮਾ
Summary in English: Change in crop cycle requires time