Maize Cultivation: ਫ਼ਸਲੀ ਵਿਭਿੰਨਤਾ ਵਿੱਚ ਮੱਕੀ ਦੀ ਫ਼ਸਲ ਅਹਿਮ ਯੋਗਦਾਨ ਦੇ ਸਕਦੀ ਹੈ। ਇਸ ਦੀ ਵਰਤੋਂ ਮੁਰਗੀਆਂ ਦੀ ਖੁਰਾਕ ਅਤੇ ਦੁਧਾਰੂ ਪਸ਼ੂਆਂ ਦੀ ਖੁਰਾਕ ਬਣਾਉਣ ਤੋਂ ਇਲਾਵਾ ਸਟਾਰਚ, ਗੁਲੂਕੋਜ਼, ਕੌਰਨ ਫਲੇਕਸ ਅਤੇ ਆਟਾ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਸਾਲ 2022-23 ਦੌਰਾਨ ਮੱਕੀ ਦੀ ਕਾਸ਼ਤ 93.3 ਹਜ਼ਾਰ ਹੈਕਟੇਅਰ ਰਕਬੇ ਤੇ ਕੀਤੀ ਗਈ ਅਤੇ ਇਸਦਾ ਔਸਤ ਝਾੜ 17.8 ਕੁਇੰਟਲ ਪ੍ਰਤੀ ਏਕੜ ਰਿਹਾ। ਮੱਕੀ ਦੀ ਫ਼ਸਲ ਦਾ ਜਿਆਦਾ ਝਾੜ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀਆਂ ਹੇਠ ਲਿਖੀਆਂ ਉਤਪਾਦਨ ਤਕਨੀਕਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਜ਼ਮੀਨ:
ਮੱਕੀ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀ, ਮੈਰਾ ਤੋਂ ਭਲ ਵਾਲੀ ਜ਼ਮੀਨ ਤੇ ਕਰਨੀ ਚਾਹੀਦੀ ਹੈ।
ਉੱਨਤ ਕਿਸਮਾਂ:
ਮੱਕੀ ਦੀਆਂ ਉੱਨਤ ਕਿਸਮਾਂ ਨੂੰ ਪੱਕਣ ਲਈ ਸਮੇਂ ਅਨੁਸਾਰ ਤਿੰਨ ਸ਼੍ਰੇਣੀਆਂ ਲੰਮਾ ਸਮਾਂ, ਦਰਮਿਆਨਾ ਸਮਾਂ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚ ਡੀ ਕੇ ਸੀ 9144, ਬਾਇੳਸੀਡ 9788, ਪੀ ਐਮ ਐਚ 14, ਪੀ ਐਮ ਐਚ 13, ਏ ਡੀ ਵੀ 9293, ਜੇ ਸੀ 12, ਪੀ ਐਮ ਐਚ 11, ਪੀ ਐਮ ਐਚ 1 ਕਿਸਮਾਂ ਆਉਂਦੀਆਂ ਹਨ। ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚ ਜੇ ਸੀ 4 ਕਿਸਮ ਆਉਂਦੀ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚ ਪੀ ਐਮ ਐਚ 2 ਕਿਸਮ ਆਉਂਦੀ ਹੈ। ਇਸ ਤੋਂ ਇਲਾਵਾ ਖਾਸ ਵਰਤੋਂ ਲਈ ਕਿਸਮਾਂ ਜਿਵੇਂ ਕਿ ਖਿੱਲਾਂ ਬਣਾਉਣ ਲਈ ਪਰਲ ਪੋਪਕੋਰਨ, ਸਲਾਦ ਅਤੇ ਸੂਪ ਵਗੈਰਾ ਲਈ ਪੰਜਾਬ ਬੇਬੀ ਕੌਰਨ ਅਤੇ ਦਾਣਿਆਂ ਵਿੱਚ ਜਿਆਦਾ ਮਿਠਾਸ ਵਾਲੀ ਪੰਜਾਬ ਸਵੀਟ ਕੋਰਨ ਆਦਿ ਕਿਸਮਾਂ ਦੀ ਸਿਫਾਰਿਸ਼ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਗਈ ਹੈ।
ਜ਼ਮੀਨ ਦੀ ਤਿਆਰੀ:
ਖੇਤ ਨੂੰ 4-5 ਵਾਰ ਵਾਹੁਣਾ ਅਤੇ ਸੁਹਾਗਾ ਮਾਰਨਾ ਚਾਹੀਦਾ ਹੈ। ਖੇਤ ਬਿਲਕੁਲ ਪੱਧਰਾ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਖੇਤ ਵਿੱਚ ਪਾਣੀ ਇਕਸਾਰ ਲੱਗੇ। ਮੱਕੀ ਨੂੰ ਜ਼ੀਰੋ ਟਿਲ ਡਰਿੱਲ ਨਾਲ ਬਿਨਾਂ ਖੇਤ ਨੂੰ ਵਾਹੇ ਵੀ ਬੀਜਿਆ ਜਾ ਸਕਦਾ ਹੈ।
ਬਿਜਾਈ ਦਾ ਸਮਾਂ:
ਮੱਕੀ ਦੀ ਬਿਜਾਈ ਮਈ ਦੇ ਅਖੀਰਲੇ ਹਫਤੇ ਤੋਂ ਅਖੀਰ ਜੂਨ ਤੱਕ ਕੀਤੀ ਜਾ ਸਕਦੀ ਹੈ।
ਬੀਜ ਦੀ ਮਾਤਰਾ:
ਮੱਕੀ ਦੀ ਕਿਸਮ ਪਰਲ ਪੋਪਕੋਰਨ ਲਈ 7 ਕਿੱਲੋ ਬੀਜ ਪ੍ਰਤੀ ਏਕੜ ਅਤੇ ਬਾਕੀ ਸਾਰੀਆਂ ਕਿਸਮਾਂ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ।
ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ:
ਜੀਵਾਣੂ ਖਾਦ ਦਾ ਟੀਕਾ ਲਾਉਣ ਨਾਲ ਮੱਕੀ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਅੱਧਾ ਕਿੱਲੋ ਜੀਵਾਣੂ ਖਾਦ ਦੇ ਟੀਕੇ ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਮੱਕੀ ਦੇ ਇੱਕ ਏਕੜ ਲਈ ਸਿਫਾਰਿਸ਼ ਬੀਜ ਨਾਲ ਚੰਗੀ ਤਰ੍ਹਾਂ ਲਗਾ ਕੇ ਅਤੇ ਛਾਵੇਂ ਸੁਕਾਉਣ ਤੋਂ ਬਾਅਦ ਤੁਰੰਤ ਬੀਜ ਦੇਣਾ ਚਾਹੀਦਾ ਹੈ।
ਬਿਜਾਈ ਦਾ ਢੰਗ:
ਮੱਕੀ ਦੀ ਬਿਜਾਈ ਪੱਧਰ ਖੇਤ ਵਿੱਚ, ਖਾਲੀਆਂ ਵਿੱਚ, ਬੈੱਡ ਜਾਂ ਵੱਟਾਂ ਦੇ ਉੱਪਰ ਜਾਂ ਫਿਰ ਬਿਨਾਂ ਵਹਾਈ ਕੀਤੀ ਜਾ ਸਕਦੀ ਹੈ। ਪੱਧਰ ਖੇਤ ਵਿੱਚ ਮੱਕੀ ਦੀ ਬਿਜਾਈ 3-5 ਸੈਂਟੀਮੀਟਰ ਡੂੰਘੀ, ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਰੱਖ ਕੇ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖ ਕੇ ਖਾਦ-ਬੀਜ ਡਰਿੱਲ ਜਾਂ ਮੱਕੀ ਵਾਲੇ ਪਲਾਂਟਰ ਨਾਲ ਕਰੋ। ਮੱਕੀ ਦੀ ਬਿਜਾਈ ਨਿਊਮੈਟਿਕ ਪਲਾਂਟਰ ਨਾਲ ਚਾਰ ਕਤਾਰਾਂ ਵਿੱਚ, ਬੈੱਡਾਂ ਉੱਪਰ 5.5 ਸੈਂਟੀਮੀਟਰ ਡੂੰਘਾਈ ਤੇ ਵੀ ਕੀਤੀ ਜਾ ਸਕਦੀ ਹੈ। ਅਖੀਰ ਮਈ ਤੋਂ ਅੱਧ ਜੂਨ ਤੱਕ ਮੱਕੀ ਨੂੰ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਜਿਸ ਨਾਲ ਗਰਮ ਅਤੇ ਖੁਸ਼ਕ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲਗ ਜਾਂਦਾ ਹੈ।
ਇਸ ਤੋਂ ਇਲਾਵਾ ਮੱਕੀ ਦੀ ਬਿਜਾਈ ਕਣਕ ਵਾਲੇ ਬੈੱਡ ਪਲਾਂਟਰ ਨਾਲ ਬਣਾਏ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ ਰੱਖ ਕੇ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ ਬਿਨਾਂ ਵਾਹੇ ਖੇਤ ਵਿੱਚ ਜ਼ੀਰੋ ਟਿੱਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਅਜਿਹੇ ਖੇਤਾਂ ਵਿਚ ਜੇਕਰ ਨਦੀਨ ਜਿਆਦਾ ਹੋਣ ਤਾਂ ਬਿਜਾਈ ਤੋਂ ਪਹਿਲਾਂ 500 ਮਿਲੀਲਿਟਰ ਪ੍ਰਤੀ ਏਕੜ ਗ੍ਰਾਮੈਕਸੋਨ 24 ਐਸ ਐਲ 200 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Organic Farming ਸਮੇਂ ਦੀ ਲੋੜ ਕਿਉਂ ਹੈ? ਆਓ ਜਾਣਦੇ ਹਾਂ ਖੇਤੀ ਸਬੰਧੀ ਮੁੱਖ ਜੈਵਿਕ ਮਿਆਰ ਅਤੇ ਪ੍ਰਮਾਣੀਕਰਨ ਬਾਰੇ ਪੂਰੀ ਜਾਣਕਾਰੀ
ਨਦੀਨਾਂ ਦੀ ਰੋਕਥਾਮ:
ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਬਿਜਾਈ ਤੋਂ 15 ਤੋਂ 30 ਦਿਨਾਂ ਬਾਅਦ ਗੋਡੀ ਕਰਕੇ ਕੀਤੀ ਜਾ ਸਕਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਵਾਂਹ ਦੀ ਕਿਸਮ ਸੀ ਐਲ 367 ਨੂੰ 8 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਬੀਜ ਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਰਵਾਂਹ ਦੀ ਫਸਲ, ਬਿਜਾਈ ਤੋਂ 35-45 ਦਿਨਾਂ ਬਾਅਦ ਚਾਰੇ ਦੇ ਤੌਰ ਤੇ ਕੱਟ ਲੈਣੀ ਚਾਹੀਦੀ ਹੈ।
ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਰਸਾਇਣਕ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ। ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਇੱਟਸਿਟ ਅਤੇ ਘਾਹ ਵਰਗੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨਾਂ ਦੇ ਅੰਦਰ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ 800 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਐਟਰਾਟਾਫ਼/ਐਟਰਾਗੋਲਡ/ਮਾਸਟਾਫ/ਅਟਾਰੀ/ਟਰੈਕਸ 50 ਡਬਲਯੂ ਪੀ (ਐਟਰਾਜੀਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਗੋਡੀ ਦੇ ਨਾਲ-ਨਾਲ ਇਹੀ ਨਦੀਨਨਾਸ਼ਕ ਦੀ ਵਰਤੋਂ ਕਰਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਪਹਿਲਾਂ ਦੱਸੇ ਨਦੀਨ ਨਾਸ਼ਕ ਦੀ 250 ਗ੍ਰਾਮ ਪ੍ਰਤੀ ਏਕੜ ਮਾਤਰਾ ਨੂੰ ਮੱਕੀ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜਾ ਪੱਟੀਦਾਰ ਛਿੜਕਾਅ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਕਤਾਰਾਂ ਵਿੱਚ ਬਾਕੀ ਬਚਦੀ ਜਗ੍ਹਾ ਵਿੱਚ ਬਿਜਾਈ ਤੋਂ 15-30 ਦਿਨਾਂ ਬਾਅਦ ਗੋਡੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ 20 ਦਿਨਾਂ ਬਾਅਦ ਲੌਡਿਸ 42 ਐਸ ਸੀ (ਟੈਂਬੋਟਰਾਇਨ) 105 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਡੀਲੇ/ਮੋਥੇ ਦੀ ਰੋਕਥਾਮ ਲਈ ਬਿਜਾਈ ਤੋਂ 20-25 ਦਿਨਾਂ ਬਾਅਦ 400 ਮਿਲੀਲਿਟਰ ਪ੍ਰਤੀ ਏਕੜ 2,4-ਡੀ ਅਮਾਈਨ ਸਾਲਟ 58 ਐਸ ਐਲ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਖਾਦਾਂ:
ਮੱਕੀ ਵਿੱਚ ਖਾਦ ਪ੍ਰਬੰਧਨ ਲਈ ਹਰੀ ਖਾਦ, ਜੈਵਿਕ ਖਾਦ, ਜੀਵਾਣੂੰ ਖਾਦ ਅਤੇ ਰਸਾਇਣਕ ਖਾਦ ਦੀ ਰਲਵੀ ਵਰਤੋਂ ਕਰਨੀ ਚਾਹੀਦੀ ਹੈ। ਮੱਕੀ ਬੀਜਣ ਤੋਂ 10 ਦਿਨ ਪਹਿਲਾਂ ਜੰਤਰ ਜਾਂ ਰਵਾਂਹ ਜਾ ਸਣ ਦੀ 50 ਦਿਨਾਂ ਦੀ ਫ਼ਸਲ ਨੂੰ ਖੇਤ ਵਿੱਚ ਹੀ ਦਬਾ ਕੇ ਹਰੀ ਖਾਦ ਕਰਨੀ ਚਾਹੀਦੀ ਹੈ। ਗਰਮ ਰੁੱਤ ਦੀ ਮੂੰਗੀ ਨੂੰ ਵੀ ਫ਼ਲੀਆਂ ਤੋੜਨ ਤੋਂ ਬਾਅਦ ਹਰੀ ਖਾਦ ਦੇ ਤੌਰ ਤੇ ਮਿੱਟੀ ਵਿੱਚ ਦਬਾਇਆ ਜਾ ਸਕਦਾ ਹੈ। ਜੇਕਰ ਮੱਕੀ ਬੀਜਣ ਤੋਂ ਪਹਿਲਾਂ ਰੂੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਸਾਲ ਪਾਈ ਗਈ ਹੋਵੇ ਤਾਂ ਬਿਜਾਈ ਸਮੇਂ ਮੱਕੀ ਨੂੰ ਹੋਰ ਖਾਦ ਦੀ ਲੋੜ ਨਹੀਂ। ਮੱਕੀ ਵਿੱਚ ਸ਼ਿਫਾਰਿਸ਼ ਕੀਤੀਆ ਰਸਾਇਣਕ ਖਾਦਾਂ ਦੇ ਨਾਲ ਝੋਨੇ ਦੀ ਪਰਾਲੀ ਤੋਂ ਬਣਾਈ ਕੰਪੋਸਟ ਵਰਤਣਾ, ਰੂੜੀ ਦੀ ਖਾਦ ਦਾ ਬਦਲ ਹੋ ਸਕਦਾ ਹੈ। ਬੀਜਣ ਤੋਂ ਪਹਿਲਾਂ ਜੀਵਾਣੂ ਖਾਦ ਦਾ ਟੀਕਾ ਜ਼ਰੂਰ ਲਾਓ।
ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਮੱਕੀ ਦੀਆਂ ਕਿਸਮਾਂ ਪੀ ਐਮ ਐਚ 1,11,13 ਤੇ 14,ਏ ਡੀ ਵੀ 9293, ਜੇ ਸੀ 12, ਅਤੇ ਪੰਜਾਬ ਸਵੀਟ ਕੌਰਨ 1 ਨੂੰ 110 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਪਾਓ। ਯੂਰੀਆ ਖਾਦ ਦਾ ਇੱਕ ਹਿੱਸਾ ਬਿਜਾਈ ਸਮੇਂ ਪਾਓ ਅਤੇ ਬਾਕੀ ਰਹਿੰਦੇ ਦੋ ਹਿੱਸੇ ਫ਼ਸਲ ਦੇ ਗੋਡੇ-ਗੋਡੇ ਹੋਣ ਅਤੇ ਬੂਰ ਪੈਣ ਤੇ ਪਾਓ। ਫ਼ਾਸਫ਼ੋਰਸ ਤੱਤ ਲਈ 55 ਕਿਲੋ ਡੀ ਏ ਪੀ ਜਾਂ 150 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਜਾਂ 125 ਕਿਲੋ ਨਾਈਟ੍ਰੋਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਇਸ ਤਰ੍ਹਾਂ ਹੀ ਪੋਟਾਸ਼ ਤੱਤ ਲਈ 20 ਕਿਲੋ ਪ੍ਰਤੀ ਏਕੜ ਮਿਊਰੇਟ ਆਫ ਪੋਟਾਸ਼ ਬਿਜਾਈ ਸਮੇਂ ਪਾਓ।
ਇਹ ਵੀ ਪੜ੍ਹੋ: Rainy Season: ਬਰਸਾਤੀ ਮੌਸਮ ਵਿੱਚ ਕਰੋ ਟਮਾਟਰਾਂ ਦੀ ਸਫਲ ਕਾਸ਼ਤ, ਇਸ ਤਰ੍ਹਾਂ ਕਰੋ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ
ਮੱਕੀ ਦੀਆਂ ਕਿਸਮਾਂ ਪੀ ਐਮ ਐਚ 2, ਜੇ ਸੀ 4, ਪੰਜਾਬ ਬੇਬੀ ਕੌਰਨ 1 ਅਤੇ ਪਰਲ ਪੌਪ ਕੌਰਨ ਨੂੰ 75 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ 3 ਹਿੱਸਿਆਂ ਵਿੱਚ ਵੰਡ ਕੇ ਬਿਜਾਈ ਸਮੇਂ ਫ਼ਸਲ ਦੇ ਗੋਡੇ-ਗੋਡੇ ਹੋਣ ਅਤੇ ਬੂਰ ਪੈਣ ਸਮੇਂ ਪਾਓ। ਫ਼ਾਸਫ਼ੋਰਸ ਤੱਤ ਲਈ ਡੀ ਏ ਪੀ 27 ਕਿਲੋ ਜਾਂ ਸਿੰਗਲ ਸੁਪਰਫਾਸਫੇਟ 75 ਕਿਲੋ ਜਾਂ ਨਾਈਟ੍ਰੋਫ਼ਾਸਫ਼ੇਟ 62 ਕਿਲੋ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਪੋਟਾਸ਼ ਤੱਤ ਲਈ ਮਿਊਰੇਟ ਆਫ ਪੋਟਾਸ਼ 15 ਕਿਲੋ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਜੇਕਰ ਮੱਕੀ ਤੋਂ ਪਹਿਲਾਂ ਬੀਜੀ ਕਣਕ ਦੀ ਫ਼ਸਲ ਨੂੰ ਸਿਫਾਰਿਸ਼ ਕੀਤੀ ਗਈ ਫ਼ਾਸਫ਼ੋਰਸ ਤੱਤ ਦੀ ਮਾਤਰਾ ਪਾਈ ਗਈ ਹੋਵੇ ਤਾਂ ਮੱਕੀ ਦੀ ਫ਼ਸਲ ਨੂੰ ਇਹ ਤੱਤ ਪਾਉਣ ਦੀ ਲੋੜ ਨਹੀਂ। ਜੇਕਰ ਮੱਕੀ ਨੂੰ ਫ਼ਾਸਫ਼ੋਰਸ ਤੱਤ ਡੀ ਏ ਪੀ ਦੇ ਰੂਪ ਵਿੱਚ 55 ਕਿਲੋ ਪ੍ਰਤੀ ਏਕੜ ਜਾਂ 27 ਕਿਲੋ ਪ੍ਰਤੀ ਏਕੜ ਮੱਕੀ ਨੂੰ ਪਾਉਣਾ ਹੋਵੇ ਤਾਂ ਯੂਰੀਆ ਖਾਦ ਦੀ ਮਾਤਰਾ 20 ਕਿਲੋ ਜਾਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਘਟਾ ਦਿਓ।
ਜ਼ਿੰਕ ਦੀ ਘਾਟ:
ਮੱਕੀ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਆ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ। ਜੇਕਰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਮੱਕੀ ਤੋਂ ਪਹਿਲਾਂ ਵਾਲੀ ਫ਼ਸਲ ਵਿੱਚ ਨਜ਼ਰ ਆਈਆਂ ਹੋਣ ਤਾਂ ਮੱਕੀ ਦੀ ਬਿਜਾਈ ਸਮੇਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਪਾਓ।
ਜੇਕਰ ਜ਼ਿੰਕ ਸਲਫੇਟ ਬਿਜਾਈ ਸਮੇਂ ਨਾ ਪਾਈ ਹੋਵੇ ਅਤੇ ਮੱਕੀ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਸਣ ਲੱਗ ਪੈਣ ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਓਨੀ ਹੀ ਮਿੱਟੀ ਵਿੱਚ ਰਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾ ਦਿਓ ਅਤੇ ਗੋਡੀ ਕਰਕੇ ਮਿੱਟੀ ਵਿੱਚ ਮਿਲਾ ਦਿਓ ਅਤੇ ਫ਼ਸਲ ਨੂੰ ਪਾਣੀ ਲਾ ਦਿਓ। ਜੇਕਰ ਗੋਡੀ ਕਰਨੀ ਮੁਸ਼ਕਿਲ ਹੋਵੇ ਤਾਂ ਜ਼ਿੰਕ ਸਲਫੇਟ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ। ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ) 1200 ਗ੍ਰਾਮ ਨੂੰ 600 ਗ੍ਰਾਮ ਅਣਬੁਝੇ ਚੂਨੇ ਨਾਲ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜਾਂ ਜ਼ਿੰਕ ਸਲਫੇਟ (ਮੋਨੋਹਾਈਡ੍ਰੇਟ) 750 ਗ੍ਰਾਮ ਨੂੰ 375 ਗ੍ਰਾਮ ਅਣਬੁਝੇ ਚੂਨੇ ਨਾਲ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਸਿੰਚਾਈ:
ਮੱਕੀ ਨੂੰ ਵਰਖਾ ਦੇ ਅਨੁਸਾਰ 4-6 ਪਾਣੀ ਲੱਗਦੇ ਹਨ।
ਮੱਕੀ ਦੀ ਕਟਾਈ:
ਮੱਕੀ ਦੀ ਕਟਾਈ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ ਤੇ ਕਰ ਦੇਣੀ ਚਾਹੀਦੀ ਹੈ। ਇਸ ਸਮੇਂ ਟਾਂਡੇ ਅਤੇ ਪੱਤੇ ਥੋੜ੍ਹੇ ਹਰੇ ਹੀ ਹੁੰਦੇ ਹਨ ਪਰ ਜੇਕਰ ਖੇਤ ਜਲਦੀ ਖਾਲੀ ਕਰਨਾ ਹੋਵੇ ਤਾਂ ਟਾਂਡੇ ਛੱਲੀਆਂ ਸਮੇਤ ਹੀ ਕੱਟੇ ਜਾ ਸਕਦੇ ਹਨ।
ਸਰੋਤ: ਜਗਜੋਤ ਸਿੰਘ ਗਿੱਲ ਅਤੇ ਮਨਿੰਦਰ ਸਿੰਘ, ਜ਼ਿਲ੍ਹਾ ਪਸਾਰ ਵਿਗਿਆਨੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਫ਼ਿਰੋਜਪੁਰ ਅਤੇ ਜਲੰਧਰ।
Summary in English: Cultivation of Maize in kharif season for crop diversification, need to pay attention to these techniques to get extra yield