1. Home
  2. ਖੇਤੀ ਬਾੜੀ

Agriculture Bulletin: ਕਿਸਾਨ ਵੀਰੋਂ ਝੋਨੇ ਅਤੇ ਨਰਮੇ ਦੀਆਂ ਇਹ ਸਿਫ਼ਾਰਸ਼ ਕਿਸਮਾਂ ਨੂੰ ਦਿਓ ਤਰਜੀਹ

ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਅਜਿਹੇ 'ਚ Punjab Agricultural University ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਹਫਤਾਵਾਰੀ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ।

Gurpreet Kaur Virk
Gurpreet Kaur Virk
ਝੋਨੇ ਅਤੇ ਨਰਮੇ ਦੀਆਂ ਇਹ ਸਿਫ਼ਾਰਸ਼ ਕਿਸਮਾਂ ਅਪਣਾਓ

ਝੋਨੇ ਅਤੇ ਨਰਮੇ ਦੀਆਂ ਇਹ ਸਿਫ਼ਾਰਸ਼ ਕਿਸਮਾਂ ਅਪਣਾਓ

Weather Forecast: ਦੇਸ਼ ਦੇ ਮੌਸਮ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅੱਤ ਦੀ ਗਰਮੀ ਵਾਲੇ ਮਹੀਨੇ ਮਈ 'ਚ ਇਸ ਵਾਰ ਮੀਂਹ ਦੀਆਂ ਗਤੀਵਿਧੀਆਂ ਜਾਰੀ ਹਨ, ਜਿਸਦੇ ਚਲਦਿਆਂ ਲੋਕਾਂ ਨੂੰ "ਲੂ" ਵਰਗੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਦਿਨ ਉੱਤਰ ਭਾਰਤ ਦਾ ਮੌਸਮ ਡ੍ਰਾਈ ਰਹਿਣ ਦੀ ਉਮੀਦ ਹੈ, ਇਸ ਦੇ ਨਾਲ ਹੀ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ-ਹਰਿਆਣਾ 'ਚ ਅਗਲੇ 05 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3-5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਤੋਂ ਬਾਅਦ ਦੋਵੇਂ ਸੂਬਿਆਂ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ।

ਮੌਸਮ ਵਿਭਾਗ ਮੁਤਾਬਕ ਮੋਚਾ ਤੂਫ਼ਾਨ ਦਾ ਅਸਰ ਹਰਿਆਣਾ-ਪੰਜਾਬ 'ਤੇ ਵੀ ਪੈ ਸਕਦਾ ਹੈ। ਦੱਸ ਦੇਈਏ ਕਿ ਤੂਫਾਨ ਦੇ ਪ੍ਰਭਾਵ ਕਾਰਨ ਹਵਾ ਦੇ ਪੈਟਰਨ ਵਿੱਚ ਬਦਲਾਅ ਹੋ ਸਕਦਾ ਹੈ। ਇੱਕ ਅੰਦਾਜ਼ੇ ਮੁਤਾਬਕ ਇਹ ਤੂਫ਼ਾਨ ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਕੁਝ ਰਾਹਤ ਜ਼ਰੂਰ ਦੇ ਸਕਦਾ ਹੈ।

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:

ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ ਅਤੇ ਸਪਰੇਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਖੇਤੀ ਫਸਲਾਂ:

ਕਿਸਾਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਣਕ ਦੇ ਨਾੜ ਨੂੰ ਨਾ ਸਾੜਨ ਸਗੋਂ ਖੇਤ ਵਿੱਚ ਹੀ ਵਾਹੁਣ। ਜਿੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਵਿਗੜਨ ਨਾਲ ਜ਼ਮੀਨ ਦੀ ਪੌਸ਼ਟਿਕਤਾ ਘਟਦੀ ਹੈ, ਉੱਥੇ ਹੀ ਝੋਨੇ ਦੇ ਖੇਤਾਂ ਨੂੰ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।

ਝੋਨਾ:

● ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਲਈ ਖੇਤ ਤਿਆਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪੀਏਯੂ ਨੇ ਪਾਣੀ ਦੀ ਬੱਚਤ ਅਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਘੱਟ ਪੱਕਣ ਵਾਲੀਆਂ ਕਿਸਮਾਂ PR 126, PR 127, PR 130 ਅਤੇ HKR 47 ਦੀ ਸਿਫ਼ਾਰਸ਼ ਕੀਤੀ ਹੈ।

● ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿਓ।

● ਝੋਨੇ ਦੀ ਪਨੀਰੀ ਵਿੱਚ ਜੜ੍ਹ ਗੰਡ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਦੀ ਰੌਣੀ ਉਪਰੰਤ ਆਖਰੀ ਵਾਹੀ ਵੇਲੇ 40 ਗ੍ਰਾਮ ਸਰੋਂ ਦੀ ਖਲ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪਾਓ।

ਇਹ ਵੀ ਪੜ੍ਹੋ : June-July Season ਟਿੰਡੇ ਦੀ ਕਾਸ਼ਤ ਲਈ ਵਧੀਆ, ਜਾਣੋ ਬਿਜਾਈ ਤੋਂ ਵਾਢੀ ਤੱਕ ਸਾਰੀ ਜਾਣਕਾਰੀ

ਝੋਨੇ ਅਤੇ ਨਰਮੇ ਦੀਆਂ ਇਹ ਸਿਫ਼ਾਰਸ਼ ਕਿਸਮਾਂ ਅਪਣਾਓ

ਝੋਨੇ ਅਤੇ ਨਰਮੇ ਦੀਆਂ ਇਹ ਸਿਫ਼ਾਰਸ਼ ਕਿਸਮਾਂ ਅਪਣਾਓ

ਨਰਮਾ:

● ਇਸ ਵਾਰ ਪੀਏਯੂ ਨੇ ਕਪਾਹ ਦੀਆਂ ਬੀਟੀ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ PAUBT1, PAUBT2, PAUBT3; ਬੀਟੀ ਮੁਕਤ ਨਰਮਾ ਏਐਫ 2228 ਅਤੇ ਐਲਐਚ 2108 ਜਾਂ ਦੋਗਲੀਆਂ ਕਿਸਮਾਂ ਜਾਂ ਬੀਟੀ ਨਰਮਾ ਬੀਜਣ ਲਈ ਢੁਕਵਾਂ ਹੈ।

● ਕਪਾਹ-ਨਰਮੇਂ ਦੀ ਫ਼ਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਲਗਾਉ।

● ਕਿਸਾਨ ਵੀਰਾਂ ਨੂੰ ਨਰਮੇ ਦੀ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

● ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ 2-4 ਘੰਟੇ ਅਤੇ ਬਗੈਰ ਲੂੰ ਰਹਿਤ ਕੀਤੇ ਬੀਜ ਨੂੰ 6-8 ਘੰਟੇ ਲਈ ਅੱਧਾ ਗ੍ਰਾਮ ਸਕਸੀਨਿਕ ਏਸਿਡ ਅਤੇ 5 ਲਿਟਰ ਪਾਣੀ ਦੇ ਘੋਲ ਵਿੱਚ ਭਿਉਂ ਲਉ ਇਸ ਨਾਲ ਫਸਲ ਚੰਗੀ ਹੋਵੇਗੀ।

● ਬਿਜਾਈ ਦੇ ਸਮੇਂ, ਤੇਲੇ ਦੀ ਰੋਕਥਾਮ ਲਈ ਬੀਜ ਨੂੰ 5 ਗ੍ਰਾਮ ਗਾਚੋ 70 ਡਬਲਯੂਐਸ ਜਾਂ 7 ਗ੍ਰਾਮ ਕਰੂਜ਼ਰ 30 ਐਫਐਸ ਪ੍ਰਤੀ ਕਿਲੋ ਬੀਜ ਨਾਲ ਸੋਧੋ।

● ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਣ ਨੂੰ ਰੋਕਣ ਲਈ, ਚਿੱਟੀ ਮੱਖੀ ਦੇ ਬਦਲਵੇਂ ਨਦੀਨਾਂ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।

ਸਬਜੀਆਂ:

● ਵੱਧ ਝਾੜ ਲੈਣ ਲਈ ਸਬਜ਼ੀਆਂ ਦੀ ਕਟਾਈ ਸਹੀ ਸਮੇਂ 'ਤੇ ਕਰਦੇ ਰਹੋ ਅਤੇ 4-5 ਦਿਨਾਂ ਦੇ ਵਕਫੇ 'ਤੇ ਸਿੰਚਾਈ ਕਰੋ।

● ਗੰਢੇ ਦੀ ਕਟਾਈ ਕਰਕੇ ਇਨ੍ਹਾਂ ਨੂੰ ਸੁੱਕੀ ਜਗ੍ਹਾ ਸਟੋਰ ਕਰ ਲਉ।

ਇਹ ਵੀ ਪੜ੍ਹੋ : ਕਿਸਾਨ ਵੀਰੋਂ ਪਾਣੀ ਅਤੇ ਮਜ਼ਦੂਰੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਓ

ਬਾਗਬਾਨੀ:

● ਗਰਮੀ ਵਿੱਚ ਹੋਰ ਵਾਧਾ ਹੋਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਅੰਬ, ਲੀਚੀ, ਨਾਸ਼ਪਾਤੀ, ਨਿੰਬੂ ਜਾਤੀ ਦੇ ਬਾਗਾਂ ਆਦਿ ਵਿੱਚ ਲਗਾਤਾਰ ਸਿੱਲ੍ਹ ਬਣਾਈ ਰੱਖੋ ਅਤੇ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।ਫ਼ਲਦਾਰ ਬੂਟਿਆਂ ਦੇ ਮੁੱਢਾਂ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ।

● ਛੋਟੇ ਫ਼ਲਦਾਰ ਬੂਟਿਆਂ ਨੂੰ ਤੇਜ ਗਰਮੀ ਤੋਂ ਬਚਾਉਣ ਲਈ ਪਰਾਲੀ ਜਾਂ ਖ਼ਜ਼ੂਰ ਦੇ ਪੱਤਿਆਂ ਨਾਲ ਛੌਰਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਲਗਾਤਾਰ ਹਲਕੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।

● ਨਿੰਬੂ ਜਾਤੀ ਦੇ ਬੂਟਿਆਂ ਉੱਪਰ ਜਿੰਕ ਸਲਫ਼ੇਟ 4.7 ਗ੍ਰਾਮ ਅਤੇ ਮੈਂਗਨੀਂਜ਼ ਸਲਫ਼ੇਟ 3.3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ।

● ਇਸ ਸਮੇ ਬੇਰੀਆਂ ਦੀ ਕਾਂਟ-ਛਾਂਟ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਇਨ੍ਹਾਂ 4 ਫਸਲਾਂ ਦੀ Market ਵਿੱਚ High Demand, ਹੁਣ ਕਿਸਾਨ ਹੋਣਗੇ ਮਾਲੋਮਾਲ

ਪਸ਼ੂ ਪਾਲਣ:

● ਗਰਮੀਆਂ ਵਿੱਚ ਪਸ਼ੂਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ।

● ਕਈ ਵਾਰ ਇਸ ਮੌਸਮ ਵਿੱਚ ਹਰੇ ਚਾਰੇ ਦੀ ਘਾਟ ਆ ਜਾਂਦੀ ਹੈ, ਜਿਸ ਕਾਰਣ ਪਸ਼ੂ ਪਾਲਕ ਸੁੱਕੇ ਚਾਰੇ ਖੁਆਉਣ ਲਈ ਮਜਬੂਰ ਹੋ ਜਾਂਦੇ ਹਨ।ਪਰ ਇਨ੍ਹਾਂ ਸੁੱਕੇ ਚਾਰਿਆਂ ਵਿੱਚ ਪਚਣਯੋਗ ਤੱਤ ਬਹੁਤ ਘੱਟ ਹੁੰਦੇ ਹਨ।

● ਲਵੇਰੀ ਤੋਂ ਪੂਰਾ ਦੁੱਧ ਲੈਣ ਲਈ ਸੰਤੁਲਿਤ ਵੰਡ ਜਿਸ ਵਿੱਚ ਘੱਟੋ ਘੱਟ 16 ਪ੍ਰਤੀਸ਼ਤ ਪਚਣਯੋਗ ਕੱਚੀ ਪ੍ਰੋਟੀਨ ਹੋਵੇ, ਜ਼ਰੂਰ ਵਰਤੋ।ਗਰਮੀਆਂ ਵਿੱਚ ਬਹੁ-ਕਟਾਈ ਵਾਲੇ ਚਾਰੇ, ਹਰੇ ਪੱਠੇ ਪਾਉਣ ਲਈ ਬੀਜਣੇ ਬਹੁਤ ਜ਼ਰੂਰੀ ਹਨ।

● ਇਨ੍ਹਾਂ ਵਿੱਚ ਗਿੰਨੀ ਘਾਹ ਤੇ ਨੇਪੀਅਰ ਘਾਹ ਚੰਗੇ ਹਨ।ਕਣਕ ਜਾਂ ਜਵੀ ਤੋਂ ਖਾਲੀ ਹੋਏ ਖੇਤਾਂ ਵਿੱਚ ਪੱਠੇ ਬਿਨ੍ਹਾਂ ਦੇਰੀ ਕੀਤੇ ਬੀਜਣੇ ਚਾਹੀਦੇ ਹਨ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Farmers should give priority to these recommended varieties of paddy and cotton

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters