1. Home
  2. ਖੇਤੀ ਬਾੜੀ

ਗੋਭੀ ਸਰੋਂ ਦੇ ਕੀੜਿਆਂ ਦੀ ਸਰਵਪੱਖੀ ਰੋਕਥਾਮ

ਗੋਭੀ ਸਰੋਂ ਹਾੜ੍ਹੀ ਦੀਆਂ ਤੇਲ ਬੀਜ ਫਸਲਾਂ ਵਿੱਚੋਂ ਇੱਕ ਪ੍ਰਮੁੱਖ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕਿਸਮਾਂ ਜੀ ਐਸ ਸੀ 7, ਜੀ ਐਸ ਸੀ 6, ਹਾਇਓਲਾ ਪੀ ਏ ਸੀ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਹਨ।

KJ Staff
KJ Staff
mustard pests

mustard

ਗੋਭੀ ਸਰੋਂ ਹਾੜ੍ਹੀ ਦੀਆਂ ਤੇਲ ਬੀਜ ਫਸਲਾਂ ਵਿੱਚੋਂ ਇੱਕ ਪ੍ਰਮੁੱਖ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕਿਸਮਾਂ ਜੀ ਐਸ ਸੀ 7, ਜੀ ਐਸ ਸੀ 6, ਹਾਇਓਲਾ ਪੀ ਏ ਸੀ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਹਨ।

ਅੰਤਰਰਾਸ਼ਟਰੀ ਪੱਧਰ ਤੇ ਕਨੋਲਾ ਸਰੋਂ ਉਨ੍ਹਾਂ ਕਿਸਮਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਪਾਇਆ ਜਾਵੇ ਅਤੇ ਖਲਾਂ ਵਿੱਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗੁਲੁਕੋਸਿਨੋਲਿਟਸ ਹੋਣੇ ਚਾਹੀਦੇ ਹਨ।

ਹੋਰ ਫਸਲਾਂ ਦੀ ਤਰ੍ਹਾਂ ਹੀ ਗੋਭੀ ਸਰੋਂ ਨੂੰ ਵੀ ਕੀੜੇ ਨੁਕਸਾਨ ਪਹੁੰਚਾਉਂਦੇ ਹਨ। ਸਰ੍ਹੋਂ ਦੀ ਫਸਲ ਉੱਪਰ ਮੁੱਖ ਤੌਰ ਤੇ ਚੇਪਾ, ਚਿਤਕਬਰੀ ਭੂੰਡੀ, ਸਲੇਟੀ ਭੂੰਡੀ, ਪੱਤੇ ਦਾ ਸਰੁੰਗੀ ਕੀੜਾ ਅਤੇ ਵਾਲਾਂ ਵਾਲੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ। ਇਨ੍ਹਾਂ ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦਿੱਤੀ ਸਰਵਪੱਖੀ ਕੀਟ ਪ੍ਰਬੰਧ ਨੂੰ ਅਪਨਾਉਣ ਦੀ ਲੋੜ ਹੈ।

ਚੇਪਾ: ਸਰੋਂ ਤੇ ਇਸ ਕੀੜੇ ਦਾ ਹਮਲਾ ਦਸੰਬਰ ਦੇ ਅਖੀਰਲੇ ਹਫਤੇ ਜਾਂ ਜਨਵਰੀ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਮਾਰਚ ਤੱਕ ਚਲਦਾ ਰਹਿੰਦਾ ਹੈ। ਖੰਭਾਂ ਵਾਲੇ ਵੱਡੇ ਚੇਪੇ ਹਵਾ ਨਾਲ ਉੱਡ ਕੇ ਪੌਦੇ ਉੱਪਰ ਬੈਠ ਜਾਂਦੇ ਹਨ ਅਤੇ ਬਿਨਾਂ ਖੰਭਾਂ ਵਾਲੇ ਬੱਚੇ ਨੂੰ ਜਨਮ ਦਿੰਦੇ ਰਹਿੰਦੇ ਹਨ।ਜੇਕਰ ਬਰਸਾਤ ਪੈ ਜਾਵੇ ਤਾਂ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਚੇਪੇ ਦਾ ਹਮਲਾ ਹੋਰ ਭਿਆਨਕ ਹੋ ਜਾਂਦਾ ਹੈ।

ਸਰੋਂ ਦੇ ਪੌਦੇ ਤੇ ਪ੍ਰਭਾਵ: ਚੇਪਾ ਸਰੋਂ ਦੇ ਪੌਦੇ ਦੇ ਵੱਖ-ਵੱਖ ਭਾਗਾਂ ਤੋਂ ਰਸ ਚੂਸਦਾ ਰਹਿੰਦਾ ਹੈ ਅਤੇ ਇਸ ਨੂੰ ਕਮਜ਼ੋਰ ਬਣਾ ਦਿੰਦਾ ਹੈ। ਜਿਸ ਦੇ ਫਲਸਰੂਪ ਕਦੇ-2 ਪੌਦੇ ਨੂੰ ਫਲੀਆਂ ਹੀ ਨਹੀਂ ਲਗਦੀਆਂ ਜਾਂ ਫਲੀਆਂ ਵਿੱਚ ਬਣੇ ਦਾਣੇ ਘੱਟ ਵਜ਼ਨ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਤੇਲ ਦੀ ਮਾਤਰਾ ਵੀ ਘੱਟ ਜਾਂਦੀ ਹੈ। ਚੇਪੇ ਦੇ ਕੀੜੇ ਪੌਦੇ ਦੇ ਵੱਖ-ਵੱਖ ਭਾਗ ਵਿੱਚ ਚਿਪਕੇ ਰਹਿੰਦੇ ਹਨ। ਜਿਸ ਕਰਕੇ ਸਰੋਂ ਦੇ ਪੌਦੇ ਦੀ ਭੋਜਨ ਤਿਆਰ ਕਰਨ ਦੀ ਪ੍ਰਤੀਕਿ੍ਰਆ ਵਿੱਚ ਕਮੀ ਦਰਜ਼ ਹੋਣ ਕਰਕੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਪੈਦਾਵਾਰ ਤੇ ਸਿੱਧਾ ਅਸਰ ਹੁੰਦਾ ਹੈ।

ਸਰਵਪੱਖੀ ਰੋਕਥਾਮ:

1. ਫਸਲ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਤੇ ਕਰੋ। ਹੋ ਸਕੇ ਤਾਂ ਅਕਤੂਬਰ ਦੇ ਤੀਜ਼ੇ ਹਫਤੇ ਤੱਕ ਬਿਜਾਈ ਕਰ ਦਿਓ।
2. ਖਾਦਾਂ ਦੀ ਸਿਫਾਰਸ਼ ਕੀਤੀ ਮਿਕਦਾਰ ਹੀ ਪਾਓ।
3. ਸਰੋਂ ਦੇ ਖੇਤ ਦੀ ਸਮੇਂ-ਸਮੇਂ ਤੇ ਜਾਂਚ ਖੇਤ ਵਿੱਚ ਗੇੜਾ ਮਾਰ ਕੇ ਕਰੋ।
4. ਇੱਕ ਏਕੜ ਵਾਲੇ ਖੇਤ ਵਿੱਚੋਂ 12 ਤੋਂ 16 ਬੂਟੇ ਜੋ ਇੱਕ ਦੂਜੇ ਤੋਂ ਦੂਰ ਹੋਣ ਹਫਤੇ ਵਿੱਚ ਦੋ ਵਾਰ ਚੁਣੋ। ਇਹ ਕੰਮ ਤੁਸੀਂ ਜਨਵਰੀ ਦੇ ਪਹਿਲੇ ਪੱਖ ਵਿੱਚ ਸ਼ੁਰੂ ਕਰ ਦੇਵੋ।
ਆਰਥਿਕ ਕਗਾਰ: ਜੇਕਰ ਪੌਦੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ ਚੇਪੇ ਦੀ ਗਿਣਤੀ 50-60 ਪ੍ਰਤੀ 10 ਸੈਂਟੀਮੀਟਰ ਹੋ ਜਾਣ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1 ਸੈਂਟੀਮੀਟਰ ਚੇਪੇ ਨਾਲ ਬਿਲਕੁਲ ਢੱਕਿਆ ਹੋਵੇ ਜਾਂ ਜਦੋਂ 40-50 ਪ੍ਰਤੀਸ਼ਤ ਪੌਦਿਆਂ ਤੇ ਚੇਪਾ ਨਜ਼ਰ ਆਵੇ (ਪਰ ਜਦੋਂ ਤੁਸੀਂ 100 ਪੌਦਿਆਂ ਦੀ ਜਾਂਚ ਕੀਤੀ ਹੋਵੇ) ਤਾਂ ਹੀ ਛਿੜਕਾਅ ਕਰਨਾ ਬਣਦਾ ਹੈ।

ਕੀਟਨਾਸ਼ਕ: ਛਿੜਕਾਅ ਲਏ ਹੇਠ ਲਿਖੇ ਕੀਟਨਾਸ਼ਕ ਦਵਾਈਆਂ ਵਿੱਚੋਂ ਕੋਈ ਇੱਕ ਪ੍ਰਤੀ ਏਕੜ ਸਿਫਾਰਸ਼ ਕੀਤੀ ਮਿਕਦਾਰ ਨਾਲ 80-125 ਲਿਟਰ ਸਾਫ ਪਾਣੀ ਵਿੱਚ ਘੋਲ ਬਣਾ ਢੁੱਕਵੇਂ ਸਪਰੇ ਪੰਪ ਨਾਲ ਛਿੜਕਾਅ ਕਰੋ।


ਲੜੀ ਨੰ: ਕੀਟਨਾਸ਼ਕ ਦਾ ਨਾਮ ਮਾਤਰਾ ਪ੍ਰਤੀ ਏਕੜ

1 ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ
2 ਮੈਟਾਸਿਸਟਾਕਸ 25 ਈ ਸੀ (ਅੋਕਸੀਡੈਮੀਟੋਸ ਮੀਥਾਈਲ) 40 ਮਿਲੀਲਿਟਰ
3 ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ
4 ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ

ਸਾਵਧਾਨੀਆਂ: ਸਰੋਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਦੁਪਿਹਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।

ਚਿਤਕਬਰੀ ਭੂੰਡੀ: ਇਸ ਦਾ ਹਮਲਾ ਪੁੰਗਰ ਰਹੀ ਫਸਲ ਤੇ ਆਮ ਤੌਰ ਤੇ ਅਕਤੂਬਰ ਦੇ ਮਹੀਨੇ ਅਤੇ ਫੇਰ ਪੱਕੀ ਫਸਲ ਤੇ ਮਾਰਚ/ਅਪ੍ਰੈਲ ਦੇ ਮਹੀਨਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਭੂੰਡੀ ਦੇ ਛੋਟੇ ਅਤੇ ਜਵਾਨ ਕੀੜੇ ਪੱਤਿਆਂ ਅਤੇ ਫਲੀਆਂ ਵਿੱਚੋਂ ਰਸ ਚੂਸਦੇ ਰਹਿੰਦੇ ਹਨ ਜਿਸ ਕਰਕੇ ਪੱਤੇ ਅਤੇ ਫਲੀਆਂ ਸੁੱਕਣ ਲੱਗਦੀਆਂ ਹਨ। ਇਸ ਦੀ ਰੋਕਥਾਮ ਲਈ ਪਹਿਲਾ ਪਾਣੀ 3-4 ਹਫਤੇ ਪਿੱਛੇ ਲਗਾਓ ਇਸ ਨਾਲ ਵੀ ਭੂੰਡੀ ਦੀ ਗਿਣਤੀ ਕਾਫੀ ਘੱਟ ਜਾਂਦੀ ਹੈ।

ਸਲੇਟੀ ਸੁੰਡੀ: ਇਸ ਸੁੰਡੀ ਦੇ ਹਮਲੇ ਦਾ ਪਤਾ ਫਸਲ ਦੇ ਪੱਤਿਆਂ ਵਿੱਚ ਮੋਰੀਆਂ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਸਲੇਟੀ ਸੁੰਡੀ ਪੱਤੇ ਖਾਂਦੀ ਹੈ। ਇਸ ਦੀ ਰੋਕਥਾਮ ਕਰਨ ਲਈ ਏਕਾਲਕਸ 25 ਈ ਸੀ (ਕੁਇਨਲਫਾਸ) 250 ਮਿਲੀਲਿਟਰ ਨੂੰ 60-80 ਲਿਟਰ ਸਾਫ ਪਾਣੀ ਵਿੱਚ ਘੋਲ ਬਣਾ ਛਿੜਕਿਆ ਜਾ ਸਕਦਾ ਹੈ।

ਪੱਤੇ ਦਾ ਸੁਰੰਗੀ ਕੀੜਾ: ਇਸ ਦੀਆਂ ਸੁੰਡੀਆਂ (ਲਾਰਵੇ) ਪੱਤੇ ਵਿੱਚ ਸੁਰੰਗਾਂ ਬਣਾ ਕੇ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਦੇ ਹਮਲੇ ਤੇ ਕਾਬੂ ਪਾਉਣ ਲਈ 400 ਮਿਲੀਲਿਟਰ ਰੋਗਰ 30 ਈ ਸੀ ਦਾ ਛਿੜਕਾਅ ਕਰੋ ਜਾਂ 13 ਕਿੱਲੋ ਕਿਊੈਰਾਡਾਨ 3 ਜੀ ਪ੍ਰਤੀ ਦਾ ਛਿੱਟਾ ਦਿੱਤਾ ਜਾ ਸਕਦਾ ਹੈ।

ਰੋਕਥਾਮ: ਇਹ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਉੱਪਰ ਹੁੰਦੀਆਂ ਹਨ। ਇਨ੍ਹਾਂ ਸੁੰਡੀਆਂ ਦੇ ਹਮਲੇ ਵਾਲੇ ਪੱਤਿਆਂ ਨੂੰ ਜਿਨ੍ਹਾਂ ਤੇ ਇਹ ਸੁੰਡੀਆਂ ਝੁੰਡਾਂ ਵਿੱਚ ਹੁੰਦੀਆਂ ਹਨ, ਤੋੜ ਕੇ ਨਸ਼ਟ ਕਰ ਦਿਓ।

ਵਾਲਾਂ ਵਾਲੀ ਸੁੰਡੀ ਜਾਂ ਕੁਤਰਾ ਅਤੇ ਗੋਭੀ ਦੀ ਸੁੰਡੀ: ਇਹ ਕੀੜੇ ਪੱਤਿਆਂ, ਨਰਮ ਕਰੂੰਬਲਾਂ ਅਤੇ ਅੋਲੀਆ ਹਰੀਆਂ ਫਲ਼ੀਆਂ ਤੇ ਝੁੰਡਾਂ ਵਿੱਚ ਖਾ ਕੇ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਫਿਰ ਨਾਲ ਲਗਦੇ ਖੇਤਾਂ ਵਿੱਚ ਵੀ ਇਨ੍ਹਾਂ ਦਾ ਹਮਲਾ ਦੇਖਣ ਨੂੰ ਮਿਲਦਾ ਹੈ।

ਹਰਮਿੰਦਰ ਕੌਰ ਦਿਉਸੀ
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

Summary in English: Comprehensive control of cabbage mustard pests

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters