ਫ਼ਸਲੀ ਵਿਭਿੰਨਤਾ ਲਈ ਕਮਾਦ ਇੱਕ ਬਹੁਤ ਹੀ ਢੁੱਕਵੀਂ ਅਤੇ ਲਾਹੇਵੰਦ ਫ਼ਸਲ ਹੈ। ਪੰਜਾਬ ਵਿੱਚ ਸਾਲ 2018-19 ਵਿੱਚ ਇਸ ਦੀ ਕਾਸ਼ਤ 95,000 ਹੈਕਟੇਅਰ ਰਕਬੇਤੇ ਕੀਤੀ ਗਈ। ਕਮਾਦ ਦੀ ਫ਼ਸਲ ਨੂੰ ਆਮ ਤੌਰਤੇ ਦੋ ਮੌਸਮਾਂ ਭਾਵ ਪੱਤਝੜ ਅਤੇ ਬਸੰਤ ਰੁੱਤ ਵਿੱਚ ਬੀਜਿਆ ਜਾਂਦਾਂ ਹੈ ਪਰ ਜ਼ਿਆਦਾਤਰ ਰਕਬਾ ਬਸੰਤ ਰੁੱਤੇ ਕਮਾਦ ਹੇਠ ਹੀ ਆਉਂਦਾ ਹੈ।ਬਸੰਤ ਰੁੱਤੇ ਬੀਜੇ ਕਮਾਦ ਦਾ ਝਾੜ ਪੱਤਝੜ ਰੁੱਤ ਦੇ ਕਮਾਦ ਨਾਲੋਂ ਘੱਟ ਹੁੰਦਾ ਹੈ ਪਰ ਬਸੰਤ ਰੁੱਤੇ ਕਮਾਦ ਦੀ ਮਿਆਦ ਘੱਟ ਹੋਣ ਕਾਰਨ ਇਸ ਨੂੰ ਆਲੂ/ਮਟਰ/ਤੋਰੀਆ ਆਦਿ ਫ਼ਸਲਾਂ ਵਾਲੇ ਫ਼ਸਲੀ ਚੱਕਰਾਂ ਵਿੱਚ ਬਹੁਤ ਹੀ ਢੁੱਕਵੇਂ ਢੰਗ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ
ਕਮਾਦ ਦੀਆਂ ਕਤਾਰਾਂ ਵਿੱਚ ਜ਼ਿਆਦਾ ਫ਼ਾਸਲਾ ਹੋਣ ਕਾਰਨ ਇਹਨਾਂ ਵਿਚਕਾਰਲੀ ਜ਼ਮੀਨ ਨੂੰ ਅੰਤਰ ਫ਼ਸਲਾਂ ਦੀ ਕਾਸ਼ਤ ਲਈ ਬਾਖੂਬੀ ਵਰਤਿਆ ਜਾ ਸਕਦਾ ਹੈ। ਅੰਤਰ ਫ਼ਸਲੀ ਤਕਨੀਕ ਜਿੱਥੇ ਕਿਸਾਨ ਦੀ ਆਮਦਨ ਵਿੱਚ ਵਾਧਾ ਕਰਦੀ ਹੈ ਉਥੇ ਨਾਲ ਹੀ ਖੇਤੀ ਸੋਮਿਆਂ ਜਿਵੇਂ ਪਾਣੀ, ਜ਼ਮੀਨ ਅਤੇ ਮਨੁੱਖੀ ਮਿਹਨਤ ਦੀ ਸੁਚੱਜੀ ਵਰਤੋਂ ਅਤੇ ਕਿਰਸਾਨ ਦੀਆਂ ਘਰੇਲੂ ਲੋੜਾਂ ਨੂੰ ਵੀ ਪੂਰਾ ਕਰਨ ਵਿੱਚ ਮੱਦਦ ਕਰਦੀ ਹੈ।ਅੰਤਰ ਫ਼ਸਲੀ ਪ੍ਰਣਾਲੀ ਨਾਲ ਕਮਾਦ ਦੇ ਝਾੜਤੇ ਵੀ ਕੋਈ ਬੁਰਾ ਅਸਰ ਨਹੀ ਪੈਂਦਾ। ਬਸੰਤ ਰੁੱਤ ਦੇ ਕਮਾਦ ਵਿੱਚ ਹੇਠ ਲਿਖੀਆਂ ਫ਼ਸਲਾਂ ਦੀ ਅੰਤਰ ਖੇਤੀ ਕੀਤੀ ਜਾ ਸਕਦੀ ਹੈ।
1. ਗਰਮੀ ਰੁੱਤ ਦੀ ਮੂੰਗੀ + ਕਮਾਦ : ਇਸ ਲਈ ਕਮਾਦ ਦੀ ਬਿਜਾਈ ਅੱਧ ਫ਼ਰਵਰੀ ਤੋਂ ਲੈ ਕੇ ਅਖੀਰ ਮਾਰਚ ਤੱਕ ਕੀਤੀ ਜਾ ਸਕਦੀ ਹੈ ਅਤੇ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਕਰਨੀ ਚਾਹੀਦੀ ਹੈ।ਮੂੰਗੀ ਦਾ 4 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਮੂੰਗੀ ਦੀ ਇੱਕ ਕਤਾਰ ਦੀ ਬਿਜਾਈ ਕਰਨੀ ਚਾਹੀਦੀ ਹੈ।ਬਸੰਤ ਰੁੱਤ ਵਿਚ ਅੰਤਰ ਫ਼ਸਲ ਲਈ ਮੂੰਗੀ ਦੀਆਂ ਐਸ. ਐਮ. ਐਲ 1827, ਟੀ. ਐਮ. ਬੀ. 37, ਐਸ. ਐਮ. ਐਲ 832 ਅਤੇ ਐਸ. ਐਮ. ਐਲ. 668 ਕਿਸਮਾਂ ਇਸ ਸਮੇਂ ਦੀ ਬਿਜਾਈ ਲਈ ਢੁੱਕਵੀਆਂ ਹਨ। 2. ਗਰਮੀ ਰੁੱਤ ਦੇ ਮਾਂਹ + ਕਮਾਦ : ਬਸੰਤ ਰੁੱਤੀ ਕਮਾਦ ਵਿੱਚ ਮਾਂਹ ਦੀ ਕਾਸ਼ਤ ਲਈ ਮਾਂਹ 1137 ਅਤੇ ਮਾਂਹ 1008 ਕਿਸਮਾਂ ਬਹੁਤ ਹੀ ਢੁੱਕਵੀਆਂ ਹਨ।ਕਮਾਦ ਦੀਆਂ ਦੋ ਕਤਾਰਾਂ ਵਿੱਚ ਮਾਂਹ ਦੀ ਇੱਕ ਕਤਾਰ 15 ਮਾਰਚ ਤੋਂ 7 ਅਪ੍ਰੈਲ ਤੱਕ ਬਿਜਾਈ ਕਰਨੀ ਚਾਹੀਦੀ ਹੈ।ਇੱਕ ਏਕੜ ਦੀ ਬਿਜਾਈ ਲਈ 5 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਜਪਾਨੀ ਪੁਦੀਨਾ + ਕਮਾਦ : ਕਮਾਦ ਅਤੇ ਜਪਾਨੀ ਪੁਦੀਨੇ ਦੀ ਬਿਜਾਈ ਇਕੋ ਸਮੇਂ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ।ਇੱਕ ਏਕੜ ਦੀ ਬਿਜਾਈ ਲਈ ਜਪਾਨੀ ਪੁਦੀਨੇ ਦੀਆਂ ਇੱਕ ਕੁਇੰਟਲ ਜੜ੍ਹਾਂ ਦੀ ਲੋੜ ਪੈਂਦੀ ਹੈ।ਅੰਤਰ ਫ਼ਸਲ ਲਈ 18 ਕਿਲੋ ਨਾਈਟ੍ਰੋਜਨ (39 ਕਿਲੋ ਯੂਰੀਆ) ਅਤੇ 10 ਕਿਲੋ ਫ਼ਾਸਫ਼ੋਰਸ (62 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਸ ਲਈ ਸਾਰੀ ਦੀ ਸਾਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਬਾਅਦ ਪਾਉਣੀ ਚਾਹੀਦੀ ਹੈ।ਕਮਾਦ ਨੂੰ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਮੁਤਾਬਿਕ 60 ਕਿਲੋਗ੍ਰਾਮ ਨਾਈਟ੍ਰੋਜਨ (130 ਕਿਲੋ ਯੂਰੀਆ) ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ।ਪੁਦੀਨੇ ਦੀ ਫ਼ਸਲ ਦੀ ਸਿਰਫ਼ ਇੱਕ ਹੀ ਕਟਾਈ ਲੈਣੀ ਚਾਹੀਦੀ ਹੈ।
4. ਭਿੰਡੀ + ਕਮਾਦ : ਭਿੰਡੀ ਨੂੰ ਵੀ ਕਮਾਦ ਵਿੱਚ ਅੰਤਰ ਫ਼ਸਲ ਦੇ ਵਜੋਂ ਬੀਜ ਕੇ ਲਾਭ ਉਠਾਇਆ ਜਾ ਸਕਦਾ ਹੈ।ਇਸ ਤੋਂ ਵਧੇਰੇ ਲਾਭ ਪ੍ਰਾਪਤ ਕਰਨ ਲਈ ਕਮਾਦ ਨੂੰ ਦੋ ਕਤਾਰੀ ਵਿਧੀ ਨਾਲ (90:30 ਜਾਂ 120:30 ਸੈਂਟੀਮੀਟਰ) ਬੀਜਿਆ ਜਾ ਸਕਦਾ ਹੈ।ਕਮਾਦ ਦੀਆਂ ਦੋ ਕਤਾਰਾਂ ਵਿਚਲੇ ਫ਼ਾਸਲੇ ਭਾਵ 90 ਜਾਂ 120 ਸੈਂਟੀਮੀਟਰ ਵਿੱਚ ਭਿੰਡੀ ਦੀਆਂ ਦੋ ਕਤਾਰਾਂ ਨੂੰ ਆਪਸ ਵਿੱਚ 45 ਸੈਂਟੀਮੀਟਰ ਵਿੱਥ ਰੱਖ ਕੇ ਕ੍ਰਮਵਾਰ 11 ਕਿਲੋ ਅਤੇ 9 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਬੀਜਣਾ ਚਾਹੀਦਾ ਹੈ।ਇਸ ਲਈ ਕਮਾਦ ਦੀ ਫ਼ਸਲ ਨੂੰ ਸਿਫ਼ਾਰਿਸ਼ ਖਾਦਾਂ ਤੋਂ ਇਲਾਵਾ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ।ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਉਣੀ ਚਾਹੀਦੀ ਹੈ।ਭਿੰਡੀ ਦੀ ਫ਼ਸਲ ਨੂੰ ਜੂਨ ਦੇ ਦੂਸਰੇ ਪੰਦਰਵਾੜੇ ਵਿੱਚ ਖ਼ਤਮ ਕਰ ਦੇਣਾ ਚਾਹੀਦਾ ਹੈ।
ਮੂੰਗੀ ਅਤੇ ਮਾਂਹ ਫ਼ਲੀਦਾਰ ਫ਼ਸਲਾਂ ਹੋਣ ਕਰਕੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾ ਕਰਦੀਆਂ ਹਨ, ਜਿਸ ਕਾਰਨ ਕਮਾਦ ਦੀ ਫ਼ਸਲ ਨੂੰ ਵੀ ਲਾਭ ਹੁੰਦਾ ਹੈ।
ਕਮਾਦ ਵਿੱਚ ਅੰਤਰ-ਖੇਤੀ ਲਈ ਉੱਪਰ ਲਿਖੀਆਂ ਸਾਰੀਆਂ ਫ਼ਸਲਾਂ ਤੋਂ ਕ੍ਰਮਵਾਰ ਇਨ੍ਹਾਂ ਦੀ ਨਿਰੋਲ ਬਿਜਾਈ ਤੋਂ ਪ੍ਰਾਪਤ ਹੋਣ ਦੀ ਸੰਭਾਵਨਾ ਹੁੰਦੀ ਹੈ।ਇਸ ਤਰ੍ਹਾਂ ਅੰਤਰ ਫ਼ਸਲਾਂ ਦੀ ਕਾਸ਼ਤ ਕਰਕੇ ਬਸੰਤ ਰੁੱਤੀ ਕਮਾਦ ਦੀ ਫ਼ਸਲ ਤੋਂ ਵੀ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ।
ਮਨਿੰਦਰ ਸਿੰਘ, ਸੁਰਜੀਤ ਸਿੰਘ ਮਨਹਾਸ ਅਤੇ ਜਗਜੋਤ ਸਿੰਘ ਗਿੱਲ
ਫ਼ਸਲ ਵਿਗਿਆਨ ਵਿਭਾਗ
ਮਨਿੰਦਰ ਸਿੰਘ: 81460-88488
Summary in English: Cultivation of intercrops in spring sugarcane to increase profits