1. Home
  2. ਖੇਤੀ ਬਾੜੀ

ਸਰੋਂ ਜਾਤੀ ਫ਼ਸਲਾਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਦੀ ਸਮੁੱਚੀ ਰੋਕਥਾਮ

ਸਰੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਗੋਭੀ ਸਰੋਂ ਅਤੇ ਤਾਰਾਮੀਰਾ ਨੂੰ ਵਪਾਰਕ ਆਧਾਰ ਤੇ ਰੇਪਸੀਡ ਮੰਨਿਆ ਜਾਂਦਾ ਹੈ, ਜਦੋਂ ਕਿ ਰਾਇਆ ਅਤੇ ਅਫ਼ਰੀਕਨ ਸਰੋਂ ਨੂੰ ਮਸਟਰਡ ਵਿੱਚ ਗਿਣਿਆ ਜਾਂਦਾ ਹੈ । ਸਰੋਂ ਜਾਤੀ ਦੀਆਂ ਫ਼ਸਲਾਂ ਦੀ ਉਪੱਜ ਵਿੱਚ ਵਾਧਾ ਕਰਨ ਲਈ ਅਤੇ ਕੁਆਲਟੀ ਵਧਾਉਣ ਲਈ ਫਸਲ ਉੱਤੇ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਲਈ ਸਰੋਂ ਜਾਤੀ ਦੀਆਂ ਫ਼ਸਲਾਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਦੀ ਸਮੁੱਚੀ ਰੋਕਥਾਮ ਲਈ ਹੇਠਾਂ ਦਰਸਾਏ ਢੰਗ ਅਪਣਾਉਣੇ ਚਾਹੀਦੇ ਹਨ:-

KJ Staff
KJ Staff

ਸਰੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਗੋਭੀ ਸਰੋਂ ਅਤੇ ਤਾਰਾਮੀਰਾ ਨੂੰ ਵਪਾਰਕ ਆਧਾਰ ਤੇ ਰੇਪਸੀਡ ਮੰਨਿਆ ਜਾਂਦਾ ਹੈ, ਜਦੋਂ ਕਿ ਰਾਇਆ ਅਤੇ ਅਫ਼ਰੀਕਨ ਸਰੋਂ ਨੂੰ ਮਸਟਰਡ ਵਿੱਚ ਗਿਣਿਆ ਜਾਂਦਾ ਹੈ । ਸਰੋਂ ਜਾਤੀ ਦੀਆਂ ਫ਼ਸਲਾਂ ਦੀ ਉਪੱਜ ਵਿੱਚ ਵਾਧਾ ਕਰਨ ਲਈ ਅਤੇ ਕੁਆਲਟੀ ਵਧਾਉਣ ਲਈ ਫਸਲ ਉੱਤੇ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਲਈ ਸਰੋਂ ਜਾਤੀ ਦੀਆਂ ਫ਼ਸਲਾਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਦੀ ਸਮੁੱਚੀ ਰੋਕਥਾਮ ਲਈ ਹੇਠਾਂ ਦਰਸਾਏ ਢੰਗ ਅਪਣਾਉਣੇ ਚਾਹੀਦੇ ਹਨ:-

ਬਿਮਾਰੀਆਂ

1. ਝੁਲਸ ਰੋਗ : ਬਿਮਾਰੀ ਵਾਲੇ ਪੌਦੇ ਦੇ ਪੱਤਿਆਂ ਉਤੇ ਭੂਰੇ ਤੋਂ ਕਾਲੇ ਰੰਗ ਦੇ ਛੋਟੇ-ਛੋਟੇ ਗੋਲ ਧੱਬੇ ਪੈ ਜਾਂਦੇ ਹਨ ਜਿਹੜੇ ਛੇਤੀ ਹੀ ਫਲੀਆਂ ਅਤੇ ਤਣੇ ਤੇ ਵੀ ਫੈਲ ਜਾਂਦੇ ਹਨ। ਇਹ ਧੱਬੇ ਬਾਅਦ ਵਿਚ ਵੱਡੇ ਹੋ ਕੇ ਕਿਨਾਰੇ ਤੋਂ ਪੀਲੇ ਅਤੇ ਵਿਚਕਾਰੌਂ ਗਾੜੇ ਭੁਰੇ ਨਜਰ ਆਉਂਦੇ ਹਨ। ਜ਼ਿਆਦਾ ਹਮਲੇ ਦੀ ਹਾਲਤ ਵਿੱਚ ਪੱਤਿਆਂ ਅਤੇ ਤਣੇ ਦਾ ਉਪਰਲਾ ਹਿੱਸਾ ਝੁਲਸ ਜਾਂਦਾ ਹੈ ਤੇ ਫਲੀਆਂ ਝੜ ਜਾਂਦੀਆਂ ਹਨ । ਸਿੱਲ ਅਤੇ ਨਿੱਘਾ ਮੌਸਮ (15-20 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ 75% ਤੋਂ ਜ਼ਿਆਦਾ ਨਮੀਂ) ਇਸ ਬਿਮਾਰੀ ਨੂੰ ਵਧਾਉਂਦਾ ਹੈ । ਬਿਮਾਰੀ ਦੀ ਰੋਕਥਾਮ ਲਈ ਪੁਰਾਣੀ ਫ਼ਸਲ ਦੀ ਰਹਿੰਦ ਖੂੰਦ ਦਾ ਨਾਸ਼ ਕਰ ਦਿਉ ।

2. ਪੀਲੇ ਧੱਬਿਆਂ ਦਾ ਰੋਗ : ਇਹ ਬਿਮਾਰੀ ਜਮੀਨ ਤੋਂ ਉਪਰਲੇ ਹਿੱਸਿਆਂ ਉਤੇ ਸਾਰੇ ਬੂਟੇ ਤੇ ਹਮਲਾ ਕਰਦੀ ਹੈ। ਪੱਤਿਆਂ ਅਤੇ ਫਲੀਆਂ ਤੇ ਇਸ ਦਾ ਹਮਲਾ ਵਧੇਰੇ ਹੁੰਦਾ ਹੈ । ਇਸ ਬਿਮਾਰੀ ਵਿਚ ਪੱਤਿਆਂ ਤੇ ਹੇਠਲੇ ਪਾਸੇ ਛੋਟੇ-ਛੋਟੇ ਹਲਕੇ ਹਰੇ-ਪੀਲੇ ਤੇ ਹਲਕੇ ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ ਜਿਹੜੇ ਕਿ ਉਪਰਲੇ ਪਾਸੇ ਤੋਂ ਪਾਣੀ ਵਿਚ ਭਿੱਜੇ ਜਿਹੇ ਪੀਲੇ ਦਿਸਦੇ ਹਨ ਜਿਹੜੇ ਕਿ ਬਾਅਦ ਵਿੱਚ ਗਿਣਤੀ ਅਤੇ ਅਕਾਰ ਵਿੱਚ ਵੱਡੇ ਹੋ ਜਾਂਦੇ ਹਨ। ਨਮੀ ਦੀ ਹਾਲਤ ਵਿਚ ਪੱਤਿਆਂ ਤੇ ਹੇਠਲੇ ਪਾਸੇ ਇਨਾਂ ਧੱਬਿਆਂ ਉਤੇ ਚਿੱਟੇ ਰੰਗ ਦੀ ਉਲੀ ਵੀ ਦਿਸ ਪੈਂਦੀ ਹੈ।

ਬਿਮਾਰ ਬੂਟਿਆਂ ਦੇ ਪੱਤੇ ਬਾਅਦ ਵਿਚ ਸੁੱਕਕੇ ਡਿਗ ਪੈਂਦੇ ਹਨ ਅਤੇ ਤਣੇ ਬੇ-ਸ਼ਕਲ ਹੋ ਜਾਂਦੇ ਹਨ ।ਮੌਸਮ ਵਿੱਚ 10-20 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ ਨਮੀਂ ਦੀ 90% ਤੋਂ ਵੱਧ ਮਾਤਰਾ ਬਿਮਾਰੀ ਦੇ ਵਾਧੇ ਲਈ ਸਹਾਇਕ ਹੈ । ਬਿਮਾਰੀ ਦੀ ਰੋਕਥਾਮ ਲਈ ਪੁਰਾਣੀ ਫ਼ਸਲ ਦੀ ਰਹਿੰਦ ਖੂੰਦ ਦਾ ਨਾਸ਼ ਕਰ ਦਿਉ ।

3. ਚਿੱਟੀ ਕੁੰਗੀ : ਇਹ ਬਿਮਾਰੀ ਜੜਾਂ ਨੂੰ ਛੱਡ ਕੇ ਬਾਕੀ ਹਰ ਭਾਗ ਤੇ ਹਮਲਾ ਕਰਦੀ ਹੈ । ਇਸ ਬਿਮਾਰੀ ਵਿਚ ਪੱਤਿਆਂ ਦੇ ਹੇਠਲੇ ਪਾਸੇ ਚਮਕੀਲੇ, ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਜਿਹੇ ਧੱਬੇ ਬਣ ਜਾਂਦੇ ਹਨ ਜਿਹੜੇ ਕਿ ਨਮੀ ਦੀ ਹਾਲਤ ਵਿਚ ਪੱਤਿਆਂ ਦੇ ਉਪਰਲੇ ਪਾਸੇ ਵੀ ਬਣ ਜਾਂਦੇ ਹਨ । ਇਸ ਤੋਂ ਇਲਾਵਾ ਇਹੋਂ ਜਿਹੇ ਦਾਣੇ ਤਣੇ ਉੱਤੇ ਵੀ ਫੈਲ ਜਾਂਦੇ ਹਨ । ਬਿਮਾਰੀ ਦੇ ਅਸਰ ਵਾਲੇ ਤਣੇ ਦੇ ਹਿੱਸੇ ਮੋਟੇ ਹੋ ਕੇ ਬੇ-ਸ਼ਕਲ ਹੋ ਜਾਂਦੇ ਹਨ । ਬਿਮਾਰੀ ਵਾਲੇ ਬੂਟਿਆਂ ਦੇ ਫੁੱਲਾਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਇਨਾਂ ਫੁੱਲਾਂ ਦੀਆਂ ਪੱਤੀਆਂ ਤੇ ਨਰ ਹਿੱਸੇ ਹਰੇ ਪੱਤਿਆਂ ਵਰਗੀ ਸ਼ਕਲ ਧਾਰਨ ਕਰ ਲੈਂਦੇ ਹਨ ।

ਆਮ ਤੌਰ ਤੇ ਨਮੀ ਦੀ ਹਾਲਤ ਵਿਚ ਚਿੱਟੀ ਕੁੰਗੀ ਅਤੇ ਪੀਲੇ ਧੱਬਿਆਂ ਦੇ ਰੋਗ ਦਾ ਸਾਝਾ ਸੰਕਰਮਣ ਹੁੰਦਾ ਹੈ । ਮੌਸਮ ਵਿੱਚ 13-25 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ 75% ਤੋਂ ਜ਼ਿਆਦਾ ਨਮੀਂ ਦੀ ਮਾਤਰਾ ਬਿਮਾਰੀ ਦੇ ਵਾਧੇ ਲਈ ਅਨੁਕੂਲ ਹਨ । ਬਿਮਾਰੀ ਦੀ ਰੋਕਥਾਮ ਲਈ ਪੁਰਾਣੀ ਫ਼ਸਲ ਦੀ ਰਹਿੰਦ ਖੂੰਦ ਦਾ ਨਾਸ਼ ਕਰ ਦਿਉ ਅਤੇ 250 ਗ੍ਰਾਮ ਰਿਡੋਮਿਲ ਗੋਲਡ ਨੂਂ 100 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 60 ਅਤੇ 80 ਦਿਨਾਂ ਬਾਅਦ ਛਿੜਕਾਵ ਕਰੋ । ਲੋੜ ਪੈਣ ਤੇ 20 ਦਿਨਾਂ ਬਾਅਦ ਇਹ ਛਿੜਕਾਵ ਫਿਰ ਦੁਹਰਾਓ |

4. ਤਣੇ ਦਾ ਗਾਲ਼ਾ : ਜ਼ਮੀਨ ਚੋਂ ਪੈਦਾ ਹੋਣ ਵਾਲੀ ਇਸ ਬਿਮਾਰੀ ਦੀ ਸ਼ੁਰੂਆਤ ਤਣੇ ਉੱਪਰ ਗਾਲ਼ੇ ਨਾਲ ਹੁੰਦੀ ਹੈ ਜਿਸ ਉਪਰ ਬਾਅਦ ਵਿੱਚ ਚਿੱਟੇ ਰੰਗ ਦੀ ਉਲੀ ਜੰਮ ਜਾਂਦੀ ਹੈ। ਇਸ ਗਲ਼ੇ ਹੋਏ ਹਿੱਸੇ ਉਪਰ ਜਾਂ ਤਣੇ ਦੇ ਅੰਦਰ ਉਲੀ ਦੇ ਕਾਲੇ ਰੰਗ ਦੇ ਸਖਤ 'ਸਕਲੀਰੋਸ਼ੀਆ' ਬਣ ਜਾਂਦੇ ਹਨ ਜੋ ਕਟਾਈ ਵੇਲੇ ਜ਼ਮੀਨ ਵਿੱਚ ਮਿਲ ਜਾਂਦੇ ਹਨ ਅਤੇ ਲੰਬਾ ਸਮਾਂ ਜ਼ਿੰਦਾ ਰਹਿੰਦੇ ਹਨ।

ਇਸ ਬਿਮਾਰੀ ਦੀ ਸ਼ੁਰੂਆਤ ਬਹੁਤ ਠੰਡ ਅਤੇ ਜ਼ਮੀਨ ਵਿੱਚ ਸਿੱਲ ਹੋਣ ਤੇ ਆਮ ਕਰਕੇ ਜਨਵਰੀ ਮਹੀਨੇ ਹੁੰਦੀ ਹੈ ਜਦੋਂ ਜ਼ਮੀਨ ਅੰਦਰ ਪਏ ਸਕਲੀਰੋਸ਼ਆਂ ਫਿਰ ਜੰਮ ਪੈਂਦੇ ਹਨ ਅਤੇ ਬਿਮਾਰੀ ਦੀ ਲਾਗ ਲਗਾ ਦਿੰਦੇ ਹਨ। ਬਿਮਾਰ ਬੂਟੇ ਮੁਰਝਾਏ ਹੋਏ ਲਗਦੇ ਹਨ ਜੋ ਬਾਅਦ ਵਿੱਚ ਸੁੱਕ ਕੇ ਚਿੱਟੀ ਭਾਅ ਮਾਰਦੇ ਸਿੱਧੇ ਖੜੇ ਨਜ਼ਰ ਆਉਂਦੇ ਹਨ। ਭਾਰੇ ਪੌਦਿਆਂ ਦੇ ਤਣੇ ਟੁੱਟ ਵੀ ਜਾਂਦੇ ਹਨ। ਇਸ ਬਿਮਾਰੀ ਨੂੰ ਕਾਬੂ ਹੇਠ ਰੱਖਣ

ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫਸਲ ਨੂੰ ਪਾਣੀ ਨਾ ਲਾਓ |

5. ਹਰੇ ਪੱਤਿਆਂ ਦਾ ਰੋਗ : ਇਸ ਰੋਗ ਦੇ ਅਸਰ ਨਾਲ ਪੌਦੇ ਝਾੜੀ ਦੀ ਤਰਾਂ ਬਣ ਜਾਂਦੇ ਹਨ ਅਤੇ ਫੁੱਲਾਂ ਦੀ ਥਾਂ ਛੋਟੀਆਂ-ਛੋਟੀਆਂ ਹਰੀਆਂ ਪੱਤੀਆਂ ਬਣ ਜਾਦੀਆਂ ਹਨ । ਅਗੇਤੀ ਬਿਜਾਈ ਨਹੀਂ ਕਰਨੀ ਚਾਹੀਦੀ । ਬਿਮਾਰੀ ਵਾਲੇ ਬੂਟੇ ਖੇਤ ਵਿੱਚੋਂ ਪੁੱਟਕੇ ਸਾੜ ਦਿਉ ।

ਕੀੜੇ

1. ਚਿਤਕਬਰੀ ਭੂੰਡੀ : ਇਸ ਦਾ ਹਮਲਾ ਪੁੰਗਰ ਰਹੀ ਫ਼ਸਲ ਤੇ ਅਕਤੂਬਰ ਦੇ ਮਹੀਨੇ ਅਤੇ ਫੇਰ ਪੱਕੀ ਫ਼ਸਲ ਤੇ ਮਾਰਚ/ਅਪ੍ਰੈਲ ਦੇ ਮਹੀਨੇ ਜ਼ਿਆਦਾ ਹੁੰਦਾ ਹੈ। ਇਸ ਭੂੰਡੀ ਦੇ ਛੋਟੇ ਅਤੇ ਜਵਾਨ ਕੀੜੇ ਪੱਤਿਆਂ ਅਤੇ ਫਲੀਆਂ ਵਿੱਚੋਂ ਰਸ ਚੂਸਦੇ ਹਨ ਜਿਸ ਨਾਲ ਪੱਤੇ ਅਤੇ ਫ਼ਲੀਆਂ ਸੁੱਕ ਜਾਂਦੀਆਂ ਹਨ । ਇਸ ਦੀ ਰੋਕਥਾਮ ਲਈ ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਪਿੱਛੋਂ ਲਾਉ । ਇਸ ਨਾਲ ਚਿਤਕਬਰੀ ਭੂੰਡੀ ਦੀ ਗਿਣਤੀ ਕਾਫ਼ੀ ਘੱਟ ਜਾਂਦੀ ਹੈ

2. ਸਲੇਟੀ ਸੁੰਡੀ : ਇਹ ਸੁੰਡੀ ਛੋਟੀ ਫ਼ਸਲ ਦੇ ਪੱਤੇ ਖਾ ਕੇ ਮੋਰੀਆਂ ਕਰ ਦਿਂਦੀ ਹੈ । ਜੇ ਇਸ ਦਾ ਹਮਲਾ ਜ਼ਿਆਦਾ ਹੋਵੇ ਤਾਂ ਸਾਰੇ ਪੱਤੇ ਹੀ ਖਾ ਜਾਂਦੀ ਹੈ। ਇਸ ਦੀ ਰੋਕਥਾਮ 250 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਪ੍ਰਤੀ ਏਕੜ ਦਾ 60 ਤੋਂ 80 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ ।

3. ਰਾਇਆ ਦਾ ਚੇਪਾ : ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫ਼ਲੀਆਂ ਨੂੰ ਢੱਕ ਲੈਂਦੇ ਹਨ। ਇਹ ਕਾਫੀ ਜ਼ਿਆਦਾ ਮਾਤਰਾ ਵਿੱਚ ਪੌਦੇ ਦਾ ਰਸ ਚੂਸਦੇ ਹਨ । ਜਿਸ ਦੇ ਸਿੱਟੇ ਵੱਜੋਂ ਪੌਦਾ ਮਧਰਾ ਰਹਿ ਜਾਂਦਾ ਹੈ, ਫ਼ਲੀਆਂ ਸੁੱਕੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦੇ । ਇਸ ਦੀ ਅਸਰਦਾਰ ਅਤੇ ਸਸਤੀ ਰੋਕਥਾਮ ਲਈ ਹੇਠ ਲਿਖੇ ਢੰਗ ਅਪਣਾਓ :

A) ਫ਼ਸਲ ਦੀ ਬਿਜਾਈ ਅਗੇਤੀ ਕਰੋ। ਹੋ ਸਕੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ ।

B) ਖਾਦਾਂ ਦੀ ਸਿਫ਼ਾਰਸ਼ ਕੀਤੀ ਮਿਕਦਾਰ ਹੀ ਪਾਓ ।

C) ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਕੀੜਿਆਂ ਦੀ ਪੌਦਿਆਂ ਉਤੇ ਗਿਣਤੀ ਅਤੇ ਉਨਾਂ ਦੇ ਨੁਕਸਾਨ ਕਰਨ ਦੀ ਸਮਰੱਥਾ ਦੇ ਆਧਾਰ ਤੇ ਕਰੋ । ਇਸ ਦਾ ਅੰਦਾਜ਼ਾ ਹੇਠ ਲਿਖੇ ਢੰਗਾਂ ਨਾਲ ਲਾਇਆ ਜਾ ਸਕਦਾ ਹੈ : ਇੱਕ ਏਕੜ ਰਕਬੇ ਵਿੱਚੋਂ 12 ਤੋਂ 16 ਬੂਟੇ ਜੋ ਕਿ ਖੇਤ ਵਿੱਚ, ਇੱਕ ਦੂਜੇ ਤੋਂ ਦੂਰ-ਦੂਰ ਹੋਣ, ਹਫ਼ਤੇ ਵਿੱਚ ਦੋ ਵਾਰ ਚੁਣੋ । ਇਹ ਕੰਮ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਦਿਉ। ਜੇਕਰ ਪੌਦੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ ਚੇਪੇ ਦੀ ਗਿਣਤੀ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ਤੇ ਹੋਵੇ ਤਾਂ ਛਿੜਕਾਅ ਕਰਨਾ ਚਾਹੀਦਾ ਹੈ । ਜਾਂ
ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ5 ਤੋਂ 1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਜਾਵੇ । ਜਾਂ ਜਦੋਂ 40 ਤੋਂ 50 ਪ੍ਰਤੀਸ਼ਤ ਪੌਦਿਆਂ ਤੇ ਚੇਪਾ ਨਜ਼ਰ ਆਵੇ (ਇਸ ਲਈ ਪ੍ਰਤੀ ਏਕੜ 100 ਪੋਦਿਆਂ ਦੀ ਪਰਖ ਕਰੋ)।

ਜਦੋਂ ਕੀੜਿਆਂ ਦੀ ਗਿਣਤੀ ਉਪਰ ਦਿੱਤੇ ਪੱਧਰਾਂ ਤੇ ਪਹੁੰਚ ਜਾਵੇ ਤਾਂ ਹੇਠ ਲਿਖੀਆਂ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਚੇਪੇ ਦੀ ਰੋਕਥਾਮ ਹੋ ਸਕਦੀ ਹੈ । ਜੇਕਰ ਕੀੜਿਆਂ ਦੀ ਗਿਣਤੀ ਦੁਬਾਰਾ ਉਪਰ ਲਿਖੇ ਪੱਧਰ ਤੱਕ ਪਹੁੰਚ ਜਾਵੇ ਤਾਂ ਸਮੇਂ-ਸਮੇਂ ਤੇ ਛਿੜਕਾਅ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ ।

ਇਸ ਦੀ ਰੋਕਥਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ 400 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟੋਨ ਮੀਥਾਈਲ) ਜਾਂ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ  ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਪ੍ਰਤੀ ਏਕੜ ਦਾ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ

4. ਪੱਤੇ ਦਾ ਸੁਰੰਗੀ ਕੀੜਾ : ਇਸ ਦੇ ਲਾਰਵੇ/ ਸੁੰਡੀਆਂ ਪੱਤੇ ਵਿੱਚ ਸੁਰੰਗਾਂ ਬਣਾ ਕੇ ਬਹੁਤ ਨੁਕਸਾਨ ਕਰਦੇ ਹਨ । ਚੇਪੇ ਤੇ ਕਾਬੂ ਪਾਉਣ ਲਈ 400 ਮਿਲੀਲਿਟਰ ਰੋਗਰ 30 ਈ ਸੀ ਪ੍ਰਤੀ ਏਕੜ ਨੂੰ 80-125 ਲਿਟਰ ਪਾਣੀ ਵਿੱਚ ਘੋਲ ਕੇ ਜਾਂ 13 ਕਿੱਲੋਗ੍ਰਾਮ ਫਿਊਰਾਡਾਨ 3 ਜੀ (ਕਾਰਬੋਫੂਰਾਨ) ਦਾ ਪ੍ਰਤੀ ਏਕੜ ਛੱਟਾ ਮਾਰ ਕੇ ਅਤੇ ਬਾਅਦ ਵਿੱਚ ਹਲਕੀ ਸਿੰਚਾਈ ਕਰਕੇ ਵੀ ਕੀਤੀ ਜਾ ਸਕਦੀ ਹੈ ।

5. ਵਾਲਾਂ ਵਾਲੀ ਸੁੰਡੀ ਜਾਂ ਕੁਤਰਾ ਅਤੇ ਬੰਦ ਗੋਭੀ ਦੀ ਸੁੰਡੀ : ਇਹ ਕੀੜੇ ਪੱਤਿਆਂ, ਨਰਮ ਕਰੂੰਬਲਾਂ ਅਤੇ ਹਰੀਆਂ ਫਲੀਆਂ ਦਾ ਬਹੁਤ ਨੁਕਸਾਨ ਕਰਦੇ ਹਨ । ਛੋਟੀ ਉਮਰ ਵਿੱਚ ਸੁੰਡੀਆਂ ਝੁੰਡਾਂ ਵਿਚ ਪੌਦਿਆਂ ਨੂੰ ਖਾਂਦੀਆਂ ਹਨ  ਅਤੇ ਵੱਡੀਆਂ ਹੋ ਕੇ ਇੱਕ ਖੇਤ ਤੋਂ ਦੂਜੇ ਖੇਤ ਵਿੱ

ਚਲੀਆਂ ਜਾਂਦੀਆਂ ਹਨ । ਝੁੰਡਾਂ ਦੀ ਸ਼ਕਲ ਵਿੱਚ ਇਹ ਸੁੰਡੀਆਂ ਹਮਲੇ ਵਾਲੇ ਪੱਤਿਆਂ ਨੂੰ ਤੋੜ ਕੇ ਖ਼ਤਮ ਕਰਨ ਨਾਲ ਕਾਬੂ ਕੀਤੀਆਂ ਜਾ ਸਕਦੀਆਂ ਹਨ ।

6. ਆੜੂ ਦਾ ਹਰਾ ਚੇਪਾ : ਤਾਰਾਮੀਰਾ ਦੀ ਫ਼ਸਲ ਤੇ ਫ਼ਰਵਰੀ ਵਿੱਚ ਇਸ ਦਾ ਹਮਲਾ ਪੂਰੇ ਜੋਰ ਤੇ ਹੁੰਦਾ ਹੈ। ਫੁੱਲ ਅਤੇ ਫ਼ਲੀਆਂ ਪੈਣ ਤੇ ਇਹ ਕੀੜਾ ਸਿਰੇ ਦੀਆਂ ਡੋਡੀਆਂ ਦਾ ਨੁਕਸਾਨ ਕਰਦਾ ਹੈ। ਨਤੀਜੇ ਵੱਜੋ ਫੁੱਲ ਡਿੱਗਣ ਲੱਗਦੇ ਹਨ । ਫ਼ਲੀਆਂ ਘੱਟ ਬਣਦੀਆਂ ਹਨ ਅਤੇ ਬੀਜ ਸੁਕੜੇ ਹੁੰਦੇ ਹਨ । ਇਸ ਤੇ ਕਾਬੂ ਪਾਉਣ ਲਈ ਫ਼ਸਲ ਦੀ ਬਿਜਾਈ ਅਕਤੂਬਰ ਦੇ ਦੁਜੇ ਹਫ਼ਤੇ ਕਰ ਲੈਣੀ ਚਾਹੀਦੀ ਹੈ। ਫਰਵਰੀ ਦੇ ਤੀਜੇ ਹਫ਼ਤੇ ਜਦੋਂ ਕੀੜਾ ਉਪਰ ਵਾਲੀਆਂ ਡੋਡੀਆਂ ਤੇ ਇਕੱਠਾ ਹੁੰਦਾ ਹੈ ਤਾਂ 200 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਈਲ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਚਿਤਾਵਨੀ

 ਆਮ ਤੌਰ ਤੇ ਚੇਪੇ ਦਾ ਹਮਲਾ ਜਨਵਰੀ ਦੇ ਅੱਧ ਵਿੱਚ ਜ਼ਿਆਦਾ ਹੁੰਦਾ ਹੈ । ਇਸ ਲਈ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬੂਟਿਆਂ ਤੇ ਇਸ ਦੀ ਗਿਣਤੀ ਬਾਰੇ ਸੁਚੇਤ ਹੋਣ ਦੀ ਲੋੜ ਹੈ । ਇਸ ਤੇ ਕਾਬੂ ਪਾਉਣ ਦੇ ਢੰਗ ਅਤੇ ਸਮੇਂ ਬਾਰੇ ਫੈਸਲਾ ਕਰਨ ਲਈ ਲਗਾਤਾਰ, ਦਿੱਤੇ ਗਏ ਸਮੇਂ ਦੇ ਵਕਫ਼ੇ ਅਨੁਸਾਰ ਪੌਦਿਆਂ ਤੇ ਇਸ ਦੀ ਗਿਣਤੀ ਕਰਦੇ ਰਹਿਣਾ ਚਾਹੀਦਾ ਹੈ ।

ਕੀਟਨਾਸ਼ਕਾਂ ਦਾ ਛਿੜਕਾਅ ਦੁਪਿਹਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ । ਇਸ ਸਮੇਂ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ

ਕੇ.ਕੇ. ਸ਼ਰਮਾਂ, ਰਾਕੇਸ਼ ਕੁਮਾਰ ਸ਼ਰਮਾਂ
ਅਤੇ ਡੀ. ਐਸ ਰਾਣਾ ਡਾ. ਡੀ.ਆਰ. ਭੂੰਬਲਾ

Summary in English: diseases and pests of crops

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters