Vegetables Farming: ਉੱਤਰ ਭਾਰਤ 'ਚ ਠੰਡੀਆਂ ਹਵਾਵਾਂ ਚੱਲਣ ਨਾਲ ਸਰਦੀ ਨੇ ਦਸਤਕ ਦੇ ਦਿੱਤੀ ਹੈ ਅਤੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਇਸ ਮੌਸਮ ਵਿੱਚ ਫ਼ਸਲਾਂ ਦੀ ਬਿਜਾਈ ਕੀਤੀ ਜਾਵੇ ਤਾਂ ਪੌਦੇ ਘੱਟ ਸਿੰਚਾਈ ਨਾਲ ਤਿਆਰ ਹੋ ਜਾਂਦੇ ਹਨ। ਅਜਿਹੇ 'ਚ ਕਿਸਾਨ ਭਰਾ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਮੁਨਾਫ਼ਾ ਖੱਟ ਸਕਦੇ ਹਨ।
ਮਟਰਾਂ ਦੀ ਕਾਸ਼ਤ
ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਹ ਢੁੱਕਵਾਂ ਸਮਾਂ ਹੈ। ਅਗੇਤੇ ਮਟਰਾਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਅਗੇਤੀ ਬਿਜਾਈ ਲਈ ਮਟਰ ਅਗੇਤਾ-7, ਮਟਰ ਅਗੇਤਾ-6, ਅਰਕਲ ਤੇ ਏ.ਪੀ. -3 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਪ੍ਰਤੀ ਏਕੜ 45 ਕਿੱਲੋ ਬੀਜ ਪਾਇਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਮਟਰ ਭਾਵੇਂ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ ਪਰ ਬਿਜਾਈ ਸਮੇਂ ਅੱਠ ਟਨ ਰੂੜੀ, 45 ਕਿੱਲੋ ਯੂਰੀਆ ਤੇ 155 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕੀਤੀ ਜਾਵੇ।
ਬੰਦਗੋਭੀ ਅਤੇ ਚੀਨੀ ਗੋਭੀ
ਬੰਦਗੋਭੀ ਦੀ ਪਨੀਰੀ ਪੁੱਟ ਕੇ ਲਾਉਣ ਲਈ ਵੀ ਇਹ ਢੁੱਕਵਾਂ ਸਮਾਂ ਹੈ। ਚੀਨੀ ਬੰਦਗੋਭੀ ਦੀ ਵਰਤੋਂ ਸਾਗ ਲਈ ਕੀਤੀ ਜਾਂਦੀ ਹੈ। ਸਾਗ ਸਰਸੋਂ ਤੇ ਚੀਨੀ ਸਰ੍ਹੋਂ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਇਕ ਏਕੜ ਦੀ ਬਿਜਾਈ ਲਈ ਇਕ ਕਿੱਲੋ ਬੀਜ ਚਾਹੀਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ ਬਿਜਾਈ ਸਮੇਂ 40 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਤੇ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।
ਮੇਥੀ ਦੀ ਬਿਜਾਈ
ਮੇਥੀ ਬੀਜਣ ਲਈ ਹੁਣ ਢੁੱਕਵਾਂ ਸਮਾਂ ਹੈ। ਕਸੂਰੀ ਮੇਥੀ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਕਸੂਰੀ ਸੁਪਰੀਮ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦੀਆਂ ਤਿੰਨ ਕਟਾਈਆਂ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਬਿਜਾਈ ਤੋਂ 42 ਕੁ ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 10 ਕਿੱਲੋ ਬੀਜ ਚਾਹੀਦਾ ਹੈ।
ਬੀਜਣ ਤੋਂ ਪਹਿਲਾਂ ਬੀਜ ਨੂੰ 2.5 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਇਸ ਵਾਰ ਘਰ ਦੀ ਵਰਤੋਂ ਲਈ ਘੱਟੋ-ਘੱਟ ਇਕ ਕਿਆਰੀ ਵਿਚ ਇਸ ਦੀ ਬਿਜਾਈ ਕਰੋ। ਬਿਜਾਈ ਸਮੇਂ ਸਿਆੜਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਚੰਗਾ ਝਾੜ ਲੈਣ ਲਈ 30 ਕਿੱਲੋ ਯੂਰੀਆ ਬਿਜਾਈ ਸਮੇਂ ਪਾਵੋ। ਹਰੇਕ ਕਟਾਈ ਪਿੱਛੋਂ 15 ਕੁ ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤਿੰਨ ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ। ਜੇ ਲੋੜ ਹੋਵੇ ਤਾਂ ਹਫ਼ਤਿਆਂ ਪਿੱਛੋਂ ਦੂਜੀ ਗੋਡੀ ਕੀਤੀ ਜਾਵੇ।
ਇਹ ਵੀ ਪੜ੍ਹੋ : ਕਿਸਾਨ ਭਰਾ Poly house ਅਤੇ Net house ਵਿੱਚ ਸਬਜੀਆਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣ?
ਆਲੂਆਂ ਦੀ ਕਾਸ਼ਤ
ਆਲੂ ਦੀ ਬਿਜਾਈ ਮੌਸਮ ਥੋੜ੍ਹਾ ਠੰਢਾ ਹੁੰਦਿਆਂ ਹੀ ਅਗਲੇ ਹਫ਼ਤੇ ਸ਼ੁਰੂ ਹੋ ਜਾਂਦੀ ਹੈ। ਜੇ ਵੱਧ ਰਕਬੇ ਵਿਚ ਕਾਸ਼ਤ ਕਰਨੀ ਹੈ ਤਾਂ ਕੁਝ ਹਿੱਸੇ ਵਿਚ ਅਗੇਤੀਆਂ ਅਤੇ ਕੁਝ ਹਿੱਸੇ ਵਿਚ ਪਿਛੇਤੀਆਂ ਕਿਸਮਾਂ ਨੂੰ ਬੀਜਣਾ ਚਾਹੀਦਾ ਹੈ। ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ।
ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ, ਕੁਫ਼ਰੀ ਗੰਗਾ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਨਵੀਂ ਕਿਸਮ ਕੁਫ਼ਰੀ ਗੰਗਾ ਦਾ ਹੈ। ਇਹ ਇਕ ਏਕੜ ’ਚੋਂ 187 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ।
ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ।
ਇਹ ਵੀ ਪੜ੍ਹੋ : PAU ਵੱਲੋਂ 3 New Wheat Varieties ਵਿਕਸਿਤ
ਪਾਲਕ ਦੀ ਕਾਸ਼ਤ
ਘਰ ਦੀ ਵਰਤੋਂ ਲਈ ਇਕ ਕਿਆਰੀ ਪਾਲਕ ਦੀ ਵੀ ਜ਼ਰੂਰ ਬੀਜ ਲੈਣੀ ਚਾਹੀਦੀ ਹੈ। ਇਹ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪੰਜਾਬ ਗ੍ਰੀਨ ਸਿਫ਼ਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ ਪੰਜ ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਇਕ ਮਹੀਨੇ ਪਿੱਛੋਂ ਕਟਾਈ ਕੀਤੀ ਜਾ ਸਕਦੀ ਹੈ।
ਧਨੀਏ ਦੀ ਕਾਸ਼ਤ
ਧਨੀਆ ਇਕ ਛੋਟੀ ਪਰ ਮਹੱਤਵਪੂਰਨ ਫ਼ਸਲ ਹੈ, ਜਿਸ ਦੇ ਦਾਣਿਆਂ ਨੂੰ ਪੀਸ ਕੇ ਗਰਮ ਮਸਾਲੇ ਦੇ ਰੂਪ ਵਿਚ ਹਰੇਕ ਦਾਲ ਸਬਜ਼ੀ ਵਿਚ ਪਾਇਆ ਜਾਂਦਾ ਹੈ। ਦਾਲ ਸਬਜ਼ੀ ਨੂੰ ਸੁਆਦੀ ਬਣਾਉਣ ਲਈ ਇਸ ਦੇ ਹਰੇ ਪੱਤੇ ਵੀ ਵਰਤੇ ਜਾਂਦੇ ਹਨ। ਆਪਣੇ ਖੇਤ ਵਿਚ ਤਿਆਰ ਕੀਤੇ ਧਨੀਏ ਦੀ ਮਹਿਕ ਅਤੇ ਸੁਆਦ ਨਿਵੇਕਲਾ ਹੁੰਦਾ ਹੈ। ਇਸ ਵਾਰ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਧਨੀਆ ਜ਼ਰੂਰ ਬੀਜਿਆ ਜਾਵੇ। ਪੰਜਾਬ ਸੁਗੰਧ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ ਕੋਈ 9 ਕਿੱਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।
ਗਾਜਰ, ਸ਼ਲਗਮ ਤੇ ਮੂਲੀਆਂ
ਗਾਜਰ, ਸ਼ਲਗਮ ਤੇ ਮੂਲੀਆਂ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਤੇ ਪੀ ਸੀ-34 ਗਾਜਰਾਂ ਦੀਆਂ ਉੱਨਤ ਕਿਸਮਾਂ ਹਨ। ਤੁਸੀਂ ਗਾਜਰ ਦੀਆਂ ਪੀ.ਸੀ.ਪੀ.-2 ਜਿਸ ਦਾ ਰੰਗ ਜਾਮਣੀ ਹੈ ਤੇ ਪੀ.ਸੀ.ਵਾਈ.-2 ਜਿਸ ਦਾ ਰੰਗ ਪੀਲਾ ਹੁੰਦਾ ਹੈ, ਇਸਦੀ ਬਿਜਾਈ ਕਰ ਸਕਦੇ ਹੋ। 90 ਦਿਨਾਂ ਪਿੱਛੋਂ ਇਨ੍ਹਾਂ ਦੀ ਪੁਟਾਈ ਕੀਤੀ ਜਾ ਸਕਦੀ ਹੈ। ਐੱਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਹ ਕੋਈ 50 ਦਿਨਾਂ ਵਿਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਤੇ 100 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸ ਦਾ ਇਕ ਏਕੜ ਲਈ ਦੋ ਕਿੱਲੋ ਬੀਜ ਚਾਹੀਦਾ ਹੈ।
Summary in English: Cultivation of Winter Vegetables, know the yield and suitable time of sowing