Gobi Sarso: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਜ਼ਿਲ੍ਹਾ ਸੰਗਰੂਰ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra), ਖੇੜੀ ਵਲੋਂ ਪਿੰਡ ਸ਼ੇਰੋਂ, ਬਲਾਕ ਸੁਨਾਮ ਦੇ ਅਗਾਂਹਵਧੂ ਕਿਸਾਨ ਸ. ਦਰਬਾਰਾ ਸਿੰਘ ਅਤੇ ਸ. ਅਵਤਾਰ ਸਿੰਘ ਦੇ ਫਾਰਮ ਉੱਤੇ ਹਾੜ੍ਹੀ ਦੇ ਤੇਲਬੀਜਾਂ ਅਤੇ ਖੇਤੀ ਵਿਭਿੰਨਤਾ ਵਿਸ਼ੇ ਨੂੰ ਮੁੱਖ ਰੱਖਦਿਆਂ ਖੇਤ ਦਿਵਸ ਅਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਹਾੜ੍ਹੀ ਦੀਆਂ ਮੁੱਖ ਤੇਲਬੀਜ ਫਸਲਾਂ ਰਾਇਆ ਅਤੇ ਗੋਭੀ ਸਰ੍ਹੋਂ ਦੀਆਂ ਵੱਖ-ਵੱਖ ਕਿਸਮਾਂ ਅਤੇ ਸੁਚੱਜੇ ਪ੍ਰਬੰਧ ਕਰਕੇ ਵੱਧ ਝਾੜ ਲੈਣ ਦੇ ਨੁਕਤੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra), ਖੇੜੀ ਵੱਲੋਂ ਤੇਲਬੀਜ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਿੰਡਾਂ ਦੇ ਲੱਗਭਗ 50 ਕਿਸਾਨਾਂ ਦੇ ਖੇਤਾਂ ਵਿੱਚ ਗੋਭੀ ਸਰੋਂ ਦੀ ਜੀਐਸਸੀ 7 ਕਿਸਮ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ ਹਨ। ਜਿਨ੍ਹਾਂ ਦੇ ਨਤੀਜਿਆਂ ਤੋਂ ਕਿਸਾਨ ਵੀਰ ਬਹੁਤ ਖੁਸ਼ ਅਤੇ ਸੰਤੁਸ਼ਟ ਹਨ।
ਇਹ ਵੀ ਪੜ੍ਹੋ : Krishi Vigyan Kendra Patiala ਵਿਖੇ ਗੋਭੀ ਸਰ੍ਹੋਂ 'ਤੇ ਖੇਤ ਦਿਵਸ ਦਾ ਆਯੋਜਨ
ਉਨ੍ਹਾਂ ਦੱਸਿਆ ਕਿ ਗੋਭੀ ਸਰ੍ਹੋਂ ਦੀ ਜੀਐਸਸੀ 7 ਇੱਕ ਕਨੋਲਾ ਕਿਸਮ ਹੈ। ਜਿਸ ਦੇ ਬੀਜ ਚਮਕੀਲੇ ਅਤੇ ਕਾਲੇ ਭੂਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤ ਝਾੜ ਲਗਭਗ 9.0 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 40.5 ਪ੍ਰਤੀਸ਼ਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਨੌਲਾ ਕਿਸਮਾਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਐਸਿਡ ਅਤੇ 30 ਮਾਈਕਰੋ ਮੋਲ਼ ਤੋਂ ਘੱਟ ਗਲੂਕੋਸਿਨੋਲੇਟਸ ਹੁੰਦੇ ਹਨ। ਜਿਸ ਨੂੰ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸਾਉਣੀ ਦੀਆਂ ਫਸਲਾਂ ਦੀ ਵਿਉਂਤਬੰਦੀ ਸਾਂਝੀ ਕਰਦਿਆਂ ਮੂੰਗੀ, ਮੱਕੀ, ਨਰਮਾ, ਬਾਸਮਤੀ, ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਅਤੇ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ ਨੇ ਘਰੇਲੂ ਬਗੀਚੀ ਵਿੱਚ ਸ਼ਬਜੀਆਂ ਅਤੇ ਫ਼ਲਾਂ ਦੀ ਕਾਸ਼ਤ ਤੋਂ ਇਲਾਵਾ ਕੱਦੂ ਜਾਤੀ ਦੀਆਂ ਸਬਜ਼ੀਆਂ, ਦੋਗਲੀ ਮਿਰਚ ਸੀਐਚ 27 ਅਤੇ ਹਲਦੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਮੇਲੇ 'ਚ ਪ੍ਰੋਸੈਸਿੰਗ ਤਕਨੀਕਾਂ ਅਤੇ ਮਸ਼ੀਨਾਂ ਦੀ VIDEO ਅਤੇ PHOTOS ਦੇਖੋ
ਡਾ. ਅਸ਼ੋਕ ਕੁਮਾਰ ਨੇ ਹਰੀ ਖਾਦ, ਮਿੱਟੀ ਅਤੇ ਪਾਣੀ ਦੀ ਪਰਖ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਦੇ ਨਾਲ-ਨਾਲ ਛੋਟੇ ਤੱਤਾਂ ਦੀ ਘਾਟ ਅਤੇ ਪੂਰਤੀ ਬਾਰੇ ਵਿਸਥਾਰ ਸਹਿਤ ਦੱਸਿਆ। ਲੌਂਗੋਵਾਲ ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸ. ਨਿਰਮਲ ਸਿੰਘ ਦੁੱਲਟ ਨੇ ਗੋਭੀ ਸਰੋਂ ਬਾਰੇ ਆਪਣੇ ਪਿਛਲੇ ਪੰਜ ਸਾਲਾਂ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਸਰੋਂ ਦੀ ਬਿਜਾਈ ਵਧਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਣਕ ਦੀ ਕਟਾਈ ਤੋਂ ਬਾਅਦ ਝੋਨਾ ਲਾਉਣ ਤੱਕ ਖੇਤਾਂ ਨੂੰ ਬੇਕਾਰ ਵਿੱਚ ਠੰਡਾ ਨਾ ਕਰਕੇ ਪਾਣੀ ਬਚਾਉਣ ਦੀ ਵਡਮੁੱਲੀ ਅਪੀਲ ਵੀ ਕੀਤੀ। ਇਸ ਪ੍ਰੋਗਰਾਮ ਦੌਰਾਨ ਸ ਨਿਰਮਲ ਸਿੰਘ ਦੁੱਲਟ, ਦਰਬਾਰਾ ਸਿੰਘ ਅਤੇ ਅਵਤਾਰ ਸਿੰਘ ਨੂੰ ਸਰੋਂ ਦੀਆਂ ਸਫਲ ਪ੍ਰਦਰਸ਼ਨੀਆਂ ਲਗਾਉਣ ਲਈ ਸਨਮਾਨਿਤ ਵੀ ਕੀਤਾ ਗਿਆ।
ਅਖੀਰ ਵਿੱਚ ਸਮੂਹ ਕਿਸਾਨਾਂ ਨੂੰ ਨਾਲ ਲੈ ਕੇ ਗੋਭੀ ਸਰ੍ਹੋਂ ਅਤੇ ਰੇਲੀ ਸਰ੍ਹੋਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਪੁੱਛੇ ਸੁਆਲਾਂ ਦੇ ਜਵਾਬ ਦਿੱਤੇ ਗਏ। ਇਸ ਖੇਤ ਦਿਵਸ ਮੌਕੇ ਸ. ਪਰਤਾਪ ਸਿੰਘ ਸਾਹੋਕੇ, ਸ. ਅੰਮ੍ਰਿਤਪਾਲ ਸਿੰਘ, ਦਰਬਾਰਾ ਸਿੰਘ, ਅਵਤਾਰ ਸਿੰਘ ਆਦਿ ਕਿਸਾਨ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਕਰੇਲੇ ਅਤੇ ਘੀਆ ਕੱਦੂ ਦੀਆਂ ਵੇਲਾਂ, ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਹਲਦੀ ਦੇ ਬੀਜ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।
Summary in English: Gobi Sarso GSC 7 a canola variety, average yield 9.0 quintals per acre, oil content 40.5%