1. Home
  2. ਖੇਤੀ ਬਾੜੀ

ਇਸ ਸੀਜ਼ਨ ਵਿੱਚ ਕਰੋ ਹਲਵਾ ਕੱਦੂ ਦੀ ਕਾਸ਼ਤ, "PPH-2" ਤੋਂ ਮਿਲੇਗਾ 222 ਕੁਇੰਟਲ ਝਾੜ

ਕੱਦੂ ਦੀ ਫ਼ਸਲ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਡੇ ਕਿਸਾਨ ਵੀਰ ਇਸ ਫ਼ਸਲ ਤੋਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

Gurpreet Kaur Virk
Gurpreet Kaur Virk
ਹਲਵਾ ਕੱਦੂ ਦੀ ਕਿਸਮ "PPH-2" ਦੇਵੇਗੀ 222 ਕੁਇੰਟਲ ਝਾੜ

ਹਲਵਾ ਕੱਦੂ ਦੀ ਕਿਸਮ "PPH-2" ਦੇਵੇਗੀ 222 ਕੁਇੰਟਲ ਝਾੜ

Pumpkin Cultivation: ਹਲਵਾ ਕੱਦੂ ਨੂੰ ਬੋਲਚਾਲ ਵਿੱਚ ਪੇਠਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਨਾਲ ਹੀ, ਇਹ ਇੱਕ ਚੰਗੀ ਫਸਲ ਹੈ ਜੋ ਘੱਟ ਸਮੇਂ ਵਿੱਚ ਤਿਆਰ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਫਾਇਦਿਆਂ ਕਾਰਨ ਪੇਠੇ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਹਲਵਾ ਕੱਦੂ ਦੀ ਕਾਸ਼ਤ ਲਈ ਕਿਹੜੀਆਂ ਹਾਈਬ੍ਰਿਡ ਕਿਸਮਾਂ ਹਨ।

ਹਲਵਾ ਕੱਦੂ ਭਾਰਤ ਦੀ ਪ੍ਰਸਿੱਧ ਸਬਜ਼ੀ ਹੈ ਜੋ ਕਿ ਵਰਖਾ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ। ਭਾਰਤ ਹਲਵਾ ਕੱਦੂ ਦੀ ਪੈਦਾਵਾਰ ਵਿੱਚ ਦੂਜੇ ਸਥਾਨ ਤੇ ਆਉਂਦਾ ਹੈ। ਇਸਨੂੰ ਖਾਣਾ ਪਕਾਉਣ ਅਤੇ ਮਿਠਾਈ ਬਣਾਉਣ ਲਈ ਵਰਤਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਿਟਾਮਿਨ ਏ ਅਤੇ ਪੋਟਾਸ਼ ਦਾ ਵਧੀਆ ਸ੍ਰੋਤ ਹੈ।

ਹਲਵਾ ਕੱਦੂ ਨਜ਼ਰ ਤੇਜ਼ ਕਰਨ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਐਂਟੀਓਕਸੀਡੈਂਟ ਲਈ ਵਰਤਿਆ ਜਾਂਦਾ ਹੈ। ਇਸਦੇ ਪੱਤੇ, ਤਣੇ, ਫਲ ਦੇ ਰਸ ਅਤੇ ਫੁੱਲਾਂ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਵੀ ਕੱਦੂ ਦੀ ਖੇਤੀ ਕਰਕੇ ਜ਼ਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹੋ, ਤਾਂ ਹੇਠਾਂ ਦੱਸੀਆਂ ਗਈਆਂ ਕਿਸਮਾਂ ਦੀ ਕਾਸ਼ਤ ਕਰੋ ਅਤੇ ਚੰਗਾ ਮੁਨਾਫ਼ਾ ਕਮਾਓ।

ਇਹ ਵੀ ਪੜ੍ਹੋ: ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਕਾਸ਼ਤ: ਵਧੇਰੇ ਮੁਨਾਫ਼ਾ

ਪੇਠੇ ਦੀ ਬਿਜਾਈ ਲਈ ਸਮਾਂ, ਜਲਵਾਯੂ ਅਤੇ ਤਾਪਮਾਨ

● ਪੇਠੇ ਦੀ ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ।
● ਦੇਸ਼ ਵਿੱਚ ਬਰਸਾਤ ਦੇ ਮੌਸਮ ਵਿੱਚ ਕੱਦੂ ਦੀ ਕਾਸ਼ਤ ਚੰਗੀ ਮੰਨੀ ਜਾਂਦੀ ਹੈ।
● ਕੱਦੂ ਦੇ ਪੌਦਿਆਂ ਦੇ ਵਾਧੇ ਲਈ ਗਰਮੀਆਂ ਦਾ ਮੌਸਮ ਚੰਗਾ ਮੰਨਿਆ ਜਾਂਦਾ ਹੈ, ਜਦੋਂਕਿ, ਠੰਡ ਫ਼ਸਲ ਲਈ ਹਾਨੀਕਾਰਕ ਹੁੰਦੀ ਹੈ।
● ਕੱਦੂ ਦੇ ਪੌਦਿਆਂ ਨੂੰ ਫੁੱਲਾਂ ਦੇ ਦੌਰਾਨ ਜ਼ਿਆਦਾ ਮੀਂਹ ਦੀ ਲੋੜ ਨਹੀਂ ਪੈਂਦੀ। ਕਿਉਂਕਿ ਇਸ ਨਾਲ ਫੁੱਲਾਂ ਦੇ ਖਰਾਬ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
● ਬੀਜ ਦੇ ਉਗਣ ਲਈ 20 ਡਿਗਰੀ ਤਾਪਮਾਨ ਅਤੇ ਫਲਾਂ ਦੇ ਚੰਗੇ ਵਾਧੇ ਲਈ 25 ਤੋਂ 30 ਡਿਗਰੀ ਤਾਪਮਾਨ ਚੰਗਾ ਮੰਨਿਆ ਜਾਂਦਾ ਹੈ।

ਕੱਦੂ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ

● ਪੀਏਯੂ ਮੈਗਜ਼ ਕੱਦੂ-1 (PAU Magaz Kaddoo-1): ਇਹ ਕਿਸਮ 2018 ਵਿੱਚ ਜਾਰੀ ਹੋਈ। ਇਸ ਕਿਸਮ ਦੀ ਵਰਤੋਂ ਖਾਣ ਵਾਲੇ ਬੀਜ (ਮਗਜ਼ ਅਤੇ ਸਨੈਕਸ) ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਬੀਜ ਛਿਲਕੇ ਰਹਿਤ, ਵੇਲਾਂ ਛੋਟੀਆਂ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ, ਗੋਲ ਅਤੇ ਪੱਕਣ ਸਮੇਂ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਕਿਸਮ ਦੇ ਬੀਜ ਵਿੱਚ 32% ਉਮੇਗਾ-6, 3% ਪ੍ਰੋਟੀਨ ਅਤੇ 27% ਤੇਲ ਹੁੰਦਾ ਹੈ। ਇਸ ਦਾ ਔਸਤਨ ਝਾੜ 2.9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

● ਪੀਪੀਐਚ-1 (PPH-1): ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਚਿਤਕਬਰੇ ਭੂਰੇ ਰੰਗ ਦੇ ਹੋ ਜਾਂਦੇ ਹਨ। ਇਸਦੇ ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 206 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਇਹ ਵੀ ਪੜ੍ਹੋ: Pumpkin Farming: ਪੇਠੇ ਦੀ ਖੇਤੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਪੜ੍ਹੋ

● ਪੀਪੀਐਚ-2 (PPH-2): ਇਹ ਕਿਸਮ ਵੀ 2016 ਵਿੱਚ ਤਿਆਰ ਕੀਤੀ ਗਈ। ਇਹ ਬਹੁਤ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਨਰਮ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 222 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

● ਪੰਜਾਬ ਸਮਰਾਟ (Punjab Samrat): ਇਹ ਕਿਸਮ ਵੀ 2008 ਵਿੱਚ ਤਿਆਰ ਕੀਤੀ ਗਈ। ਇਸ ਦੀਆਂ ਵੇਲਾਂ ਦਰਮਿਆਨੀ ਲੰਬੀਆਂ ਹੁੰਦੀਆਂ ਹਨ। ਇਸ ਕਿਸਮ ਦਾ ਤਣਾ ਤਿੱਖਾ ਅਤੇ ਪੱਤਿਆਂ ਦਾ ਰੰਗ ਗੂੜਾ ਹਰਾ ਹੁੰਦਾ ਹੈ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਹਰੇ ਰੰਗ ਦੇ ਅਤੇ ਪੱਕਣ ਸਮੇਂ ਹਲਕੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

● ਸੀਓ2 (CO2): ਇਹ ਕਿਸਮ 1974 ਵਿੱਚ ਤਿਆਰ ਕੀਤੀ ਗਈ। ਇਸਦੇ ਹਰੇਕ ਫਲ ਦਾ ਔਸਤਨ ਭਾਰ 1.5-2 ਕਿਲੋਗ੍ਰਾਮ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 135 ਦਿਨਾਂ ਵਿੱਚ ਪੱਕ ਜਾਂਦੀ ਹੈ।

ਸੀਓ1 (CO1), ਅਰਕਾ ਸੂਰਿਆਮੁਖੀ (Arka Suryamukhi), ਪੂਸਾ ਵਿਸ਼ਵੇਸ਼ (Pusa Viswesh), ਟੀਸੀਆਰ 011 (TCR 011), ਅੰਬੀਲੀ (Ambilli) ਅਤੇ ਅਰਕਾ ਚੰਦਨ (Arka Chandan) ਆਦਿ ਹਲਵਾ ਕੱਦੂ ਦੀਆਂ ਮਹੱਤਵਪੂਰਨ ਕਿਸਮਾਂ ਹਨ।

ਕੀੜੇ-ਮਕੌੜੇ ਅਤੇ ਰੋਕਥਾਮ

● ਚੇਪਾ ਅਤੇ ਥਰਿੱਪ: ਇਹ ਕੀੜੇ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਪੱਤੇ ਪੀਲੇ ਹੋ ਕੇ ਝੜ ਜਾਂਦੇ ਹਨ। ਥਰਿੱਪ ਦੇ ਕਾਰਨ ਪੱਤੇ ਮੁੜ ਜਾਂਦੇ ਹਨ ਅਤੇ ਕੱਪ ਦੇ ਆਕਾਰ ਵਾਂਗ ਹੋ ਜਾਂਦੇ ਹਨ ਜਾਂ ਉੱਪਰ ਨੂੰ ਮੁੜ ਜਾਂਦੇ ਹਨ। ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਥਾਇਆਮੈਥੋਕਸਮ 5 ਗ੍ਰਾਮ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

● ਹਲਵਾ ਕੱਦੂ ਦੀ ਮੱਖੀ: ਇਸਦੇ ਹਮਲੇ ਕਾਰਨ ਫਲਾਂ 'ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਚਿੱਟੇ ਰੰਗ ਦੇ ਛੋਟੇ ਕੀੜੇ ਫਲ 'ਤੇ ਵਿਕਸਿਤ ਹੁੰਦੇ ਹਨ। ਹਲਵਾ ਕੱਦੂ ਦੀ ਮੱਖੀ ਦੀ ਰੋਕਥਾਮ ਲਈ ਪੱਤਿਆਂ 'ਤੇ ਨਿੰਮ ਦੇ ਤੇਲ 3.0% ਦੀ ਸਪਰੇਅ ਕਰੋ।

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

● ਚਿੱਟੀ ਫੰਗਸ: ਇਸ ਬਿਮਾਰੀ ਨਾਲ ਪ੍ਰਭਾਵਿਤ ਪੌਦੇ ਦੇ ਮੁੱਖ ਤਣੇ ਅਤੇ ਪੱਤਿਆਂ ਦੀ ਉੱਪਰੀ ਪਰਤ 'ਤੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਸਦੇ ਕੀੜੇ ਪੌਦੇ ਨੂੰ ਖਾਣੇ ਦੇ ਤੌਰ 'ਤੇ ਵਰਤਦੇ ਹਨ। ਇਸ ਬਿਮਾਰੀ ਦੇ ਜਿਆਦਾ ਹਮਲੇ ਨਾਲ ਪੱਤੇ ਝੜਨ ਲੱਗ ਜਾਂਦੇ ਹਨ ਅਤੇ ਫਲ ਸਮੇਂ ਤੋਂ ਪਹਿਲਾਂ ਪੱਕ ਜਾਂਦੇ ਹਨ। ਜੇਕਰ ਇਸਦਾ ਹਮਲਾ ਦਿਖੇ ਤਾਂ, ਪਾਣੀ ਵਿੱਚ ਘੁਲਣਸ਼ੀਲ ਸਲਫ਼ਰ 20 ਗ੍ਰਾਮ (Sulfur 20 g) ਨੂੰ 10 ਲੀਟਰ ਪਾਣੀ (10 liters of water) ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ 'ਤੇ 2-3 ਵਾਰ ਸਪਰੇਅ (Spray) ਕਰੋ।

● ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਸ ਬਿਮਾਰੀ ਸੂਡੋਪੇਰੋਨੋਸਪੋਰਾ ਕਿਊਬਿਨਸਿਸ ਦੇ ਕਾਰਨ ਹੁੰਦੀ ਹੈ। ਇਸ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿਤਕਬਰੇ ਅਤੇ ਜਾਮੁਨੀ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ। ਜੇਕਰ ਇਸਦਾ ਹਮਲਾ ਦਿਖੇ ਤਾਂ 400 ਗ੍ਰਾਮ ਡਾਈਥੇਨ M-45 ਜਾਂ ਡਾਈਥੇਨ Z-78 ਦੀ ਵਰਤੋਂ ਕਰੋ।

● ਐਂਥਰਾਕਨੌਸ: ਐਂਥਰਾਕਨੌਸ ਨਾਲ ਪ੍ਰਭਾਵਿਤ ਪੱਤੇ ਝੁਲਸੇ ਹੋਏ ਦਿਖਦੇ ਹਨ। ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦਾ ਹਮਲਾ ਖੇਤ ਵਿੱਚ ਦਿਖੇ ਤਾਂ, ਮੈਨਕੋਜ਼ੇਬ 2 ਗ੍ਰਾਮ (Mancozeb 2 g) ਜਾਂ ਕਾਰਬੈਂਡਾਜ਼ਿਮ 3 ਗ੍ਰਾਮ (Carbendazim 3g) ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

● ਸੋਕਾ: ਇਸ ਬਿਮਾਰੀ ਦੇ ਕਾਰਨ ਜੜ੍ਹ ਗਲਣ ਹੁੰਦਾ ਹੈ। ਜੇਕਰ ਇਸਦਾ ਹਮਲਾ ਦਿਖੇ ਤਾਂ 400 ਗ੍ਰਾਮ ਐੱਮ-45 ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Summary in English: Cultivate pumpkin in this season, "PPH-2" will yield 222 quintals.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters