1. Home
  2. ਖੇਤੀ ਬਾੜੀ

ਕਣਕ 'ਚ ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮ

ਗੁਲਾਬੀ ਸੁੰਡੀ ਇਕ ਤੋਂ ਵੱਧ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ। ਇਹ ਸੁੰਡੀ ਮੱਕੀ, ਕਣਕ, ਚਾਵਲ, ਜੌਂ, ਜਵੀ, ਬਾਜ਼ਰਾ, ਗੰਨਾ ਤੇ ਘਾਹ ਉੱਤੇ ਆਪਣਾ ਜੀਵਨ-ਚੱਕਰ ਪੂਰਾ ਕਰਦੀ ਹੈ। ਉੱਤਰੀ ਭਾਰਤ 'ਚ ਇਹ ਕੀੜਾ ਝੋਨੇ, ਕਮਾਦ, ਮੱਕੀ ਅਤੇ ਕਣਕ 'ਤੇ ਪਾਇਆ ਗਿਆ ਹੈ। ਇਸ ਦਾ ਨੁਕਸਾਨ ਝੋਨੇ ਅਤੇ ਮੱਕੀ 'ਤੇ ਜ਼ਿਆਦਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ 'ਚ ਇਹ ਕਮਾਦ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਹ 'ਕੈਟਰਪਿਲਰ' ਜਾਂ 'ਸੁੰਡੀ' ਦੀ ਅਵਸਥਾ 'ਚ ਵਧੇਰੇ ਨੁਕਸਾਨ ਕਰਦਾ ਹੈ। ਇਸ ਅਵਸਥਾ ਵਿਚ ਕੀੜੇ ਦਾ ਰੰਗ ਭੂਰਾ ਗੁਲਾਬੀ ਹੁੰਦਾ ਹੈ।

KJ Staff
KJ Staff
Pink Locust In Wheat

Pink Locust In Wheat

ਗੁਲਾਬੀ ਸੁੰਡੀ ਇਕ ਤੋਂ ਵੱਧ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ। ਇਹ ਸੁੰਡੀ ਮੱਕੀ, ਕਣਕ, ਚਾਵਲ, ਜੌਂ, ਜਵੀ, ਬਾਜ਼ਰਾ, ਗੰਨਾ ਤੇ ਘਾਹ ਉੱਤੇ ਆਪਣਾ ਜੀਵਨ-ਚੱਕਰ ਪੂਰਾ ਕਰਦੀ ਹੈ। ਉੱਤਰੀ ਭਾਰਤ 'ਚ ਇਹ ਕੀੜਾ ਝੋਨੇ, ਕਮਾਦ, ਮੱਕੀ ਅਤੇ ਕਣਕ 'ਤੇ ਪਾਇਆ ਗਿਆ ਹੈ। ਇਸ ਦਾ ਨੁਕਸਾਨ ਝੋਨੇ ਅਤੇ ਮੱਕੀ 'ਤੇ ਜ਼ਿਆਦਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ 'ਚ ਇਹ ਕਮਾਦ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਹ 'ਕੈਟਰਪਿਲਰ' ਜਾਂ 'ਸੁੰਡੀ' ਦੀ ਅਵਸਥਾ 'ਚ ਵਧੇਰੇ ਨੁਕਸਾਨ ਕਰਦਾ ਹੈ। ਇਸ ਅਵਸਥਾ ਵਿਚ ਕੀੜੇ ਦਾ ਰੰਗ ਭੂਰਾ ਗੁਲਾਬੀ ਹੁੰਦਾ ਹੈ।

ਇਸ ਦਾ ਸਰੀਰ ਸਿਲੰਡਰ ਵਾਂਗ ਲੰਬਾ, ਮੁਲਾਇਮ ਅਤੇ ਲੰਬਾਈ 25 ਮਿਲੀਮੀਟਰ ਹੁੰਦੀ ਹੈ। ਇਹ ਸੁੰਡੀ ਫ਼ਸਲ ਦੇ ਵੱਖ-ਵੱਖ ਪੜਾਵਾਂ 'ਤੇ ਹਮਲਾ ਕਰ ਕੇ ਨੁਕਸਾਨ ਪਹੁੰਚਾਉਂਦੀ ਹੈ। ਮੱਕੀ ਵਿਚ ਇਸ ਦਾ ਨੁਕਸਾਨ 25-78 ਫ਼ੀਸਦੀ ਤਕ ਦੇਖਿਆ ਗਿਆ ਹੈ ਜਦਕਿ ਕਣਕ ਵਿਚ ਜੇ ਇਸ ਦੀ ਰੋਕਥਾਮ ਦਾ ਕੋਈ ਉਪਰਾਲਾ ਨਾ ਕੀਤਾ ਜਾਵੇ ਤਾਂ ਇਹ 11.01 ਫ਼ੀਸਦੀ ਤਕ ਫ਼ਸਨ ਦਾ ਨੁਕਸਾਨ ਕਰ ਸਕਦਾ ਹੈ।

ਜੀਵਨ ਚੱਕਰ

ਕਣਕ ਉੱਪਰ ਇਹ ਸੁੰਡੀ ਚਾਰ ਅਵਸਥਾਵਾਂ, ਆਂਡਾ, ਸੁੰਡੀ, ਪਿਊਪਾ ਅਤੇ ਪਤੰਗਾ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੀ ਹੈ। ਬਾਲਗ ਮਾਦਾ 120 ਤੋਂ 348 ਆਂਡੇ ਪੱਤਿਆਂ ਦੇ ਹੇਠਲੇ ਪਾਸੇ ਦਿੰਦੀ ਹੈ। ਇਹ ਆਂਡੇ 7-10 ਦਿਨ ਬਾਅਦ ਸੁੰਡੀ 'ਚ ਤਬਦੀਲ ਹੋ ਜਾਂਦੇ ਹਨ। ਇਹ ਕੀੜਾ ਸੁੰਡੀ ਦੀ ਅਵਸਥਾ ਵਿਚ ਸਭ ਤੋਂ ਵਧੇਰੇ ਸਮਾਂ ਰਹਿੰਦਾ ਹੈ। ਇਸ ਦੀ ਇਹ ਅਵਸਥਾ 20-39 ਦਿਨ ਦੀ ਹੁੰਦੀ ਹੈ। ਇਸ ਤੋਂ ਬਾਅਦ ਸੁੰਡੀ ਆਪਣੀ ਅਖ਼ੀਰਲੀ ਇੰਨਸਟਾਰ 'ਚ ਦਾਖ਼ਲ ਹੋ ਜਾਂਦੀ ਹੈ ਅਤੇ ਖਾਣਾ-ਪੀਣਾ ਛੱਡ ਦਿੰਦੀ ਹੈ ਅਤੇ ਕੁਝ ਹੀ ਸਮੇਂ ਵਿਚ ਅਗਲੀ ਅਵਸਥਾ 'ਪਿਊਪਾ' 'ਚ ਤਬਦੀਲ ਹੋ ਜਾਂਦੀ ਹੈ। ਇਹ ਅਵਸਥਾ 8-10 ਦਿਨ ਰਹਿੰਦੀ ਹੈ। ਇਸ ਤੋਂ ਬਾਅਦ ਇਸ ਵਿੱਚੋਂ ਨਰ ਜਾਂ ਮਾਦਾ ਪਤੰਗਾ ਉਤਪੰਨ ਹੁੰਦਾ ਹੈ।

ਨੁਕਸਾਨ

ਕਣਕ ਵਿਚ ਇਹ ਕੀੜਾ ਝੋਨੇ ਦੀ ਰਹਿੰਦ-ਖੂੰਹਦ ਤੋਂ ਕਣਕ 'ਤੇ ਆਉਂਦਾ ਹੈ ਅਤੇ ਨਰਮ ਤਣੇ 'ਤੇ ਹਮਲਾ ਕਰਦਾ ਹੈ। ਇਸ ਸੁੰਡੀ ਦਾ ਝੋਨੇ ਦੀ ਫ਼ਸਲ ਤੋਂ ਕਣਕ ਦੀ ਫ਼ਸਲ 'ਤੇ ਜਾਣ ਦਾ ਮੁੱਖ ਕਾਰਨ ਸਰਦੀਆਂ ਵਿਚ ਘੱਟ ਠੰਢ ਦਾ ਪੈਣਾ ਅਤੇ ਝੋਨੇ ਜਾਂ ਬਾਸਮਤੀ ਦੀ ਵਾਢੀ ਅਤੇ ਕਣਕ ਦੀ ਬਿਜਾਈ 'ਚ ਬਹੁਤ ਘੱਟ ਸਮਾਂ ਹੋਣਾ ਹੈ। ਕਣਕ ਉੱਪਰ ਇਸ ਦਾ ਹਮਲਾ ਸਭ ਤੋਂ ਵੱਧ 30-45 ਦਿਨਾਂ ਦੀ ਫ਼ਸਲ 'ਤੇ ਵੇਖਣ ਨੂੰ ਮਿਲਦਾ ਹੈ। ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ 'ਚ ਮੋਰੀਆਂ ਕਰ ਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰੋ ਨਰਮ ਮਾਦਾ ਖਾਂਦੀਆਂ ਹਨ, ਜਿਸ ਨਾਲ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ। ਜੇ ਸਿੱਟੇ ਨਿਕਲਣ ਸਮੇਂ ਇਸ ਦੇ ਹਮਲਾ ਹੋਵੇ ਤਾਂ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ, ਜਿਨ੍ਹਾਂ ਵਿਚ ਜਾਂ ਤਾਂ ਦਾਣੇ ਬਣਦੇ ਹੀ ਨਹੀਂ ਜਾਂ ਬਹੁਤ ਬਰੀਕ ਰਹਿ ਜਾਂਦੇ ਹਨ। ਇਸ ਦੀ ਪਛਾਣ ਕਰਨ ਲਈ ਸਮੇਂ-ਸਮੇਂ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।

ਸਰਵੇਖਣ

ਕਣਕ ਵਿਚ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਸਰਵੇਖਣ ਝੋਨੇ ਦੀ ਫ਼ਸਲ ਤੋਂ ਹੀ ਸ਼ੁਰੂ ਕਰ ਦੇਵੋ। ਇਕ ਸਕੇਅਰ ਮੀਟਰ ਰਕਬੇ ਵਿਚ ਕੁੱਲ ਬੂਟਿਆਂ ਦੀ ਗਿਣਤੀ ਕਰੋ, ਇਨ੍ਹਾਂ ਵਿੱਚੋਂ ਗੁਲਾਬੀ ਸੁੰਡੀ ਨਾਲ ਨੁਕਸਾਨੇ ਗਏ ਬੂਟਿਆਂ ਦੀ ਗਿਣਤੀ ਕਰੋ। ਇਹ ਡਾਟਾ ਹਰ ਹਫ਼ਤੇ ਲਵੋ।।ਹਮਲੇ ਦੀ ਪ੍ਰਤੀਸ਼ਤ ਜਾਨਣ ਲਈ ਗੁਲਾਬੀ ਸੁੰਡੀ ਨਾਲ ਨੁਕਸਾਨੇ ਗਏ ਬੂਟਿਆਂ ਦੀ ਗਿਣਤੀ ਨੂੰ ਇਕ ਮੀਟਰ ਰਕਬੇ ਵਿਚਲੇ ਕੁੱਲ ਬੂਟਿਆਂ ਦੀ ਗਿਣਤੀ ਨਾਲ ਤਕਸੀਮ ਕਰੋ।

ਅਨਾਜ ਫ਼ਸਲਾਂ 'ਤੇ ਹਿਜ਼ਰਤ

ਗੁਲਾਬੀ ਸੁੰਡੀ ਇਕ ਤੋਂ ਦੂਸਰੇ ਬੂਟੇ ਅਤੇ ਇਕ ਅਨਾਜ ਫ਼ਸਲ ਤੋਂ ਦੂਸਰੀ ਅਨਾਜ ਫ਼ਸਲ ਤਕ ਸਾਰਾ ਸਾਲ ਹਿਜ਼ਰਤ ਕਰਦੀ ਰਹਿੰਦੀ ਹੈ। ਇਸ ਕੀੜੇ ਦਾ ਹਮਲਾ ਉਨ੍ਹਾਂ ਸਾਰੀਆਂ ਥਾਵਾਂ 'ਤੇ ਹੁੰਦਾ ਹੈ ਜਿੱਥੇ ਅਨਾਜ ਫ਼ਸਲਾਂ ਦਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ। ਪਹਿਲਾਂ ਇਸ ਦਾ ਹਮਲਾ ਸਿਰਫ਼ ਝੋਨੇ ਦੀ ਫ਼ਸਲ ਉੱਪਰ ਹੀ ਹੁੰਦਾ ਸੀ ਪਰ ਹੁਣ ਇਸ ਦਾ ਹਮਲਾ ਕਣਕ ਅਤੇ ਮੱਕੀ ਉੱਪਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ।

ਨਵੰਬਰ ਮਹੀਨੇ ਗੁਲਾਬੀ ਸੁੰਡੀ ਝੋਨੇ ਦੀ ਪਛੇਤੀ ਫ਼ਸਲ ਤੋਂ ਹਿਜ਼ਰਤ ਕਰ ਕੇ ਕਣਕ ਦੀ ਫ਼ਸਲ 'ਤੇ ਚਲੀ ਜਾਂਦੀ ਹੈ। ਇਹ ਕੀੜਾ ਕਣਕ ਦੀ ਫ਼ਸਲ 'ਤੇ ਦਸੰਬਰ ਮਹੀਨੇ ਅਤੇ ਫਿਰ ਫਰਵਰੀ-ਮਾਰਚ ਵਿਚ ਵਧੇਰੇ ਚੁਸਤੀ ਦੀ ਹਾਲਤ 'ਚ ਰਹਿੰਦਾ ਹੈ। ਅਪ੍ਰੈਲ ਮਹੀਨੇ ਇਹ ਕਣਕ ਤੋਂ ਮੱਕੀ ਦੀ ਫ਼ਸਲ 'ਤੇ ਚਲਾ ਜਾਂਦਾ ਹੈ ਅਤੇ ਮੱਕੀ ਦੀਆਂ ਗੋਭਾਂ ਨੂੰ ਸੁਕਾਉਂਦਾ ਹੈ। ਇਸ ਤੋਂ ਬਾਅਦ ਜੁਲਾਈ ਦੇ ਦੂਜੇ ਪੰਦਰਵਾੜੇ ਤਕ ਇਸ ਦਾ ਹਮਲਾ ਕਿਸੇ ਵੀ ਫ਼ਸਲ ਉੱਪਰ ਨਜ਼ਰ ਨਹੀ ਆਉਂਦਾ। ਜੁਲਾਈ ਦੇ ਦੂਜੇ ਪੰਦਰਵਾੜੇ ਤੋਂ ਸ਼ੁਰੂ ਹੋ ਕੇ।ਝੋਨੇ ਦੀ ਫ਼ਸਲ ਉੱਪਰ ਇਸ ਦਾ ਹਮਲਾ ਸਤੰਬਰ ਦੇ ਦੂਜੇ ਪੰਦਰਵਾੜੇ ਤਕ ਵਧਦਾ ਜਾਂਦਾ ਹੈ। ਇਸ ਸਮੇਂ ਦੌਰਾਨ ਇਸ ਕੀੜੇ ਦੀਆਂ ਸਾਰੀਆਂ ਅਵਸਥਾਵਾਂ ਝੋਨੇ ਦੀ ਫ਼ਸਲ ਉੱਪਰ ਮਿਲਦੀਆਂ ਹਨ।

ਇਸ ਤੋਂ ਬਾਅਦ ਇਸ ਦਾ ਹਮਲਾ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਬਾਸਮਤੀ ਦੀ ਫ਼ਸਲ 'ਤੇ ਚਲਾ ਜਾਂਦਾ ਹੈ। ਨਵੰਬਰ ਮਹੀਨੇ ਇਸ ਕੀੜੇ ਦੀ ਸੁੰਡੀ ਅਵਸਥਾ ਝੋਨੇ ਦੀ ਰਹਿੰਦ-ਖੂੰਹਦ 'ਤੇ ਚਲੀ ਜਾਂਦੀ ਹੈ।ਅਤੇ ਉੱਥੋਂ ਇਹ ਕਣਕ ਦੀ ਫ਼ਸਲ 'ਤੇ ਆ ਜਾਂਦਾ ਹੈ। ਇਸ ਸਮੇਂ ਇਸ ਕੀੜੇ ਦੀ ਸੁੰਡੀ ਅਵਸਥਾ ਦਸੰਬਰ ਮਹੀਨੇ ਆਪਣੀ ਚੌਥੀ ਤੋਂ ਛੇਵੀਂ ਇੰਨਸਟਾਰ ਵਿਚ ਹੁੰਦੀ ਹੈ। ਜਨਵਰੀ ਮਹੀਨੇ ਇਸ ਦਾ ਕਣਕ ਉੱਪਰ ਹਮਲਾ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੀ ਜਨਸੰਖਿਆ 'ਚ ਕਮੀ ਆ ਜਾਂਦੀ ਹੈ। ਫਰਵਰੀ-ਮਾਰਚ ਵਿਚ ਇਹ ਕੀੜਾ ਕਣਕ ਦੀ ਫ਼ਸਲ ਤੋਂ ਮੱਕੀ ਦੀ ਫ਼ਸਲ 'ਤੇ ਚਲਾ ਜਾਂਦਾ ਹੈ।

ਇਸ ਤੋਂ ਬਾਅਦ ਆਉਂਦੇ ਮਹੀਨਿਆਂ 'ਚ ਇਸ ਦਾ ਹਮਲਾ ਘਟਣਾ ਸ਼ੁਰੂ ਹੋ ਜਾਂਦਾ ਹੈ ਪਰ ਜੁਲਾਈ ਵਿਚ ਇਸ ਦਾ ਹਮਲਾ ਝੋਨੇ ਉੱਪਰ ਮੁੜ ਵਧਣਾ ਸ਼ੁਰੂ ਹੋ ਜਾਂਦਾ ਹੈ।ਅਤੇ ਸਤੰਬਰ-ਅਕਤੂਬਰ ਵਿਚ ਸਿਖ਼ਰ 'ਤੇ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਇਹ ਕੀੜਾ ਝੋਨਾ, ਬਾਸਮਤੀ, ਕਣਕ ਅਤੇ ਮੱਕੀ ਉੱਪਰ ਸਾਰਾ ਸਾਲ ਚੁਸਤੀ ਦੀ ਹਾਲਤ 'ਚ ਰਹਿੰਦਾ ਹੈ। ਸਿਰਫ਼ ਜਨਵਰੀ ਮਹੀਨੇ ਕਣਕ ਉੱਪਰ ਤੇ ਮਈ-ਜੂਨ ਵਿਚ ਝੋਨੇ ਦੀ ਫ਼ਸਲ 'ਤੇ ਇਸ ਦਾ ਹਮਲਾ ਘੱਟ ਹੁੰਦਾ ਹੈ।

ਰੋਕਥਾਮ

ਗੁਲਾਬੀ ਸੁੰਡੀ ਦੇ ਹਮਲੇ ਦਾ ਸਤੰਬਰ ਮਹੀਨੇ ਹੋਣ ਵਾਲੀ ਵਰਖਾ ਨਾਲ ਸਿੱਧਾ ਸਬੰਧ ਹੈ। ਸਤੰਬਰ ਮਹੀਨੇ ਵਰਖਾ ਹੋਣ ਨਾਲ ਆਉਣ ਵਾਲੇ ਦਿਨਾਂ ਵਿਚ ਖੇਤ 'ਚ ਨਮੀਂ ਬਣੀ ਰਹਿੰਦੀ ਹੈ।ਅਤੇ ਹਵਾ ਵਿਚ 80 ਫ਼ੀਸਦੀ ਨਮੀਂ ਨਾਲ ਇਸ ਦਾ ਹਮਲਾ ਵਧਦਾ ਹੈ। ਇਸ ਲਈ ਝੋਨੇ ਵਿਚ ਇਸ ਸਮੇਂ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਉਣ 'ਤੇ ਕੀਟਨਾਸ਼ਕ ਦੀ ਸਪਰੇਅ ਕੀਤੀ ਜਾਵੇ ਤਾਂ ਕਣਕ ਦੀ ਫ਼ਸਲ 'ਤੇ ਇਹ ਕੀੜਾ ਨੁਕਸਾਨ ਨਹੀ ਕਰਦਾ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਝੋਨੇ ਦੀਆਂ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਬੀਜਣ ਤੋਂ ਗੁਰੇਜ਼ ਕਰੋ ਤਾਂ ਜੋ ਝੋਨੇ ਤੋਂ ਕਣਕ 'ਤੇ ਇਸ ਦੀ ਹਿਜ਼ਰਤ ਰੋਕੀ ਜਾ ਸਕੇ। ਇਸ ਦੀ ਰੋਕਥਾਮ ਲਈ ਕਲਚਰਲ ਰੋਕਥਾਮ ਵੀ ਬਹੁਤ ਵਧੀਆ ਕੰਮ ਕਰਦੀ ਹੈ। ਇਸ ਲਈ ਕਣਕ ਦੀ ਅਗੇਤੀ ਬਿਜਾਈ ਨਾ ਕੀਤੀ ਜਾਵੇ।

ਸਿੰਜਾਈ ਨਾਲ ਵੀ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖੇਤ ਨੂੰ ਲੋੜੀਂਦਾ ਪਾਣੀ ਦਿਨ ਦੇ ਸਮੇਂ ਲਗਾਉ ਤਾਂ ਜੋ ਵੱਧ ਤੋਂ ਵੱਧ ਦੁਸ਼ਮਣ ਕੀੜੇ ਪੰਛੀਆਂ ਦਾ ਸ਼ਿਕਾਰ ਬਣ ਸਕਣ। ਰਵਾਇਤੀ ਬਿਜਾਈ ਨਾਲੋਂ ਜ਼ੀਰੋ ਟਿਲੇਜ਼ ਮਸ਼ੀਨ ਨਾਲ ਕੀਤੀ ਕਣਕ ਦੀ ਬਿਜਾਈ ਨਾਲ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ।

ਵਾਤਾਵਰਨ ਨਾਲ ਹਮਲੇ ਦਾ ਸਬੰਧ

ਤਾਪਮਾਨ ਦੇ ਘਟਣ ਜਾਂ ਵਧਣ ਨਾਲ ਗੁਲਾਬੀ ਸੁੰਡੀ ਦੇ ਹਮਲੇ ਘਟਣ-ਵਧਣ ਨਾਲ ਕੋਈ ਸਬੰਧ ਨਹੀ ਦੇਖਿਆ ਗਿਆ। ਹਵਾ 'ਚ ਨਮੀਂ ਦਾ ਗੁਲਾਬੀ ਸੁੰਡੀ ਦੇ ਹਮਲੇ ਨਾਲ ਸਿੱਧਾ ਸਬੰਧ ਦੇਖਿਆ ਗਿਆ ਹੈ। ਝੋਨੇ ਦੀ ਫ਼ਸਲ 'ਤੇ ਸਤੰਬਰ ਮਹੀਨੇ ਇਸ ਦਾ ਸਭ ਤੋਂ ਵੱਧ ਹਮਲਾ ਦੇਖਿਆ ਗਿਆ ਹੈ, ਜਦੋਂ ਹਵਾ ਵਿਚ ਨਮੀਂ 84-85 ਫ਼ੀਸਦੀ ਸੀ। ਇਸ ਲਈ ਜੇ ਹਵਾ ਵਿਚ ਨਮੀਂ ਵਧਦੀ ਹੈ ਤਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਮੀਂਹ ਦੇ ਵੱਧ ਜਾਂ ਘੱਟ ਪੈਣ ਅਤੇ ਧੁੱਪ ਦਾ ਇਸ ਦੇ ਹਮਲੇ ਨਾਲ ਕੋਈ ਸਬੰਧ ਨਹੀਂ ਦੇਖਿਆ ਗਿਆ।

- ਗੁਰਮੀਤ ਸਿੰਘ, ਰਜਿੰਦਰ ਸਿੰਘ ਬੱਲ

Summary in English: Comprehensive prevention of pink locust in wheat

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters