ਗੰਨਾ ਇੱਕ ਸਦਾਬਹਾਰ ਫਸਲ ਹੈ ਅਤੇ ਬਾਂਸ ਦੀ ਜਾਤੀ ਦੀ ਫਸਲ ਹੈ। ਇਹ ਭਾਰਤ ਦੀ ਮੁੱਖ ਫਸਲ ਹੈ ਜੋ ਕਿ ਖੰਡ, ਗੁੜ ਅਤੇ ਮਿਸਰੀ ਬਣਾਉਣ ਦੇ ਕੰਮ ਆਉਂਦੀ ਹੈ। ਗੰਨੇ ਦੀ ਫਸਲ ਦਾ ਦੋ ਤਿਹਾਈ ਹਿੱਸਾ ਗੁੜ ਅਤੇ ਖੰਡ ਬਣਾਉਣ ਅਤੇ ਇੱਕ ਤਿਹਾਈ ਹਿੱਸਾ ਮਿਸ਼ਰੀ ਬਣਾਉਣ ਦੇ ਕੰਮ ਆਉਂਦਾ ਹੈ। ਗੰਨੇ ਦਾ ਸਿਰਕਾ ਸ਼ਰਾਬ ਬਣਾਉਣ ਲਈ ਕੱਚਾ ਮਾਲ ਪ੍ਰਦਾਨ ਕਰਦਾ ਹੈ। ਗੰਨਾ ਸਭ ਤੋਂ ਵੱਧ ਬ੍ਰਾਜ਼ੀਲ ਅਤੇ ਬਾਅਦ ਵਿੱਚ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸਿਕੋ ਵਿੱਚ ਉਗਾਇਆ ਜਾਂਦਾ ਹੈ। ਖੰਡ ਬਣਾਉਣ ਲਈ ਭਾਰਤ ਵਿੱਚ ਸਭ ਤੋਂ ਵੱਧ ਹਿੱਸਾ ਮਹਾਂਰਾਸ਼ਟਰ ਦਾ ਹੈ, ਜੋ ਕਿ 34% ਹੈ ਅਤੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਆਉਂਦਾ ਹੈ।
ਮਿੱਟੀ
ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ। ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ। ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ। ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ।
ਪ੍ਰਸਿੱਧ ਕਿਸਮਾਂ ਅਤੇ ਝਾੜ
CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ। ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ। ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ। ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Co 118: ਇਹ ਅਗੇਤੀ ਕਿਸਮ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ। ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoJ 64: ਇਹ ਅਗੇਤੀ ਕਿਸਮ ਹੈ। ਇਹ ਕਿਸਮ ਵਧੀਆ ਪੁੰਗਰਦੀ ਹੈ। ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ। ਇਸ ਦਾ ਗੁੜ ਚੰਗਾ ਬਣਦਾ ਹੈ। ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ।
CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ। ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ। ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ। ਇਸਦੀ ਫੋਟ ਮੱਧਮ ਹੁੰਦੀ ਹੈ। ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ। ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ। ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ। ਇਸ ਦੇ ਗੰਨੇ ਡਿੱਗਦੇ ਨਹੀਂ ਹਨ। ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ। ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ। ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ। ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ। ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ।
Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ। ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ। ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ। ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ। ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
CoH 110: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ।
Co 7717: ਇਹ ਜਲਦੀ ਪੱਕਣ ਵਾਲੀ ਅਤੇ ਵੱਧ ਮਿੱਠੇ ਵਾਲੀ ਕਿਸਮ ਹੈ। ਇਹ ਰੱਤਾ ਰੋਗ ਨੂੰ ਸਹਾਰਣਯੋਗ ਕਿਸਮ ਹੈ। ਇਸ ਤੋਂ ਪ੍ਰਾਪਤ ਰਸ ਵਧੀਆ ਕਿਸਮ ਦਾ ਹੁੰਦਾ ਹੈ ਅਤੇ ਇਸਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ।
CoH 128: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ।
CoPb 93: ਇਹ ਕਿਸਮ ਰੱਤਾ ਰੋਗ ਅਤੇ ਕੋਹਰੇ ਨੂੰ ਸਹਾਰਨਯੋਗ ਹੈ। ਨਵੰਬਰ ਵਿੱਚ ਇਸ ਦੇ ਰਸ ਵਿੱਚ 16-17% ਅਤੇ ਦਸੰਬਰ ਵਿੱਚ ਇਸ ਦੀ 18% ਮਿਠਾਸ ਹੁੰਦੀ ਹੈ। ਇਸ ਦਾ ਔੌਸਤਨ ਝਾੜ 335 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਗੁੜ ਬਣਾਉਣ ਲਈ ਬਹੁਤ ਵਧੀਆ ਕਿਸਮ ਹੈ।
CoPb 94: ਨਵੰਬਰ ਵਿੱਚ ਇਸ ਦੇ ਰਸ ਵਿੱਚ 16% ਅਤੇ ਦਸੰਬਰ ਵਿੱਚ 19% ਮਿਠਾਸ ਹੁੰਦੀ ਹੈ। ਇਸ ਦਾ ਔੌਸਤਨ ਝਾੜ 400 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆ ਕਿਸਮਾਂ
Cos 91230: ਇਸਦਾ ਔਸਤਨ ਝਾੜ 280 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Co Pant 90223: ਇਸਦਾ ਔਸਤਨ ਝਾੜ 350 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoH 92201: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦਾ ਔਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Cos 95255: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦਾ ਔਸਤਨ ਝਾੜ 295 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoS 94270: ਇਸਦਾ ਔਸਤਨ ਝਾੜ 345 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CoH 119: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ ਤੇ ਇਸਦਾ ਔਸਤਨ ਝਾੜ 345 ਕੁਇੰਟਲ ਪ੍ਰਤੀ ਏਕੜ ਹੈ।
Co 9814: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ ਤੇ ਇਸਦਾ ਔਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੈ।
ਖੇਤ ਦੀ ਤਿਆਰੀ
ਖੇਤ ਨੂੰ ਦੋ ਵਾਰ ਵਾਹੋ। ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ। ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ।
ਬਿਜਾਈ
ਬਿਜਾਈ ਦਾ ਸਮਾਂ
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ।
ਫਾਸਲਾ
ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ।
ਬੀਜ ਦੀ ਡੂੰਘਾਈ
ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ।
ਬਿਜਾਈ ਦਾ ਤਰੀਕਾ
A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ।
1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ। ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ।
2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ। ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ।
3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ। ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ।
B) ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ: ਸਿਹਤਮੰਦ ਗੁੱਲੀਆਂ ਚੁਣੋ ਅਤੇ 75-90 ਸੈ.ਮੀ. ਦੇ ਫਰਕ ਅਤੇ ਖਾਲ਼ੀਆਂ ਵਿੱਚ ਬਿਜਾਈ ਕਰੋ। ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਗੰਨੇ ਦੇ ਉੱਪਰਲੇ ਹਿੱਸੇ ਵਿੱਚੋਂ ਛੋਟੀਆਂ ਗੁੱਲੀਆਂ ਚੁਣੀਆਂ ਗਈਆਂ ਹੋਣ ਤਾਂ ਬਿਜਾਈ 6-9 ਇੰਚ ਦੇ ਫਰਕ ਤੇ ਕਰੋ। ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ। ਮਿੱਟੀ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ।
ਬੀਜ
ਬੀਜ ਦੀ ਮਾਤਰਾ
ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ।
ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ।
ਬੀਜ ਦੀ ਸੋਧ
ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ। ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ। ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ। ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ।
ਮਿੱਟੀ ਦੀ ਸੋਧ
ਮਿੱਟੀ ਦੀ ਸੋਧ ਲਈ ਜੀਵਾਣੂ-ਖਾਦ ਅਤੇ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ 5 ਕਿਲੋ ਜੀਵਾਣੂ-ਖਾਦ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਤ ਘੋਲ ਨੂੰ 80-100 ਕਿਲੋ ਰੂੜੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ ਨੂੰ ਵੱਟਾਂ ਤੇ ਬੀਜੇ ਗੰਨੇ ਦੀਆਂ ਗੁੱਲੀਆਂ ਤੇ ਛਿੜਕਣਾ ਚਾਹੀਦਾ ਹੈ। ਇਸ ਤੋਂ ਬਾਅਦ ਵੱਟਾਂ ਨੂੰ ਮਿੱਟੀ ਨਾਲ ਢੱਕ ਦਿਓ।
ਇਹ ਵੀ ਪੜ੍ਹੋ : ਸਾਉਣੀ-ਹਾੜੀ ਦੀਆਂ ਫਸਲਾਂ ਨੂੰ ਛੱਡਕੇ ਕਰੋ ਇਸ ਘਾਹ ਦੀ ਕਾਸ਼ਤ, 6 ਸਾਲਾਂ ਤੱਕ ਪਾਓਗੇ ਝਾੜ
Summary in English: Complete information about sugarcane cultivation