Krishi Jagran Punjabi
Menu Close Menu

ਅੰਬ ਦੀ ਗੁਦਹਿੜੀ (ਮਿਲੀਬੱਗ) ਦੀ ਸਰਵਪੱਖੀ ਰੋਕਥਾਮ

Tuesday, 04 May 2021 04:31 PM
Mango garden

Mango garden

ਗੁਦਹਿੜੀ (ਮੀਲੀਬੱਗ) ਅੰਬ ਦਾ ਇੱਕ ਪ੍ਰਮੁੱਖ ਕੀੜਾ ਹੈ। ਪਹਿਲਾਂ-ਪਹਿਲ ਇਹ ਕੀੜਾ ਸਿਰਫ਼ ਮੱਧ ਭਾਰਤ, ਯੂ.ਪੀ, ਬਿਹਾਰ ਵਿੱਚ ਹੀ ਮਿਲਦਾ ਸੀ, ਪ੍ਰੰਤੂ ਹੁਣ ਇਹ ਸਾਰੇ ਉਤਰੀ ਭਾਰਤ ਵਿੱਚ ਫੈਲ ਚੁੱਕਾ ਹੈ। ਇਹ ਇੱਕ ਬਹੁ-ਆਹਾਰੀ ਕੀੜਾ ਹੈ ਅਤੇ ਅੰਬ ਤੋਂ ਇਲਾਵਾ ਇਹ ਕੀੜਾ ਬੇਰ, ਨਿੰਬੂ ਜਾਤੀ ਦੇ ਬੂਟੇ, ਫਾਲਸਾ, ਅੰਜੀਰ, ਅੰਗੂਰ, ਅਮਰੂਦ, ਜਾਮਨ, ਲੀਚੀ, ਸ਼ਹਿਤੂਤ, ਆੜੂ, ਅਲੂਚਾ, ਅਨਾਰ, ਅਤੇ ਕਈ ਸਜਾਵਟੀ ਬੂਟੇ ਜਿਵੇਂ ਕਿ ਸਤਪੱਤੀਆਂ ਆਦਿ ਦਾ ਵੀ ਨੁਕਸਾਨ ਕਰਦਾ ਹੈ।

ਸਾਲ ਵਿੱਚ ਇਸ ਕੀੜੇ ਦੀ ਇੱਕੋ-ਇਕ ਪੀੜੀ ਹੁੰਦੀ ਹੈ। ਗਰਭਵਤੀ ਮਾਦਾਵਾਂ ਅਖ਼ੀਰ ਮਾਰਚ ਤੋਂ ਲੈ ਕੇ ਅਖ਼ੀਰ ਮਈ ਤੱਕ ਦਰੱਖਤ ਉਪਰੋਂ ਥੱਲੇ ਜ਼ਮੀਨ ਵਿੱਚ ਉਤਰ ਆਉਂਦੀਆਂ ਹਨ ਤੇ ਜ਼ਮੀਨ ਵਿਚ 8 ਤੋਂ 15 ਸੈਂਟੀਮੀਟਰ ਤੱਕ ਡੂੰਘੀਆਂ ਚਲੀਆਂ ਜਾਦੀਆਂ ਹਨ, ਜਿੱਥੇ ਇਹ ਚਿੱਟਾ ਫੋਮ ਵਰਗਾ ਮਾਦਾ ਛੱਡਦੀਆਂ ਹਨ ਅਤੇ ਫਿਰ ਇਸ ਮਾਦੇ ਵਿੱਚ 400 ਤੋਂ 500 ਅੰਡੇ ਸੱਤ ਤੋਂ ਸੋਲਾਂ ਦਿਨਾਂ ਦੇ ਵਿੱਚ ਦਿੰਦੀਆਂ ਹਨ। ਛੇਤੀ ਹੀ ਅੰਡੇ ਦੇਣ ਤੋਂ ਮਗਰੋਂ ਮਾਦਾ ਗੁਦਹਿੜੀਆਂ ਮਰ ਜਾਂਦੀਆਂ ਹਨ। ਅੰਡੇ ਸੁਸਤ ਹਾਲਤ ਵਿੱਚ ਮਈ ਤੋਂ ਦਸੰਬਰ ਤੱਕ ਜ਼ਮੀਨ ਵਿੱਚ ਹੀ ਪਏ ਰਹਿੰਦੇ ਹਨ। ਦਸੰਬਰ ਤੋਂ ਜਨਵਰੀ ਅਖ਼ੀਰ ਤੱਕ ਇਹਨਾਂ ਅੰਡਿਆਂ ਵਿਚੋਂ ਬੱਚੇ ਨਿਕਲਦੇ ਹਨ। ਨਵੇਂ ਨਿਕਲੇ ਬੱਚਿਆਂ ਦਾ ਰੰਗ ਗੁਲਾਬੀ ਭੂਰਾ ਹੁੰਦਾ ਹੈ ਅਤੇ ਜਲਦੀ ਹੀ ਅੰਡਿਆਂ ਵਿਚੋਂ ਨਿਕਲੇ ਬੱਚੇ ਦਰੱਖਤਾਂ ਤੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਨ। ਪੂੰਗ ਦੀਆਂ ਤਿੰਨ ਅਵਸਥਵਾਂ ਹੁੰਦੀਆਂ ਹਨ। ਪਹਿਲੀ ਅਵਸਥਾ ਦੇ ਬੱਚੇ ਜਨਵਰੀ ਤੋਂ ਮਾਰਚ ਦੇ ਤੀਜੇ ਹਫਤੇ ਤੱਕ ਦੇਖੇ ਜਾ ਸਕਦੇ ਹਨ। ਤੀਸਰੀ ਅਵਸਥਾ ਦੀਆਂ ਮਾਦਾਵਾਂ ਮਾਰਚ ਤੋਂ ਅੱਧ ਅਪ੍ਰੈਲ ਤੱਕ ਪਾਈਆਂ ਜਾਂਦੀਆਂ ਹਨ। ਬੱਚੇ ਅਤੇ ਜਵਾਨ ਮਾਦਾਵਾਂ ਚਪਟੇ, ਚਿੱਟੇ ਮੋਮ ਨਾਲ ਲੱਥਪੱਥ ਹੁੰਦੇ ਹਨ ਅਤੇ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਕਿ ਬੂਟੇ ਉੱਪਰ ਉੱਲੀ ਜੰਮੀ ਹੁੰਦੀ ਹੈ। ਮਾਦਾ ਖੰਭ ਰਹਿਤ ਹੁੰਦੀ ਹੈ ਜਦੋਂ ਕਿ ਨਰ ਗੂੜੇ ਲਾਲ ਰੰਗ ਦਾ ਹੁੰਦਾ ਹੈ, ਜਿਸ ਦੇ ਗੂੜੇ ਖਾਕੀ ਕਾਲੇ ਖੰਭ ਹੁੰਦੇ ਹਨ। ਨਰ ਗੁਦਹਿੜੀ ਦਾ ਜੀਵਨ ਚੱਕਰ 67 ਤੋਂ 119 ਦਿਨ੍ਹਾਂ ਵਿੱਚ ਪੂਰਾ ਹੋ ਜਾਂਦਾ ਹੈ ਜਦੋਂ ਕਿ ਮਾਦਾ ਗੁਦਹਿੜੀ ਆਪਣਾ ਜੀਵਨ ਚੱਕਰ ਪੂਰਾ ਕਰਨ ਲਈ 77 ਤੋਂ 135 ਦਿਨ ਲੈ ਲੈਂਦੀ ਹੈ।

ਨੁਕਸਾਨ:- ਬੱਚੇ ਅਤੇ ਜਵਾਨ ਮਾਦਾਵਾਂ ਜਨਵਰੀ ਤੋਂ ਜੂਨ ਤੱਕ ਸ਼ਾਖਾ, ਪੱਤੇ, ਫੁੱਲਾਂ ਅਤੇ ਫਲਾਂ ਦਾ ਰਸ ਚੂਸਦੇ ਹਨ। ਅੰਡਿਆਂ ਵਿੱਚੋਂ ਬੱਚੇ ਨਿਕਲਣ ਤੇ ਦਰੱਖਤਾਂ ਉਤੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਨ। ਅਤੇ ਝੁੰਡਾਂ ਵਿੱਚ ਤਣਿਆਂ, ਫਲਾਂ ਅਤੇ ਫੁੱਲਾਂ ਦੀਆਂ ਡੋਡੀਆਂ ਵਿੱਚੋਂ ਰਸ ਚੂਸਦੇ ਹਨ। ਹਮਲਾਗ੍ਰਤ ਟਾਹਣੀਆਂ ਮੁਰਝਾਂ ਕੇ ਸਿਰੇ ਤੋਂ ਹੇਠਾਂ ਸੁੱਕ ਜਾਂਦੀਆਂ ਹਨ । ਧੁੱਪ ਵਾਲੇ ਦਿਨ ਹੀ ਕੀੜੇ ਜ਼ਿਆਦਾ ਚੁਸਤ ਰਹਿੰਦੇ ਹਨ। ਜਵਾਨ ਅਤੇ ਬੱਚੇ ਪੱਤਿਆਂ ਉਤੇ ਮਿੱਠਾ ਮਾਦਾ ਛੱਡਦੇ ਰਹਿੰਦੇ ਹਨ। ਜਿਸ ਕਰਕੇ ਹਮਲੇ ਵਾਲੇ ਪੱਤੇ ਕਾਲੀ ਉਲੀ ਦੇ ਰੋਗ ਨਾਲ ਭਰ ਜਾਂਦੇ ਹਨ।

ਇਸ ਕੀੜੇ ਦੇ ਹਮਲੇ ਕਾਰਨ ਬੂਟੇ ਦੀ ਫਲ ਪੈਦਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਵਿਕਸਿਤ ਫ਼ਲਾਂ ਵਿੱਚ ਰਸ ਨਹੀਂ ਪੈਂਦਾ ਅਤੇ ਉਹ ਪੱਕਣ ਤੋਂ ਪਹਿਲਾਂ ਝੜ ਜਾਂਦੇ ਹਨ। ਜ਼ਿਆਦਾ ਹਮਲੇ ਹੋਣ ਦੀ ਸੂਰਤ ਵਿੱਚ ਅੰਬ ਦੇ ਦਰੱਖਤ ਨੂੰ ਫ਼ਲ ਬਿਲਕੁਲ ਨਹੀਂ ਪੈਂਦਾ। ਨਰ ਕੀੜਾ ਅੰਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।

ਰੋਕਥਾਮ

(1) ਗਰਮੀਆਂ ਵਿੱਚ ਅੰਬ ਦੇ ਦੁਆਲੇ ਦੀ ਜ਼ਮੀਨ ਨੂੰ ਪੱਟੋ ਜਾਂ ਹਲ ਨਾਲ ਵਾਹੋ ਤਾਂ ਕਿ ਇਸ ਵਿੱਚ ਪਏ ਆਂਡੇ ਪਰਭਕਸ਼ੀਆਂ ਅਤੇ ਜ਼ਿਆਦਾ ਤਾਪਮਾਨ ਦੇ ਕਾਰਨ ਨਸ਼ਟ ਹੋ ਜਾਣ। (2) ਦਸੰਬਰ-ਜਨਵਰੀ ਤੇ ਮਹੀਨੇ ਬਾਗਾਂ ਖਾਸ ਕਰਕੇ ਅੰਬ ਦੇ ਆਲੇ ਦੁਆਲੇ ਨੂੰ ਨਦੀਨ ਮੁਕਤ ਰੱਖੋ। (3) ਬੱਚਿਆਂ ਨੂੰ ਦਰੱਖਤ ਤੇ ਚੜ੍ਹਨ ਤੋਂ ਰੋਕਣ ਲਈ ਤਿਲਕਵੀਂ ਪੱਟੀ ਅੰਬ ਦੇ ਤਣੇ ਦੁਆਲੇ ਅੱਧ ਦਸੰਬਰ ਤੱਕ ਲਪੇਟੋ। ਇਹ ਪੱਟੀ 15 ਤੋਂ 20 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਹੋਣੀ ਚਾਹੀਦੀ ਹੈ।

ਇਹ ਪੱਟੀ ਤਣੇ ਦੇ ਸ਼ੁਰੂ ਵਿੱਚ ਲਗਾਉ, ਜਿਸ ਦੇ ਉਪਰਲੇ ਅਤੇ ਥੱਲੇ ਵਾਲੇ ਕਿਨਾਰਿਆਂ ਉਪਰ 2 ਸੈਂਟੀਮੀਟਰ ਲੰਬਾਈ ਦੇ ਇੱਕ ਤੋਂ ਤਿੰਨ ਕਿੱਲ ਲਗਾਉ, ਪੱਟੀ ਦੇ ਥੱਲੇ ਵਾਲਾ ਕਿਨਾਰਾ ਸਖ਼ਤ ਜ਼ਮੀਨ ਨਾਲ ਢੱਕਿਆਂ ਹੋਣਾ ਚਾਹੀਦਾ ਹੈ ਤਾਂ ਕਿ ਗੁਦਹਿੜੀ ਦੇ ਬੱਚੇ ਪੱਟੀ ਦੇ ਹੇਠੋਂ ਹੋ ਕੇ ਦਰੱਖਤ ਤੇ ਨਾ ਚੜ੍ਹ ਜਾਣ। ਇਸ ਪੱਟੀ ਨੂੰ ਗਿੱਲੇ ਕੱਪੜੇ ਨਾਲ ਸਾਫ਼ ਰੱਖਣਾ ਚਾਹੀਦਾ ਹੈ। (4) ਜ਼ਮੀਨ ਨਾਲ ਲੱਗਦੀਆਂ ਟਾਹਣੀਆਂ ਜਾਂ ਨੇੜਲੇ ਬੂਟਿਆਂ/ਦਰੱਖਤਾਂ ਨਾਲ ਲੱਗਦੀਆਂ ਟਾਹਣੀਆਂ ਨੂੰ ਕੱਟ ਦੇਣਾ ਚਾਹੀਦਾ ਹੈ।

ਰਾਜਵਿੰਦਰ ਕੌਰ ਸੰਧੂ: 97798-61180

ਰਾਜਵਿੰਦਰ ਕੌਰ ਸੰਧੂ, ਸੰਦੀਪ ਸਿੰਘ ਅਤੇ ਜਸਰੀਤ ਕੌਰ
ਬਾਗਬਾਨੀ ਵਿਭਾਗ

mango gallbladder Mango garden Agricultural news
English Summary: Comprehensive prevention of mango gallbladder (mealybug)

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.