Krishi Jagran Punjabi
Menu Close Menu

ਕਿ ਹੁੰਦੀ ਹੈ ਖੁੰਬਾਂ ਦੀ ਕਾਸਤ ਅਤੇ ਕਿਵੇਂ ਮਿਲਦੇ ਹਨ ਇਸ ਤੋਂ ਫਾਇਦੇ

Sunday, 13 September 2020 04:58 PM

ਖੁੰਬਾਂ ਉਲੀਆਂ ਹੁੰਦੀਆਂ ਹਨ ਜੋ ਕਿ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਖਾਣ ਯੋਗ ਅਤੇ ਨਾਂ ਖਾਣ ਯੋਗ ਖੁੰਬਾਂ। ਪੰਜਾਬ ਦਾ ਪੌਣ ਪਾਣੀ ਪੰਜ ਕਿਸਮਾਂ ਦੀਆਂ ਖੁੰਬਾਂ ਲਈ ਢੁੱਕਵਾਂ ਹੈ। ਪਹਿਲੀ ਸਰਦ ਰੁੱਤ ਖੁੰਬ (ਅਗੈਰੀਕਸ ਬਾਈਸਪੋਰਸ), ਦੂਜੀ ਗਰਮ ਰੁੱਤ ਖੁੰਬ (ਵੋਲਵਾਰੇਲਾ ਵੋਲਵੇਸੀਆ), ਤੀਜੀ ਢੀਂਗਰੀ (ਪਲਰੋਟਸ), ਚੌਥੀ ਮਿਲਕੀ ਖੁੰਬ (ਕਲੋਸਾਈਬ), ਪੰਜਵੀ ਸਿਟਾਕੀ (ਲੈਨਟੀਨਸ) ਹਨ।

ਖੁੰਬਾਂ ਦੀ ਕਾਸਤ ਦੇ ਸਾਨੂੰ ਬਹੁਤ ਸਾਰੇ ਲਾਭ ਹਨ ਜਿਵੇਂ :-

1.ਜੋ ਕਿਸਾਨ ਪਰਾਲੀ ਨੂੰ ਸਾੜ ਦਿੰਦੇ ਹਨ ਉਹ ਪਰਾਲੀ ਦੀ ਕਮਪੋਸਟ ਤਿਆਰ ਕਰਕੇ ਖੁੰਬਾਂ ਦੀ ਖੇਤੀ ਕਰ ਸਕਦੇ ਹਨ।
2.ਇਸ ਨਾਲ ਲੋਕਾਂ ਨੂੰ ਇੱਕ ਨਵਾਂ ਰੁਜਗਾਰ ਮਿਲਦਾ ਹੈ।
3.ਇਸ ਤੋਂ ਸਾਨੂੰ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ, ਵਿਟਾਮਿਨ, ਪ੍ਰੋਟੀਨ, ਅਤੇ ਪੋਸ਼ਟਿਕ ਤੱਤ ਮਿਲਦੇ ਹਨ।
4.ਇਸ ਨਾਲ ਆਮਦਨ ਵਿੱਚ ਵਾਧਾ ਹੁੰਦਾ ਹੈ।
5.ਇਸ ਨੂੰ ਅਸੀਂ ਤਾਜਾ ਤੋੜ ਕੇ ਵੇਚ ਸਕਦੇ ਹਾਂ ਯਾ ਇਸਨੂੰ ਸੁਕਾ ਕੇ ਪਾਊਡਰ ਬਣਾ ਕੇ ਵੀ ਵੇਚ ਸਕਦੇ ਹਾਂ।

ਬਟਨ ਖੁੰਬ ਦੀ ਕਾਸਤ:-

ਇਸ ਖੁੰਬ ਨੂੰ ਸਰਦ ਰੁੱਤ ਯਾ ਬਟਨ ਖੁੰਬ ਆਖਿਆ ਜਾਂਦਾ ਹੈ ਜੋ ਕਿ ਦੋ ਕਿਸਮ ਦੀ ਹੁੰਦੀ ਹੈ- ਅਗੈਰੀਕਸ ਬਾਈਸਪੋਰਸ ਅਤੇ ਅਗੈਰੀਕਸ ਬਾਈਟਾਰਕਿਸ। ਅਗੈਰੀਕਸ ਬਾਈਸਪੋਰਸ ਖੁੰਬ ਦੇ ਫੁੱਟਣ ਅਤੇ ਫੁੱਲਣ ਸਮੇਂ 23-25 ਅਤੇ 14-18 ਤਾਪਮਾਨ ਦੀ ਲੋੜ ਹੈ। ਜੋ ਕਿ ਪੰਜਾਬ ਵਿੱਚ ਅਕਤੂਬਰ ਤੋਂ ਫਰਵਰੀ ਤੱਕ ਕੁਦਰਤੀ ਰੂਪ ਵਿੱਚ ਕਾਇਮ ਹੁੰਦਾ ਹੈ।

ਬਟਨ ਖੁੰਬ ਦੀ ਕਾਸਤ ਲਈ ਹੇਠ ਲਿਖੇ ਪੜਾਅ ਹਨ।

1.ਕੰਪੋਸਟ ਦੀ ਤਿਆਰੀ:- ਅਜੋਕੇ ਸਮੇਂ ਵਿੱਚ ਕੰਪੋਸਟ ਪਰਾਲੀ ਯਾ ਤੂੜੀ ਤੋਂ ਤਿਆਰ ਕੀਤੀ ਜਾਂਦੀ ਹੈ।
ਤੂੜੀ- 300 ਕਿੱਲੋ
ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕੈਨ) – 9 ਕਿੱਲੋ
ਯੂਰੀਆ – 3 ਕਿੱਲੋ
ਸੁਪਰਫਾਸਫੇਟ – 3 ਕਿੱਲੋ
ਮਿਊਰੇਟ ਆਫ ਪੋਟਾਸ਼ - 3 ਕਿੱਲੋ
ਕਣਕ ਦਾ ਛਾਣ – 15 ਕਿੱਲੋ
ਸੀਰਾ – 5 ਕਿੱਲੋ
ਜਿਪਸਮ – 30 ਕਿੱਲੋ
ਗਾਮਾ ਬੀ ਐਚ ਸੀ( 20 ਈ ਸੀ) – 60 ਮਿਲੀਲਿਟਰ
ਫੂਰਾਡੇਨ (3 ਜੀ)

ਕੰਪੋਸਟ ਤਿਆਰ ਕਰਨ ਦਾ ਲੰਬਾ ਤਰੀਕਾ-

ਇਹ ਇੱਕ ਸੌਖਾ ਅਤੇ ਸਸਤਾ ਤਰੀਕਾ ਹੈ। ਤੂੜੀ ਜਾਂ ਪਰਾਲੀ ਨੂੰ ਫਰਸ਼ ਉੱਪਰ ਵਿਛਾ ਕੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਾ ਕਰ ਲਵੋ। ਇਸਨੂੰ 48 ਘੰਟੇ ਲਈ ਢੇਰੀ ਬਣਾ ਕੇ ਛੱਡਿਆ ਜਾਂਦਾ ਹੈ। ਇਸ ਮਿਸ਼ਰਣ ਨੂੰ ਲੱਕੜ ਦੇ ਇੱਕ ਸਾਂਚੇ ਵਿੱਚ (ਜੋ ਕੇ 5 ਫੁੱਟ ਚੌੜਾ, 5 ਫੁੱਟ ਉੱਚਾ ਅਤੇ 5 ਫੁੱਟ ਲੰਬਾ ਹੁੰਦਾ ਹੈ) ਜਮਾ ਦਿੱਤਾ ਜਾਂਦਾ ਹੈ।

ਕੰਪੋਸਟ ਨੂੰ ਪਲਟੀ ਦੇਣਾ-

ਹਰ 3-4 ਦਿਨ ਬਾਅਦ ਕੰਪੋਸਟ ਨੂੰ ਪਲਟੀ ਦੇਣੀ ਬਹੁਤ ਜਰੂਰੀ ਹੈ ਜਿਸ ਨਾਲ ਸਾਰਾ ਮਿਸ਼ਰਣ ਰਲ ਜਾਂਦਾ ਹੈ ਅਤੇ ਅਮੋਨੀਆਂ ਗੈਸ ਬਾਹਰ ਨਿੱਕਲ ਜਾਂਦੀ ਹੈ ਅਤੇ ਬਾਹਰਲੀ ਤੂੜੀ ਅੰਦਰ ਅਤੇ ਅੰਦਰਲੀ ਤੂੜੀ ਬਾਹਰ ਹੋ ਜਾਂਦੀ ਹੈ। ਢੇਰ ਨੂੰ 7 ਪਲਟੀਆਂ ਦੁਆਵੋ, ਪਲਟੀ ਦਿਵਾਉਣ ਸਮੇਂ ਇਸ ਵਿੱਚ ਜਰੂਰੀ ਤੱਤ ਸੀਰਾ, ਜਿਪਸਮ, ਫ਼ੂਰਾਡੇਨ 3 ਜੀ, ਅਤੇ ਗਾਮਾ ਬੀ ਐਚ ਸੀ ਮਿਲਾਇਆ ਜਾਂਦਾ ਹੈ।

ਕੰਪੋਸਟ ਦੇ ਗੁਣ-

• ਇਹ ਚੰਗੀ ਤਰ੍ਹਾਂ ਗਲੀ ਹੋਈ ਹੋਣੀ ਚਾਹੀਦੀ ਹੈ।
• ਇਸਦਾ ਰੰਗ ਭੂਰਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚੋਂ ਅਮੋਨੀਆਂ ਦੀ ਬਦਬੂ ਨਹੀਂ ਆਉਣੀ ਚਾਹੀਦੀ।

2. ਬਿਜਾਈ - ਖੁੰਬਾ ਦੇ ਬੀਜ ਨੂੰ ਸਪਾਨ ਕਿਹਾ ਜਾਂਦਾ ਹੈ। ਬਿਜਾਈ ਦਾ ਮਤਲਬ ਹੈ ਕੰਪੋਸਟ ਵਿੱਚ ਖੁੰਬਾਂ ਦਾ ਬੀਜ ਜਾਂ ਸਪਾਨ ਨੂੰ ਮਿਲਾਉਣਾ। ਖੁੰਬਾਂ ਦਾ ਬੀਜ ਜ਼ਿਆਦਾਤਰ ਕਣਕ ਦੇ ਬੀਜ ਉੱਪਰ ਖੁੰਬ ਦੀ ਉੱਲੀ ਨੂੰ ਰਲਾ ਕੇ ਤਿਆਰ ਕੀਤਾ ਜਾਂਦਾ ਹੈ। ਬਿਜਾਈ ਲਈ ਫਲਾਂ ਦੀ ਲੱਕੜ ਦੀ ਪੇਟੀ ਜਾਂ ਫਿਰ ਮੋਮੀ ਲਿਫਾਫੇ ਜਾਂ ਸ਼ੈਲਫਾਂ ਦੀ ਵਰਤੋ ਕਰ ਸਕਦੇ ਹੋ।

3. ਕੇਸਿੰਗ - ਕੇਸਿੰਗ ਕੰਪੋਸਟ ਦੀ ਉੱਪਰਲੀ ਪਰਤ ਨੂੰ ਢੱਕਣ ਲਈ ਵਰਤਿਆ ਜਾਣ ਵਾਲਾ ਮਿਸ਼ਰਣ ਹੈ ਜੋ ਕਿ ਗੋਹੇ ਦੀ ਇੱਕ ਸਾਲ ਪੁਰਾਣੀ ਰੂੜੀ ਤੇ ਰੇਤਲੀ ਮਿੱਟੀ (4:1) ਦੀ ਵਰਤੋ ਕਰਕੇ ਤਿਆਰ ਕੀਤਾ ਜਾਂਦਾ ਹੈ।

4. ਖੁੰਬਾਂ ਦੀ ਤੁੜਾਈ - ਕੇਸਿੰਗ ਕਰਨ ਤੋਂ 11-12 ਦਿਨ ਬਾਅਦ ਖੁੰਬਾਂ ਦੇ ਛੋਟੇ- ਛੋਟੇ ਕਿਣਕੇ ਨਿਕਲਣੇ ਸ਼ੁਰੂ ਹੁੰਦੇ ਹਨ ਜੋ ਕਿ 4-5 ਦਿਨ ਵਿੱਚ ਛੋਟੇ ਬਟਨ ਬਣ ਜਾਂਦੇ ਹਨ। ਜੋ ਕਿ ਅਗਲੇ 4-5 ਦਿਨ ਬਾਅਦ ਤੋੜਨ ਯੋਗ ਹੋ ਜਾਂਦੇ ਹਨ। ਖੁੰਬਾਂ ਨੂੰ ਬਹੁਤ ਹੀ ਧਿਆਨ ਨਾਲ ਤੋੜਨਾ ਚਾਹੀਦਾ ਹੈ ਇਹ ਹੱਥ ਨੂੰ ਘੁੰਮਾ ਕੇ ਤੋੜ ਸਕਦੇ ਹਾਂ ਯਾ ਚਾਕੂ ਨੂੰ ਕੀਟਾਣੂ ਰਹਿਤ ਕਰਕੇ ਵੀ ਤੋੜ ਸਕਦੇ ਹਾਂ । ਖੁੰਬਾਂ ਨੂੰ 200-250 ਗ੍ਰਾਮ ਦੇ ਹਿਸਾਬ ਨਾਲ ਮੋਮੀ ਲਿਫਾਫਿਆਂ ਵਿੱਚ ਭਰਕੇ ਮੰਡੀ ਵਿੱਚ 20-25 ਰੁਪਏ/ਲਿਫ਼ਾਫ਼ਾ ਦੇ ਹਿਸਾਬ ਨਾਲ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਢੀਂਗਰੀ ਖੁੰਬ (ਜਿਸਦੀ ਕੰਪੋਸਟ ਕੇਵਲ 20-24 ਘੰਟੇ ਵਿੱਚ ਤਿਆਰ ਹੋ ਜਾਂਦੀ ਹੈ। ਜੋ ਕੇ 30-35 ਦਿਨ ਬਾਅਦ ਤੋੜਨ ਯੋਗ ਹੋ ਜਾਂਦੀ ਹੈ।) ਦੀ ਖੇਤੀ ਵੀ ਕਾਫ਼ੀ ਲਾਹੇਵੰਦ ਹੈ।


ਪ੍ਰੋ: ਗੁਰਪ੍ਰੀਤ ਸਿੰਘ। (7986444832)
ਖੇਤੀਬਾੜੀ ਵਿਭਾਗ।
ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ,
ਸੰਗਰੂਰ।

mushrooms KHETIBADI What is the cultivation of mushrooms
English Summary: cultivation of mushrooms and how to get the benefits from it

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.