1. Home
  2. ਖੇਤੀ ਬਾੜੀ

‘ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ‘- ਲੇਬਰ ਦੀ ਸਮੱਸਿਆ ਦਾ ਹੱਲ

ਕੋਵਿਡ- 19 ਦੇ ਚੱਲਦਿਆਂ ਝੋਨੇ ਦੀ ਲੁਆਈ ਸਮੇਂ ਲੇਬਰ ਦੀ ਸਮੱਸਿਆ ਹੋਣ ਦਾ ਖਦਸ਼ਾ ਹੈ। ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਕਿਸਾਨਾਂ ਨੂੰ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਨੂੰ ਅਪਨਾਉਣ ਦੀ ਜ਼ਰੂਰਤ ਹੈ। ਝੋਨੇ ਦੀ ਸਿੱਧੀ ਬਿਜਾਈ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਿੱਚ ਵੀ ਸਹਾਈ ਹੋ ਸਕਦੀ ਹੈ। ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫ਼ਸਲ ਕੱਦੂ ਕੀਤੇ ਝੋਨੇ ਦੀ ਫ਼ਸਲ ਨਾਲੋਂ ੭-੧੦ ਦਿਨ ਪਹਿਲਾਂ ਪੱਕ ਜਾਂਦੀ ਹੈ ਜਿਸ ਕਰਕੇ ਝੋਨੇ ਦੀ ਪਰਾਲੀ ਸਾਂਭਣ ਅਤੇ ਕਣਕ ਦੀ ਫ਼ਸਲ ਬੀਜਣ ਲਈ ਜ਼ਿਆਦਾ ਸਮਾਂ ਮਿਲ ਜਾਂਦਾ ਹੈ। ਖੋਜ ਤਜਰਬੇ ਅਤੇ ਕਿਸਾਨਾਂ ਦੇ ਖੇਤਾਂ ਦੇ ਸਰਵੇਖਣ ਦੱਸਦੇ ਹਨ ਕਿ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕੀਤੇ ਖੇਤ ਨਾਲੋਂ ਕਣਕ ਦੀ ਫਸਲ ਦਾ ਝਾੜ ੧.੦-੧.੨ ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿੱਕਲਦਾ ਹੈ। ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ੨੦੧੦ ਵਿੱਚ ਕੱਦੂ ਕਰਕੇ ਖੇਤ ਵਿਚ ਪਨੀਰੀ ਲਗਾਉਣ ਦੀ ਤਕਨੀਕ ਦੇ ਬਦਲ ਵਜੋਂ ਕੀਤੀ ਗਈ ਸੀ। ਇਸ ਵਿਧੀ ਨਾਲ ਪਾਣੀ ਅਤੇ ਲੇਬਰ ਦੀ ਬੱਚਤ ਹੁੰਦੀ ਹੈ। ਸਿੱਧੀ ਬਿਜਾਈ ਦੀ ਮੌਜੂਦਾ ਤਕਨੀਕ ਨੂੰ ਹੋਰ ਚੰਗੇਰਾ ਬਣਾਉਣ ਲਈ ੨੦੧੫ ਤੋਂ ਖੋਜ ਸ਼ੁਰੂ ਕੀਤੀ ਗਈ ਜਿਸ ਉਪਰੰਤ ਸਿੱਧੀ ਬਿਜਾਈ ਦੀ ਨਵੀਂ ਤਕਨੀਕ ‘ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ‘ ਵਿਕਸਿਤ ਕਰਕੇ ਸਿਫਾਰਿਸ਼ ਕੀਤੀ ਗਈ ਹੈ ਜਿਸ ਨੂੰ ਇੱਕ ਵੱਡੇ ਪੱਧਰ ਤੇ ਕਿਸਾਨਾਂ ਦੇ ਖੇਤਾਂ ਵਿੱਚ ਸਫ਼ਲਤਾ ਪੂਰਵਕ ਟੈਸਟ ਕੀਤਾ ਜਾ ਚੁੱਕਿਆ ਹੈ। ਸਿੱਧੀ ਬਿਜਾਈ ਦੀ ਇਹ ਨਵੀਂ ਤਕਨੀਕ ਮੌਜੂਦਾ ਤਕਨੀਕ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ।

KJ Staff
KJ Staff

ਕੋਵਿਡ- 19 ਦੇ ਚੱਲਦਿਆਂ ਝੋਨੇ ਦੀ ਲੁਆਈ ਸਮੇਂ ਲੇਬਰ ਦੀ ਸਮੱਸਿਆ ਹੋਣ ਦਾ ਖਦਸ਼ਾ ਹੈ। ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਕਿਸਾਨਾਂ ਨੂੰ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਨੂੰ ਅਪਨਾਉਣ ਦੀ ਜ਼ਰੂਰਤ ਹੈ। ਝੋਨੇ ਦੀ ਸਿੱਧੀ ਬਿਜਾਈ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਿੱਚ ਵੀ ਸਹਾਈ ਹੋ ਸਕਦੀ ਹੈ। ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫ਼ਸਲ ਕੱਦੂ ਕੀਤੇ ਝੋਨੇ ਦੀ ਫ਼ਸਲ ਨਾਲੋਂ ੭-੧੦ ਦਿਨ ਪਹਿਲਾਂ ਪੱਕ ਜਾਂਦੀ ਹੈ ਜਿਸ ਕਰਕੇ ਝੋਨੇ ਦੀ ਪਰਾਲੀ ਸਾਂਭਣ ਅਤੇ ਕਣਕ ਦੀ ਫ਼ਸਲ ਬੀਜਣ ਲਈ ਜ਼ਿਆਦਾ ਸਮਾਂ ਮਿਲ ਜਾਂਦਾ ਹੈ। ਖੋਜ ਤਜਰਬੇ ਅਤੇ ਕਿਸਾਨਾਂ ਦੇ ਖੇਤਾਂ ਦੇ ਸਰਵੇਖਣ ਦੱਸਦੇ ਹਨ ਕਿ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕੀਤੇ ਖੇਤ ਨਾਲੋਂ ਕਣਕ ਦੀ ਫਸਲ ਦਾ ਝਾੜ ੧.੦-੧.੨ ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿੱਕਲਦਾ ਹੈ। ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ੨੦੧੦ ਵਿੱਚ ਕੱਦੂ ਕਰਕੇ ਖੇਤ ਵਿਚ ਪਨੀਰੀ ਲਗਾਉਣ ਦੀ ਤਕਨੀਕ ਦੇ ਬਦਲ ਵਜੋਂ ਕੀਤੀ ਗਈ ਸੀ। ਇਸ ਵਿਧੀ ਨਾਲ ਪਾਣੀ ਅਤੇ ਲੇਬਰ ਦੀ ਬੱਚਤ ਹੁੰਦੀ ਹੈ। ਸਿੱਧੀ ਬਿਜਾਈ ਦੀ ਮੌਜੂਦਾ ਤਕਨੀਕ ਨੂੰ ਹੋਰ ਚੰਗੇਰਾ ਬਣਾਉਣ ਲਈ ੨੦੧੫ ਤੋਂ ਖੋਜ ਸ਼ੁਰੂ ਕੀਤੀ ਗਈ ਜਿਸ ਉਪਰੰਤ ਸਿੱਧੀ ਬਿਜਾਈ ਦੀ ਨਵੀਂ ਤਕਨੀਕ ‘ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ‘ ਵਿਕਸਿਤ ਕਰਕੇ ਸਿਫਾਰਿਸ਼ ਕੀਤੀ ਗਈ ਹੈ ਜਿਸ ਨੂੰ ਇੱਕ ਵੱਡੇ ਪੱਧਰ ਤੇ ਕਿਸਾਨਾਂ ਦੇ ਖੇਤਾਂ ਵਿੱਚ ਸਫ਼ਲਤਾ ਪੂਰਵਕ ਟੈਸਟ ਕੀਤਾ ਜਾ ਚੁੱਕਿਆ ਹੈ। ਸਿੱਧੀ ਬਿਜਾਈ ਦੀ ਇਹ ਨਵੀਂ ਤਕਨੀਕ ਮੌਜੂਦਾ ਤਕਨੀਕ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ।

ਝੋਨੇ ਦੀ ਸਿੱਧੀ ਬਿਜਾਈ ਦੀ ਇਸ ਨਵੀਂ ਤਕਨੀਕ ਵਿੱਚ ਖੇਤ ਨੂੰ ਲੇਜ਼ਰ ਲੈਵਲ ਕਰਕੇ ਰੌਣੀ ਕੀਤੀ ਜਾਂਦੀ ਹੈ। ਜਦੋਂ ਖੇਤ ਤਰ-ਵੱਤਰ ਤੇ ਆ ਜਾਵੇ ( ਯਾਨਿ ਕਿ ਟਰੈਕਟਰ ਦੀਆਂ ਗੁੱਡੀਆਂ ਖੇਤ ਵਿੱਚ ਖੁੱਭਦੀਆਂ ਹੋਣ) ਤਾਂ ਦੋ ਵਾਰ ਹਲਾਂ ਨਾਲ ਵਾਹ ਕੇ ਤੇ ਦੋ ਵਾਰੀ ਸੁਹਾਗਾ ਮਾਰ ਕੇ ਖੇਤ ਤਿਆਰ ਕੀਤਾ ਜਾਂਦਾ ਹੈ। ਖੇਤ ਤਿਆਰ ਕਰਨ ਦੇ ਤੁਰੰਤ ਬਾਅਦ ਡਰਿੱਲ ਨਾਲ ਸਿੱਧੀ ਬਿਜਾਈ ਕਰ ਦਿੱਤੀ ਜਾਂਦੀ ਹੈ। ਬਿਜਾਈ ਲਈ ‘ਲੱਕੀ ਸੀਡ ਡਰਿੱਲ‘ ਜੋ ਕਿ ਬਿਜਾਈ ਅਤੇ ਨਦੀਨਨਾਸ਼ਕ ਦੀ ਸਪਰੇ ਨਾਲੋ-ਨਾਲ ਕਰਦੀ ਹੈ, ਦੀ ਵਰਤੋਂ ਜ਼ਿਆਦਾ ਲਾਹੇਵੰਦ ਹੈ। ਜੇਕਰ ਇਹ ਮਸ਼ੀਨ ਨਾ ਮਿਲੇ ਤਾਂ ਤਿਰਛੀ ਪਲੇਟ ਵਾਲੀ ਝੋਨੇ ਦੀ ਬਿਜਾਈ ਵਾਲੀ ਡਰਿੱਲ ਨਾਲ ਬਿਜਾਈ ਕਰਨ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇ ਕਰ ਦਿੱਤੀ ਜਾਂਦੀ ਹੈ। ਨਵੀਂ ਤਕਨੀਕ ਦੀ ਵਿਲੱਖਣਤਾ ਇਹ ਹੈ ਕਿ ਪਹਿਲਾ ਪਾਣੀ ਬਿਜਾਈ ਤੋਂ ੨੧ ਦਿਨ ਬਾਅਦ ਲਾਉਣਾ ਹੈ, ਬਾਅਦ ਵਾਲੇ ਪਾਣੀ ਜ਼ਮੀਨ ਦੀ ਕਿਸਮ ਅਤੇ ਮੌਨਸੂਨ ਵਰਖਾ ਦੇ ਅਨੁਸਾਰ ਲਾਏ ਜਾਂਦੇ ਹਨ। ਸਿੱਧੀ ਬਿਜਾਈ ਦੀ ਨਵੀਂ ਵਿਧੀ ਦੇ ਪ੍ਰਚੱਲਿਤ ਵਿਧੀ ਨਾਲੋਂ ਹੇਠ ਲਿਖੇ ਪੰਜ ਫਾਇਦੇ ਹਨ, ੧) ਪਾਣੀ ਦੀ ਜ਼ਿਆਦਾ ਬੱਚਤ ੨) ਨਦੀਨਾਂ ਦੀ ਘੱਟ ਸਮੱਸਿਆ ੩) ਜੜ੍ਹਾਂ ਡੂੰਘੀਆਂ ਜਾਣ ਕਰਕੇ ਖ਼ੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਸਮੱਸਿਆ ਬਹੁਤ ਘੱਟ ਆਉਣਾ ੪) ਸੂਬੇ ਦੇ ੮੭% ਰਕਬੇ ਵਿਚ ਬਿਜਾਈ ਲਈ ਅਨੁਕੂਲ ੫) ਝਾੜ ਕੱਦੂ ਕੀਤੇ ਝੋਨੇ ਦੇ ਬਰਾਬਰ, ਜੇ ਕਿਤੇ ਝਾੜ ਘੱਟ ਵੀ ਜਾਵੇ ਤਾਂ ਮੁਨਾਫ਼ਾ ਨਹੀਂ ਘੱਟਦਾ।

‘ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ‘ ਦੀ ਪੂਰਕ ਸਫਲਤਾ ਲਈ ਹੇਠ ਲਿਖੀਆਂ ਉਤਪਾਦਨ ਤਕਨੀਕਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ:

ਢੁੱਕਵੀਆਂ ਜ਼ਮੀਨਾਂ: ਝੋਨੇ ਦੀ ਸਿੱਧੀ ਬਿਜਾਈ ਦੀ ਸਿਫ਼ਾਰਿਸ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ( ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਵਿੱਚ ਕੀਤੀ ਜਾਂਦੀ ਹੈ ਜੋ ਕਿ ਪੰਜਾਬ ਵਿਚ ੮੭ ਪ੍ਰਤੀਸ਼ਤ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ। ਝੋਨੇ ਦੀ ਸਿੱਧੀ ਬਿਜਾਈ ਹਲਕੀਆਂ ਜ਼ਮੀਨਾਂ ( ਰੇਤਲੀ, ਮੈਰਾ ਰੇਤਲੀ) ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਥੇ ਲੋਹੇ ਦੀ ਬਹੁਤ ਘਾਟ, ਘੱਟ ਪੌਦਾ ਘਣਤਾ ਅਤੇ ਨਦੀਨਾਂ ਦੀ ਜ਼ਿਆਦਾ ਸਮੱਸਿਆ ਆ ਜਾਂਦੀ ਹੈ। ਜਿਹੜੇ ਖੇਤਾਂ ਵਿਚ ਪਿਛਲੇ ਸਾਲਾਂ ਵਿੱਚ ਝੋਨੇ ਦੀ ਬਜਾਏ ਕੋਈ ਹੋਰ ਫ਼ਸਲ (ਜਿਵੇਂ ਕਿ ਕਪਾਹ/ਨਰਮਾਂ, ਮੱਕੀ, ਕਮਾਦ) ਲਗਾਈ ਹੋਵੇ, ਉਥੇ ਝੋਨੇ ਦੀ ਸਿੱਧੀ ਬਿਜਾਈ ਨਾ ਕਰੋ ਕਿਉਂਕਿ ਇਹੋ ਜਿਹੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਜਿਆਦਾ ਹੁੰਦੀ ਹੈ।

ਬਿਜਾਈ ਦਾ ਸਮਾਂ: ਪਰਮਲ ਝੋਨੇ ਦੀ ਸਿੱਧੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ (੧-੧੫ ਜੂਨ) ਅਤੇ ਬਾਸਮਤੀ ਝੋਨੇ ਦੀ ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰਵਾੜਾ (੧੫-੩੦ ਜੂਨ) ਢੁੱਕਵਾਂ ਸਮਾਂ ਹੈ। ਜੂਨ ਮਹੀਨੇ ਤੋਂ ਪਹਿਲਾਂ, ਅਗੇਤੀ ਬਿਜਾਈ ਕਰਨ ਤੇ ਇਕ ਤਾਂ ਪਾਣੀ ਦੀ ਖੱਪਤ ਬਹੁਤ ਵੱਧ ਹੁੰਦੀ ਹੈ ਕਿਉਂਕਿ ਉਸ ਸਮੇਂ ਵਾਤਾਵਰਣ ਗਰਮ ਹੋਣ ਕਾਰਨ ਬਹੁਤ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ ਅਤੇ ਦੂਸਰਾ ਨਦੀਨਾਂ ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਹੈ।

ਢੁੱਕਵੀਆਂ ਕਿਸਮਾਂ: ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮੇਂ ਵਿੱਚ ਅਤੇ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁੱਕਵੀਆਂ ਹਨ। ਝੋਨੇ ਦੀਆਂ ਇਹ ਕਿਸਮਾਂ, ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨਾਲੋਂ, ੧) ਤੇਜ਼ੀ ਨਾਲ ਵਧਦੀਆਂ ਹਨ ਅਤੇ ਨਦੀਨਾਂ ਨੂੰ ਕਾਬੂ ਹੇਠ ਰੱਖਦੀਆਂ ਹਨ ੨) ਪਾਣੀ ਦੀ ਖਪਤ ਘੱਟ ਹੁੰਦੀ ਹੈ ੩) ਛੇਤੀ ਪੱਕਣ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ੪) ਪਰਾਲੀ ਘੱਟ ਹੋਣ ਕਰਕੇ ਸੰਭਾਲ ਕਰਨੀ ਸੌਖੀ ਹੈ।‘ਚੋਭੇ/ਰਲੇ‘ ਦੀ ਸਮੱਸਿਆ ਦੇ ਢੁਕਵੇਂ ਹੱਲ ਲਈ ਪਿਛਲੇ ਸਾਲ ਬੀਜੀ ਗਈ ਕਿਸਮ ਦੀ ਹੀ ਕਾਸ਼ਤ ਕਰੋ। ਜੇਕਰ ਕਿਸਮ ਦੀ ਬਦਲੀ ਕਰਨੀ ਹੋਵੇ, ਤਾਂ ਖਾਸ ਕਰਕੇ ਉਨ੍ਹਾਂ ਖੇਤਾਂ ਵਿੱਚ ਜਿੱਥੇ ਝੋਨਾ ਬੀਜ ਪੈਦਾ ਕਰਨ ਦੀ ਕਾਸ਼ਤ ਕੀਤਾ ਹੈ, ਪਿਛਲੇ ਸਾਲ ਅਤੇ ਇਸ ਸਾਲ ਦੀ ਕਿਸਮ ਦੇ ਪੱਕਣ ਦੇ ਸਮੇਂ ਵਿੱਚ ਬਹੁਤ ਫਰਕ ਹੈ ਜਾਂ ਪਰਮਲ ਤੇ ਬਾਸਮਤੀ ਜਾਂ ਬਾਸਮਤੀ ਤੇ ਪਰਮਲ ਕਿਸਮ ਬਦਲੀ ਹੈ, ਤਾਂ ਸਿੱਧੀ ਬਿਜਾਈ ਲਈ ਦੂਹਰੀ ਰੌਣੀ ਕਰੋ। ਦੂਹਰੀ ਰੌਣੀ ਕਰਨ ਨਾਲ ਖੇਤ ਵਿੱਚ ਪਏ ਪਿਛਲੇ ਸਾਲ ਦੇ ਝੋਨੇ ਦੇ ਬੀਜ ਉੱਗ ਪੈਂਦੇ ਹਨ ਅਤੇ ਖੇਤ ਦੀ ਤਿਆਰੀ ਕਰਨ ਸਮੇਂ ਨਸ਼ਟ ਹੋ ਜਾਂਦੇ ਹਨ।

ਬੀਜ ਦੀ ਮਾਤਰਾ ਅਤੇ ਸੋਧ: ਇਕ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ੮-੧੦ ਕਿਲੋ ਬੀਜ ਵਰਤੋ। ਬੀਜ ਨੂੰ ਬੀਜਣ ਤੋਂ ਪਹਿਲਾਂ ੮ ਘੰਟੇ (ਵੱਧ ਤੋਂ ਵੱਧ ੧੨ ਘੰਟੇ) ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਬਾਹਰ ਕੱਢ ਕੇ ਅੱਧੇ ਘੰਟੇ ਲਈ ਛਾਵੇਂ ਸੁਕਾ ਲਵੋ। ਸੁਕਾਉਣ ਤੋਂ ਬਾਅਦ ਬੀਜ ਨੂੰ ੩ ਗ੍ਰਾਮ ਸਪਰਿੰਟ ੭੫ ਤਾਕਤ (ਮੈਨਕੋਜੈ਼ਬ + ਕਾਰਬੈਂਡਾਜ਼ਿਮ ) ਨੂੰ ੧੦-੧੨ ਮਿਲੀਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਲੇਪ ਬਣਾ ਕੇ ਬੀਜ ਨੂੰ ਲਗਾ ਦਿਓ। ਭਿਉਂ ਕੇ ਬੀਜਣ ਨਾਲ ਬੀਜ ਦਾ ਪੁੰਗਾਰਾ ਛੇਤੀ ਹੁੰਦਾ ਹੈ, ਬੀਜ ਦੀ ਸੋਧ ਕਰਨ ਨਾਲ ਬੀਜ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਬੀਜ ਦਾ ਪੁੰਗਾਰਾ ਵਧੀਆ ਹੁੰਦਾ ਹੈ।

ਲੇਜਰ ਕਰਾਹੇ ਦੀ ਵਰਤੋਂ ਅਤੇ ਖੇਤ ਦੀ ਤਿਆਰੀ: ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ, ਝੋਨੇ ਦੇ ਬੀਜਾਂ ਦੇ ਸਹੀ ਪੁੰਗਾਰੇ ਅਤੇ ਪਾਣੀ ਖੜ੍ਹਾ ਹੋਣ ਦੀ ਸੂਰਤ ਵਿੱਚ ਝੋਨੇ ਦੇ ਉੱਗ ਰਹੇ ਬੂਟਿਆਂ ਨੂੰ ਆਕਸੀਜਨ ਦੀ ਘਾਟ ਤੋਂ ਬਚਾਉਣ ਲਈ ਲੇਜਰ ਕਰਾਹੇ ਦੀ ਵਰਤੋਂ ਨਾਲ ਖੇਤ ਨੂੰ ਪੱਧਰਾ ਕਰਨਾ ਬਹੁਤ ਜ਼ਰੂਰੀ ਹੈ। ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਉ। ਜਦੋਂ ਖੇਤ ਤਰ-ਵੱਤਰ ਹਾਲਤ ਵਿੱਚ ਆ ਜਾਵੇ (ਯਾਨਿ ਕਿ ਖੇਤ ਵਿੱਚ ਟਰੈਕਟਰ ਦੀਆਂ ਗੁੱਡੀਆਂ ਥੋੜਾ ਖੁੱਭਦੀਆਂ ਹੋਣ) ਤਾਂ ਦੋ ਵਾਰੀ ਹਲਾਂ ਨਾਲ ਵਾਹੁਣ ਤੋਂ ਬਾਅਦ ਤੇ ਦੋ ਵਾਰ ਸੁਹਾਗਾ ਫੇਰ ਕੇ ਤੁਰੰਤ ਬਿਜਾਈ ਕਰ ਦਿਓ।

ਬਿਜਾਈ ਦਾ ਢੰਗ: ਖੇਤ ਤਿਆਰ ਕਰਨ ਤੋਂ ਤੁਰੰਤ ਬਾਅਦ, ਤਰ ਵੱਤਰ ਹਾਲਤ ਵਿੱਚ ਝੋਨੇ ਦੀ ਬਿਜਾਈ ਕਰੋ। ਬਿਜਾਈ ਲਈ ‘ਲੱਕੀ ਸੀਡ ਡਰਿੱਲ‘ ਜਿਹੜੀ ਕਿ ਝੋਨੇ ਦੀ ਬਿਜਾਈ ਅਤੇ ਨਦੀਨਨਾਸ਼ਕ ਦੀ ਸਪਰੇ ਨਾਲੋ ਨਾਲ ਕਰਦੀ ਹੈ, ਦੀ ਵਰਤੋਂ ਨੂੰ ਤਰਜੀਹ ਦਿਉ। ਜੇਕਰ ਇਹ ਮਸ਼ੀਨ ਨਾ ਹੋਵੇ ਤਾਂ ਝੋਨਾ ਬੀਜਣ ਵਾਲ਼ੀ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਬਿਜਾਈ ਕਰ ਦਿਉ ਅਤੇ ਬਿਜਾਈ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇ ਕਰ ਦਿਓ। ਬਿਜਾਈ ੨੦ ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਕਰੋ। ਬੀਜ ੨.੫ ਤੋਂ ੩ ਸੈਂਟੀਮੀਟਰ (ਇੱਕ ਤੋਂ ਸਵਾ ਇੰਚ) ਡੂੰਘਾਈ ਤੇ ਰੱਖੋ ਕਿਉਂਕਿ ਇਸ ਤੋਂ ਜ਼ਿਆਦਾ ਜਾਂ ਘੱਟ ਡੂੰਘਾਈ ਤੇ ਬੀਜ ਦਾ ਜੰਮ ਘੱਟ ਜਾਵੇਗਾ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤੁਰੰਤ ਬਾਅਦ ਸਟੌਪ/ਬੰਕਰ ੩੦ ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ੨੦੦ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦਿਉ। ਜੇਕਰ ਲੱਕੀ ਸੀਡ ਡਰਿੱਲ ਵਰਤੀ ਜਾਵੇ ਤਾਂ ਉਸ ਦੇ ਨਾਲ ਨਦੀਨਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ ਨਾਲ ਹੀ ਹੋ ਜਾਂਦਾ ਹੈ। ਜੇਕਰ ਹੋਰ ਮਸ਼ੀਨ ਵਰਤੀ ਗਈ ਹੋਵੇ ਤਾਂ ਸਪਰੇ ਕਰਨ ਵਾਲੇ ਬੰਦੇ ਨੂੰ ਮਸ਼ੀਨ ਦੇ ਮਗਰ ਮਗਰ ਤੋਰ ਕੇ ਸਪਰੇ ਕਰ ਦਿਓ। ਇਹ ਨਦੀਨ-ਨਾਸ਼ਕ ਦੀ ਵਰਤੋਂ ਨਾਲ ਘਾਹ ਵਾਲੇ ਮੌਸਮੀ ਨਦੀਨ ਜਿਵੇਂ ਕਿ ਸਵਾਂਕ, ਗੁੜਤ ਮਧਾਨਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਇਸ ਤੋਂ ਬਾਅਦ ਜੇ ਲੋੜ ਪਵੇ ਤਾਂ ਗੋਡੀ ਕਰਕੇ ਜਾਂ ਨਦੀਨਨਾਸ਼ਕ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਵਾਂਕ ਜਾਂ ਝੋਨੇ ਵਾਲੇ ਮੋਥੇ ਦੀ ਰੋਕਥਾਮ ਲਈ ਨੌਮਿਨੀ ਗੋਲਡ/ਮਾਚੋ/ਤਾਰਕ ੧੦ ਤਾਕਤ (ਬਿਸਪਾਇਰੀਬੈਕ ਸੋਡੀਅਮ) ੧੦੦ ਮਿਲੀਲਿਟਰ ਪ੍ਰਤੀ ਏਕੜ, ਗੁੜਤ ਮਧਾਨਾ, ਚੀਨੀ ਘਾਹ, ਤੱਕੜੀ ਘਾਹ ਆਦਿ ਲਈ ਰਾਈਸਸਟਾਰ ੬.੭ ਤਾਕਤ (ਫਿਨਾਕਸਾਪਰੋਪ-ਪੀ-ਇਥਾਇਲ) ੪੦੦ ਮਿਲੀਲਿਟਰ ਪ੍ਰਤੀ ਏਕੜ, ਝੋਨੇ ਦੇ ਮੋਥੇ, ਗੰਡੀ ਵਾਲਾ ਡੀਲਾ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਐਲਮਿਕਸ ੨੦ ਤਾਕਤ (ਕਲੋਰੀਮਿਊਰਾਨ ਇਥਾਇਲ + ਮੈਟਸਲਫੂਰਾਨ ਮਿਥਾਇਲ) ੮ ਗ੍ਰਾਮ ਪ੍ਰਤੀ ਏਕੜ ਦਾ ੧੫੦ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਫਸਲ ਦੇ ਅਖੀਰਲੇ ਪੜਾਵਾਂ ਵਿਚ ਜੇ ਨਦੀਨ ਉੱਗ ਜਾਣ ਜਾਂ ਨਦੀਨ ਨਾਸ਼ਕਾਂ ਦੇ ਅਸਰ ਤੋਂ ਬਚ ਜਾਣ, ਉਹ ਭਾਵੇਂ ਝਾੜ ਤੇ ਅਸਰ ਨਹੀਂ ਪਾਉਣਗੇ ਪਰ ਉਨ੍ਹਾਂ ਬੂਟਿਆਂ ਨੂੰ ਬੀਜ ਪੈਣ ਤੋਂ ਪਹਿਲਾਂ ਪੁੱਟ ਕੇ ਖੇਤ ਵਿੱਚੋਂ ਬਾਹਰ ਕੱਢ ਦਿਓ ਤਾਂ ਕਿ ਝੋਨੇ ਦੀ ਅਗਲੀ ਫਸਲ ਵਿਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ।

ਸਿੰਚਾਈ: ਸਿੱਧੀ ਬਿਜਾਈ ਦੀ ਇਸ ਵਿਧੀ ਦੀ ਵਿਲੱਖਣਤਾ ਇਹ ਹੈ ਕਿ ਪਹਿਲਾ ਪਾਣੀ ਬਿਜਾਈ ਤੋਂ ੨੧ ਦਿਨ ਬਾਦ ਲਾਉਣਾ ਹੈ। ਇਸ ਸਮੇਂ ਝੋਨੇ ਦਾ ਬੂਟਾ ਜ਼ਿਆਦਾ ਤਾਕਤ ਜੜ੍ਹਾਂ ਵਧਾਉਣ ਨੂੰ ਲਗਾਉਂਦਾ ਹੈ ਅਤੇ ਜ਼ਮੀਨ ਦੇ ਉੱਪਰ ਵਾਲਾ ਥੋੜ੍ਹਾ ਘੱਟ ਵਧੇਗਾ, ਸੋ ਘਬਰਾਉਣ ਦੀ ਲੋੜ ਨਹੀਂ। ਪਹਿਲੀ ਸਿੰਚਾਈ ਲੇਟ ਕਰਨ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਜਾਂਦੀ ਹੈ ਕਿਉਂਕਿ ਜ਼ਮੀਨ ਦੀ ਸਤਹਿ ਜਲਦੀ ਸੁੱਕ ਜਾਣ ਕਰਕੇ ਨਦੀਨ ਨਹੀਂ ਜੰਮਦੇ। ਦੂਸਰਾ, ਪਾਣੀ ਲੇਟ ਹੋਣ ਨਾਲ ਜਮੀਨ ਵਿਚ ਪਏ ਤੱਤ ਥੱਲੇ ਨਹੀਂ ਸਰਕਦੇ ਅਤੇ ਜੜ੍ਹਾਂ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਦੀ ਘਾਟ ਬਹੁਤ ਘੱਟ ਆਵੇਗੀ। ਜੇਕਰ ਝੋਨੇ ਦੇ ਪੁੰਗਾਰ ਹੋਣ ਤੋਂ ਪਹਿਲਾਂ ਬਰਸਾਤ ਪੈਣ ਕਰਕੇ ਕਰੰਡ ਹੋ ਜਾਵੇ ਤਾਂ ਉਸ ਨੂੰ ‘ਸਰੀਆਂ ਵਾਲੀ ਕਰੰਡੀ‘ ਨਾਲ ਤੋੜ ਦਿਉ ਪਰ ਪਹਿਲਾ ਪਾਣੀ ੨੧ ਦਿਨ ਤੇ ਹੀ ਲਾਉ। ਪਹਿਲੇ ਪਾਣੀ ਤੋਂ ਬਾਅਦ, ਜਮੀਨ ਦੀ ਕਿਸਮ ਅਤੇ ਬਾਰਿਸ਼ਾਂ ਦੇ ਹਿਸਾਬ ੭-੧੦ ਦਿਨਾਂ ਦੇ ਵਕਫੇ ਤੇ ਪਾਣੀ ਲਾਓ। ਆਖਰੀ ਪਾਣੀ ਕਟਾਈ ਤੋਂ ੧੦ ਦਿਨ ਪਹਿਲਾਂ ਲਾਓ। ਇਸ ਤਰ੍ਹਾਂ ਕਰਨ ਨਾਲ ਝੋਨੇ ਦੀ ਸਿੱਧੀ ਬਿਜਾਈ ਵਿਚ ਕੱਦੂ ਕਰਕੇ ਲਾਏ ਝੋਨੇ ਨਾਲੋਂ ਪਾਣੀ ਦੀ ਬੱਚਤ ਹੁੰਦੀ ਹੈ।

ਖਾਦਾਂ ਦੀ ਵਰਤੋਂ: ਸਿੱਧੇ ਬੀਜੇ ਪਰਮਲ ਝੋਨੇ ਵਿੱਚ ੧੩੦ ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ ੪, ੬ ਅਤੇ ੯ ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਬਾਸਮਤੀ ਝੋਨੇ ਦੀ ਫਸਲ ਵਿੱਚ ੫੪ ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ ੩, ੬ ਅਤੇ ੯ ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਜੇਕਰ ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਅਤੇ ਪੋਟਾਸ਼ ਦੀ ਘਾਟ ਹੋਵੇ ਤਾਂ ਹੀ ਇਨ੍ਹਾਂ ਤੱਤਾਂ ਦੀ ਵਰਤੋਂ ਕਰੋ। ਜੇਕਰ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਖੇਤ ਵਿਚ ਪਹਿਲਾਂ ਬੀਜੀ ਕਣਕ ਨੂੰ ਪਾਈ ਹੋਵੇ ਤਾਂ ਸਿੱਧੀ ਬਿਜਾਈ ਵਾਲੇ ਝੋਨੇ/ਬਾਸਮਤੀ ਵਿੱਚ ਇਸ ਦੀ ਲੋੜ ਨਹੀਂ। ਲੋਹੇ ਦੀ ਘਾਟ ਆਉਣ ਤੇ ੧% ਫੈਰਸ ਸਲਫੇਟ (੧ ਕਿਲੋ ਫੈਰਸ ਸਲਫੇਟ ੧੦੦ ਲਿਟਰ ਪਾਣੀ ਵਿਚ ਘੋਲ ਕੇ) ਦੇ ਦੋ ਛਿੜਕਾਅ ਹਫਤੇ ਦੀ ਵਿਥ ਤੇ ਕਰੋ।

‘ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ‘

ਜ਼ਰੂਰੀ ਗੱਲਾਂ

੧. ਢੁੱਕਵੀਆਂ ਜਮੀਨਾਂ ਰੇਤਲੀ ਮੈਰਾ, ਮੈਰਾ, ਚੀਕਨੀ ਮੈਰਾ, ਭੱਲ ਵਾਲੀ ਮੈਰਾ।
੨. ਬਿਜਾਈ ਤੋਂ ਪਹਿਲਾਂ ਖੇਤ ਨੂੰ ਰੌਣੀ ਕਰੋ।
੩. ਤਰ ਵੱਤਰ ਵਿੱਚ ਖੇਤ ਤਿਆਰ ਕਰਕੇ ਤੁਰੰਤ ਬਿਜਾਈ ਕਰੋ।
੪. ਬੀਜ ਬੀਜਣ ਤੋਂ ਪਹਿਲਾਂ ੮ ਘੰਟੇ ਪਾਣੀ ਵਿਚ ਭਿਉਂ ਕੇ ਰੱਖੋ। ਬਾਅਦ ਵਿੱਚ ਭਾਵੇਂ ਸੁਕਾ ਕੇ ਦਵਾਈ ਨਾਲ ਸੋਧ ਲਵੋ।
੫. ਬਿਜਾਈ ਲਈ ਲੱਕੀ ਸੀਡ ਡਰਿੱਲ ਨੂੰ ਤਰਜੀਹ ਦਿਓ, ਨਹੀਂ ਤਾਂ ਤਿਰਛੀ ਪਲੇਟ ਵਾਲੀ ਝੋਨਾ ਬੀਜਣ ਵਾਲੀ ਡਰਿੱਲ ਵਰਤੋਂ।
੬. ਬਿਜਾਈ ਦੇ ਤੁਰੰਤ ਬਾਅਦ ਸਪਰੇ ਕਰ ਦਿਓ।
੭. ਪਹਿਲਾ ਪਾਣੀ ਬਿਜਾਈ ਤੋਂ ੨੧ ਦਿਨਾਂ ਬਾਅਦ ਲਾਓ।

 

ਜਸਵੀਰ ਸਿੰਘ ਗਿੱਲ ਅਤੇ ਮੱਖਣ ਸਿੰਘ ਭੁੱਲਰ
ਫਸਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ

Summary in English: ‘Direct sowing of paddy in wet fields’ - solution to labor problem

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters