1. Home
  2. ਖੇਤੀ ਬਾੜੀ

Coastal Areas: ਕੰਢੀ ਖੇਤਰ ਵਿੱਚ ਸਾਉਣੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ ਲਈ ਸਿਫਾਰਸ਼ਾਂ ਸਾਂਝੀਆਂ, ਘੱਟ ਖਰਚੇ ਵਿੱਚ ਇਸ ਤਰ੍ਹਾਂ ਮਿਲੇਗਾ ਵਾਧੂ ਮੁਨਾਫਾ

ਕੰਢੀ ਖੇਤਰ ਦੀ ਜ਼ਿਆਦਾਤਰ ਖੇਤੀ ਮੀਂਹ 'ਤੇ ਅਧਾਰਿਤ ਹੈ ਅਤੇ ਇੱਥੇ ਸਿੰਚਾਈ ਦੇ ਸਾਧਨਾਂ ਦੀ ਘਾਟ ਹੈ। ਕੰਢੀ ਇਲਾਕੇ ਦੀਆਂ ਜ਼ਮੀਨਾਂ ਜਿਆਦਾਤਰ ਰੇਤਲੀਆਂ ਹਨ ਅਤੇ ਇਹਨਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਬਹੁਤ ਘੱਟ ਹੈ। ਇਸ ਲਈ ਕੰਢੀ ਖੇਤਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਕਰਨ ਦੀ ਜ਼ਰੂਰਤ ਹੈ।

Gurpreet Kaur Virk
Gurpreet Kaur Virk
ਕੰਢੀ ਖੇਤਰ ਵਿੱਚ ਸਾਉਣੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ

ਕੰਢੀ ਖੇਤਰ ਵਿੱਚ ਸਾਉਣੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ

Coastal Areas of Punjab: ਪੰਜਾਬ ਵਿੱਚ ਪਾਣੀ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਪਾਸੇ ਜਿੱਥੇ ਸਾਉਣੀ ਦੀ ਮੁੱਖ ਫਸਲ ਝੋਨੇ ਨੂੰ ਬਦਲਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਫ਼ਸਲੀ ਵਿਭਿੰਨਤਾ ਵਾਲੇ ਕੰਢੀ ਖੇਤਰ ਵਿੱਚ ਮੀਂਹ ਤੇ ਨਿਰਭਰ ਖੇਤੀ ਤੋਂ ਚੰਗਾ ਉਤਪਾਦਨ ਲੈਣਾ ਵੀ ਇੱਕ ਚੁਣੌਤੀ ਵਾਲਾ ਕੰਮ ਹੈ।

ਕੰਢੀ ਖੇਤਰ ਦੀ ਜ਼ਿਆਦਾਤਰ ਖੇਤੀ ਮੀਂਹ 'ਤੇ ਅਧਾਰਿਤ ਹੈ ਅਤੇ ਇੱਥੇ ਸਿੰਚਾਈ ਦੇ ਸਾਧਨਾਂ ਦੀ ਘਾਟ ਹੈ। ਕੰਢੀ ਇਲਾਕੇ ਦੀਆਂ ਜ਼ਮੀਨਾਂ ਜਿਆਦਾਤਰ ਰੇਤਲੀਆਂ ਹਨ ਅਤੇ ਇਹਨਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਬਹੁਤ ਘੱਟ ਹੈ। ਇਸ ਲਈ ਕੰਢੀ ਖੇਤਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਕਰਨ ਦੀ ਜ਼ਰੂਰਤ ਹੈ।

ਸਾਉਣੀ ਰੁੱਤੇ ਮੱਕੀ ਕੰਢੀ ਖੇਤਰ ਦੀ ਪ੍ਰਮੁੱਖ ਫਸਲ ਹੈ ਪਰ ਇਸਦੇ ਨਾਲ-ਨਾਲ ਬਾਜਰਾ, ਮੂੰਗੀ, ਮਾਂਹ, ਸੋਇਆਬੀਨ, ਮੂੰਗਫਲੀ ਅਤੇ ਤਿਲਾਂ ਦੀ ਖੇਤੀ ਵੀ ਕੰਢੀ ਖੇਤਰ ਵਿੱਚ ਕੀਤੀ ਜਾਂਦੀ ਹੈ। ਇਹਨਾਂ ਸਾਉਣੀ ਫਸਲਾਂ ਦੀ ਚੰਗੀ ਪੈਦਾਵਾਰ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਉਪਲਬਧ ਪਾਣੀ ਦੀ ਸੁਚੱਜੀ ਵਰਤੋਂ, ਬਿਜਾਈ, ਜੈਵਿਕ ਅਤੇ ਅਜੈਵਿਕ ਖਾਦਾਂ ਦੇ ਸੁਮੇਲ ਨਾਲ ਸੰਯੁਕਤ ਪੌਸ਼ਟਿਕ ਪ੍ਰਬੰਧ, ਨਦੀਨਾਂ ਦੀ ਰੋਕਥਾਮ, ਅੰਤਰ-ਫ਼ਸਲੀ ਪ੍ਰਣਾਲੀ ਆਦਿ ਸੰਬੰਧੀ ਸਿਫਾਰਸ਼ਾਂ ਨੂੰ ਕਿਸਾਨਾਂ ਦੁਆਰਾ ਅਪਣਾਇਆ ਜਾਵੇ। ਇਸ ਲਈ ਸਾਉਣੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ ਲਈ ਹੇਠ ਲਿਖੀਆਂ ਸਿਫਾਰਸ਼ਾਂ ਮੁੱਖ ਹਨ :-

ਜ਼ਮੀਨ ਪੱਧਰੀ ਕਰਨਾ: ਕਿਸਾਨ ਵੀਰ ਆਪਣੇ ਖੇਤ ਪੱਧਰੇ ਕਰ ਲੈਣ ਇਸ ਨਾਲ ਭੋਂ-ਖੋਰ ਘੱਟਦਾ ਹੈ ਅਤੇ ਖੇਤ ਦੀ ਪਾਣੀ ਦੇ ਜੀਰਨ ਦੀ ਮਾਤਰਾ ਵੱਧ ਜਾਂਦੀ ਹੈ। ਅਜਿਹਾ ਕਰਨ ਨਾਲ ਮੱਕੀ ਦੀ ਫ਼ਸਲ ਦਾ ਜੰਮ ਵਧੀਆ ਹੋਵੇਗਾ। ਪੱਧਰੀ ਜ਼ਮੀਨ ਵਿੱਚ ਬੀਜ, ਖਾਦ ਅਤੇ ਪਾਣੀ ਇੱਕ ਸਾਰ ਰਹੇਗਾ ਅਤੇ ਕਿਸਾਨ ਦਾ ਖਰਚਾ ਵੀ ਘੱਟ ਹੋਵੇਗਾ।

ਵੱਟਾਂ ਮਜ਼ਬੂਤ ਕਰਨੀਆਂ: ਮੌਨਸੂਨ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਵੀਰ ਆਪਣੇ ਖੇਤਾਂ ਦੀਆਂ ਚਾਰ ਚੁਫੇਰੇ ਵਾਲੀਆ ਵੱਟਾਂ ਉੱਚੀਆਂ ਕਰ ਲੈਣ। ਅਜਿਹਾ ਕਰਨ ਨਾਲ ਮਿੱਟੀ ਦੀ ਉਪਰਲੀ ਸਤਹ ਤੋਂ ਪਾਣੀ ਦਾ ਵਹਾਅ ਘੱਟ ਜਾਂਦਾ ਹੈ ਅਤੇ ਪਾਣੀ ਨੂੰ ਖੇਤ ਵਿੱਚ ਜ਼ੀਰਨ ਲਈ ਵੱਧ ਸਮਾਂ ਮਿਲ ਜਾਂਦਾ ਹੈ ਜਿਸ ਨਾਲ ਖੇਤ ਵਿੱਚੋਂ ਪਾਣੀ ਅਤੇ ਮਿੱਟੀ ਦਾ ਰੋੜ ਘੱਟਦਾ ਹੈ ।

ਖੇਤ ਦੀ ਵਹਾਈ: ਬਰਸਾਤ ਦੇ ਆਉਣ ਤੋਂ ਪਹਿਲਾਂ ਘੱਟ ਪਾਣੀ ਵਾਲੇ ਅਤੇ ਬਰਾਨੀ ਖੇਤਰਾਂ ਵਿੱਚ ਖੇਤਾਂ ਦੀ ਵਹਾਈ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਖੇਤ ਦੀ ਪਰਤ ਖੁਰਦਰੀ ਹੋ ਕੇੇ ਖੁੱਲ੍ਹ ਜਾਂਦੀ ਹੈ ਅਤੇ ਮਿੱਟੀ ਵਿੱਚ ਵਰਖਾ ਦੇ ਪਾਣੀ ਦਾ ਰਿਸਾਅ ਵਧਦਾ ਹੈ, ਪਾਣੀ ਨੂੰ ਮਿੱਟੀ ਵਿੱਚ ਜ਼ੀਰਨ ਲਈ ਵੱਧ ਸਮਾਂ ਮਿਲਦਾ ਹੈ ਅਤੇ ਮਿੱਟੀ ਦਾ ਰੋੜ ਵੀ ਘੱਟਦਾ ਹੈ। ਮੀਂਹ ਦੇ ਪਹਿਲੇ ਛਰਾਟਿਆਂ ਪਿੱਛੋਂ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਖੇਤ ਵਿੱਚ ਵਧੇਰੇ ਅਤੇ ਇੱਕਸਾਰ ਜਜ਼ਬ ਹੋ ਜਾਂਦਾ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਜਮੀਨ ਵਿੱਚ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿੰਦੀ ਹੈ ਸਿਟੇ ਵਜੋਂ ਮੱਕੀ ਦੀ ਫਸਲ ਦੀ ਵਧੀਆ ਪੈਦਾਵਾਰ ਹੁੰਦੀ ਹੈ।

ਫਸਲਾਂ ਦੀ ਚੋਣ: ਸਮੇਂ-ਸਿਰ ਬਰਸਾਤ ਆਉਣ ਤੋਂ ਕੰਢੀ ਖੇਤਰ ਦੀਆਂ ਚੰਗੀਆਂ ਜਮੀਨਾਂ ਤੇ ਮੱਕੀ ਦੀ ਖੇਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਬਰਸਾਤ 15 ਜੁਲਾਈ ਤੋਂ ਬਾਅਦ ਹੋਵੇ ਤਾਂ ਮਾਂਹ, ਮੂੰਗੀ ਅਤੇ ਤਿਲਾਂ ਦੀ ਖੇਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਹਲਕੀਆਂ ਜਮੀਨਾਂ ਵਿੱਚ ਸਮੇਂ ਸਿਰ ਬਿਜਾਈ ਲਈ ਮਾਂਹ, ਸੋਇਆਬੀਨ, ਬਾਜਰਾ (ਦਾਣਿਆਂ ਅਤੇ ਚਾਰੇ ਲਈ), ਮੂੰਗਫਲੀ, ਤਿਲ ਅਤੇ ਮੂੰਗੀ ਦੀ ਫਸਲ ਨੂੰ ਬੀਜਣਾ ਚਾਹੀਦਾ ਹੈ । ਪਿਛੇਤੀ ਬਿਜਾਈ ਲਈ ਬਾਜਰਾ, ਚਾਰੇ ਲਈ ਮੱਕੀ, ਮੂੰਗੀ ਅਤੇ ਤਿਲ ਢੁਕਵੀਆਂ ਫਸਲਾਂ ਹਨ।

ਫਸਲਾਂ ਦੀਆਂ ਕਿਸਮਾਂ: ਬਰਾਨੀ ਖੇਤੀ ਲਈ ਮੱਕੀ ਦੀ ਪੀ ਐਮ ਐਚ 2, ਪ੍ਰਕਾਸ, ਜੇ ਸੀ 12 ਅਤੇ ਜੇ ਸੀ 4, ਮੂੰਗੀ ਦੀ ਐਮ ਐਲ 2056 ਅਤੇ ਐਮ ਐਲ 1808, ਮਾਂਹ ਦੀਆਂ ਮਾਂਹ 883 ਅਤੇ ਮਾਂਹ 114, ਸੋਇਆਬੀਨ ਦੀ ਐਸ ਐਲ 958 ਅਤੇ ਐਸ ਐਲ 744, ਤਿਲ ਦੀਆ ਪੰਜਾਬ ਤਿਲ ਨੰ. 2 ਅਤੇ ਆਰ ਟੀ 346, ਮੂੰਗਫਲੀ ਦੀਆ ਜੇ 87 ਅਤੇ ਟੀ ਜੀ 37 ਏ ਅਤੇ ਬਾਜਰੇ ਦੀਆਂ ਪੀ ਸੀ ਬੀ 167, ਪੀ ਸੀ ਬੀ 166 ਅਤੇ ਪੀ ਸੀ ਬੀ 165 ਕਿਸਮਾਂ ਦੀ ਕਾਸਤ ਕੀਤੀ ਜਾ ਸਕਦੀ ਹੈ।

 

ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਮੱਕੀ ਦੀ ਬਿਜਾਈ 20 ਜੂਨ ਤੌਂ 7 ਜੁਲਾਈ ਤੱਕ, ਮੂੰਗੀ ਦੀ ਜੁਲਾਈ ਦੇ ਦੂਜੇ ਪੰਦਰ੍ਹਵਾੜੇ, ਮਾਂਹ ਅਤੇ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ ਤੇ, ਸੋਇਆਬੀਨ ਦੀ ਜੂਨ ਦੇ ਪਹਿਲੇ ਪੰਦਰ੍ਹਵਾੜੇ, ਤਿਲ ਦੀ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਅਤੇ ਬਾਜਰੇ ਦੀ ਜੁਲਾਈ ਦੇ ਸੁਰੂ ਵਿੱਚ ਬਿਜਾਈ ਕਰ ਦੇਣੀ ਚਾਹੀਦੀ ਹੈ। ਮੱਕੀ ਦਾ 10 ਕਿਲੋ, ਮੂੰਗੀ ਦਾ 8 ਕਿਲੋ, ਮਾਂਹ ਦਾ 6-8 ਕਿਲੋ, ਸੋਇਆਬੀਨ ਦਾ 25-30 ਕਿਲੋ, ਮੂੰਗਫਲੀ ਦੀ ਜੇ 87 ਕਿਸਮ ਦਾ 48 ਅਤੇ ਟੀ ਜੀ 37 ਏ ਦਾ 37 ਕਿਲੋ, ਤਿਲ ਦਾ 1 ਕਿਲੋ ਅਤੇ ਬਾਜਰੇ ਦਾ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।

ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਮੱਕੀ ਦੇ ਬੀਜ ਨੂੰ ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਦੇ ਨਾਲ ਜਦਕਿ ਮੂੰਗੀ ਅਤੇ ਮਾਂਹ ਦੇ ਬੀਜ ਨੂੰ ਰਾਈਜ਼ੋਬੀਅਮ, ਸੋਇਆਬੀਨ ਦੇ ਬੀਜ ਨੂੰ ਬਰੈਡੀਰਾਈਜ਼ੋਬੀਅਮ ਕਲਚਰ (ਪੈਕਟ) ਨਾਲ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਛਾਵੇਂ ਪੱਕੇ ਫਰਸ਼ ਤੇ ਖਿਲਾਰ ਕੇ ਸੁਕਾ ਲਉ ਅਤੇ ਛੇਤੀ ਬੀਜ ਦਿਉ।

ਖਾਦਾਂ ਦਾ ਪ੍ਰਬੰਧ: ਮੱਕੀ-ਕਣਕ ਫਸਲ ਪ੍ਰਣਾਲੀ ਲਈ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਈਟ੍ਰੋਜਨ 32 ਕਿਲੋਗ੍ਰਾਮ ਅਤੇ ਫਾਸਫੋਰਸ 16 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਤੋਂ ਉਪਰੰਤ 8 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਘੱਟ ਪਾਣੀ ਸੰਭਾਲਣ ਦੀ ਸਮੱਰਥਾ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ 16 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਉਪਰੰਤ 4 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਸੋਇਆਬੀਨ ਵਿੱਚ ਬਿਜਾਈ ਸਮੇਂ 12.5 ਕਿਲੋ ਨਾਈਟ੍ਰੋਜਨ ਅਤੇ 32 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਪਾਉ। ਪਰ ਜੇਕਰ ਕਣਕ ਨੂੰ ਫ਼ਾਸਫ਼ੋਰਸ ਤੱਤ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਹੋਵੇ ਤਾਂ ਕਣਕ ਪਿੱਛੋਂ ਸੋਇਆਬੀਨ ਨੂੰ 24 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਹੀ ਪਾਉ। ਮੂੰਗਫਲੀ ਵਿੱਚ 50 ਕਿਲੋ ਜਿਪਸਮ ਬਿਜਾਈ ਸਮੇਂ ਛੱਟਾ ਦੇ ਦਿਉ ਅਤੇ ਨਾਈਟ੍ਰੋਜਨ 6 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਖਾਦ ਨੂੰ ਬਿਜਾਈ ਸਮੇਂ ਡਰਿੱਲ ਕਰ ਦਿਉ। ਬਾਜਰੇ ਲਈ ਨਾਈਟ੍ਰੋਜਨ 25 ਕਿਲੋਗ੍ਰਾਮ ਅਤੇ ਫਾਸਫੋਰਸ 12 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।

ਅੰਤਰ ਫਸਲੀ ਪ੍ਰਣਾਲੀ: ਮੱਕੀ ਦੀਆਂ 2 ਲਾਈਨਾਂ ਵਿੱਚ ਮੂੰਗੀ ਜਾਂ ਮਾਂਹ ਦੀ ਕਾਸਤ ਕਰਨ ਨਾਲ ਮੱਕੀ ਦੇ ਝਾੜ ਵਿੱਚ ਇਕੱਲੀ ਮੱਕੀ ਦੇ ਝਾੜ ਨਾਲੋਂ ਇਜਾਫਾ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸਕਤੀ ਵੀ ਵੱਧਦੀ ਹੈ। ਸੋਇਆਬੀਨ ਦੀ ਮੱਕੀ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਲਾਈਨਾਂ ਵਿਚਕਾਰ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਦੀ ਵਿੱਥ ਤੇ ਬੀਜੋ।

ਮਲਚਿੰਗ: ਮੱਕੀ ਦੀ ਖੜ੍ਹੀ ਫਸਲ ਵਿੱਚ ਬਸੂਟੀ, ਭੰਗ, ਕਾਨਾ, ਰਾਇਆ, ਨੜਾਂ ਦੀ ਵਰਤੋਂ ਮਲਚਿੰਗ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੱਕੀ ਦੀਆਂ ਕਤਾਰਾਂ ਵਿਚਕਾਰ ਲੋਭੀਆ ਜਾਂ ਰਵਾਂਹ ਦੀ ਫਸਲ ਬੀਜੀ ਜਾ ਸਕਦੀ ਹੈ ਜਿਸਨੂੰ ਇੱਕ ਮਹੀਨੇ ਬਾਅਦ ਕੱਟ ਕੇ ਮੱਕੀ ਦੀਆਂ ਕਤਾਰਾਂ ਵਿੱਚ ਮਲਚ ਵਜੋਂ ਵਿਛਾਇਆ ਜਾ ਸਕਦਾ ਹੈ। ਮਲਚਿੰਗ ਨਾਲ ਜਿੱਥੇ ਕੁੱਝ ਸਮਸਿਆਵਾਂ ਜਿਵੇਂ ਕਿ ਖੇਤੀ ਕਾਰਜਾਂ ਸਮੇਂ ਕੁਝ ਸੰਦਾਂ ਦੀ ਵਰਤੋਂ ਸਮੇਂ ਮੁਸ਼ਕਿਲ ਆਉਣਾ, ਸਿਓਂਕ ਦੇ ਹਮਲੇ ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਇਸਦੇ ਫ਼ਾਇਦੇ ਇਸਤੋਂ ਕਿਤੇ ਵੱਧ ਹਨ। ਮਲਚਿੰਗ ਨਾਲ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨਾ, ਭੋਂ-ਖੋਰ ਨੂੰ ਰੋਕਣਾ, ਜਮੀਨ ਵਿੱਚ ਨਮੀ ਦੀ ਮਿਕਦਾਰ ਵਿੱਚ ਵਾਧਾ, ਜਮੀਨ ਦੇ ਤਾਪਮਾਨ ਵਿੱਚ ਕਮੀ ਲਿਆਉਣੀ ਆਦਿ ਅਨੇਕਾਂ ਫਾਇਦੇ ਹੁੰਦੇ ਹਨ ਜਿਸ ਨਾਲ ਫਸਲ ਦੇ ਝਾੜ ਵਿੱਚ ਵਾਧਾ ਅਤੇ ਅਗਾਂਹ ਬਿਜਾਈ ਵਾਲੀ ਫਸਲ ਲਈ ਨਮੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।

ਬਰਾਨੀ ਹਾਲਾਤਾਂ ਵਿੱਚ ਸਾਉਣੀ ਦੀਆਂ ਫਸਲਾਂ ਦੀ ਕਾਸਤ ਸਮੇਂ ਵਰਖਾ ਦੇ ਘੱਟ ਜਾਂ ਸਮੇਂ ਸਿਰ ਨਾ ਹੋਣ ਤੇ ਫਸਲਾਂ ਉੱਪਰ ਬੁਰਾ ਅਸਰ ਪੈਂਦਾ ਹੈ ਜਿਸ ਨੂੰ ਘੱਟ ਕਰਨ ਲਈ 1% ਪੋਟਾਸੀਅਮ ਨਾਈਟ੍ਰੇਟ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਵੀ ਚੰਗੇ ਝਾੜ ਲਈ ਸਹਾਈ ਹੁੰਦੀ ਹੈ।

ਸਰੋਤ: ਬਲਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਅਤੇ ਮਨਦੀਪ ਪਠਾਨੀਆਂ
ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ

Summary in English: Coastal Areas of Punjab: Recommendations shared for successful cultivation of Kharif crops in Kandi region

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters