1. Home
  2. ਖੇਤੀ ਬਾੜੀ

Pumpkin Vegetables : ਕੱਦੂ ਜਾਤੀ ਸਬਜ਼ੀਆਂ ਦੇ ਕੀੜੇ ਤੇ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ

ਕੱਦੂ ਜਾਤੀ ਦੀਆਂ ਸਬਜ਼ੀਆਂ 'ਚ ਇਕ ਖ਼ਾਸ ਤੱਤ ਮਨੁੱਖ ਨੂੰ ਕੈਂਸਰ ਤੋਂ ਬਚਾਉਂਦਾ ਹੈ। ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਹੁੰਦੀ ਹੈ ਕਿਉਂਕਿ ਇਹ ਸਬਜ਼ੀਆਂ ਵੇਲਾਂ ਦੇ ਰੂਪ 'ਚ ਵਧਦੀਆਂ ਹਨ। ਇਸ ਲਈ ਇਨ੍ਹਾਂ ਨੂੰ ਖੇਤ ਤੋ ਇਲਾਵਾ ਫਾਲਤੂ ਜਗ੍ਹਾ ਕੰਧਾਂ, ਕੁੱਪ, ਗ੍ਹੀਰਾ ਤੇ ਦਰੱਖ਼ਤਾਂ ਦੇ ਨੇੜੇ ਵੀ ਉਗਾਇਆ ਜਾ ਸਕਦਾ ਹੈ। ਹੋਰਨਾਂ ਫ਼ਸਲਾਂ ਦੇ ਮੁਕਾਬਲੇ ਇਨ੍ਹਾਂ ਸਬਜ਼ੀਆਂ 'ਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਨ੍ਹਾਂ ਦੀ ਕੀੜੇ ਤੇ ਬਿਮਾਰੀਆਂ ਦੇ ਹਮਲੇ ਨੂੰ ਸਹਾਰਨ ਦੀ ਸਮਰਥਾ ਘੱਟ ਹੁੰਦੀ ਹੈ।

KJ Staff
KJ Staff
Pumpkin Vegetables

Pumpkin Vegetables

ਕੱਦੂ ਜਾਤੀ ਦੀਆਂ ਸਬਜ਼ੀਆਂ 'ਚ ਇਕ ਖ਼ਾਸ ਤੱਤ ਮਨੁੱਖ ਨੂੰ ਕੈਂਸਰ ਤੋਂ ਬਚਾਉਂਦਾ ਹੈ। ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਹੁੰਦੀ ਹੈ ਕਿਉਂਕਿ ਇਹ ਸਬਜ਼ੀਆਂ ਵੇਲਾਂ ਦੇ ਰੂਪ 'ਚ ਵਧਦੀਆਂ ਹਨ। ਇਸ ਲਈ ਇਨ੍ਹਾਂ ਨੂੰ ਖੇਤ ਤੋ ਇਲਾਵਾ ਫਾਲਤੂ ਜਗ੍ਹਾ ਕੰਧਾਂ, ਕੁੱਪ, ਗ੍ਹੀਰਾ ਤੇ ਦਰੱਖ਼ਤਾਂ ਦੇ ਨੇੜੇ ਵੀ ਉਗਾਇਆ ਜਾ ਸਕਦਾ ਹੈ। ਹੋਰਨਾਂ ਫ਼ਸਲਾਂ ਦੇ ਮੁਕਾਬਲੇ ਇਨ੍ਹਾਂ ਸਬਜ਼ੀਆਂ 'ਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਨ੍ਹਾਂ ਦੀ ਕੀੜੇ ਤੇ ਬਿਮਾਰੀਆਂ ਦੇ ਹਮਲੇ ਨੂੰ ਸਹਾਰਨ ਦੀ ਸਮਰਥਾ ਘੱਟ ਹੁੰਦੀ ਹੈ।

ਮੁੱਖ ਕੀੜੇ

ਕੱਦੂ ਜਾਤੀ ਦੀਆਂ ਸਬਜ਼ੀਆਂ 'ਤੇ ਮੁੱਖ ਤੌਰ 'ਤੇ ਕੱਦੂ ਦੀ ਲਾਲ ਭੂੰੁਡੀ, ਤੇਲਾ, ਲਾਲ ਮਕੌੜਾ ਜੂੰ, ਫਲ ਦੀ ਮੱਖੀ ਆਦਿ ਕੀੜੇ ਹਮਲਾ ਕਰਦੇ ਹਨ।

ਕੱਦੂ ਦੀ ਲਾਲ ਭੂੰਡੀ

ਇਸ ਦੇ ਖੰਭ ਪੀਲੇ ਸੰਤਰੀ ਹੁੰਦੇ ਹਨ। ਇਸ ਦੀ ਸੁੰਡੀ ਹਲਕੇ ਪੀਲੇ ਰੰਗ ਦੀ ਹੁੰਦੀ ਹੈ। ਸੁੰਡੀ ਦੀਆਂ ਲੱਤਾਂ ਤੇ ਸਿਰ ਭੂਰੇ ਹੁੰਦੇ ਹਨ। ਮਾਦਾ ਭੂੰਡੀ ਮਿੱਟੀ 'ਚ ਆਂਡੇ ਦਿੰਦੀ ਹੈ। ਇਸ ਦਾ ਹਮਲਾ ਗਰਮੀਆਂ 'ਚ ਹੁੰਦਾ ਹੈ ਪਰ ਅਪ੍ਰੈਲ 'ਚ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਫ਼ਸਲ ਉੱਪਰ ਭਿਆਨਕ ਹਮਲਾ ਕਰਦੀ ਹੈ। ਇਸ ਦੇ ਜਵਾਨ ਕੀੜੇ ਪੱਤਿਆਂ ਉੱਪਰ ਮੋਰੀਆਂ ਬਣਾਉਂਦੇ ਹਨ। ਇਨ੍ਹਾਂ ਦੀ ਪਹਿਲੀ ਜਵਾਨ ਪੀੜ੍ਹੀ, ਅਗਲੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਹਮਲੇ ਵਾਲੇ ਬੂਟੇ ਖ਼ਤਮ ਹੋ ਜਾਂਦੇ ਹਨ। ਸੁੰਡੀਆਂ ਬੂਟੇ ਦੀਆਂ ਜੜ੍ਹਾਂ, ਤਣੇ, ਪੱਤਿਆਂ ਤੇ ਜ਼ਮੀਨ ਨੂੰ ਛੂਹ ਰਹੇ ਫਲਾਂ ਉੱਪਰ ਹਮਲਾ ਕਰ ਕੇ ਨੁਕਸਾਨ ਕਰਦੀਆਂ ਹਨ। ਹਮਲੇ ਵਾਲੀਆਂ ਜੜ੍ਹਾਂ ਤੇ ਤਣਾ ਗਲ਼ਣਾ ਸ਼ੁਰੂ ਹੋ ਜਾਂਦਾ ਹੈ ਤੇ ਫਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਰੋਕਥਾਮ : ਫ਼ਸਲ ਦੇ ਖ਼ਾਤਮੇ ਤੋਂ ਬਾਅਦ ਵੇਲਾਂ ਨੂੰ ਸਾੜ ਦੇਵੋ ਤੇ ਖੇਤ ਦੀ ਡੂੰਘੀ ਵਹਾਈ ਕਰੋ। ਭੂੰਡੀਆਂ ਨੂੰ ਬੂਟਿਆਂ ਉੱਪਰੋਂ ਇਕੱਠਾ ਕਰ ਕੇ ਮਾਰ ਦੇਵੋ। ਫ਼ਸਲ ਨੂੰ ਭੂੰਡੀ ਤੋਂ ਬਚਾਉਣ ਲਈ ਬੀਜ ਨੂੰ ਲਿਫਾਫਿਆਂ ਵਿਚ ਨਵੰਬਰ ਦੇ ਮਹੀਨੇ (ਕੋਰੇ ਤੋਂ ਬਚਾਉਣ ਲਈ) ਪੂਰਬ ਦਿਸ਼ਾ ਵਾਲੇ ਵਰਾਂਡਿਆ 'ਚ ਬੀਜੋ ਤੇ ਫਰਵਰੀ ਦੇ ਮਹੀਨੇ ਖੇਤ 'ਚ ਲਗਾਓ।

ਤੇਲਾ

ਕੱਦੂ ਜਾਤੀ ਦੀਆਂ ਸਬਜ਼ੀਆਂ ਉੱਪਰ ਤੇਲੇ ਦਾ ਹਮਲਾ ਮਾਰਚ ਤੋਂ ਜੂਨ ਤਕ ਹੁੰਦਾ ਹੈ। ਤੇਲੇ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਦਾ ਰੰਗ ਹਰਾ, ਭੂਰਾ, ਗੁਲਾਬੀ ਤੇ ਕਾਲਾ ਹੁੰਦਾ ਹੈ। ਇਹ ਪੱਤਿਆਂ ਦਾ ਰਸ ਚੂਸਦੇ ਹਨ। ਇਨ੍ਹਾਂ ਦਾ ਹਮਲਾ ਪੁੰਗਰ ਰਹੀ ਫ਼ਸਲ 'ਤੇ ਜ਼ਿਆਦਾ ਹੁੰਦਾ ਹੈ। ਹਮਲੇ ਕਾਰਨ ਪੱਤੇ ਇਕੱਠੇ ਹੋ ਕੇ ਸੁੱਕ ਜਾਂਦੇ ਹਨ। ਇਨ੍ਹਾਂ ਦਾ ਮਲ-ਮੂਤਰ ਪੱਤਿਆਂ 'ਤੇ ਜੰਮ ਜਾਣ ਕਾਰਨ ਪੱਤਿਆਂ 'ਤੇ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ ਤੇ ਬੂਟਿਆਂ ਨੂੰ ਧੁੱਪ ਤੋਂ ਮਿਲਣ ਵਾਲੀ ਖ਼ੁਰਾਕ 'ਚ ਕਮੀ ਆ ਜਾਂਦੀ ਹੈ। ਇਸ ਨਾਲ ਵੇਲਾਂ ਦਾ ਵਾਧਾ ਰੁਕ ਜਾਂਦਾ ਹੈ ਤੇ ਝਾੜ ਘਟ ਜਾਂਦਾ ਹੈ।

ਰੋਕਥਾਮ : ਜੇ ਫ਼ਸਲ ਦੀ ਪਿਛੇਤੀ ਬਿਜਾਈ ਕਰਨੀ ਹੋਵੇ ਤਾਂ ਕੱਦੂ ਜਾਤੀ ਦੀਆਂ ਪਹਿਲਾਂ ਬੀਜੀਆਂ ਫ਼ਸਲਾਂ ਤੋਂ ਦੂਰੀ 'ਤੇ ਬਿਜਾਈ ਕਰੋ। ਖੇਤਾਂ ਨੇੜਿਓਂ ਨਦੀਨ, ਵਿਸਾਣੂ ਰੋਗ ਵਾਲੀਆਂ ਖੀਰੇ ਤੇ ਤਰਬੂਜ਼ ਦੀਆਂ ਵੇਲਾਂ ਪੁੱਟ ਕੇ ਨਸ਼ਟ ਕਰਦੇ ਰਹੋ। ਫ਼ਸਲ ਨੂੰ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਵਾਲੀਆਂ ਖਾਦਾਂ ਨਾ ਪਾਵੋ। ਤੇਲੇ ਦੇ ਹਮਲੇ ਨੂੰ ਸਹਾਰਨ ਵਾਲੀਆਂ ਕਿਸਮਾਂ ਹੀ ਬੀਜੋ।

ਲਾਲ ਮਕੌੜਾ ਜੂੰ

ਇਸ ਦੀ ਲੰਬਾਈ 0.06 ਇੰਚ ਹੁੰਦੀ ਹੈ ਤੇ ਇਸ ਦੀ 8 ਲੱਤਾਂ ਹੁੰਦੀਆਂ ਹਨ। ਇਸ ਦਾ ਰੰਗ ਹਰੇ ਤੋਂ ਗੁਲਾਬੀ ਹੁੰਦਾ ਹੈ। ਇਹ ਪੱਤਿਆਂ ਦਾ ਰਸ ਚੂਸਦੀ ਹੈ। ਪੱਤਿਆਂ 'ਤੇ ਜਾਲੇ ਬਣ ਜਾਂਦੇ ਹਨ ਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ। ਜ਼ਿਆਦਾ ਹਮਲੇ 'ਚ ਝਾੜ ਬਹੁਤ ਘੱਟ ਜਾਂਦਾ ਹੈ।

ਰੋਕਥਾਮ : ਫ਼ਸਲ ਦੇ ਆਲੇ-ਦੁਆਲੇ ਵੱਟਾਂ ਤੇ ਰਸਤਿਆਂ ਨੂੰ ਨਦੀਨਾਂ ਤੋਂ ਮੁਕਤ ਰੱਖੋ। ਫ਼ਸਲ ਨੂੰ ਔੜ ਜਾਂ ਸੋਕਾ ਨਾ ਲੱਗਣ ਦੇਵੋ।

ਫਲ ਦੀ ਮੱਖੀ

ਇਹ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਮੁੱਖ ਕੀੜਾ ਹੈ। ਮੱਖੀ ਦੇ ਸਰੀਰ ਦੀ ਲੰਬਾਈ 5 ਮਿਲੀਮੀਟਰ, ਰੰਗ ਲਾਲ ਤੇ ਭੂਰਾ ਹੁੰਦਾ ਹੈ। ਜਵਾਨ ਮੱਖੀਆਂ ਕੋਈ ਨੁਕਸਾਨ ਨਹੀ ਕਰਦੀਆਂ ਕਿਉਂਕਿ ਇਹ ਤੇਲੇ ਦੇ ਮਲ-ਮੂਤਰ 'ਤੇ ਗੁਜ਼ਾਰਾ ਕਰਦੀਆਂ ਹਨ ਪਰ ਸੁੰਡੀਆਂ ਫਲਾਂ ਦਾ ਨੁਕਸਾਨ ਕਰਦੀਆਂ ਹਨ। ਹਮਲੇ ਵਾਲੇ ਫਲ ਛੋਟੇ ਰਹਿ ਜਾਂਦੇ ਹਨ, ਦਿੱਖ ਵਿਗੜ ਜਾਂਦੀ ਹੈ, ਫਲ ਗਲ਼ ਜਾਂਦੇ ਹਨ ਤੇ ਉਨ੍ਹਾਂ ਉੱਪਰ ਕਈ ਤਰ੍ਹਾਂ ਦੀਆਂ ਉੱਲੀਆਂ ਪੈਦਾ ਹੋ ਜਾਂਦੀਆਂ ਹਨ।

ਰੋਕਥਾਮ : ਮੱਖੀ ਦੇ ਹਮਲੇ ਵਾਲੇ ਫਲਾਂ ਨੂੰ ਤੋੜ ਕੇ ਜ਼ਮੀਨ 'ਚ ਨੱਪ ਦੇਵੋ। 20 ਮਿਲੀਲਿਟਰ ਮੈਲਾਥੀਅਨ 50 ਈਸੀ ਤੇ 200 ਗ੍ਰਾਮ ਗੁੜ ਜਾਂ ਖੰਡ ਨੂੰ 20 ਲੀਟਰ ਪਾਣੀ 'ਚ ਘੋਲ ਕੇ ਮੱਖੀ ਦੇ ਹਮਲੇ ਵਾਲੇ ਬੂਟਿਆਂ ਉੱਪਰ ਛਿੜਕਾਅ ਕਰੋ। ਇਹ ਮੱਖੀਆਂ ਪੌਦਿਆਂ 'ਤੇ ਉੱਚੀ ਥਾਂ ਆਰਾਮ ਕਰਦੀਆਂ ਹਨ, ਇਸ ਲਈ ਬੂਟਿਆਂ ਦੇ ਉੱਪਰਲੇ ਹਿੱਸਿਆਂ 'ਤੇ ਲਾਜ਼ਮੀ ਛਿੜਕਾਅ ਕਰੋ। ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਬਹਾਰ ਰੁੱਤ ਦੀ ਬਿਜਾਈ ਵਾਲੀ ਕਰੇਲੇ ਦੀ ਫ਼ਸਲ 'ਚ ਮਾਰਚ ਦੇ 3-4 ਹਫ਼ਤੇ ਦੌਰਾਨ, ਬਰਸਾਤੀ ਫ਼ਸਲ ਵਿਚ ਜੂਨ ਦੇ ਆਖ਼ਰੀ ਹਫ਼ਤੇ ਦੌਰਾਨ ਪੀਏਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ। ਤੋਰੀਆਂ ਦੀ ਫ਼ਸਲ 'ਚ (16 ਟਰੈਪ ਪ੍ਰਤੀ ਏਕੜ) ਅਪ੍ਰੈਲ ਦੇ ਤੀਜੇ ਹਫ਼ਤੇ ਦੌਰਾਨ ਤੇ ਬਰਸਾਤੀ ਫ਼ਸਲ ਵਿਚ ਜੂਨ ਦੇ ਆਖ਼ਰੀ ਹਫ਼ਤੇ ਵਿਚ ਟਰੈਪ ਲਗਾਓ। ਲੋੜ ਪੈਣ 'ਤੇ 25-30 ਦਿਨਾਂ ਬਾਅਦ ਦੁਬਾਰਾ ਟਰੈਪ ਲਗਾਓ। ਫ਼ਸਲ ਦੇ ਖ਼ਾਤਮੇ ਤੋਂ ਬਾਅਦ ਖੇਤ ਦੀ ਡੂੰਘੀ ਵਹਾਈ ਕਰੋ ਤਾਂ ਜੋ ਜ਼ਮੀਨ ਵਿਚਲੀਆਂ ਸੁੰਡੀਆਂ ਤੇ ਪਿਊਪੇ ਧੁੱਪ ਨਾਲ ਮਰ ਜਾਣ।

ਬਿਮਾਰੀਆਂ

ਕੱਦੂ ਜਾਤੀ ਦੀਆਂ ਫ਼ਸਲਾਂ ਉੱਪਰ ਚਿੱਟੀ ਉੱਲੀ, ਪੀਲੇ ਧੱਬਿਆ ਦਾ ਰੋਗ, ਝੁਲਸ ਰੋਗ, ਗਿੱਚੀ ਗਲਣੀ ਤੇ ਕਈ ਹੋਰ ਵਿਸ਼ਾਣੂ ਰੋਗ ਹਮਲਾ ਕਰਦੇ ਹਨ।

ਚਿੱਟੀ ਉੱਲੀ

ਬਿਜਾਈ ਤੋ 7-8 ਹਫ਼ਤੇ ਬਾਅਦ ਪੱਤਿਆਂ ਉੱਪਰ ਛੋਟੇ-ਛੋਟੇ ਹਲਕੇ ਧੱਬੇ ਪੈ ਜਾਂਦੇ ਹਨ। ਇਸ ਤੋਂ ਬਾਅਦ ਪੌਦੇ ਦੇ ਸਾਰੇ ਹਿੱਸਿਆਂ 'ਤੇ ਚਿੱਟੇ ਧੱਬੇ ਪੈ ਜਾਂਦੇ ਹਨ। ਬੂਟੇ ਦਾ ਵਾਧਾ ਰੁਕ ਜਾਂਦਾ ਹੈ, ਫਲਾਂ ਦੇ ਝਾੜ ਤੇ ਮਿਆਰ 'ਤੇ ਬੁਰਾ ਅਸਰ ਪੈਂਦਾ ਹੈ। ਜਦੋਂ ਮੌਸਮ ਖ਼ੁਸ਼ਕ ਹੋਵੇ ਤਾਂ ਇਸ ਦਾ ਹਮਲਾ ਬਹੁਤ ਵੱਧਦਾ ਹੈ ਤੇ ਫਲ ਕਮਜ਼ੋਰ ਤੇ ਫਿੱਕੇ ਰਹਿੰਦੇ ਹਨ।

ਰੋਕਥਾਮ : ਬਿਮਾਰੀ ਦਾ ਹਮਲਾ ਸਹਾਰਨ ਵਾਲੀਆਂ ਕਿਸਮਾਂ ਦੀ ਬਿਜਾਈ ਕਰੋ। ਇਕ ਖੇਤ 'ਚ ਲਗਾਤਾਰ ਕੱਦੂ ਜਾਤੀ ਦੀਆਂ ਸਬਜ਼ੀਆਂ ਨਾ ਬੀਜੋ।

ਪੀਲੇ ਧੱਬਿਆ ਦਾ ਰੋਗ

ਬਿਮਾਰੀ ਦੀ ਸ਼ੁਰੂਆਤ ਵਿਚ ਪੱਤਿਆਂ ਦੇ ਹੇਠਾਂ ਪਾਣੀ ਭਿੱਜੇ ਧੱਬੇ ਬਣ ਜਾਂਦੇ ਹਨ ਜੋ ਬਾਅਦ ਵਿਚ ਮਿਲ ਕੇ ਵੱਡਾ ਆਕਾਰ ਲੈ ਲੈਂਦੇ ਹਨ। ਪੱਤਿਆਂ ਦੇ ਉੱਪਰਲੇ ਪਾਸੇ ਪੀਲੇ ਧੱਬੇ ਬਣ ਜਾਂਦੇ ਹਨ ਤੇ ਸਵੇਰ ਵੇਲੇ ਇਨ੍ਹਾਂ ਧੱਬਿਆ ਦੇ ਹੇਠਾਂ ਹਲਕੇ ਸਲੇਟੀ ਰੰਗ ਦੀ ਰੂੰ ਵਰਗੀ ਪਲਪ ਵਿਖਾਈ ਦਿੰਦੀ ਹੈ। ਪੱਤਿਆਂ ਦੀਆ ਨਾੜੀਆਂ ਉੱਪਰ ਭੂਰੇ ਰੰਗ ਦੇ ਚਮਕਦਾਰ ਧੱਬੇ ਬਣ ਜਾਂਦੇ ਹਨ। ਜਿਸ ਨਾਲ ਵੇਲਾਂ ਦਾ ਵਾਧਾ ਰੁਕ ਜਾਂਦਾ ਹੈ ਤੇ ਝਾੜ ਘਟ ਜਾਂਦਾ ਹੈ। ਬਿਮਾਰੀ ਕਾਰਨ ਫਲਾਂ ਦੀ ਗੁਣਵੱਤਾ ਵੀ ਖ਼ਰਾਬ ਹੋ ਜਾਂਦੀ ਹੈ।

ਰੋਕਥਾਮ : ਫ਼ਸਲ ਦੀ ਬਿਜਾਈ ਵਾਸਤੇ ਚੰਗੇ ਨਿਕਾਸ ਵਾਲੀ ਜ਼ਮੀਨ ਦੀ ਚੋਣ ਕੀਤੀ ਜਾਵੇ ਤੇ ਫ਼ਸਲ ਨੂੰ ਲੋੜ ਤੋਂ ਜ਼ਿਆਦਾ ਪਾਣੀ ਨਾ ਲਗਾਓ। ਫ਼ਸਲ ਵਾਲੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ।

ਝੁਲਸ ਰੋਗ

ਲਗਾਤਾਰ ਬਾਰਸ਼ਾਂ ਕਾਰਨ ਹਵਾ 'ਚ ਨਮੀ ਵੱਧ ਜਾਂਦੀ ਹੈ ਜੋ ਇਸ ਬਿਮਾਰੀ ਦੇ ਵਾਧੇ ਦਾ ਕਾਰਨ ਬਣਦੀ ਹੈ। ਬਿਮਾਰੀ ਦਾ ਹਮਲਾ ਪੁਰਾਣੇ ਪੱਤਿਆਂ ਤੋ ਸ਼ੁਰੂ ਹੁੰਦਾ ਹੈ। ਪੱਤਿਆਂ ਉੱਪਰ ਪਹਿਲਾਂ ਪੀਲੇ, ਫਿਰ ਭੂਰੇ ਤੇ ਅੰਤ ਵਿਚ ਕਾਲੇ ਧੱਬੇ ਬਣ ਜਾਂਦੇ ਹਨ। ਛੋਟੇ-ਛੋਟੇ ਧੱਬੇ ਪਹਿਲਾਂ ਪੱਤਿਆਂ ਦੇ ਕਿਨਾਰਿਆ 'ਤੇ ਬਣਦੇ ਹਨ ਤੇ ਬਾਅਦ 'ਚ ਪੱਤਿਆਂ ਦੇ ਵਿਚਕਾਰ ਗੋਲਧਾਰੇ ਜਿਹੇ ਬਣ ਜਾਂਦੇ ਹਨ। ਜ਼ਿਆਦਾ ਹਮਲੇ ਵਾਲੀਆ ਵੇਲਾਂ ਚਾਰਕੋਲ ਵਰਗੀਆਂ ਵਿਖਾਈ ਦਿੰਦੀਆਂ ਹਨ। ਇਸ ਬਿਮਾਰੀ ਦਾ ਹਮਲਾ ਤਰਬੂਜ ਦੀ ਫ਼ਸਲ 'ਤੇ ਜ਼ਿਆਦਾ ਹੁੰਦਾ ਹੈ।

ਰੋਕਥਾਮ : ਅਖ਼ੀਰਲੀ ਤੁੜਾਈ ਤੋਂ ਬਾਅਦ ਵੇਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦੇਵੋ ਤੇ ਇਸ ਤੋਂ ਬਾਅਦ ਖੇਤ ਦੀ ਡੂੰਘੀ ਵਹਾਈ ਕਰੋ। ਇਸ ਬਿਮਾਰੀ ਦਾ ਹਮਲਾ ਮਾੜੀ ਫ਼ਸਲ 'ਤੇ ਜ਼ਿਆਦਾ ਹੁੰਦਾ ਹੈ ਇਸ ਲਈ ਫ਼ਸਲ ਦੇ ਚੰਗੇ ਵਾਧੇ ਦੀ ਹਰ ਸੰਭਵ ਕੋਸ਼ਿਸ਼ ਕਰੋ।

ਗਿੱਚੀ ਗਲਣੀ

ਫ਼ਸਲ ਨੂੰ ਫਲ ਪੈਣ ਸਮੇਂ ਜ਼ਿਆਦਾ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਇਹ ਬਿਮਾਰੀ ਬਹੁਤ ਜਲਦੀ ਫੈਲਦੀ ਹੈ। ਬਿਮਾਰੀ ਦੇ ਲੱਛਣ ਪਹਿਲਾਂ ਬੂਟੇ ਦੇ ਨਵੇਂ ਪੱਤਿਆ ਉੱਪਰ ਪੈਦਾ ਹੁੰਦੇ ਹਨ। ਜ਼ਮੀਨ ਦੇ ਪੱਧਰ 'ਤੇ ਤਣੇ ਦੇ ਹੇਠਲੇ ਹਿੱਸੇ 'ਤੇ ਭੂਰੇ ਰੰਗ ਦੇ ਚਟਾਖ਼ ਪੈ ਜਾਂਦੇ ਹਨ, ਜਿਨ੍ਹਾਂ ਉੱਪਰ ਬਾਅਦ ਵਿਚ ਚਿੱਟੇ ਰੰਗ ਦੀ ਰੂੰ ਵਰਗੀ ਉੱਲੀ ਪੈਦਾ ਹੋ ਜਾਂਦੀ ਹੈ। ਅਖ਼ੀਰਲੇ ਪੜਾਅ ਵਿਚ ਤਣਾ ਸੁੱਕ ਜਾਂਦਾ ਹੈ ਤੇ ਅੰਤ ਪੌਦਾ ਮਰ ਜਾਂਦਾ ਹੈ।

ਰੋਕਥਾਮ : ਬਿਜਾਈ ਵਾਸਤੇ ਰੋਗ ਰਹਿਤ ਕਿਸਮਾਂ ਨੂੰ ਪਹਿਲ ਦਿਓ। ਫ਼ਸਲ ਵਿੱਚੋਂ ਬਿਮਾਰੀ ਦੇ ਹਮਲੇ ਵਾਲੇ ਬੂਟਿਆਂ ਤੇ ਨਦੀਨਾਂ ਦਾ ਲਗਾਤਾਰ ਖ਼ਾਤਮਾ ਕਰਦੇ ਰਹੋ। ਇਹ ਕੰਮ ਬਹੁਤ ਅਰਾਮ ਨਾਲ ਕਰੋ ਤਾਂ ਜੋ ਬਿਮਾਰੀ ਦੇ ਕਣ ਨਰੋਏ ਬੂਟਿਆਂ 'ਤੇ ਨਾ ਪੈਣ।

ਵਿਸ਼ਾਣੂ ਰੋਗ

ਵਿਸਾਣੂ ਰੋਗ ਸਰਦੀਆਂ ਵਿਚ ਸਾਰਾ ਸਾਲ ਰਹਿਣ ਵਾਲੇ ਨਦੀਨਾਂ 'ਤੇ ਨਿਰਭਰ ਕਰਦਾ ਹੈ। ਇਸ ਰੋਗ ਦੇ ਕਣ ਮਿੱਟੀ, ਫ਼ਸਲ ਦੇ ਬੀਜ ਜਾਂ ਸਰਦੀਆਂ ਵਿਚ ਗਮਲਿਆ ਵਿਚ ਬੀਜੀਆਂ ਵੇਲਾਂ 'ਤੇ ਵੀ ਰਹਿੰਦੇ ਹਨ। ਇਹ ਰੋਗ ਤੇਲਾ, ਚਿੱਟੀ ਮੱਖੀ ਆਦਿ ਕੀੜਿਆਂ ਰਾਹੀਂ ਵੀ ਫੈਲਦਾ ਹੈ। ਇਸ ਦੇ ਹਮਲੇ ਨਾਲ ਪੱਤਿਆਂ ਉੱਪਰ ਗੂੜ੍ਹੇ ਤੇ ਫਿੱਕੇ ਹਰੇ ਰੰਗ ਦੇ ਦਾਗ਼ ਪੈ ਜਾਂਦੇ ਹਨ ਤੇ ਪੱਤਿਆਂ ਦਾ ਅਕਾਰ ਛੋਟਾ ਰਹਿ ਜਾਂਦਾ ਹੈ। ਅਖ਼ੀਰ ਵਿਚ ਬਿਮਾਰੀ ਵਾਲੀਆਂ ਵੇਲਾਂ ਦੇ ਫਲ ਵੀ ਸੁੰਗੜ ਜਾਂਦੇ ਤੇ ਵਿੱਚੋਂ ਉੱਭਰੇ ਹੋਏ ਲਗਦੇ ਹਨ।

ਰੋਕਥਾਮ : ਬਿਜਾਈ ਵਾਸਤੇ ਰੋਗ ਰਹਿਤ ਕਿਸਮਾਂ ਨੂੰ ਪਹਿਲ ਦਿਓ। ਬਿਜਾਈ ਵਾਸਤੇ ਬੀਜ ਜਾਂ ਲਿਫਾਫਿਆਂ ਵਿਚ ਤਿਆਰ ਕੀਤੇ ਪੌਦਿਆਂ ਦੀ ਖ਼ਰੀਦ ਹਮੇਸ਼ਾ ਭਰੋਸੇਯੋਗ ਵਸੀਲਿਆਂ ਤੋਂ ਹੀ ਕਰੋ। ਫ਼ਸਲ ਵਿੱਚੋਂ ਬਿਮਾਰੀ ਦੇ ਹਮਲੇ ਵਾਲੇ ਬੂਟਿਆਂ ਤੇ ਨਦੀਨਾਂ ਦਾ ਖ਼ਾਤਮਾ ਕਰਦੇ ਰਹੋ। ਬਿਮਾਰੀ ਨੂੰ ਫੈਲਾਉਣ 'ਚ ਕੀੜੇ ਅਹਿਮ ਰੋਲ ਅਦਾ ਕਰਦੇ ਹਨ ਇਸ ਲਈ ਸਮੇਂ-ਸਮੇਂ ਕੀੜਿਆਂ ਦੀ ਰੋਕਥਾਮ ਕਰਦੇ ਰਹੋ। ਫ਼ਸਲ ਵਿਚ ਵਰਤਣ ਵਾਲੇ ਸੰਦਾਂ ਨੂੰ ਵਰਤਣ ਤੋ ਪਹਿਲਾਂ ਰੋਗ ਰਹਿਤ ਜ਼ਰੂਰ ਕਰ ਲਵੋ।

- ਐੱਚਐੱਸ ਰੰਧਾਵਾ

88720-03010

Summary in English: Comprehensive Prevention of Pests and Diseases of Pumpkin Vegetables

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters